Sunday, 19 August 2012

ਕਲਾ ਦੀ ਬੁਲੰਦੀ ਤੇ ਸਿਆਸਤ ਦੀ ਨਿਵਾਣ! ::



ਗੁਰਬਚਨ ਸਿੰਘ ਭੁੱਲਰ

ਪੰਜਾਬ ਵਿਧਾਨ ਸਭਾ ਵਿਚ ਲੋਕ-ਪਿਆਰੇ ਗਾਇਕ ਮੁਹੰਮਦ ਸਦੀਕ ਵੱਲੋਂ ਆਧੁਨਿਕ ਪੰਜਾਬੀ ਕਵਿਤਾ ਦੇ ਉੱਚ-ਦੁਮਾਲੜੇ ਨਾਂ ਪ੍ਰੋ. ਮੋਹਨ ਸਿੰਘ ਦੀ ਇਕ ਬੇਹੱਦ ਖ਼ੂਬਸੂਰਤ ਅਤੇ ਅਰਥਭਰਪੂਰ ਰਚਨਾ ਪੇਸ਼ ਕੀਤੇ ਜਾਣ ਦੇ ਸੰਬੰਧ ਵਿਚ ਜੋ ਕੁਛ ਹੋਇਆ, ਉਹ ਪੰਜਾਬੀਆਂ ਦਾ, ਖਾਸ ਕਰਕੇ ਲੇਖਕਾਂ ਤੇ ਕਲਾਕਾਰਾਂ ਦਾ ਕਈ ਪੱਖਾਂ ਤੋਂ ਧਿਆਨ ਮੰਗਦਾ ਹੈ। ਇਹ ਘਟਨਾ ਵਾਪਰਨ ਤੋਂ ਤੁਰਤ ਮਗਰੋਂ ਚੰਡੀਗੜ੍ਹ ਤੋਂ ਇਕ ਪੱਤਰਕਾਰ ਮਿੱਤਰ ਨੇ ਫ਼ੋਨ ਕੀਤਾ ਤਾਂ ਮੈਂ ਸਮਝਿਆ, ਬਾਦਲ ਸਾਹਿਬ ਤੋਂ ਉਹਦਾ ਭਾਵ ਸੁਖਬੀਰ ਸਿੰਘ ਤੋਂ ਹੈ। ਮੈਂ ਗੱਲ ਆਈ-ਗਈ ਕਰਨ ਲੱਗਿਆ ਤਾਂ ਉਹਨੇ ਸਪੱਸ਼ਟ ਕੀਤਾ ਕਿ ਉਹ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਗੱਲ ਕਰ ਰਿਹਾ ਹੈ।
ਕਹਾਣੀ ਇਹ ਬਣੀ ਕਿ ਭਦੌੜ ਹਲਕੇ ਤੋਂ ਬਾਦਲ ਸਾਹਿਬ ਦੇ ਉਮੀਦਵਾਰ, ਉੱਚੀਆਂ ਪਦਵੀਆਂ ਉੱਤੇ ਰਹੇ ਆਈ ਏ ਐੱਸ ਅਧਿਕਾਰੀ ਦਰਬਾਰਾ ਸਿੰਘ ਗੁਰੂ ਨੂੰ ਹਰਾ ਕੇ ਕਾਂਗਰਸੀ ਵਿਧਾਇਕ ਬਣੇ ਗਾਇਕ ਮੁਹੰਮਦ ਸਦੀਕ ਨੇ ਵਿਧਾਨ ਸਭਾ ਵਿਚ ਆਪਣੇ ਹਲਕੇ ਦੀ ਕਿਸੇ ਵਿਦਿਅਕ ਸਮੱਸਿਆ ਬਾਰੇ ਸਰਕਾਰ ਤੋਂ ਸਵਾਲ ਪੁੱਛਿਆ। ਮੁੱਖ ਮੰਤਰੀ ਜੀ ਸ਼ਾਇਦ ਵਿੱਦਿਆ-ਸ਼ਿੱਦਿਆ ਬਾਰੇ ਐਵੇਂ ਵਾਧੂ ਮਹੱਤਵਹੀਣ ਗੱਲਾਂ ਉੱਤੇ ਸਦਨ ਦਾ ਕੀਮਤੀ ਸਮਾਂ ਨਹੀਂ ਸਨ ਗੁਆਉਣਾ ਚਾਹੁੰਦੇ। ਤੇ ਜਾਂ ਫੇਰ ਸ਼ਾਇਦ ਗੱਲ ਨੂੰ ਆਪਣੀ ਪਹਿਲਾਂ ਤੋਂ ਹੀ ਸੋਚੀ-ਮਿਥੀ ਸੇਧ ਵਿਚ ਲਿਜਾਣਾ ਚਾਹੁੰਦੇ ਸਨ ਕਿਉਂਕਿ ਸਦੀਕ ਨੇ ਅਖ਼ਬਾਰਾਂ ਨੂੰ ਦੱਸਿਆ ਕਿ ਸਦਨ ਸ਼ੁਰੂ ਹੋਣ ਦੇ ਸਮੇਂ ਤੋਂ ਹੀ ਬਾਦਲ ਸਾਹਿਬ ਉਹਨੂੰ ਵਾਰ ਵਾਰ ਗੀਤ ਸੁਣਾਉਣ ਲਈ ਆਖ ਰਹੇ ਸਨ। ਕੀ ਉਹ ਗੀਤ ਸੁਣਾਉਣ ਦੀ ਵਾਰ ਵਾਰ ਮੰਗ ਇਸੇ ਲਈ ਕਰ ਰਹੇ ਸਨ ਕਿ ਉਹ ਕੁਛ ਹੋਵੇ ਜੋ ਹੋਇਆ? ਖ਼ੈਰ, ਇਸ ਵਾਰ ਉਹ ਸਦਨ ਦੀ ਕਾਰਵਾਈ ਦੌਰਾਨ ਬੋਲੇ, ਸਦੀਕ ਛੱਡ ਇਹ ਗੱਲਾਂ, ਕੁਛ ਗਾ ਕੇ ਸੁਣਾ।
ਜਦੋਂ ਸਦੀਕ ਗਾਉਣ ਲਈ ਤਿਆਰ ਹੋਣ ਲੱਗਿਆ, ਉਹਨੂੰ ਕਾਂਗਰਸ ਵਿਧਾਇਕ ਦਲ ਦੇ ਨੇਤਾ ਸੁਨੀਲ ਜਾਖੜ ਅਤੇ ਕੁਛ ਹੋਰ ਵਿਧਾਇਕਾਂ ਨੇ ਰੋਕਣਾ ਚਾਹਿਆ। ਪਰ ਉਹ ਕਹਿੰਦਾ, ਬਾਦਲ ਸਾਹਿਬ ਸਦਨ ਵਿਚ ਸਭ ਤੋਂ ਵੱਡੀ ਉਮਰ ਦੇ ਸਿਆਸਤਦਾਨ ਹਨ ਤੇ ਮੈਂ ਇਹਨਾਂ ਦੀ ਬਹੁਤ ਇੱਜ਼ਤ ਕਰਦਾ ਹਾਂ, ਇਸ ਕਰਕੇ ਮੈਂ ਇਹਨਾਂ ਦਾ ਕਿਹਾ ਨਹੀਂ ਮੋੜ ਸਕਦਾ। ਇਸ ਦੌਰਾਨ ਸਪੀਕਰ ਸਾਹਿਬ ਨੇ ਵੀ ਮੁੱਖ ਮੰਤਰੀ ਜੀ ਦੀ ਫ਼ਰਮਾਇਸ਼ ਦੀ ਪੁਸ਼ਟੀ ਕਰਦਿਆਂ ਗਾਉਣ ਦੀ ਆਗਿਆ ਦੇ ਦਿੱਤੀ। ਜਦੋਂ ਹੀ ਸਦੀਕ ਨੇ ਕਾਵਿ-ਸਮਰਾਟ ਮੋਹਨ ਸਿੰਘ ਦੀ ਗ਼ਜ਼ਲ ਸਮਾਪਤ ਕੀਤੀ, ਮੁੱਖ ਮੰਤਰੀ ਜੀ ਬੋਲੇ, ਸਦੀਕ ਹੁਣ ਕਾਂਗਰਸ ਦੀ ਹਾਰ ਦੇ ਵੈਣ ਵੀ ਪਾ ਦੇ। ਸਦੀਕ ਦਾ ਅਵਾਕ ਰਹਿ ਜਾਣਾ ਕੁਦਰਤੀ ਸੀ। ਮੁੱਖ ਮੰਤਰੀ ਬਾਦਲ ਜੀ ਦੀ ਸ਼ਤਰੰਜੀ ਚਾਲ ਤੋਂ ਉਹ ਮਾਤ ਖਾ ਚੁੱਕਿਆ ਸੀ ਅਤੇ ਉਹਨਾਂ ਦੇ ਇਹਨਾਂ ਬੋਲਾਂ ਨਾਲ ਦੂਜੇ ਅਕਾਲੀਆਂ ਨੂੰ ਉਸ ਉੱਤੇ ਅਤੇ ਨਾਲ ਹੀ ਕਾਂਗਰਸ ਉੱਤੇ ਹਮਲੇ ਕਰਨ ਵਾਸਤੇ ਲੋੜੀਂਦਾ ਸੰਕੇਤ ਮਿਲ ਚੁੱਕਿਆ ਸੀ।
ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਬਾਰੇ ਇਹ ਸਭ ਸੁਣ ਕੇ ਇਸ ਘਟਨਾ ਨੇ ਮੇਰੇ ਮਨ ਵਿਚ ਬਿਲਕੁਲ ਹੀ ਵੱਖਰਾ ਰੂਪ ਧਾਰਨ ਕਰ ਲਿਆ ਅਤੇ ਕਈ ਸਵਾਲ ਉੱਭਰ ਕੇ ਸਾਹਮਣੇ ਆ ਖਲੋਤੇ। ਕਲਾ ਤੇ ਸਿਆਸਤ ਦਾ ਆਪਸ ਵਿਚ ਕੀ ਨਾਤਾ ਹੈ? ਕਲਾ ਦਾ ਸਮਾਜਕ ਜਮਾਤਾਂ ਨਾਲ ਕੀ ਰਿਸ਼ਤਾ ਹੈ? ਕੀ ਖਰੀ ਕਲਾ ਅਪਵਿੱਤਰ, ਭਾਵ ਪਲੀਤ ਵੀ ਹੋ ਸਕਦੀ ਹੈ ਜੋ ਭਲੇ ਕਹਾਉਣ ਵਾਲੇ ਲੋਕਾਂ ਉੱਤੇ ਗੰਦੇ ਛਿੱਟੇ ਪਾਉਂਦੀ ਹੋਵੇ? ਕਲਾ ਨੂੰ ਹਰ ਕੋਈ ਮਾਣ ਸਕਦਾ ਹੈ ਕਿ ਇਹਨੂੰ ਮਾਣਨ ਵਾਸਤੇ ਕਿਸੇ ਖਾਸ ਸੁਚੱਜ ਤੇ ਸਲੀਕੇ ਦੀ ਲੋੜ ਪੈਂਦੀ ਹੈ? ਜਿਵੇਂ ਸਿਆਸਤਦਾਨਾਂ ਨੂੰ ਆਪਣੀ ਵੋਟ-ਆਧਾਰਿਤ ਮੰਗਵੀਂ ਹਉਂ ਪਿਆਰੀ ਹੁੰਦੀ ਹੈ ਜਿਸ ਕਰਕੇ ਉਹਨਾਂ ਦਾ ਰਾਹ ਉਲੰਘਣ ਵਾਲੇ ਅੱਖ ਦਾ ਤਿਣਕਾ ਬਣ ਜਾਂਦੇ ਹਨ, ਕੀ ਕਲਾਕਾਰ ਦਾ ਵੀ ਕੋਈ ਕਲਾ-ਆਧਾਰਿਤ ਸੁੱਚਾ ਸਵੈਮਾਣ ਹੁੰਦਾ ਹੈ ਜਿਸਦਾ ਆਦਰ ਕੀਤਾ ਜਾਣਾ ਚਾਹੀਦਾ ਹੈ ਜਾਂ ਉਸ ਉੱਤੇ ਝੂਠੇ ਦੂਸ਼ਣ ਲਾ ਕੇ ਤੇ ਹੋ-ਹੋ-ਹੋ ਕਰ ਕੇ ਮਨ ਦੀ ਮੌਜ ਅਨੁਸਾਰ ਉਹਦਾ ਮਖੌਲ ਉਡਾਇਆ ਤੇ ਨਿਰਾਦਰ ਕੀਤਾ ਜਾ ਸਕਦਾ ਹੈ?
ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਬਾਬੇ ਨਾਨਕ ਦਾ ਅਤੇ ਉਹਦੇ ਬੇਲੀ ਭਾਈ ਮਰਦਾਨੇ ਦਾ ਦੇਸ ਦੇ, ਖਾਸ ਕਰਕੇ ਪੰਜਾਬ ਦੇ ਇਤਿਹਾਸ ਵਿਚ ਕੀ ਸਥਾਨ ਹੈ। ਪੰਜਾਬ ਦਾ ਲੋਕ-ਮਨ ਸਰਬਸੰਮਤੀ ਨਾਲ ਆਖਦਾ ਹੈ: ਨਾਨਕ ਜੇਡ ਫ਼ਕੀਰ ਨਾ ਕੋਈ! æææ ਧੰਨ ਬਾਬਾ ਨਾਨਕ ਜੀਹਨੇ ਜੱਗ ਤਾਰਿਆ!... ਨਾਨਕ ਨਾਨਕ ਹੋਵੇ ਵੇਲੇ ਅੰਮ੍ਰਿਤ ਦੇ! ਵਿਆਹ ਦੇ ਨਿਰੋਲ ਸੰਸਾਰਿਕ-ਰੁਮਾਂਚਿਕ ਕਾਰਜ ਸਮੇਂ ਵੀ ਮਸਤੀ ਵਿਚ ਆਈਆਂ ਮੁਟਿਆਰ ਮੇਲਣਾਂ ਰਸਮਾਂ ਨਿਭਾਉਣ ਸਮੇਂ ਕਿਧਰੇ ਜਾਣ ਲੱਗਿਆਂ, ਮਗਰੋਂ ਜੋ ਮਰਜ਼ੀ ਗਾਉਂਦੀਆਂ ਫਿਰਨ, "ਆਉਂਦੀ ਕੁੜੀਏ..." ਲੜੀ ਦੇ ਗੀਤਾਂ ਦਾ ਆਰੰਭ ਇਹ ਦੋ ਨਾਂ ਧਿਆ ਕੇ ਹੀ ਕਰਦੀਆਂ ਹਨ: ਆਉਂਦੀ ਕੁੜੀਏ, ਜਾਂਦੀ ਕੁੜੀਏ, ਚੱਕ ਲੈ ਬਾਜ਼ਾਰ ਵਿਚੋਂ ਕਾਨਾ, ਨੀ ਭਗਤੀ ਦੋ ਕਰ ਗਏ, ਬਾਬਾ ਨਾਨਕ ਤੇ ਮਰਦਾਨਾ, ਭਗਤੀ ਦੋ ਕਰ ਗਏ! ਰਿਸ਼ੀ-ਕਵੀ ਪ੍ਰੋæ ਪੂਰਨ ਸਿੰਘ ਕਹਿੰਦੇ ਹਨ:ਪੰਜਾਬ ਜੀਂਦਾ ਗੁਰਾਂ ਦੇ ਨਾਂ 'ਤੇ! ਭਾਈ ਮਰਦਾਨੇ ਦਾ ਤਾਂ ਕਹਿਣਾ ਹੀ ਕੀ! ਸਾਡੇ ਇਤਿਹਾਸ ਵਿਚ ਉਹਦੇ ਨਾਲੋਂ ਸੁਭਾਗਾ ਕੌਣ ਹੋਵੇਗਾ ਜਿਸਨੂੰ ਬਾਬੇ ਨਾਨਕ ਦੀ ਸਾਂਝੀ ਬੁਰਕੀ ਵਾਲੀ ਦੋਸਤੀ ਤੇ ਭਰੱਪਣ ਦਾ ਮਾਣ ਹਾਸਲ ਹੋਵੇ ਅਤੇ ਜਿਸਦੀ ਰਬਾਬ ਨਾਨਕ-ਨਾਨਕ ਤੋਂ ਬਿਨਾਂ ਹੋਰ ਕੋਈ ਆਵਾਜ਼ਾ ਕੱਢਣ ਹੀ ਨਾ ਜਾਣਦੀ ਹੋਵੇ! ਲੋਕ ਆਖਦੇ ਹਨ: ਨਾਨਕ ਨਾਨਕ ਕਰਦੀ ਰਬਾਬ ਮਰਦਾਨੇ ਦੀ!
ਬਿਕਰਮ ਸਿੰਘ ਮਜੀਠੀਆ ਬਾਦਲ ਸਾਹਿਬ ਦੇ ਮੰਤਰੀ ਮੰਡਲ ਵਿਚ ਮੰਤਰੀ ਦੀ ਪਦਵੀ ਲਈ ਲੋੜੀਂਦੀ ਪੂਰੀ ਜੋਗਤਾ ਰੱਖਣ ਵਾਲੇ ਸੱਜਨ ਹਨ। ਉਹਨਾਂ ਦੀ ਇਸ ਇਕੋ-ਇਕ ਜੋਗਤਾ ਨੂੰ ਉਹ ਆਪ ਵੀ ਜਾਣਦੇ ਹਨ ਤੇ ਪੰਜਾਬ ਦੇ ਲੋਕ ਵੀ ਚੰਗੀ ਤਰ੍ਹਾਂ ਜਾਣਦੇ ਹਨ। ਉਹਨਾਂ ਦਾ ਮਨੋਹਰ ਵਿਚਾਰ ਹੈ ਕਿ ਸਦੀਕ ਨੇ"ਮਰਦਾਨੇ ਵਾਂਗ ਛੇੜੀਏ ਜੇ ਸੁਰ ਰਬਾਬ ਦਾ...ਮੁੜ ਕੇ ਪੰਜਾਬ ਸਾਜੀਏ ਨਾਨਕ ਦੇ ਖ਼ਾਬ ਦਾ" ਗਾਉਣ ਨਾਲ ਸਦਨ ਦੀ ਪਵਿੱਤਰਤਾ ਘਟਾ ਕੇ ਉਹਨੂੰ ਰਿਕਾਰਡਿੰਗ ਸਟੂਡੀਓ ਬਣਾ ਦਿੱਤਾ ਹੈ! ਬੋਲੋ ਜੀ ਵਾਹਿਗੁਰੂ! ਪਹਿਲੀ ਵਾਰ ਪਤਾ ਲੱਗਿਆ ਕਿ ਰਿਕਾਰਡਿੰਗ ਸਟੂਡੀਓ ਕੋਈ ਦਾਰੂ ਦੇ ਠੇਕੇ ਵਰਗੀ ਜਾਂ ਬਾਜ਼ਾਰੀ ਕੋਠੇ ਵਰਗੀ ਥਾਂ ਹੁੰਦੀ ਹੈ ਜਿਸਤੋਂ ਮਜੀਠੀਆ ਜੀ ਵਰਗੇ ਸਾਊ ਬੰਦਿਆਂ ਨੂੰ ਦੂਰ ਦੂਰ ਹੀ ਰਹਿਣਾ ਚਾਹੀਦਾ ਹੈ। ਬਾਬਾ ਕਿਹਾ ਕਰਦਾ ਸੀ, ਰਬਾਬ ਛੇੜ ਭਾਈ ਮਰਦਾਨਿਆ, ਬਾਣੀ ਆਈ ਐ! ਜੇ ਅੱਜ ਬਾਬਾ ਦੇਹਮਾਨ ਹੁੰਦਾ, ਉਹਨੇ ਰਬਾਬ ਛੇੜਨ ਦੀ ਥਾਂ ਕਹਿਣਾ ਸੀ, ਰਬਾਬ ਚੁੱਕ ਭਾਈ ਮਰਦਾਨਿਆ, ਕਿਸੇ ਹੋਰ ਦੇਸ ਚੱਲੀਏ ਜਿਥੇ ਸਾਡਾ ਨਾਂ ਲਿਆਂ ਉਸ ਥਾਂ ਦੀ ਪਵਿੱਤਰਤਾ ਭੰਗ ਨਾ ਹੁੰਦੀ ਹੋਵੇ!
ਸਦੀਕ ਦਾ ਮਖੌਲ ਉਡਾਉਣ ਵਾਲਿਆਂ ਨੂੰ ਸ਼ਾਇਦ ਇਹ ਪਤਾ ਨਹੀਂ ਕਿ ਦੁਨੀਆ ਦੇ ਅਨੇਕ ਦੇਸਾਂ ਦੀਆਂ ਪਾਰਲੀਮੈਂਟਾਂ ਵਿਚ, ਹੋਰ ਤਾਂ ਹੋਰ, ਸੰਸਾਰ ਦੀ ਮਹਾਂ-ਪਾਰਲੀਮੈਂਟ ਅਰਥਾਤ ਸੰਯੁਕਤ ਰਾਸ਼ਟਰ ਵਿਚ ਗਾਇਕੀ, ਸੰਗੀਤ ਤੇ ਨ੍ਰਿਤ ਆਦਿ ਦੀਆਂ ਪੇਸ਼ਕਾਰੀਆਂ ਕੋਈ ਅਲੋਕਾਰ ਗੱਲ ਨਹੀਂ। ਸਮੇਂ ਸਮੇਂ ਸਾਡੇ ਕਈ ਭਾਰਤੀ ਕਲਾਕਾਰਾਂ ਨੂੰ ਸੰਯੁਕਤ ਰਾਸ਼ਟਰ ਵੱਲੋਂ ਆਪਣੀ ਕਲਾ ਦੀ ਕਿਰਪਾ ਕਰਨ ਦੀ ਬੇਨਤੀ ਕੀਤੀ ਜਾਂਦੀ ਰਹੀ ਹੈ। ਏਨੀਂ ਦੂਰ ਕਿਉਂ ਜਾਣਾ, ਦਸਦੇ ਹਨ, ਅਕਾਲੀ ਸਾਂਸਦ ਕਿੱਕਰ ਸਿੰਘ ਨੇ ਇਕ ਵਾਰ ਆਪਣੀ ਸੰਸਦ ਵਿਚ ਕਵਿਤਾ ਪੜ੍ਹੀ ਸੀ। ਇਹ ਗੱਲ ਵੱਖਰੀ ਹੈ ਕਿ ਸ਼ਬਦਾਵਲੀ ਕਾਰਨ ਦੁਰਦੁਰ ਹੋਣ ਮਗਰੋਂ ਉਹ ਸਪੀਕਰ ਨੂੰ ਰਿਕਾਰਡ ਵਿਚੋਂ ਮੇਸਣੀ ਪੈ ਗਈ ਸੀ। ਉਸ ਕਵਿਤਾ ਦੀਆਂ ਦੋ ਸਤਰਾਂ ਅਜੇ ਵੀ ਮੈਨੂੰ ਚੇਤੇ ਹਨ: ਨਹਿਰੂ ਨੇ ਬਣਾਈਆਂ ਨਹਿਰਾਂ, ਪੁਟਾਏ ਕੂਪ ਜੀ/ ਇੰਦਰਾ ਨੇ ਕਟਵਾਈਆਂ ਇੰਦਰੀਆਂ, ਲਵਾਏ ਲੂਪ ਜੀ। ਕੁਛ ਸਮੇਂ ਮਗਰੋਂ ਕੁਛ ਪ੍ਰਮੁੱਖ ਅਕਾਲੀ ਆਗੂ ਮੰਗਾਂ ਦਾ ਲੰਮਾ-ਚੌੜਾ ਚਿੱਠਾ ਲੈ ਕੇ ਇੰਦਰਾ ਗਾਂਧੀ ਨੂੰ ਮਿਲਣ ਗਏ। (ਵੱਡੇ ਬਾਦਲ ਜੀ ਉਹਨਾਂ ਵਿਚ ਸ਼ਾਮਲ ਸਨ ਕਿ ਨਹੀਂ, ਮੈਨੂੰ ਇਹ ਜਾਣਕਾਰੀ ਨਹੀਂ)। ਕਹਿੰਦੇ ਹਨ, ਇੰਦਰਾ ਨੇ ਮੱਥੇ ਉੱਤੇ ਤਿਉੜੀ ਪਾ ਕੇ ਕਿਹਾ,"ਕੀਕਰ ਸਿੰਘ ਕੋ ਤੋ ਕਾ ਖਾ ਭੀ ਨਹੀਂ ਆਤਾ। ਸੁਨਾ ਹੈ, ਸੰਤ ਜੀ ਕਵਿਤਾ ਲਿਖਨੇ ਕਾ ਸ਼ੌਕ ਰਖਤੇ ਹੈਂ ਔਰ ਵੁਹ ਕਵਿਤਾ ਲਿਖਤੇ ਭੀ ਇਸੀ ਰੰਗ ਮੇਂ ਹੈਂ!" ਉਹਦਾ ਭਾਵ ਸੀ, ਇਹ ਕਵਿਤਾ ਕਿੱਕਰ ਸਿੰਘ ਤੋਂ ਸੰਤ ਫ਼ਤਿਹ ਸਿੰਘ ਨੇ ਲਿਖ ਕੇ ਬੁਲਵਾਈ ਹੈ। ਮੰਗ-ਪੱਤਰ ਅਕਾਲੀ ਆਗੂਆਂ ਦੇ ਹੱਥਾਂ ਵਿਚ ਕੰਬਣ ਲੱਗ ਗਿਆ। ਗ਼ਜ਼ਬ ਸਾਂਈਂ ਦਾ, ਅਜਿਹੇ ਇਤਿਹਾਸ ਵਾਲੀ ਅਕਾਲੀ ਪਾਰਟੀ ਆਖਦੀ ਹੈ ਕਿ ਪੰਜਾਬੀ ਕਵਿਤਾ ਦੇ ਗੌਰਵ ਪ੍ਰੋæ ਮੋਹਨ ਸਿੰਘ ਦੀ ਪਾਕ-ਪਵਿੱਤਰ ਗ਼ਜ਼ਲ ਨਿਰਛਲ ਗਾਇਕ ਮੁਹੰਮਦ ਸਦੀਕ ਵੱਲੋਂ ਗਾਏ ਜਾਣ ਨਾਲ ਸਾਡੀ ਵਿਧਾਨ ਸਭਾ ਅਪਵਿੱਤਰ ਹੋ ਗਈ!
ਇਤਿਹਾਸ ਗਵਾਹ ਹੈ, ਹਰ ਕਾਲ ਵਿਚ ਤੇ ਹਰ ਦੇਸ ਵਿਚ ਹਰ ਕਿਸਮ ਦੀ ਕਲਾ ਨੂੰ ਧਾਰਮਿਕ ਰਾਹਬਰਾਂ ਨੇ ਵੀ ਸਤਿਕਾਰਿਆ ਹੈ ਅਤੇ ਦੁਨਿਆਵੀ ਰਾਜਿਆਂ ਨੇ ਵੀ। ਦਸਮੇਸ਼ ਪਿਤਾ ਨੇ ਤਾਂ ਬਵੰਜਾ ਕਵੀ ਇਕੱਤਰ ਕਰ ਕੇ ਉਹਨਾਂ ਨੂੰ ਉੱਤਮ ਰਚਨਾ ਕਰਨ ਲਈ ਸੁਖਾਵਾਂ ਮਾਹੌਲ ਦੇਣ ਵਿਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਸਦੀਕ ਦੀ ਗਾਈ ਬਾਬੇ ਨਾਨਕ, ਮਰਦਾਨੇ ਤੇ ਪੰਜਾਬ ਦੀ ਸਿਫ਼ਤ ਨਾਲ ਵਿਧਾਨ ਸਭਾ ਪਲੀਤ ਹੋ ਗਈ ਹੋਣ ਦਾ ਰੌਲਾ ਪਾਉਣ ਵਾਲਿਆਂ ਨੂੰ ਕਲਗ਼ੀਆਂ ਵਾਲੇ ਦਾ ਹੀਰ ਸੁਣਨਾ ਅਤੇ ਰਚਣਾ ਜਾਂ ਤਾਂ ਪਤਾ ਨਹੀਂ ਜਾਂ ਫੇਰ ਉਹ ਯਾਦ ਕਰਨਾ ਨਹੀਂ ਚਾਹੁੰਦੇ। ਗੁਰੂ ਜੀ ਬਠਿੰਡੇ ਦੇ ਕਿਲ਼ੇ ਦੀ ਫ਼ਸੀਲ ਉੱਤੇ, ਜਿਥੇ ਹੁਣ ਗੁਰਦੁਆਰਾ ਬਣਿਆ ਹੋਇਆ ਹੈ, ਰਾਤਰੀ ਵਿਸਰਾਮ ਕਰ ਰਹੇ ਸਨ। ਟਿਕੀ ਰਾਤ ਤੋਂ ਕਿਲ਼ੇ ਦੀ ਕੰਧ ਕੋਲ ਉੱਤਰੇ ਹੋਏ ਊਠਾਂ ਵਾਲੇ ਵਪਾਰੀ ਬੜੀ ਮਿੱਠੀ ਆਵਾਜ਼ ਤੇ ਮਨਮੋਹਕ ਹੇਕ ਨਾਲ ਹੀਰ ਗਾਉਣ ਲੱਗੇ। ਗੁਰੂ ਜੀ ਨੇ ਉਹ ਅਗਲੀ ਸਵੇਰ ਬੁਲਾਏ ਤੇ ਰਾਤ ਵਾਂਗ ਗਾਉਣ ਲਈ ਆਖਿਆ। ਉਹਨਾਂ ਬਿਚਾਰਿਆਂ ਨੇ ਕੱਚੇ ਜਿਹੇ ਹੋ ਕੇ ਹੱਥ ਜੋੜੇ,"ਮਹਾਰਾਜ, ਤੁਸੀਂ ਤਾਂ ਕੋਈ ਪਹੁੰਚੇ ਹੋਏ ਬਲੀ-ਪੀਰ ਲਗਦੇ ਹੋ। ਉਹ ਤਾਂ ਸੰਸਾਰਕ ਇਸ਼ਕ-ਮੁਸ਼ਕ ਦੀਆਂ ਗੱਲਾਂ ਸਨ। ਅਸੀਂ ਤੁਹਾਡੇ ਸਾਹਮਣੇ ਕਿਵੇਂ ਗਾ ਸਕਦੇ ਹਾਂ!" ਗੁਰੂ ਜੀ ਨੇ ਕਲਾ ਦਾ ਮਹੱਤਵ ਸਮਝਾ ਕੇ, ਪ੍ਰੇਰ ਕੇ ਉਹਨਾਂ ਦੀ ਝਿਜਕ ਲਾਹੀ ਤੇ ਹੀਰ ਸੁਣੀ। ਕਹਿੰਦੇ ਹਨ, ਇਹੋ ਘਟਨਾ ਉਹਨਾਂ ਲਈ ਆਪ ਹੀਰ ਲਿਖਣ ਵਾਸਤੇ ਪ੍ਰੇਰਨਾ ਬਣੀ।
ਮਜੀਠੀਆ ਸਾਹਿਬ ਨੇ ਕੇਵਲ ਸਾਹਿਤ ਨੂੰ ਅਤੇ ਸੰਗੀਤ ਤੇ ਗਾਇਕੀ ਨੂੰ ਹੀ ਨਹੀਂ ਭੰਡਿਆ ਸਗੋਂ "ਉਹ ਦਿਨ ਦੂਰ ਨਹੀਂ ਜਦੋਂ ਕਾਂਗਰਸੀ ਸਦਨ ਵਿਚ ਨੱਚਣਾ ਵੀ ਸ਼ੁਰੂ ਕਰ ਦੇਣਗੇ" ਆਖ ਕੇ ਨ੍ਰਿਤ-ਕਲਾ ਨੂੰ ਵੀ ਟਿੱਚ ਜਾਣਿਆ ਹੈ। ਕਲਾਵਾਂ ਵੱਲ ਸਾਡੇ ਹਾਕਮਾਂ ਦਾ ਅਜਿਹਾ ਤ੍ਰਿਸਕਾਰੀ ਅਤੇ ਅਗਿਆਨੀ ਰਵਈਆ ਸਮਝੋਂ ਬਾਹਰ ਹੈ! ਜਾਂ ਤਾਂ ਇਹ ਉਹਨਾਂ ਦੇ ਕਲਾਵਾਂ ਨੂੰ ਸਮਝਣ-ਸਲਾਹੁਣ ਤੋਂ ਸੱਖਣੇ ਸਭਿਆਚਾਰਕ ਪੱਧਰ ਨੂੰ ਉਜਾਗਰ ਕਰਦਾ ਹੈ ਤੇ ਜਾਂ ਫੇਰ ਇਹ ਇਸ ਮਾਨਸਿਕਤਾ ਦਾ ਪਰਗਟਾਵਾ ਹੈ ਕਿ ਵਿਰੋਧੀਆਂ ਨੂੰ ਨੀਵਾਂ ਦਿਖਾਇਆ ਜਾਵੇ, ਭਾਵੇਂ ਇਸ ਜਤਨ ਵਿਚ ਕਲਾ ਨੂੰ ਵੀ ਸੱਤਾ ਦੀ ਸ਼ਮਸ਼ੀਰ ਨਾਲ ਝਟਕਾਉਣਾ ਕਿਉਂ ਨਾ ਪੈ ਜਾਵੇ! ਨ੍ਰਿਤ ਤਾਂ ਨਟਰਾਜ ਸ਼ਿਵ ਦੀ ਦੇਣ ਹੈ। ਸੰਗੀਤ ਦਾ ਉਦੈ ਵੀ ਉਸੇ ਦੇ ਹੀ ਨਾਂ ਹੈ। ਦੋਵਾਂ ਛਾਤੀਆਂ ਉੱਤੇ ਬਾਂਹ ਰੱਖ ਕੇ ਆਨੰਦ-ਅਵਸਥਾ ਵਿਚ ਪਈ ਨਿਰਵਸਤਰ ਸ਼ਕਤੀ ਨੂੰ ਦੇਖ ਕੇ ਮਹਾਂਦੇਵ ਨੇ ਨਵੇਂ ਸਾਜ਼ ਵੀਨਾ ਦੀ ਕਲਪਨਾ ਅਤੇ ਰਚਨਾ ਕੀਤੀ। ਇਸੇ ਵੀਨਾ ਦੀ ਅਰਧ-ਕਾਇਆ ਨੇ ਤੂੰਬੀ ਦਾ ਰੂਪ ਧਾਰਿਆ ਜੋ ਸਦੀਕ ਬਜਾਉਂਦਾ ਹੈ। ਸਾਹਿਤ ਨੂੰ ਤਾਂ ਜਨਮ ਹੀ ਸੰਸਾਰ ਦੀ ਪਲੇਠੀ ਪੁਸਤਕ, ਰਿਗਵੇਦ ਦੇ ਰੂਪ ਵਿਚ ਪੰਜਾਬ ਨੇ ਦਿੱਤਾ। ਨੇੜੇ ਦੀ ਗੱਲ ਲਉ। ਗੁਰੂ ਸਾਹਿਬਾਨ ਨੇ ਧੁਰ-ਕੀ-ਬਾਣੀ ਦੇ ਰੂਪ ਵਿਚ ਅਮਰ ਸਾਹਿਤ ਤਾਂ ਰਚਿਆ ਹੀ, ਰਾਗਾਂ ਵਿਚ ਢਾਲ ਕੇ ਸਾਨੂੰ ਗਾਇਕੀ ਦਾ ਮਹੱਤਵ ਵੀ ਦੱਸਿਆ। ਸੰਗੀਤ ਤਾਂ ਭਾਈ ਮਰਦਾਨੇ ਦੀ ਰਬਾਬ ਦੇ ਰੂਪ ਵਿਚ ਸਾਡੇ ਬਾਬੇ ਦੇ ਨਾਲ ਨਾਲ ਤੁਰਦਾ ਸੀ ਅਤੇ ਫੇਰ ਅਗਲੇ ਗੁਰੂਆਂ ਦੇ ਵੀ ਹਜ਼ੂਰ ਰਿਹਾ। ਕੇਵਲ ਸਦੀਕ ਨੂੰ ਤੇ ਉਸ ਦੇ ਬਹਾਨੇ ਕਾਂਗਰਸੀਆਂ ਨੂੰ ਨੀਵਾਂ ਦਿਖਾਉਣ ਲਈ ਸਾਹਿਤ, ਸੰਗੀਤ, ਗਾਇਕੀ, ਨ੍ਰਿਤ, ਆਦਿ ਸਭ ਕਲਾਵਾਂ ਦੀ ਏਨੀਂ ਘੋਰ ਬੇਅਦਬੀ! ਵਾਹਿਗੁਰੂ! ਵਾਹਿਗੁਰੂ!! ਸਿਆਸਤਦਾਨਾਂ ਹੱਥੋਂ ਕਲਾ ਅਤੇ ਕਲਾਕਾਰ ਨੂੰ ਇਉਂ ਨਿਰਾਦਰੀ, ਤ੍ਰਿਸਕਾਰ ਤੇ ਟਿੱਚਰਾਂ ਦਾ ਨਿਸ਼ਾਨਾ ਬਣਾ ਕੇ ਛੁਟਿਆਏ ਜਾਣਾ ਸਾਡੇ ਸਭਿਆਚਾਰ ਦਾ ਦੁਖਦਾਈ ਅਤੇ ਚਿੰਤਾਜਨਕ ਵਰਤਾਰਾ ਹੈ।
ਅਕਾਲੀ ਵਿਧਾਇਕਾਂ ਨੂੰ ਸਦਨ ਦੀ ਪਵਿੱਤਰਤਾ ਭੰਗ ਹੋ ਜਾਣ ਬਾਰੇ ਇਉਂ ਹਿੱਕਾਂ ਪਿੱਟਣ ਦੀ ਤਾਂ ਲੋੜ ਹੀ ਨਹੀਂ ਸੀ। ਵਿਧਾਨ ਸਭਾ ਦੇ ਨੇਮ ਨਿਰਸੰਦੇਹ ਅਜਿਹੀਆਂ ਹਾਲਤਾਂ ਨਾਲ ਨਿੱਬੜਨ ਵਾਸਤੇ ਕਾਫ਼ੀ ਹਨ। ਉਹ ਸਦੀਕ ਨੂੰ ਅਜਿਹੇ ਕਾਰੇ ਲਈ ਉਕਸਾਉਣ ਬਦਲੇ ਵਿਧਾਨ ਸਭਾ ਵਿਚ ਮੁੱਖ ਮੰਤਰੀ ਜੀ ਦੇ ਸੰਬੰਧ ਵਿਚ ਨਿੰਦਿਆ-ਪ੍ਰਸਤਾਵ ਨਹੀਂ ਤਾਂ ਘੱਟੋ-ਘੱਟ ਅਸਹਿਮਤੀ-ਪ੍ਰਸਤਾਵ ਲਿਆ ਸਕਦੇ ਹਨ। ਇਸੇ ਪਰਕਾਰ ਸਦੀਕ ਨੂੰ ਇਸ ਕਾਰੇ ਲਈ ਬਾਕਾਇਦਾ ਆਗਿਆ ਤੇ ਸਮਾਂ ਦੇਣ ਬਦਲੇ ਉਹ ਸਪੀਕਰ ਵਿਰੁੱਧ ਅਵਿਸ਼ਵਾਸ-ਪ੍ਰਸਤਾਵ ਪਾਸ ਕਰ ਕੇ ਉਹਦੀ ਥਾਂ ਨਵਾਂ ਸਪੀਕਰ ਚੁਣ ਸਕਦੇ ਹਨ। ਜਿਥੋਂ ਤੱਕ ਸਦੀਕ ਦਾ ਸੰਬੰਧ ਹੈ, ਸੰਵਿਧਾਨਕ ਮਾਹਿਰਾਂ ਦਾ ਕਹਿਣਾ ਹੈ ਕਿ ਸਪੀਕਰ ਵੱਲੋਂ ਗਾਉਣ ਦੀ ਬਾਕਾਇਦਾ ਆਗਿਆ ਹੋਣ ਕਾਰਨ ਅਤੇ ਇਕ ਵੀ ਅਜੋਗ ਸ਼ਬਦ ਨਾ ਬੋਲੇ-ਗਾਏ ਜਾਣ ਕਾਰਨ ਉਹਨੇ ਜੋ ਕੁਝ ਵੀ ਕੀਤਾ, ਉਹ ਪੂਰੀ ਤਰ੍ਹਾਂ ਨੇਮਾਂ ਦੇ ਅਨੁਸਾਰ ਹੈ ਅਤੇ ਵਿਧਾਨ ਸਭਾ ਦੀ ਮਰਯਾਦਾ ਦੀ ਕੋਈ ਉਲੰਘਣਾ ਨਹੀਂ ਬਣਦੀ।
ਫੇਰ ਵੀ ਜੇ ਹਾਕਮ ਧਿਰ ਦਿਲੋਂ ਸਮਝਦੀ ਹੈ ਕਿ ਸਦੀਕ ਦੇ ਗਾਉਣ ਨਾਲ ਸਦਨ ਅਪਵਿੱਤਰ ਹੋ ਗਿਆ, ਪਰ ਉਹ ਮੁੱਖ ਮੰਤਰੀ ਜੀ ਤੇ ਸਪੀਕਰ ਦੇ ਵਿਰੁੱਧ ਕੋਈ ਮਤਾ ਨਹੀਂ ਲਿਆਉਣਾ ਚਾਹੁੰਦੀ, ਇਹ ਵੀ ਕੋਈ ਬਹੁਤ ਵੱਡਾ ਮਸਲਾ ਨਹੀਂ। ਹਕੂਮਤ ਵਿਚ ਭਾਈਵਾਲ ਭਾਰਤੀ ਜਨਤਾ ਪਾਰਟੀ ਕਿਸ ਦਿਨ ਕੰਮ ਆਵੇਗੀ। ਵਿਧਾਨ ਸਭਾ ਵਿਚ ਪੰਜਾਬੀ ਦੀ ਥਾਂ ਸੰਸਕ੍ਰਿਤ ਵਿਚ ਸਹੁੰ ਚੁੱਕਣ ਵਾਲੀ ਮਾਨਸਿਕਤਾ ਦੀ ਮਾਲਕ ਇਸ ਪਾਰਟੀ ਨੂੰ ਪੰਜਾਬ ਵਿਚ ਵਧਣ-ਫੁੱਲਣ ਦਾ ਏਨਾਂ ਵੱਡਾ ਮੌਕਾ ਦਿੱਤਾ ਹੈ, ਉਹ ਏਨਾਂ ਕੰਮ ਵੀ ਨਹੀਂ ਕਰੇਗੀ ਕਿ ਹਰਦੁਆਰੋਂ ਪੰਜ ਪੰਡੇ ਬੁਲਾ ਕੇ ਹਵਨ ਤੇ ਮੰਤਰਜਾਪ ਨਾਲ ਸਦਨ ਨੂੰ ਪਵਿੱਤਰ ਕਰਵਾ ਦੇਵੇ ਅਤੇ ਜਿਹੜੇ ਜਿਹੜੇ ਵਿਧਾਇਕ ਸਦੀਕ ਦੀ ਕਰਤੂਤ ਨਾਲ ਆਪਣੇ ਆਪ ਨੂੰ ਭਿੱਟਿਆ ਗਿਆ ਸਮਝਦੇ ਹਨ, ਪਵਿੱਤਰ ਗੋ-ਮੂਤਰ ਵਿਚ ਘੋਲੇ ਹੋਏ ਪਵਿੱਤਰ ਗੋ-ਗੋਬਰ ਦੇ ਛਿੱਟਿਆਂ ਨਾਲ ਉਹਨਾਂ ਦੀ ਸ਼ੁੱਧੀ ਕਰਵਾ ਦੇਵੇ!
ਕਲਾ ਅਤੇ ਸਿਆਸਤ ਦੇ ਸੰਬੰਧਾਂ ਦੀਆਂ ਇਸ ਵਕੂਏ ਵਰਗੀਆਂ ਮਿਸਾਲਾਂ ਇਤਿਹਾਸ ਵਿਚ ਵੀ ਮਿਲਦੀਆਂ ਹਨ। ਔਰੰਗਜ਼ੇਬ ਨੇ ਆਪਣੇ ਰਾਜ ਵਿਚ ਮੌਸੀਕੀ, ਭਾਵ ਸੰਗੀਤ ਉੱਤੇ ਪਾਬੰਦੀ ਲਾ ਦਿੱਤੀ। ਤਾਨਾਂ ਕੱਢਣ ਖ਼ਾਤਰ ਬਿਹਬਲ ਕਲਾਕਾਰ ਰੋਸ ਪਰਗਟ ਕਰਨ ਲਈ ਅਤੇ ਬਾਦਸ਼ਾਹ ਦੀ ਜ਼ਮੀਰ ਨੂੰ ਝੰਜੋੜਨ ਲਈ ਲਾਲ ਕਿਲ੍ਹੇ ਦੇ ਅੱਗੋਂ ਦੀ ਅਰਥੀ ਲੈ ਤੁਰੇ। ਔਰੰਗਜ਼ੇਬ, ਜਿਸਨੂੰ ਸੂਹੀਆਂ ਨੇ ਪਹਿਲਾਂ ਹੀ ਖ਼ਬਰ ਦੇ ਦਿੱਤੀ ਸੀ, ਟਿੱਚਰੀ ਰਉਂ ਵਿਚ ਕਿਲ੍ਹੇ ਦੀ ਫ਼ਸੀਲ ਉੱਤੇ ਟਹਿਲ ਰਿਹਾ ਸੀ। ਅਰਥੀ ਨੇੜੇ ਆਈ ਤੋਂ ਉਹਨੇ ਮੂਹਰਲੇ ਕਾਨ੍ਹੀਆਂ ਦਾ ਨਾਂ ਲੈ ਕੇ ਪੁੱਛਿਆ, ਮੀਆਂ, ਕੌਣ ਵਫ਼ਾਤ ਪਾ ਗਿਆ? ਉਹ ਰੋਣਹਾਕੇ ਹੋ ਕੇ ਬੋਲੇ, ਜਹਾਂਪਨਾਹ, ਮੌਸੀਕੀ ਚੱਲ ਵਸੀ! ਔਰੰਗਜ਼ੇਬ ਕਹਿੰਦਾ, ਕਬਰ ਡੂੰਘੀ ਪੱਟਿਉ! ਜ਼ਰੂਰੀ ਨਹੀਂ ਕਿ ਕਲਾ ਹਰ ਕਿਸੇ ਦੇ ਮਨ ਨੂੰ ਹੀ ਹੁਲਾਰੇ ਵਿਚ ਲੈ ਆਵੇ। ਬਹੁਤ ਲੋਕ ਕਲਾ ਲਈ ਥਿੰਧੇ ਘੜੇ ਹੁੰਦੇ ਹਨ। ਦੋ ਜਣੇ ਗੁਲਾਬ ਦੇ ਖੇਤ ਦੇ ਵਿਚਕਾਰੋਂ ਲੰਘਦੀ ਪਗਡੰਡੀ ਉੱਤੇ ਤੁਰੇ ਜਾ ਰਹੇ ਸਨ। ਦੋਵੇਂ ਪਾਸੀਂ ਟਹਿਕੇ ਹੋਏ ਫੁੱਲ ਹੀ ਫੁੱਲ। ਸੱਜੇ ਵੀ, ਖੱਬੇ ਵੀ, ਅੱਗੇ ਵੀ, ਪਿੱਛੇ ਵੀ, ਨਜ਼ਰ ਦੀ ਹੱਦ ਤੱਕ ਗੁਲਾਬ ਦੇ ਫੁੱਲਾਂ ਦੀ ਮਖ਼ਮਲੀ ਚਾਦਰ ਵਿਛੀ ਹੋਈ। ਇਕ ਜਣਾ ਸਭ ਤੋਂ ਮਹਾਨ ਕਲਾਕਾਰ, ਭਾਵ ਕੁਦਰਤ ਦੀ ਇਸ ਰਚਨਾ ਤੋਂ ਗਦਗਦ ਹੋ ਕੇ ਬੋਲਿਆ, ਯਿਹ ਖ਼ੁਸ਼ਬੂ, ਰੰਗ ਯਿਹ, ਔਰ ਯਿਹ ਨਜ਼ਾਰਾ, ਜੀਅ ਮੇਂ ਆਤਾ ਹੈ ਯਹੀਂ ਮਰ ਜਾਈਏ! ਦੂਜਾ ਬੋਲਿਆ, ਯਾਰ ਜੇ ਏਨੇਂ ਫੁੱਲਾਂ ਦੀ ਗੁਲਕੰਦ ਬਣਾ ਕੇ ਵੇਚਣੀ ਹੋਵੇ, ਬੰਦਾ ਲੱਖਾਂ ਖੱਟ ਲਵੇ!
ਪੁਸ਼ਪ-ਸੁਹਜ ਅਤੇ ਗੁਲਕੰਦ ਤੱਕ ਪੁੱਜ ਕੇ ਇਹ ਸਵਾਲ ਵੀ ਖੜ੍ਹਾ ਹੋ ਜਾਂਦਾ ਹੈ ਕਿ ਕਲਾ ਹੁੰਦੀ ਕੀ ਹੈ? ਕੀ ਕਲਾ ਸਦੀਕ ਦੇ ਆਖਣ ਵਾਂਗ ਮਾਣਨ ਤੇ ਪੂਜਣ ਵਾਲੀ ਸ਼ੈਅ ਹੈ ਜਾਂ ਅਕਾਲੀਆਂ ਦੇ ਸੋਚਣ-ਕਹਿਣ ਵਾਂਗ ਇਹਨੂੰ ਮਸਲ-ਮਿੱਧ ਕੇ ਗੁਲਕੰਦ ਬਣਾ ਲੈਣੀ ਚਾਹੀਦੀ ਹੈ? ਮਿਸਾਲ ਵਜੋਂ, ਕੀ ਲੋਕਰਾਜ ਦੇ ਮੰਦਰ, ਵਿਧਾਨ ਸਭਾ ਵਿਚ ਮੋਹਨ ਸਿੰਘ ਦੀ ਲਿਖੀ ਤੇ ਸਦੀਕ ਦੀ ਗਾਈ ਪੰਜਾਬ, ਬਾਬੇ ਨਾਨਕ ਤੇ ਮਰਦਾਨੇ ਦੀ ਉਸਤਤ ਕਲਾ ਹੈ ਜਾਂ ਸਰਕਾਰ ਦੇ ਹੱਥ ਲੱਗੀ ਪੰਜਾਬ ਦੇ ਕਿਸਾਨਾਂ-ਮਜ਼ਦੂਰਾਂ ਦੀ ਗਾੜ੍ਹੇ ਪਸੀਨੇ ਦੀ ਕਮਾਈ ਵਿਚੋਂ ਕਰੋੜਾਂ ਰੁਪਏ ਰੋੜ੍ਹ ਕੇ ਅਧਨੰਗੀਆਂ ਕੁੜੀਆਂ ਦੀ ਡਾਰ ਵਿਚਕਾਰ ਸ਼ਾਹਰੁਖ ਖਾਂ ਨਾਂ ਦੇ ਬਾਜ਼ਾਰੂ ਨਚਾਰ ਦਾ 1984 ਦੇ ਸਿੱਖ ਕਤਲਾਮ ਦੀ ਬਰਸੀ ਵਾਲੇ ਦਿਨ ਲੱਕ ਹਿਲਾਉਣਾ ਅਤੇ ਛੱਮਕਛੱਲੋ ਗਾਉਣਾ ਕਲਾ ਹੈ? ਸਦੀਕ ਜਿਹੇ ਨਿਰਛਲ ਮਨੁੱਖ ਅਤੇ ਵਧੀਆ ਗਾਇਕ ਦੀ ਨਿਰਾਦਰੀ ਤੋਂ ਖਰੀ ਕਲਾ ਦੀ ਸ਼ਕਤੀ ਅਤੇ ਕਲਾਕਾਰ ਦੇ ਸਵੈਮਾਣ ਦੀ ਇਕ ਬੜੀ ਡੂੰਘੀ ਗੱਲ ਚੇਤੇ ਆ ਗਈ। ਮੈਨੂੰ ਇਹ ਕਮਾਲ ਦੀ ਘਟਨਾ ਬਜ਼ੁਰਗ ਮਿੱਤਰ ਅਤੇ ਪ੍ਰਸਿੱਧ ਸਭਿਆਚਾਰ-ਗਿਆਤਾ ਬਠਿੰਡੇ ਵਾਲੇ ਪ੍ਰੋæ ਕਰਮ ਸਿੰਘ ਨੇ ਸੁਣਾਈ ਸੀ।
ਬਠਿੰਡੇ ਦੂਰ ਦੂਰ ਤੱਕ ਮੰਨਿਆ ਹੋਇਆ ਇਕ ਗਮੰਤਰੀ ਹੁੰਦਾ ਸੀ, ਨਗੀਨਾ ਮਰਾਸੀ, ਆਪਣੀ ਕਲਾ ਦੇ ਸੁਹਜ, ਸ਼ਕਤੀ ਤੇ ਪ੍ਰਭਾਵ ਬਾਰੇ ਪੂਰਾ ਸਚੇਤ। ਰੱਜ ਕੇ ਸਵੈਮਾਨੀ ਪਰ ਅਭਿਮਾਨ ਤੋਂ ਉੱਕਾ ਹੀ ਮੁਕਤ! ਪਟਿਆਲੀਏ ਮਹਾਰਾਜਾ ਭੂਪਿੰਦਰ ਸਿੰਘ ਕੁਛ ਦਿਨਾਂ ਵਾਸਤੇ ਬਠਿੰਡੇ ਦੇ ਕਿਲ਼ੇ ਵਿਚ ਟਿਕੇ ਹੋਏ ਸਨ। ਇਕ ਦਿਨ ਉਹਨਾਂ ਦਾ ਦਿਲ ਕੀਤਾ, ਕੁਛ ਗਾਉਣ-ਬਜਾਉਣ ਹੀ ਸੁਣਿਆ ਜਾਵੇ! ਓਦੋਂ ਰਾਜਿਆਂ ਵਾਸਤੇ ਸਥਾਨਕਤਾ ਨਾਲ ਵਾਹ ਦੀ ਅਹਿਮ ਕੜੀ ਨੰਬਰਦਾਰ-ਜ਼ੈਲਦਾਰ ਹੀ ਹੁੰਦੇ ਸਨ। ਮਹਾਰਾਜਾ ਸਾਹਿਬ ਨੇ ਜ਼ੈਲਦਾਰ ਦਸੌਂਧਾ ਸਿੰਘ ਨੂੰ ਕਿਹਾ, ਅੱਜ ਸ਼ਾਮ ਕੋਈ ਵਧੀਆ ਗਵਈਆ ਤਾਂ ਬੁਲਾਓ। ਨਗੀਨੇ ਦੇ ਸੁਭਾਅ ਤੋਂ ਜਾਣੂ ਜ਼ੈਲਦਾਰ ਨੂੰ ਪਤਾ ਸੀ ਕਿ ਕਿਸੇ ਹੱਥ ਸੁਨੇਹਾ ਭੇਜਿਆਂ ਉਹਨੇ ਆਉਣਾ ਨਹੀਂ। ਕੋਈ ਲਾਗੀ-ਤੱਥਾ ਭੇਜਣ ਦੀ ਥਾਂ ਉਹਨੇ ਆਪ ਚੱਲ ਕੇ ਜਾਣਾ ਹੀ ਮੁਨਾਸਿਬ ਸਮਝਿਆ। ਉਹਨੇ ਆਖਿਆ, ਨਗੀਨਿਆ, ਮਹਾਰਾਜਾ ਸਾਹਿਬ ਨੇ ਗੌਣ ਸੁਣਨ ਦੀ ਇੱਛਾ ਦੱਸੀ ਹੈ, ਅੱਜ ਆਥਣੇ ਕਿਲ਼ੇ ਵਿਚ ਪਹੁੰਚ ਜਾਈਂ। ਨਗੀਨੇ ਨੇ ਝੱਟ ਸਵਾਲ ਕੀਤਾ, ਜ਼ੈਲਦਾਰਾ, ਮਹਾਰਾਜ ਗੌਣ ਸੁਣਨਾ ਜਾਣਦੇ ਵੀ ਨੇ? ਉਹਦੀ ਗੱਲ ਸੁਣ ਕੇ ਜ਼ੈਲਦਾਰ ਹੈਰਾਨ ਰਹਿ ਗਿਆ ਤੇ ਬੋਲਿਆ, ਕੀ ਕਮਲੀਆਂ ਮਾਰਦਾ ਹੈਂ, ਨਗੀਨਿਆ, ਮਹਾਰਾਜਾ ਸਾਹਿਬ ਗੌਣ ਸੁਣਨ ਵੀ ਨਹੀਂ ਜਾਣਦੇ? ਨਗੀਨਾ ਕਹਿੰਦਾ, ਚੰਗਾ, ਜ਼ੈਲਦਾਰ ਸਾਹਿਬ, ਜੇ ਇਹ ਗੱਲ ਹੈ, ਕਿਲ਼ੇ ਵਿਚ ਕੱਕਾ ਰੇਤਾ ਵਿਛਵਾ ਲੈਣਾ; ਮੇਰਾ ਗੌਣ ਸੁਣਨ ਆਈ ਮਾਈ ਹੀਰ ਦੀਆਂ ਸੱਜਰੀਆਂ ਪੈੜਾਂ ਦਿਖਾਵਾਂਗੇ!
ਸਦੀਕ ਬੱਸ ਇਥੇ ਹੀ ਮਾਰ ਖਾ ਗਿਆ! ਗਾਉਣ ਤੋਂ ਪਹਿਲਾਂ ਉਹਨੂੰ ਚਾਹੀਦਾ ਸੀ, ਗਾ ਕੇ ਸੁਣਾਉਣ ਦੀ ਫ਼ਰਮਾਇਸ਼ ਕਰਨ ਵਾਲਿਆਂ ਨੂੰ ਪੁਛਦਾ, ਮੋਤੀਆਂ ਵਾਲਿਓ, ਗਾਇਆ ਹੋਇਆ ਸੁਣਨਾ ਵੀ ਆਉਂਦਾ ਹੈ? ਜੇ ਉਹ ਹਾਂ ਆਖਣ ਦੀ ਹਿੰਮਤ ਕਰਦੇ, ਫੇਰ ਉਹਨੂੰ ਕਹਿਣਾ ਚਾਹੀਦਾ ਸੀ, ਚੰਗਾ, ਜਨਾਬ, ਪੰਜਾਬ ਦਾ ਨਕਸ਼ਾ ਮੰਗਵਾ ਕੇ ਵਿਧਾਨ ਸਭਾ ਦੀ ਕੰਧ ਉੱਤੇ ਟੰਗ ਲਵੋ। ਜਦੋਂ ਮੈਂ ਮੋਹਨ ਸਿੰਘ ਦੀ ਵਜਦ ਵਿਚ ਆ ਕੇ ਲਿਖੀ ਹੋਈ ਪੰਜਾਬ ਦੀ, ਸੰਸਾਰ-ਤਾਰਕ ਬਾਬੇ ਨਾਨਕ ਦੀ ਤਾਬ ਦੀ, ਸਾਡੇ ਪੁਰਖੇ ਮਰਦਾਨੇ ਦੀ ਰਬਾਬ ਦੀ, ਪੰਜਾਬੀਆਂ ਦੇ ਸ਼ਬਾਬ ਦੀ, ਆਸ਼ਕ ਬਣਾਉਣ ਵਾਲੇ ਚਨਾਬ ਦੀ ਸਿਫ਼ਤ ਨੂੰ ਮਸਤ ਹੋ ਕੇ ਮੂੰਹ ਦੀ ਥਾਂ ਐਥੋਂ, ਹਿੱਕ ਦੇ ਵਿਚਕਾਰੋਂ, ਡੂੰਘੇ ਦਿਲ ਤੋਂ ਗਾਇਆ, ਪੰਜਾਬ ਦੇ ਨਕਸ਼ੇ ਵਿਚੋਂ ਇਲਾਹੀ ਨੂਰ ਝਰਦਾ ਦਿਖਾਵਾਂਗੇ!
ਸਦੀਕ ਹੰਢੇ-ਵਰਤੇ ਸਿਆਸੀ ਅਨੁਭਵੀਆਂ ਵਿਚ ਨਵਾਂ ਨਵਾਂ ਵਿਚਰਨ ਲੱਗਿਆ ਹੈ। ਚੰਗਾ ਹੋਵੇ, ਉਹ ਕੁਛ ਗੱਲਾਂ ਯਾਦ ਰੱਖੇ। ਜਿਸ ਮਰਦਾਨੇ ਬਿਨਾਂ ਆਪਣਾ ਬਾਬਾ ਸਾਹ ਨਹੀਂ ਸੀ ਲੈਂਦਾ ਤੇ ਜਿਸਦੀਆਂ ਔਲਾਦਾਂ ਦਰਬਾਰ ਸਾਹਿਬ ਵਿਚ ਜੁਗੜਿਆਂ ਤੱਕ ਕੀਰਤਨ ਕਰਦੀਆਂ ਰਹੀਆਂ ਸਨ, ਉਸ ਕੁਲ ਦੇ ਰਬਾਬੀਆਂ ਤੇ ਕੀਰਤਨੀਆਂ ਨੂੰ ਹੁਣ ਕੀਰਤਨ-ਸਥਾਨ ਦੇ ਨੇੜੇ ਨਹੀਂ ਢੁੱਕਣ ਦਿੱਤਾ ਜਾਂਦਾ। ਸਦੀਕ ਨੂੰ ਕੌੜੀ ਲੱਗ ਸਕਦੀ ਹੈ, ਪਰ ਉਹਨੂੰ ਮੇਰੀ ਇਕ ਸਲਾਹ ਸਦਾ ਯਾਦ ਰੱਖਣੀ ਚਾਹੀਦੀ ਹੈ ਕਿ "ਵੱਡੇ ਬੰਦਿਆਂ" ਵਿਚ ਉਠਦਿਆਂ-ਬੈਠਦਿਆਂ ਆਪਣੇ ਵਰਗੇ ਸਾਧਾਰਨ ਬੰਦਿਆਂ ਨੂੰ ਆਪਣਾ ਮੂਲ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ। ਇਹ ਤਾਂ ਲੋਕਰਾਜ ਦੀਆਂ ਮਜਬੂਰੀਆਂ ਹਨ ਕਿ ਵਿਧਾਨ ਸਭਾ ਵਿਚ ਨਵੇਂ-ਪੁਰਾਣੇ ਰਾਜੇ ਅਤੇ ਹਮਾ-ਤੁਮਾ ਰੰਕ ਬਰਾਬਰ ਬੈਠਦੇ ਹਨ। ਜੇ ਸੁਖੀ ਰਹਿਣਾ ਹੈ, ਇਹਦਾ ਇਹ ਅਰਥ ਕਦੇ ਨਾ ਲੈਣਾ ਕਿ ਉਥੇ ਬੈਠੇ ਸਭ ਸੱਚਮੁੱਚ ਬਰਾਬਰ ਹੋ ਗਏ ਹਨ! ਮੇਰਾ ਦਾਅਵਾ ਹੈ ਕਿ ਜੇ ਸਦੀਕ ਦੀ ਗਾਈ ਇਸ ਉੱਚ-ਪਾਏ ਦੀ ਗ਼ਜ਼ਲ ਦੀ ਥਾਂ ਮਜੀਠੀਆ ਸਾਹਿਬ ਨੇ ਵਿਧਾਨ ਸਭਾ ਵਿਚ "ਕਰ ਦੇ ਬੁੜ੍ਹੇ ਦਾ ਚਿੱਤ ਰਾਜੀ, ਉੱਤੇ ਲੈ ਕੇ ਅੰਬ-ਰਸੀਆ" ਗੀਤ ਵੀ ਗਾਇਆ ਹੁੰਦਾ, ਸਦਨ ਦੀ ਪਵਿੱਤਰਤਾ ਭੰਗ ਹੋਣ ਦੀ ਥਾਂ ਦੂਣ-ਸਵਾਈ ਹੋ ਜਾਂਦੀ। ਇਥੇ ਮੈਨੂੰ ਫ਼ਿਲਮ ਪਾਕੀਜ਼ਾ ਦਾ ਇਕ ਦ੍ਰਿਸ਼ ਯਾਦ ਆ ਗਿਆ। ਸਾਹਿਬ ਜਾਨ ਦਾ ਮੁਜਰਾ ਦੇਖਣ ਆਏ ਨਵਾਬਾਂ-ਰਈਸਾਂ ਨੂੰ ਪਾਨ ਦੇ ਬੀੜੇ ਦੇ ਰਹੀ ਅੰਮੀ ਜਾਨ ਇਕ ਸਰੋਤੇ ਨੂੰ ਪੰਜ-ਸੱਤ ਪੌੜੀਆਂ ਉੱਚੇ ਮੰਚ-ਰੂਪੀ ਵਿਸ਼ਾਲ ਹਾਲ ਦੀ ਆਖ਼ਰੀ ਪੌੜੀ ਕੋਲ ਥੰਮ੍ਹ ਨਾਲ ਢੋ ਲਾ ਕੇ ਬੈਠਦਿਆਂ ਦੇਖ ਆਖਦੀ ਹੈ, ਇਥੇ ਕਿਉਂ ਬੈਠ ਗਏ ਠੇਕੇਦਾਰ ਸਾਹਿਬ, ਐਧਰ ਆ ਕੇ ਬੈਠੋ। ਉਹ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਕਹਿੰਦਾ ਹੈ, ਨਹੀਂ ਅੰਮੀ ਜਾਨ, ਮੈਂ ਇਥੇ ਹੀ ਠੀਕ ਹਾਂ, ਮੈਨੂੰ ਆਪਣੀ ਥਾਂ ਦਾ ਅਹਿਸਾਸ ਹੈ!
ਇਕ ਗੱਲ ਹੋਰ ਵੀ ਹੈ। ਲੋਕ-ਸੂਝ ਦਾ ਚੰਗਾ ਗਿਆਤਾ ਹੋਣ ਦੇ ਬਾਵਜੂਦ ਸਦੀਕ ਇਹ ਲਲਕਾਰਾ ਕਿਵੇਂ ਭੁੱਲ ਗਿਆ: ਕਿਥੇ ਜਾਏਂ ਗਾ ਬੂਬਣਿਆ ਸਾਧਾ, ਛੇੜ ਕੇ ਭਰਿੰਡ-ਰੰਗੀਆਂ! ਸਦੀਕ ਸਾਹਿਬ, ਸੱਤਾਧਾਰੀਆਂ ਦੇ ਚਹੇਤੇ ਅਤੇ ਖ਼ੁਦ ਸਾਰੀ ਉਮਰ ਆਮ ਲੋਕਾਂ ਤੋਂ ਚਾਰ ਹੱਥ ਉੱਚੀ ਕੁਰਸੀ ਉੱਤੇ ਬੈਠ ਕੇ ਰਾਜ ਚਲਾਉਂਦੇ ਰਹੇ ਦਰਬਾਰਾ ਸਿੰਘ ਗੁਰੂ ਦੀਆਂ ਗੋਡਣੀਆਂ ਲੁਆ ਕੇ ਜਾਉਂਗੇ ਕਿਥੇ? ਦੇਖੋ ਜੀ, ਖ਼ਸਮਾਂ ਨੂੰ ਖਾਂਦੀ ਜਮਹੂਰੀਅਤ, ਕੋਈ ਸਦੀਕ ਕਿਸੇ ਗੁਰੂ ਨੂੰ ਹਰਾ ਦੇਵੇ, ਸੱਚੀ ਗੱਲ ਹੈ, ਬੁਰਾ ਤਾਂ ਲੱਗਣਾ ਹੀ ਹੋਇਆ!
ਪਰਕਾਸ਼ ਸਿੰਘ ਬਾਦਲ ਵਰਗੇ ਸਾਊ, ਮਿੱਠ-ਬੋਲੜੇ ਅਤੇ ਪਚਾਸੀ ਸਾਲ ਦੀ ਗਹਿਰ-ਗੰਭੀਰ ਆਯੂ ਨੂੰ ਪੁੱਜੇ ਆਗੂ ਨੇ ਆਪਣੇ ਜਨਤਕ ਅਕਸ ਦੇ ਪੂਰੀ ਤਰ੍ਹਾਂ ਉਲਟ ਅਜਿਹਾ ਕਿਉਂ ਕੀਤਾ, ਹਰ ਕਿਸੇ ਦੀ ਸਮਝ ਤੋਂ ਬਾਹਰ ਹੈ। ਸਦੀਕ ਦੀ ਤੇ ਉਸ ਰਾਹੀਂ ਕਾਂਗਰਸ ਦੀ ਹੱਤਕ ਤਾਂ ਉਹ ਕਿਸੇ ਵੀ ਅਕਾਲੀ ਵਿਧਾਇਕ ਤੋਂ ਕਰਵਾ ਸਕਦੇ ਸਨ। ਸੰਸਦ ਸਮੇਤ ਪੂਰੇ ਦੇਸ ਦੀਆਂ ਵਿਧਾਨ ਸਭਾਵਾਂ ਵਿਚ ਪਸੂਆਂ ਤੋਂ ਗਿਆ-ਗੁਜ਼ਰਿਆ ਨਰਕੀ ਜੀਵਨ ਜਿਉਣ ਲਈ ਮਜਬੂਰ ਤੇ ਬੇਵੱਸ ਕਰੋੜਾਂ ਮੰਦਭਾਗਿਆਂ ਦੇ ਗੰਭੀਰ ਮੁੱਦਿਆਂ ਬਾਰੇ ਗੰਭੀਰ ਗੱਲ ਛੇੜਨ ਤੇ ਗੰਭੀਰ ਬਹਿਸ ਕਰਨ ਵਾਲੇ ਲੋਕ-ਪ੍ਰਤੀਨਿਧਾਂ ਦੀ ਤਾਂ ਘਾਟ ਹੋ ਸਕਦੀ ਹੈ, ਕਿਸੇ ਦੀ ਚਿੱਟੀ ਪੱਗ ਲਾਹੁਣ ਤੇ ਉਛਾਲਣ ਵਾਲਿਆਂ ਦੀ ਥੋੜ ਮਹਿਸੂਸ ਹੋਣ ਦਾ ਤਾਂ ਸਵਾਲ ਹੀ ਨਹੀਂ। ਮੀਆਂ ਗ਼ਾਲਿਬ ਡੇਢ ਸਦੀਆਂ ਪਹਿਲਾਂ ਇਹਨਾਂ ਬਾਰੇ ਹੀ ਤਾਂ ਭਵਿੱਖਬਾਣੀ ਕਰ ਗਏ ਸਨ: ...ਕਮੀ ਨਹੀਂ ਗ਼ਾਲਿਬ, ਏਕ ਡੂੰਢੋ ਹਜ਼ਾਰ ਮਿਲਤੇ ਹੈਂ! ਬਾਦਲ ਸਾਹਿਬ ਨੂੰ ਗਾਰੇ ਦਾ ਬੁੱਕ ਭਰ ਕੇ ਸਦੀਕ ਵੱਲ ਆਪ ਵਗਾਹੁਣ ਦੀ ਕੀ ਲੋੜ ਪੈ ਗਈ! ਕੀ ਸਦੀਕ ਦਾ ਉਹਨਾਂ ਦੇ ਖਾਸੋ-ਖਾਸ ਉਮੀਦਵਾਰ ਨੂੰ ਹਰਾ ਕੇ ਜਿੱਤਣਾ ਵੋਟਾਂ ਵਾਲੇ ਲੋਕਰਾਜ ਵਿਚ ਏਡਾ ਵੱਡਾ ਗੁਨਾਹ ਹੈ ਕਿ ਉਹ ਉਹਨੂੰ ਅਗਲੀ, ਅਗਲੇਰੀ ਜਾਂ ਉਸ ਤੋਂ ਵੀ ਪਰੇਰੀ ਕਿਸੇ ਚੋਣ ਵਿਚ ਹਰਾ ਲੈਣ ਤੱਕ ਬਖ਼ਸ਼ਣਗੇ ਹੀ ਨਹੀਂ?
ਮੈਂ ਇਸ ਮੁੱਦੇ ਬਾਰੇ ਅਨੇਕ ਲੇਖਕਾਂ, ਵਿਦਵਾਨਾਂ ਤੇ ਕਲਾਕਾਰਾਂ ਨਾਲ ਗੱਲ ਕੀਤੀ ਹੈ ਅਤੇ ਮੇਰੇ ਹੋਰ ਲੇਖਾਂ ਦੇ ਸੰਬੰਧ ਵਿਚ ਫ਼ੋਨ ਕਰਨ ਵਾਲੇ ਅਨਗਿਣਤ ਪਾਠਕਾਂ ਦੀ ਇਸ ਸੰਬੰਧੀ ਰਾਇ ਲਈ ਹੈ। ਸ਼ਾਇਦ ਬਾਦਲ ਸਾਹਿਬ ਨੂੰ ਇਹ ਗੱਲ ਸੁਣਨੀ ਚੰਗੀ ਨਾ ਲੱਗੇ, ਸਭ ਦਾ ਇਕੋ ਮੱਤ ਹੈ ਕਿ ਇਸ ਘਟਨਾ ਨਾਲ ਉਹਨਾਂ ਸਭ ਦੀ ਨਜ਼ਰ ਵਿਚ ਬਾਦਲ ਜੀ ਦਾ ਕੱਦ ਘਟਿਆ ਹੈ ਤੇ ਸਦੀਕ ਦਾ ਉੱਚਾ ਹੋਇਆ ਹੈ! ਮੈਂ ਕਲਮ ਦੀ ਸਹੁੰ ਖਾ ਕੇ ਪੂਰੀ ਈਮਾਨਦਾਰੀ ਨਾਲ ਆਖਦਾ ਹਾਂ ਕਿ ਜੇ ਇਸ ਕਿੱਸੇ ਦਾ ਕਰਤਾ ਮੈਂ ਹੋਵਾਂ, ਵਿਧਾਨ ਸਭਾ ਦੇ ਅਗਲੇ ਸਮਾਗਮ ਵਿਚ ਸਦੀਕ ਤੋਂ ਅਤੇ ਉਸ ਰਾਹੀਂ ਸਮੂਹ ਲੇਖਕਾਂ ਤੇ ਕਲਾਕਾਰਾਂ ਅਤੇ ਆਮ ਪੰਜਾਬੀਆਂ ਤੋਂ ਮਾਫ਼ੀ ਮੰਗ ਲਵਾਂ। ਜੇ ਮਾਫ਼ੀ ਮੰਗਣ ਦਾ ਜੇਰਾ ਨਾ ਵੀ ਕਰ ਸਕਾਂ, ਇਹ ਜ਼ਰੂਰ ਕਹਿ ਦੇਵਾਂ, ਸਦੀਕ, ਭਾਈ, ਜੋ ਕੁਛ ਹੋਇਆ, ਉਸਦਾ ਮੈਨੂੰ ਬਹੁਤ ਅਫ਼ਸੋਸ ਹੈ, ਤੂੰ ਵੀ ਭੁੱਲ ਜਾ!
ਅੰਤ ਵਿਚ ਇਹ ਸਵਾਲ ਮਨ ਵਿਚ ਆਉਂਦਾ ਹੈ ਕਿ ਜੇ ਅੱਜ ਸਾਡੀ ਕਵਿਤਾ ਦੇ ਉੱਚੇ ਝੂਲਦੇ ਪਰਚਮ ਮੋਹਨ ਸਿੰਘ ਹੁੰਦੇ, ਉਹ ਇਸ ਘਟਨਾ ਮਗਰੋਂ ਆਪਣੀ ਇਸ ਗ਼ਜ਼ਲ ਵਿਚ ਹੋਰ ਕਿਹੜੇ ਸ਼ਿਅਰ ਜੋੜ ਕੇ ਇਸ ਨੂੰ ਮੁਕੰਮਲ ਕਰਦੇ! ਸ਼ਬਦ ਦੇ ਗਹਿਰੇ ਸਾਗਰ ਦੇ ਥੱਲੇ ਤੋਂ ਅਜਿਹੇ ਅਨਮੋਲ ਮੋਤੀ ਤਾਂ ਉਸਤਾਦ ਸ਼ਾਇਰ ਮੋਹਨ ਸਿੰਘ ਹੀ ਕੱਢ ਕੇ ਲਿਆ ਸਕਦਾ ਸੀ:
ਭਾਰਤ ਹੈ ਵਾਂਗ ਮੁੰਦਰੀ, ਵਿਚ ਨਗ ਪੰਜਾਬ ਦਾ,
ਭਾਰਤ ਹੈ ਜੇ ਸ਼ਰਾਬ, ਇਹ ਨਸ਼ਾ ਸ਼ਰਾਬ ਦਾ।
ਆਉਣ ਨੂੰ ਤਾਂ ਜਵਾਨੀਆਂ ਹਰ ਇਕ 'ਤੇ ਆਉਂਦੀਆਂ,
ਪਰ ਹੋਰ ਹੀ ਹਿਸਾਬ ਹੈ ਸਾਡੇ ਸ਼ਬਾਬ ਦਾ।
ਗੰਗਾ ਬਣਾਵੇ ਦੇਵਤੇ ਤੇ ਜਮੁਨਾ ਦੇਵੀਆਂ,
ਆਸ਼ਿਕ ਮਗਰ ਬਣਾ ਸਕੇ ਪਾਣੀ ਚਨਾਬ ਦਾ।
ਪੰਜਾਬੀਉ ਨਾ ਨੀਂਵੀਂਆਂ ਗੱਲਾਂ ਦੀ ਤੱਕ ਰੱਖੋ,
ਹੁੰਦਾ ਕਦੀ ਨਾ ਆਲ੍ਹਣਾ ਝਿੱਕਾ ਉਕਾਬ ਦਾ।
ਭਾਈਆਂ ਤੇ ਪੰਡਿਤਾਂ ਦੀਆਂ ਗੱਲਾਂ 'ਤੇ ਨਾ ਖਪੋ,
ਕੀਤਾ ਇਹਨਾਂ ਨੇ ਕੰਮ ਕਦੋਂ ਹੈ ਸਵਾਬ ਦਾ।
ਮਿਟ ਜਾਣ ਆਪੇ ਬੋਲੀਆਂ ਵਰਣਾਂ ਦੇ ਵਿਤਕਰੇ,
ਮਰਦਾਨੇ ਵਾਂਗ ਛੇੜੀਏ ਜੇ ਸੁਰ ਰਬਾਬ ਦਾ।
ਉੱਠੋ ਕਿ ਉੱਠ ਕੇ ਦੇਸ ਦਾ ਮੂੰਹ-ਮੱਥਾ ਡੌਲੀਏ,
ਮੁੜ ਕੇ ਪੰਜਾਬ ਸਾਜੀਏ ਨਾਨਕ ਦੇ ਖ਼ਾਬ ਦਾ।
ਪਤਾਲਾਂ ਤੋਂ ਲਿਆਈਏ ਮੁੜ ਕੱਢ ਕੇ ਮਨੀ,
ਅਸਮਾਨ ਉੱਤੋਂ ਲਾਹੀਏ ਰਤਨ ਆਫ਼ਤਾਬ ਦਾ।
ਪੱਤਝੜ ਤੋਂ ਬਚਾਈਏ ਧਰਤੀ ਪੰਜਾਬ ਦੀ,
ਖੇੜੇ ਦੇ ਵਿਚ ਲਿਆਈਏ ਮੁੜ ਫੁੱਲ ਗੁਲਾਬ ਦਾ!
ਵਰਤਮਾਨ ਦੌਰ ਦੀ ਪੰਜਾਬੀ ਕਵਿਤਾ ਦਾ ਮੋਹਨ ਸਿੰਘ ਨਾਂ ਦਾ ਉਹ ਸੂਰਜ ਤਾਂ ਦੁਮੇਲ ਦੇ ਓਹਲੇ ਹੋ ਗਿਆ। ਸੂਰਜ ਦੀ ਗ਼ੈਰਹਾਜ਼ਰੀ ਵਿਚ ਦੀਵੇ ਵਿਤ ਅਨੁਸਾਰ ਚਾਨਣ ਦਾ ਜਤਨ ਕਰਦੇ ਰਹਿਣ ਦਾ ਉਸ ਨੂੰ ਦਿੱਤਾ ਆਪਣਾ ਵਚਨ ਸਦਾ ਤੋਂ ਨਿਭਾਉਂਦੇ ਆਏ ਹਨ। ਗ਼ਜ਼ਲ ਦੀ ਸੰਪੂਰਨਤਾ ਦਾ ਮੇਰਾ ਨਿਮਾਣਾ ਜਿਹਾ ਜਤਨ ਹਾਜ਼ਰ ਹੈ:
ਅੱਖਰਾਂ ਨੂੰ ਪੂਜਦਾ ਸੀ, ਹੇਕ ਸੁਣ ਕੇ ਝੂਮਦਾ,
ਹਸ਼ਰ ਕੀ ਪੰਜਾਬ ਹੁਣ ਖਾਨਾ-ਖ਼ਰਾਬ ਦਾ।
ਕਲਾ ਦੀਆਂ ਕੀਮਤਾਂ ਤੇ ਮੁੱਲ ਸਭਿਆਚਾਰ ਦਾ,
ਉੂਣਿਆਂ ਨੂੰ ਕੀ ਪਤਾ ਪੂਰੇ ਹਿਸਾਬ ਦਾ।
ਬੋਲ ਬਾਬੇ ਦੇ ਇਥੇ ਹੁਣ ਕੌਣ ਪੂਜਦਾ,
ਮਰਦਾਨਿਆ ਕੋਈ ਸਰੋਤਾ ਰਿਹਾ ਨਾ ਰਬਾਬ ਦਾ।
ਹੱਤਕ ਗ਼ਜ਼ਲਕਾਰ ਦੀ, ਅਪਮਾਨ ਗਾਇਕ ਦਾ,
ਕਿਥੇ ਗਿਆ ਸੁਚੱਜ ਉਹ ਅਦਬ-ਅਦਾਬ ਦਾ।
ਹਰ ਅੱਖਰ ਮੋਹਨ ਦਾ ਹੀਰਾ ਪੰਨਾ ਲਾਲ ਮੋਤੀ,
ਜੌਹਰੀਆਂ ਤੋਂ ਬਾਝ ਹੋਇਆ ਕੌਡੀਆਂ ਦੀ ਬਾਬ ਦਾ।
ਦੁੱਧ ਸੀ ਦਸਤਾਰ ਸ਼੍ਹਮਲੇਦਾਰ ਗੁਣੀ ਗਾਇਕ ਦੀ,
ਬੁੱਕ ਗਾਰਾ ਪੈ ਗਿਆ ਸਿਆਸੀ ਅਜ਼ਾਬ ਦਾ!
ਸਦੀਕ ਦੇ ਮੂੰਹੋਂ ਮੋਹਨ ਸਿੰਘ ਦੀ ਗ਼ਜ਼ਲ ਪੂਰੀ ਹੋਣ ਪਿੱਛੋਂ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਜੀ ਨੇ ਵੈਣ ਪਾਉਣ ਦੀ ਵੀ ਫ਼ਰਮਾਇਸ਼ ਕੀਤੀ ਸੀ। ਸ਼ਾਇਦ ਸ਼ਬਦ-ਕਲਾ ਅਤੇ ਗਾਇਣ-ਕਲਾ ਨੂੰ ਆਸ ਅਨੁਸਾਰ ਸਤਿਕਾਰ ਮਿਲਣ ਦੀ ਥਾਂ ਅਚਾਨਕ ਤ੍ਰਿਸਕਾਰੇ ਤੇ ਦੁਰਕਾਰੇ ਜਾਣ ਕਾਰਨ ਬੌਂਦਲਿਆ ਤੇ ਭਮੱਤਰਿਆ ਸਦੀਕ ਇਹ ਫ਼ਰਮਾਇਸ਼ ਪੂਰੀ ਨਹੀਂ ਸੀ ਕਰ ਸਕਿਆ। ਇਸ ਕਰਕੇ ਇਹ ਅੰਤਲਾ ਸ਼ਿਅਰ ਤੂੰਬੀ ਵਾਲੇ ਸਦੀਕ ਅਤੇ ਕਿਤਾਬ ਵਾਲੇ ਮੋਹਨ ਸਿੰਘ ਦਾ ਧਿਆਨ ਧਰਦਿਆਂ ਮੇਰੇ ਵੱਲੋਂ ਉਚੇਚੇ ਤੌਰ ਉੱਤੇ ਬਾਦਲ ਸਾਹਿਬ ਦੇ ਬਜ਼ੁਰਗ ਚਰਨਾਂ ਵਿਚ ਭੇਟ ਹੈ:
ਬਹਿ ਕੇ ਆਓ ਵੈਣ ਪਾਈਏ, ਕਲਾ ਵਾਲੇ ਦੋਸਤੋ,
ਸਰਕਾਰੀ ਸੱਥਰ ਵਿਛ ਗਿਆ ਤੂੰਬੀ, ਕਿਤਾਬ ਦਾ!
(011-65736868)

Thursday, 11 August 2011

ਪਰਵਾਸੀ ਪੰਜਾਬੀ ਸਾਹਿਤ ਦੀਆਂ ਸਮੱਸਿਆਵਾਂ :: ਰਜਨੀਸ਼ ਬਹਾਦਰ ਸਿੰਘ

ਪਰਵਾਸੀ ਪੰਜਾਬੀ ਸਾਹਿਤ ਦੀਆਂ ਸਮੱਸਿਆਵਾਂ

ਰਜਨੀਸ਼ ਬਹਾਦਰ ਸਿੰਘ

ਮੋਬਾਇਲ :

ਪੋਸਿਟੰਗ : ਮਹਿੰਦਰ ਬੇਦੀ ਜੈਤੋ

ਪੰਜਾਬੀ ਭਾਈਚਾਰਾ ਪੰਜਾਬ ਦੀਆਂ ਭੂਗੋਲਿਕ ਹੱਦਾਂ ਤੋਂ ਪਾਰ ਅੰਤਰ-ਰਾਸ਼ਟਰੀ ਪੱਧਰ ਤੱਕ ਫੈਲਿਆ ਹੋਇਆ ਹੈ। ਹੁਣ ਪੰਜਾਬੀਆਂ ਦਾ ਜੀਵਨ ਅਨੁਭਵ ਪਾਰ-ਰਾਸ਼ਟਰੀ ਚੇਤਨਾ ਨਾਲ ਜੁੜਿਆ ਹੋਇਆ ਹੈ। ਪੰਜਾਬੀਆਂ ਨੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਹਰ ਖੇਤਰ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੈ। ਇਹ ਪਛਾਣ ਸਾਹਿਤ ਸੰਵੇਦਨਾ ਰਾਹੀਂ ਪਰਗਟ ਹੋ ਰਹੀ ਹੈ। ਇਸੇ ਲਈ ਪਰਵਾਸੀ ਸਾਹਿਤ ਪੰਜਾਬੀ ਸਾਹਿਤ ਦੀ ਮੁੱਖ ਧਾਰਾ ਦਾ ਮਹੱਤਵਪੂਰਨ ਅੰਗ ਬਣਿਆ ਹੋਇਆ ਹੈ। ਇਸ ਨਾਲ ਪੰਜਾਬੀ ਸਾਹਿਤ ਵਿਚ ਨਵੇਂ ਅਨੁਭਵ ਪਰਗਟ ਹੋ ਰਹੇ ਸਨ। ਇਸ ਨਵੇਂ ਅਨੁਭਵ ਕਾਰਨ ਪਰਵਾਸੀ ਸਾਹਿਤ ਨਵੀਆਂ ਸਥਿਤੀਆਂ ਵਿਚ ਨਵੀਆਂ ਸਮੱਸਿਆਵਾਂ ਦੇ ਸਨਮੁਖ ਹੋ ਰਿਹਾ ਹੈ। ਇਸ ਵਿਚ ਸਭ ਤੋਂ ਮੁਢਲੀ ਸਮੱਸਿਆ ਪਰਵਾਸੀ ਸਾਹਿਤ ਦੇ ਨਾਮਕਰਣ ਦੀ ਹੈ। ਹੁਣ ਇਸ ਲਈ 'ਪਰਵਾਸੀ' ਸ਼ਬਦ ਵਰਤਿਆ ਜਾਂਦਾ ਹੈ। ਅਰਥਾਤ ਪਰਵਾਸ ਦਾ ਵਿਸ਼ੇਸ਼ਣ ਲਾ ਕੇ ਇਸ ਦੀ ਵੱਖਰੀ ਕੋਟੀ ਸਥਾਪਿਤ ਕਰ ਲਈ ਗਈ ਹੈ। ਇਸ ਦੇ ਅਰਥ ਅਜਿਹੇ ਅਨੁਭਵ ਨਾਲ ਜੁੜੇ ਸਾਹਿਤ ਤੋਂ ਹਨ ਜਿਹੜਾ ਪਰਵਾਸੀ ਦੇ ਅਨੁਭਵ ਨਾਲ ਜੁੜਿਆ ਹੋਇਆ ਹੋਵੇ। ਇਸ ਬਾਰੇ ਪਰਵਾਸੀ ਸਾਹਿਤ ਸਿਰਜਣਾ ਨਾਲ ਜੁੜੇ ਸਾਹਿਤਕਾਰਾਂ ਅਤੇ ਆਲੋਚਕਾਂ ਦੀਆਂ ਧਾਰਨਾਵਾਂ ਵੱਖੋ ਵੱਖਰੀਆਂ ਹਨ।
ਪਰਵਾਸੀ ਸਾਹਿਤ ਸਿਰਜਣਾ ਨਾਲ ਜੁੜੇ ਬਹੁਤੇ ਸਾਹਿਤਕਾਰ 'ਪਰਵਾਸੀ ਸਾਹਿਤ' ਦੀ ਕੋਟੀ ਨੂੰ ਰਿਆਇਤੀ ਨੰਬਰਾਂ ਵਾਲੀ ਕੋਟੀ ਸਮਝਦੇ ਹਨ, ਉਹਨਾਂ ਅਨੁਸਾਰ ਉਹਨਾਂ ਦੇ ਸਾਹਿਤ ਨੂੰ ਸਮੁੱਚੀ ਪੰਜਾਬੀ ਸਾਹਿਤ ਧਾਰਾ ਦੇ ਪ੍ਰਸੰਗ ਵਿਚ ਰੱਖ ਕੇ ਵਿਚਾਰਿਆਂ ਜਾਵੇ। ਇਹ ਧਾਰਨਾਂ ਪੰਜਾਬੀ ਸਾਹਿਤ ਵਿਚ ਥਾਂ ਨਿਸਚਤ ਕਰਨ ਲਈ ਠੀਕ ਹੈ ਪਰੰਤੂ ਇਹ ਇਕ ਸੀਮਾ ਵੀ ਬਣ ਜਾਂਦੀ ਹੈ। ਪੰਜਾਬੀ ਬਿਰਤਾਂਤ ਵਿਚ ਜਿਹੜੇ ਬਿਰਤਾਂਤਕ ਪੈਟਰਨ ਪਰੰਪਰਾਂ ਵਿਚ ਮੌਜੂਦ ਹਨ ਅਤੇ ਗਿਆਨ ਦੇ ਖੇਤਰ ਨਾਲ ਜੁੜੇ ਸਮਕਾਲ ਕਾਰਨ ਜਿਹੜੀਆਂ ਤਬਦੀਲੀਆਂ ਵਾਪਰੀਆਂ ਹਨ ਉਹਨਾਂ ਨੇ ਜਿਸ ਸੀਮਾ ਤਕ ਪੰਜਾਬੀ ਬਿਰਤਾਂਤ ਨੂੰ ਪ੍ਰਭਾਵਿਤ ਕੀਤਾ ਹੈ ਪਰਵਾਸੀ ਪੰਜਾਬੀ ਬਿਰਤਾਂਤ ਵੀ ਉਸ ਦੇ ਦੁਆਲੇ ਹੀ ਘੁੰਮਦਾ ਹੈ। ਪਰਵਾਸੀ ਪੰਜਾਬੀ ਬਿਰਤਾਂਤ ਪਰਵਾਸ ਵਿਚਲੇ ਸਮਕਾਲ ਤੋਂ ਅਣਭਿੱਜ ਹੈ। ਇਹ ਉਸ ਦੀ ਸੀਮਾ ਹੈ। ਇਸ ਲਈ ਅਜਿਹੇ ਸਾਹਿਤ ਨੂੰ ਅਨੁਭਵ ਤੇ ਅਧਾਰਿਤ ਹੋਣ ਕਾਰਨ ਪਰਵਾਸੀ ਸਾਹਿਤ ਦੀ ਕੋਟੀ ਵਿਚ ਹੀ ਰੱਖਿਆ ਜਾ ਸਕਦਾ ਹੈ। ਅਸਲ ਵਿਚ ਉਹ ਇਕ ਵੱਖਰੇ ਜੀਵਨ ਅਨੁਭਵ ਨਾਲ ਜੁੜਿਆ ਹੋਇਆ ਸਾਹਿਤ ਹੈ। ਉਸ ਸਾਹਿਤ ਦੀਆਂ ਬਿਰਤਾਂਤਕ ਵਿਧੀਆਂ ਅਤੇ ਸੁਹਜਤਮਕ ਪੈਟਰਨ ਮੁਖ ਸਾਹਿਤਕ ਧਾਰਾ ਵਾਲੇ ਹੀ ਹਨ। ਇਥੋਂ ਤਕ ਪਰਵਾਸ ਵਿਚ ਰਚੀ ਜਾਣ ਵਾਲੀ ਕਵਿਤਾ ਦਾ ਬਿੰਬ ਵਿਧਾਨ ਕਾਵਿ ਮੁਹਾਵਰਾ ਅਤੇ ਕਾਵਿ-ਭਾਸ਼ਾ ਸਮੁੱਚੀ ਸਮਕਾਲੀ ਪੰਜਾਬੀ ਕਵਿਤਾ ਵਾਲਾ ਹੀ ਹੈ। ਅਸਲ ਵਿਚ ਪੰਜਾਬੀ ਸਾਹਿਤਕਾਰ ਜ਼ਿਆਦਾ ਉਹ ਹੀ ਹਨ ਜਿਹੜੇ ਪਰਵਾਸ ਵਿਚ ਵੱਸਣ ਤੋਂ ਪਹਿਲਾਂ ਇਥੇ ਵੀ ਸਾਹਿਤ ਸਿਰਜਣਾ ਵਿਚ ਲੱਗੇ ਹੋਏ ਸਨ। ਉਥੇ ਵਸੇ ਲੇਖਕਾਂ ਦੀ ਅਗਲੀ ਪੀੜ੍ਹੀ ਵੀ ਪੰਜਾਬੀ ਪਿਛੋਕੜ ਵਾਲੀ ਹੀ ਹੈ। ਪਰਵਾਸੀਆਂ ਦੀ ਉਥੇ ਜੰਮੀ ਪਲ੍ਹੀ ਪੀੜ੍ਹੀ ਦਾ ਜੀਵਨ ਤਾਂ ਸਾਹਿਤ ਦਾ ਹਿੱਸਾ ਬਣਿਆ ਹੈ ਪਰ ਉਹਨਾਂ ਵਿਚੋਂ ਆਪਣੇ ਅਨੁਭਵ ਨੂੰ ਪੰਜਾਬੀ ਭਾਸ਼ਾ ਰਾਹੀਂ ਪੇਸ਼ ਕਰਨ ਵਾਲਾ ਕੋਈ ਲੇਖਕ ਸਾਹਮਣੇ ਨਹੀਂ ਆ ਰਿਹਾ। ਅਜਿਹੇ ਸਾਹਿਤ ਦਾ ਵਿਸ਼ਲੇਸ਼ਣ ਅਤੇ ਮੁਲੰਕਣ ਕਰਨ ਲਈ ਉਸ ਨੂੰ ਪਾਰਵਾਸ ਦੀ ਕੋਟੀ ਵਿਚ ਹੀ ਰੱਖਿਆ ਜਾ ਸਕਦਾ ਹੈ। ਪਰਵਾਸ ਵਿਚ ਵੱਸਣ ਵਾਲੇ ਲੇਖਕਾਂ ਵਲੋਂ ਜਿਹੜਾ ਸਾਹਿਤ ਪਰਵਾਸ ਦੇ ਅਨੁਭਵ ਤੇ ਅਧਾਰਿਤ ਹੋਵੇਗਾ। ਉਸ ਪਰਵਾਸੀ ਅਨੁਭਵ ਦਾ ਸਾਹਿਤ ਹੈ ਅਤੇ ਜਿਹੜਾ ਭਾਰਤੀ ਪੰਜਾਬੀ ਦੀ ਲੋਕੇਲ ਅਤੇ ਸਮੱਸਿਆਵਾਂ ਨਾਲ ਸੰਬੰਧਿਤ ਹੋਵੇਗਾ ਉਹ ਅਧੁਨਿਕ ਭਾਰਤੀ ਪੰਜਾਬੀ ਸਾਹਿਤ ਵਿਚ ਸ਼ੁਮਾਰ ਹੋਵੇਗਾ। ਨਵੀਂ ਪੀੜ੍ਹੀ ਦਾ ਸਵੈ-ਅਨੁਭਵ ਪਰਵਾਸੀ ਸਾਹਿਤ ਦਾ ਵਸਤ ਨਾ ਬਣਨਾ ਇਕ ਸਮੱਸਿਆ ਜ਼ਰੂਰ ਹੈ। ਪਰਵਾਸੀ ਪੰਜਾਬੀ ਸਾਹਿਤ ਦੀ ਭਾਰੂ ਸੁਰ ਕਿਸਾਨੀ ਅਵਚੇਤਨ ਵਾਲੀ ਹੈ। ਉਹ ਸਮਾਜਕ ਵਰਤਾਰਿਆਂ ਨੂੰ ਅਜੇ ਵੀ ਗਲਬਾਮੁਖੀ ਸੋਚ ਤੋਂ ਵੇਖਣ ਦੀ ਆਦੀ ਹੈ। ਇਸੇ ਲਈ ਉਸ ਨੇ ਆਪਣੇ ਸਭਿਆਚਾਰ ਦੇ ਉੱਤਮ ਹੋਣ ਦਾ ਭਰਮ ਪਾਲੇ ਹੋਣ ਕਰਕੇ ਉਸ ਵਿਚੋਂ ਬਹੁ-ਧੁਨੀ ਦੇ ਅਧਾਰਾਂ ਨੂੰ ਮੱਧਮ ਕਰ ਦਿੱਤਾ ਹੈ। ਸਥਾਨਕ ਸਭਿਆਚਾਰਾਂ ਪ੍ਰਤੀ ਟਕਰਾਅ ਅਤੇ ਹੇਰਵਾ ਅਜਿਹੀ ਮਾਨਸਿਕਤਾ ਵਿਚੋਂ ਹੀ ਪੈਦਾ ਹੁੰਦਾ ਹੈ। ਸਮਕਾਲੀ ਲੇਖਕਾਂ ਨੇ ਇਸ ਅਵਚੇਤਨ ਵਿਚੋਂ ਇਕ ਹੱਦ ਤਕ ਮੁਕਤੀ ਪ੍ਰਾਪਤ ਕੀਤੀ ਹੈ। ਇਹ ਪੀੜ੍ਹੀ ਪਰਵਾਸੀ ਸਾਹਿਤ ਨੂੰ ਪਰਵਾਸੀ ਕਰਾਉਣ ਤੋਂ ਝਿਜਕ ਵੀ ਮਹਿਸੂਸ ਨਹੀਂ ਕਰਦੀ।
ਪਰਵਾਸ ਵਿਚ ਜਿਸ ਪੱਧਰ ਦਾ ਅਤੇ ਗਿਣਤੀ ਵਿਚ ਸਾਹਿਤ ਦੀ ਰਚਨਾ ਹੋ ਰਹੀ ਹੈ ਉਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਹੈ। ਉਸ ਸਮੁੱਚੇ ਸਾਹਿਤ ਨੂੰ ਵਿਧਾਵਾਰ ਸੂਤਰਬੱਧ ਕਰਨਾ ਜ਼ਰੂਰੀ ਅਤੇ ਸਮੇਂ ਦੀ ਲੋੜ ਹੈ। ਇਸ ਲਈ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਨੂੰ ਨਵੇਂ ਜਾਵੀਏ ਤੋਂ ਸੂਤਰਬੱਧ ਕਰਨ ਦੀ ਲੋੜ ਹੈ। ਸਮਕਾਲ ਵਿਚ ਲਿਖੇ ਸਾਹਿਤ ਨੂੰ ਅਧੁਨਿਕਤਾ ਦੇ ਨਾਂ ਥੱਲੇ ਸੂਤਰਬੱਧ ਕਰਨਾ ਕਈ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਜਿਵੇਂ ਜਿਵੇਂ ਸਾਹਿਤ ਵਿਚਾਰਧਾਰਕ ਨਿਸ਼ਚੈਵਾਦ ਤੋਂ ਮੁਕਤ ਹੋ ਰਿਹਾ ਹੈ ਬਿਰਤਾਂਤਕ ਪਰੰਪਰਾ ਵਿਚ ਪਾਤਰਾਂ ਅਤੇ ਸਾਹਿਤ ਦੇ ਬਹੁਧੁਨੀ ਮੁੱਖੀ ਹੋਣ ਅਤੇ ਖੁਦਮੁਖਤਾਰੀ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਸਾਹਿਤ ਦਾ ਪੁਨਰ ਮੁਲੰਕਣ ਕਰਨ ਦੀ ਲੋੜ ਵਧ ਰਹੀ ਹੈ। ਇਤਿਹਾਸਕਾਰੀ ਲਈ ਵੀ ਨਵੀਆਂ ਚੁਣੌਤੀਆਂ ਸਾਹਮਣੇ ਆ ਰਹੀਆਂ ਹਨ। ਪਰਵਾਸੀ ਸਾਹਿਤ ਨੂੰ ਇਤਿਹਾਸਕ ਤਰਤੀਬ, ਇਤਿਹਾਸਕ ਚੇਤਨਾ, ਇਤਿਹਾਸਕ ਪ੍ਰਸੰਗਾਂ, ਵਿਚਾਰਧਾਰਕ ਪੜਾਵਾਂ ਦੇ ਪ੍ਰਸੰਗ ਵਿਚ ਰੱਖ ਕੇ ਵਾਰਤਾ ਜ਼ਰੂਰੀ ਹੈ। ਇਸ ਇਤਿਹਾਸਕ ਤਰਤੀਬ ਨੂੰ ਕਿਸੇ ਮੋਟੇ ਠੁੱਲੇ ਰੂਪ ਵਿਚ ਸੂਤਰਬੱਧ ਕਰਨ ਦੀ ਥਾਂ ਇਸ ਦਾ ਵਿਧਾਵਾਰ ਸਰਵਾ ਕਰਨਾ ਜ਼ਰੂਰੀ ਹੈ। ਸੰਸਾਰ ਦੇ ਵੱਖ ਵੱਖ ਖੇਤਰਾਂ ਵਿਚ ਰਚੇ ਜਾ ਰਹੇ ਪੰਜਾਬੀ ਸਾਹਿਤ ਦੇ ਸਾਰੇ ਸੂਤਰਾਂ ਦੀ ਤਲਾਸ਼ ਇਕ ਵੱਡੀ ਸਮੱਸਿਆ ਬਣੀ ਹੋਈ ਹੈ। ਪਰਵਾਸੀ ਪੰਜਾਬੀ ਸਾਹਿਤ ਨਾਲ ਜੁੜੀ ਆਲੋਚਨਾ ਵੀ ਇਕ ਵੱਡੀ ਸਮੱਸਿਆ ਹੈ। ਕੁਝ ਪੰਜਾਬੀ ਸਾਹਿਤ ਦੇ ਟਿਪਣੀਕਾਰਾਂ ਅਤੇ ਆਲੋਚਕਾਂ ਨੇ ਕੁਝ ਲੇਖਕਾਂ ਦੀ ਪਛਾਣ ਕੀਤੀ ਹੋਈ ਹੈ। ਉਹ ਹਰ ਪਰਚੇ ਵਿਚ ਉਹਨਾਂ ਦਾ ਜ਼ਿਕਰ ਕਰਦੇ ਹਨ ਭਾਵੇਂ ਉਹ ਵਿਚਾਰਧਾਰਾ ਜਾਂ ਚਿੰਤਨ ਦੀ ਉਸ ਕੋਟੀ ਵਿਚ ਫਿੱਟ ਬੈਠਦਾ ਹੋਵੇ ਜਾਂ ਨਾ। ਇਹ ਸਥਿਤੀ ਆਲੋਚਕ ਲਈ ਤਾਂ ਸਮੱਸਿਆ ਬਣਦੀ ਹੀ ਹੈ ਸਗੋਂ ਲੇਖਕ ਨੂੰ ਹਾਸੋਹੀਣੀ ਸਥਿਤੀ ਵਿਚ ਪਾ ਦਿੰਦੀ ਹੈ। ਅਜਿਹੀ ਸਥਿਤੀ ਤੋਂ ਬਚ ਕੇ ਹੀ ਪਰਵਾਸੀ ਸਾਹਿਤ ਦੀ ਇਤਿਹਾਸਕਾਰੀ ਦੀ ਸਮੱਸਿਆ ਨਾਲ ਨਜਿੱਠੀਆਂ ਜਾ ਸਕਦਾ ਹੈ। ਸੰਸਾਰ ਦੇ ਵੱਖੋ ਵੱਖਰੇ ਹਿੱਸਿਆਂ ਵਿਚ ਰਚੇ ਜਾ ਰਹੇ ਸਾਹਿਤ ਦੀ ਹੋਂਦ ਵਿਧੀ ਅਤੇ ਹੋਂਦ-ਪ੍ਰਕ੍ਰਿਆ ਨੂੰ ਜਦੋਂ ਉਥੋਂ ਦੀ ਇਤਿਹਾਸਕ ਪ੍ਰਕ੍ਰਿਆ ਵਿਚ ਰੱਖ ਕੇ ਵਾਚਿਆ ਜਾਵੇਗਾ ਤਾਂ ਇਤਿਹਾਸਕ ਵਿਕਾਸ ਦੀ ਸਮੁੱਚੀ ਪ੍ਰਕ੍ਰਿਆ ਵਿਚ ਪੰਜਾਬੀਆਂ ਦੀ ਭੂਮਿਕਾ, ਉਥੋਂ ਦੇ ਸਮਾਜਕ ਰਾਜਨੀਤਕ ਅਤੇ ਸਭਿਆਚਾਰਕ ਵਰਤਾਰੇ ਪ੍ਰਤੀ ਹੁੰਗਾਰੇ ਦੀ ਨਿਸ਼ਾਨਦੇਹੀ ਕਰਨੀ ਵੀ ਜ਼ਰੂਰੀ ਹੋਵੇਗੀ। ਇਸ ਲਈ ਇਤਿਹਾਸ ਪ੍ਰਤੀ ਦਵੰਦਾਤਮਕ ਪਹੁੰਚ ਅਪਣਾਉਣਾ ਹੋਵੇਗਾ। ਇਸ ਪ੍ਰਕਾਰ ਪਰਵਾਸੀ ਸਾਹਿਤ ਦੀ ਇਤਿਹਾਸਕਾਰੀ ਇਕ ਮੂਲ ਸਮੱਸਿਆ ਹੈ।
ਪਰਵਾਸ ਕਿਸੇ ਇਕ ਦੇਸ਼ ਤਕ ਸੀਮਤ ਨਹੀਂ ਹੈ। ਇਹ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਤੱਕ ਫੈਲਿਆ ਹੋਇਆ ਹੈ। ਹਰ ਦੇਸ਼ ਦੀ ਸਥਿਤੀ ਵੱਖਰੀ ਹੈ। ਹਰ ਦੇਸ਼ ਦੀ ਸਥਿਤੀ ਅਨੁਸਾਰ ਪਰਵਾਸੀਆਂ ਦੇ ਵਿਰੋਧ ਅਤੇ ਸਮਨਵੇਂ ਦੀ ਸਥਿਤੀ ਵੀ ਵੱਖੋ ਵੱਖਰੀ ਹੈ। ਇਸੇ ਲਈ ਹਰ ਦੇਸ਼ ਵਿਚ ਰਚੇ ਜਾ ਰਹੇ ਸਾਹਿਤ ਵਿਚ ਭਾਵੇਂ ਕੁਝ ਸੂਤਰ ਸਾਂਝੇ ਹਨ ਪਰੰਤੂ ਵੱਖਰਤਾ ਦਾ ਤੱਤ ਭਾਰੂ ਰੂਪ ਵਿਚ ਮੌਜੂਦ ਹੈ। ਬਰਤਾਨੀਆਂ ਕੈਨੇਡਾ ਅਤੇ ਅਮਰੀਕਾ ਵਿਚ ਰਚੇ ਜਾ ਰਹੇ ਸਾਹਿਤ ਦੀ ਮੂਲ ਸੁਰ ਵਿਚ ਕਈ ਵੱਖਰਤਾਵਾਂ ਮੌਜੂਦ ਹਨ। ਬਰਤਾਨੀਆਂ ਵਿਚ ਰਚਿਆ ਗਿਆ ਪਹਿਲੇ ਪੜਾਅ ਦਾ ਸਾਹਿਤ ਭੂ-ਹੇਰਵੇ ਅਤੇ ਨਸਲਵਾਦ ਦੇ ਸੰਕਟ ਨਾਲ ਸਬੰਧਿਤ ਸੀ। ਇਸ ਦੇ ਕਾਰਨ ਉਥੋਂ ਦੀ ਸਮਾਜਿਕ, ਸਭਿਆਚਾਰਕ ਅਤੇ ਰਾਜਨੀਤਕ ਸਥਿਤੀ ਵਿਚ ਮੌਜੂਦ ਸਨ। ਉਹਨਾਂ ਦਾ ਪਹਿਲਾਂ ਟਕਰਾਅ ਕੰਮ ਦੇ ਮਸਲੇ ਨੂੰ ਲੈ ਕੇ ਹੋਇਆ। ਫੈਕਟਰੀਆਂ ਅਤੇ ਫਾਊਂਡਰੀਆਂ ਵਿਚ ਸਥਾਨਕ ਮਜ਼ਦੂਰਾਂ ਦੇ ਮੁਕਾਬਲੇ ਵਿਚ ਪਰਵਾਸੀਆਂ ਦੇ ਆਉਣ ਕਰਕੇ ਵਿਰੋਧ ਤਿੱਖੇ ਹੋਣੇ ਸ਼ੁਰੂ ਹੋਏ। ਇਹ ਵਿਰੋਧ ਨਸਲੀ ਵਿਤਕਰੇ ਤਕ ਪਹੁੰਚ ਗਿਆ। ਅਜਿਹੀ ਸਥਿਤੀ ਵਿਚ ਪਿਛੋਕੜ ਪ੍ਰਤੀ ਹੇਰਵਾ ਸੁਭਾਵਕ ਵਰਤਾਰਾ ਬਣ ਜਾਂਦਾ ਹੈ। ਇਸ ਲਈ ਸਾਹਿਤ ਵਿਚ ਭੂਹੇਰਵਾ ਅਤੇ ਨਸਲਵਾਦ ਕੇਂਦਰ ਵਿਚ ਆ ਗਏ। ਇਸ ਤੋਂ ਬਾਅਦ ਅਗਲਾ ਪੜਾਅ ਸਭਿਆਚਾਰਕ ਟਕਰਾਅ ਵਾਲਾ ਆਇਆ ਭਾਰਤ ਵਿਚੋਂ ਗਏ ਪੰਜਾਬੀਆਂ ਵਿਚ ਬਹੁ-ਗਿਣਤੀ ਕਿਸਾਨੀ ਪਿਛੋਕੜ ਵਾਲੀ ਸੀ। ਕਿਸਾਨੀ ਸੁਭਾਅ ਵਿਚ ਬਹੁਤ ਸਾਰੀਆਂ ਅਲਾਮਤਾਂ ਬੰਦ ਸਭਿਆਚਾਰ ਵਾਲੀਆਂ, ਉਚੀ ਸੁਰ ਵਾਲੇ ਸੁਭਾਅ ਦੀਆਂ ਧਾਰਨੀ ਅਤੇ ਆਪਣੀ ਸਪੇਸ ਪੈਦਾ ਕਰਨ ਲਈ ਅਧਿਕਾਰਾਂ ਖਾਤਰ ਜੂਝਣ ਵਾਲੀ ਮਾਨਸਿਕ ਨਾਲ ਉਤਪੋਤ ਸਨ। ਇਸ ਲਈ ਗੋਰੇ ਸਮਾਜ ਨਾਲ ਕਈ ਖੇਤਰਾਂ ਵਿਚ ਟਕਰਾਅ ਸੁਭਾਵਕ ਸੀ। ਇਸੇ ਸੁਭਾਅ ਕਾਰਨ ਪਰਵਾਸੀਆਂ ਦੀ ਉਥੇ ਪਲੀ ਪੀੜ੍ਹੀ ਨਾਲ ਟਕਰਾਅ ਸੁਭਾਵਕ ਸੀ। ਉਥੇ ਜੰਮੀ ਪਲ੍ਹੀ ਪੀੜ੍ਹੀ ਨਵੀਆਂ ਜੀਵਨ ਕੀਮਤਾਂ ਦੀ ਧਾਰਨੀ ਸੀ। ਖੁਲ੍ਹਾਂ ਉਥੋਂ ਦੇ ਸੁਭਾਅ ਦਾ ਹਿੱਸਾ ਬਣ ਗਈਆਂ ਸਨ। ਇਸ ਨਾਲ ਪੀੜ੍ਹੀ ਪਾੜੇ ਦਾ ਮਸਲਾ ਵੀ ਉਪ-ਸਭਿਆਚਾਰਾਂ ਦੇ ਟਕਰਾਅ ਦਾ ਰੂਪ ਧਾਰਨ ਕਰ ਗਿਆ। ਇਹ ਸਾਰੇ ਮਸਲੇ ਪਰਵਾਸੀ ਪੰਜਾਬੀ ਸਾਹਿਤ ਦੀ ਕੇਂਦਰੀ ਸੁਰ ਬਣ ਕੇ ਉਭਰਨੇ ਸ਼ੁਰੂ ਹੋਏ ਹੌਲੇ ਹੌਲੇ ਕੇਂਦਰ ਵਿਚ ਆ ਗਏ। ਇਹ ਪਰਵਾਸੀ ਸਾਹਿਤ ਦੇ ਉਹ ਸਰੋਕਾਰ ਹਨ ਜਿਹੜੇ ਬਰਤਾਨੀਆਂ, ਕਨੇਡਾ ਅਤੇ ਅਮਰੀਕਾ ਵਿਚ ਰਚੇ ਸਾਹਿਤ ਵਿਚੋਂ ਬਰਤਾਨੀਆਂ ਵਿਚ ਤਿੱਖੇ ਰੂਪ ਵਿਚ ਪੇਸ਼ ਹੋਏ। ਕੈਨੇਡਾ ਵਿਚਲਾ ਪਹਿਲੇ ਪੜਾਅ ਦਾ ਸਾਹਿਤ ਇਸ ਦੇ ਆਸ ਪਾਸ ਹੀ ਘੁੰਮਦਾ ਹੈ। ਵਿਸ਼ੇਸ਼ ਤੌਰ ਤੇ ਗਲਪ ਵਿਚ ਨਾਵਲ ਅਤੇ ਕਹਾਣੀ ਵਿਚੋਂ ਕਹਾਣੀ ਵਿਚ ਬੜੇ ਤਿੱਖੇ ਪ੍ਰਤੀਕਰਮ ਸਾਹਮਣੇ ਆਏ। ਇਸੇ ਪ੍ਰਕਾਰ ਕਵਿਤਾ ਦੇ ਖੇਤਰ ਵਿਚ ਇਹ ਪ੍ਰਤੀਕਰਮ ਹੋਰ ਵੀ ਤੀਬਰ ਰੂਪ ਵਿਚ ਹੋਇਆ। ਅਜਿਹੀ ਕਵਿਤਾ ਉੱਚੇ ਸੁਰ, ਤਿੱਖੇ ਰੋਹ ਅਤੇ ਲਲਕਾਰ ਵਾਲੀ ਸੀ। ਇਸ ਵਿਚ ਬਹੁਤੀ ਕਵਿਤਾ ਸਮਰਾਜ ਵਿਰੋਧੀ ਮੁਹਾਵਰੇ ਵਾਲੀ ਅਤੇ ਰਾਜਨੀਤਿਕ ਅਵਚੇਤਨ ਤੋਂ ਪ੍ਰਭਾਵਿਤ ਸੀ। ਗਿਣਤੀ ਦੇ ਪਖੋਂ ਵੀ ਸਾਹਿਤ ਦੀਆਂ ਸਾਰੀਆਂ ਵਿਧਾਵਾਂ ਨਾਲੋਂ ਕਵਿਤਾ ਵੱਧ ਲਿਖੀ ਜਾ ਰਹੀ ਸੀ। ਵੀਹਵੀਂ ਸਦੀ ਦੇ ਸੱਤਵੇਂ ਅੱਠਵੇਂ ਦਹਾਕੇ ਦੇ ਪੰਜਾਬੀ ਸਾਹਿਤ ਵਿਚ ਇਹ ਕੇਂਦਰੀ ਸੁਰ ਬਣ ਕੇ ਉਭਰੀ ਹੈ। ਪਰਵਾਸੀ ਪੰਜਾਬੀ ਸਾਹਿਤ ਵਿਚ ਮੁੱਖ ਮਸਲਾ ਅਜਿਹੇ ਸਾਹਿਤ ਦੀ ਨਿਸ਼ਾਨਦੇਹੀ ਅਤੇ ਵੱਖੋ ਵੱਖਰੇ ਖਿੱਤਿਆਂ ਵਿਚ ਲਿਖੇ ਜਾ ਰਹੇ ਸਾਹਿਤ ਦੀ ਸਾਂਝ ਅਤੇ ਵਖਰੇਵਿਆਂ ਦੀ ਤਲਾਸ਼ ਕਰਨਾ ਹੈ। ਇਸ ਨਾਲ ਸਾਹਿਤਕ ਪ੍ਰਵਿਰਤੀਆਂ ਦੀ ਕਾਲ-ਵੰਡ ਵੀ ਕੀਤੀ ਜਾ ਸਕਦੀ ਹੈ। ਸਥਾਨਕ ਲੋਕਾਂ ਨਾਲ ਵਿਰੋਧ ਦਾ ਇਹ ਇਕ ਵਿਸ਼ੇਸ਼ ਪੜਾਅ ਸੀ। ਇਸ ਪੜਾਅ ਤੋਂ ਬਾਅਦ ਪਰਵਾਸੀ ਪੰਜਾਬੀ ਸਾਹਿਤ ਸਿਰਜਣਾ ਵਿਚ ਗੁਣਾਤਮਕ ਤਬਦੀਲੀ ਵਾਪਰਦੀ ਹੈ। ਇਹਨਾਂ ਖਿੱਤਿਆ ਵਿਚ ਗੋਰਿਆਂ ਦੀ ਲਿਬਰਲ ਡੈਮੋਕਰੇਟਿਕ ਮਾਨਸਿਕਤਾ ਅਤੇ ਪਰਵਾਸੀਆਂ ਦੀ ਵੱਧਦੀ ਗਿਣਤੀ ਅਤੇ ਪਰਵਾਸੀਆਂ ਦੁਆਰਾ ਸਥਾਨਕ ਦੇਸ਼ਾਂ ਨੂੰ ਆਪਣੀ ਧਰਤੀ ਸਵਿਕਾਰਨ ਦੀ ਮਾਨਸਿਕਤਾ ਨੇ ਪਰਵਾਸੀਆਂ ਦੀ ਮਾਨਸਿਕਤਾ ਅਤੇ ਵਿਹਾਰ ਵਿਚ ਵੱਡੀ ਤਬਦੀਲੀ ਨੂੰ ਜਨਮ ਦਿੱਤਾ।
ਇਸ ਤਬਦੀਲੀ ਕਾਰਨ ਗੋਰਿਆਂ ਪ੍ਰਤੀ ਬਣੀ ਪਰੰਪਰਾਗਤ ਮਿੱਥ ਟੁੱਟੀ ਹੈ। ਹੁਣ ਸਾਰੇ ਗੋਰੇ ਸਾਮਰਾਜ ਦੇ ਪ੍ਰਤੀਨਿਧ ਅਤੇ ਨਸਲਵਾਦੀ ਨਹੀਂ ਹਨ। ਗੋਰੇ ਸਮਾਜ ਨਾਲ ਜੁੜੇ ਸਭਿਆਚਾਰ ਦਾ ਸਕਾਰਾਤਮਕ ਰੂਪ ਪਰਵਾਸੀ ਪੰਜਾਬੀ ਸਾਹਿਤ ਵਿਚੋਂ ਉਭਰਨਾ ਸ਼ੁਰੂ ਹੋਇਆ। ਸਭ ਤੋਂ ਪਹਿਲਾਂ ਅਜਿਹਾ ਚਿੱਤਰ ਕੈਨੇਡਾ ਵਿਚ ਰਚੀ ਜਾ ਰਹੀ ਪੰਜਾਬੀ ਕਹਾਣੀ ਵਿਚੋਂ ਉਭਰਨਾ ਸ਼ੁਰੂ ਹੋਇਆ। ਇਸ ਕਹਾਣੀ ਦੀ ਮੁਖ ਸੁਰ ਵਿਅਕਤੀ ਪਰਤਾ ਤੋਂ ਮੁਕਤ ਹੋ ਕੇ ਜਮਾਤੀ ਰੂਪ ਵਿਚ ਤਬਦੀਲੀ ਹੋਣੀ ਸ਼ੁਰੂ ਹੋਈ। ਅਮਰੀਕਾ ਵਿਚ ਰਚੀ ਜਾ ਰਹੀ ਕਹਾਣੀ ਅਤੇ ਨਾਵਲ ਇਸ ਸਮਨਵੇਂ ਦੀ ਸੁਰ ਨੂੰ ਉੱਚਾ ਕਰਦੇ ਹਨ। ਵਿਸ਼ੇਸ਼ ਤੌਰ ਤੇ ਇਸਲਾਮਕ ਮੂਲਵਾਦੀਆਂ ਵਲੋਂ ਅਮਰੀਕਾ ਉਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕਹਾਣੀ ਦੀ ਵਸਤੂ-ਸਥਿਤੀ ਵਿਚ ਇਕ ਨਵੀਂ ਚੇਤਨਾ ਉਭਰਦੀ ਹੈ। ਬਰਤਾਨੀਆਂ ਵਿਚ ਰਚੀ ਜਾ ਰਹੀ ਕਹਾਣੀ ਵਿਸ਼ੇਸ਼ ਤੌਰ ਤੇ ਗੋਰੇ ਸਮਾਜ ਦੇ ਹਾਂ ਮੁੱਖੀ ਸਭਿਆਚਾਰ ਨੂੰ ਪੇਸ਼ ਕਰਦੀ ਹੈ। ਇਸੇ ਪ੍ਰਕਾਰ ਬਰਤਾਨੀਆਂ ਵਿਚਲਾ ਨਵਾਂ ਨਾਵਲ ਇਸ ਤਬਦੀਲੀ ਨੂੰ ਹੁੰਗਾਰਾ ਭਰ ਰਿਹਾ ਹੈ। ਅਜਿਹੇ ਸਾਹਿਤ ਦੀ ਪਛਾਣ ਪਰਵਾਸੀ ਸਮਾਜ ਨੂੰ ਨਵੇਂ ਪਰਿਪੇਖ ਵਿਚ ਸਮਝਣ ਦਾ ਵਾਹਨ ਬਣ ਸਕਦੀ ਹੈ। ਪੰਜਾਬੀ ਆਲੋਚਕ ਦੀ ਅਜੇ ਇਹ ਸੀਮਾ ਬਣੀ ਹੋਈ ਹੈ। ਉਹ ਅਜੇ ਚੋਣਵੀ ਟੈਕਸਟ ਲੈ ਕੇ ਉਸ ਵਿਚਲੀ ਸੰਵਾਦਮੁਖੀ ਸੁਰ ਨੂੰ ਉਭਾਰਨ ਦੀ ਥਾਂ ਪ੍ਰਸੰਸਾਮਈ ਟਿਪਣੀਆਂ ਕਰਨ ਵਿਚ ਰੁਝਾ ਹੋਇਆ ਹੈ। ਪਰਵਾਸੀ ਸਾਹਿਤ ਦੇ ਸਮੁੱਚੇ ਪ੍ਰਸੰਗਾ ਵਿਚ ਸਮਝਣ ਦੀ ਸਮੱਸਿਆ ਅਜੇ ਗੰਭੀਰ ਸਮੱਸਿਆ ਹੈ। ਇਸ ਉਤੇ ਕਾਬੂ ਪਾ ਕੇ ਹੀ ਪਰਵਾਸੀ ਸਾਹਿਤ ਅਤੇ ਸਾਹਿਤਕਾਰ ਦੀ ਸਹੀ ਸਥਿਤੀ ਨੂੰ ਸਮਝਿਆ ਜਾ ਸਕਦਾ ਹੈ।
ਪਰਵਾਸ ਵਿਚ ਰਚਿਆ ਜਾਣ ਵਾਲਾ ਸਾਹਿਤ ਮੂਲ ਪੰਜਾਬੀ ਸਾਹਿਤ ਵਾਂਗ ਹੀ ਪ੍ਰਵਿਰਤੀਆਂ ਮੂਲਕ ਰਿਹਾ ਹੈ। ਇਕ ਪੜਾਅ ਵਿਚੋਂ ਲੰਘ ਕੇ ਇਹ ਪ੍ਰਵਿਰਤੀ ਤੋਂ ਮੁਕਤ ਹੋ ਕੇ ਇਕ ਵਿਚਾਰਧਾਰਕ ਨਿਸ਼ਚੈਵਾਦ ਤੋਂ ਮੁਕਤ ਪ੍ਰਵਿਤਰੀ ਦਾ ਸ਼ਿਕਾਰ ਹੋ ਗਿਆ। ਸਾਡੇ ਆਧੁਨਿਕ ਪੰਜਾਬੀ ਸਾਹਿਤ ਉਤੇ ਵਿਚਾਰਧਾਰਕ ਤੌਰ ਤੇ ਪ੍ਰਗਤੀਵਾਦੀ ਪ੍ਰਵਿਰਤੀ ਦਾ ਬਹੁਤ ਅਸਰ ਰਿਹਾ ਹੈ। ਭਾਰਤ ਵਿਚ 1936 ਵਿਚ ਲਖਨਊ ਵਿਖੇ ਹੋਈ ਪ੍ਰਗਤੀਵਾਦੀ ਲੇਖਕ ਸੰਘ ਦੀ ਸਥਾਪਨਾ ਅਤੇ ਉਸ ਵਿਚ ਪਾਸ ਹੋਏ ਘੋਸ਼ਣਾ ਪੱਤਰ ਨੇ ਕੌਮਾਂਤਰੀਵਾਦ ਦੇ ਪ੍ਰਭਾਵ ਅਧੀਨ ਪੰਜਾਬੀ ਸਾਹਿਤ ਨੂੰ ਵੀ ਪ੍ਰਭਾਵਿਤ ਕੀਤਾ। ਉਸ ਲਾਹਿਰ ਨੇ ਪਰਵਾਸੀ ਪੰਜਾਬੀ ਸਾਹਿਤ ਨੂੰ ਵੀ ਆਪਣੇ ਕਲਾਵੇ ਵਿਚ ਲੈ ਲਿਆ। ਇਹਨਾਂ ਵਿਚ ਕੁਝ ਲੇਖਕ ਤਾਂ ਖੱਬੇ ਪੱਖੀ ਪਾਰਟੀਆਂ ਜਾਂ ਲੇਖਕ ਸੰਘ ਨਾਲ ਜੁੜੇ ਹੋਏ ਸਨ ਪਰ ਬਹੁਤੇ ਮਾਨਵਵਾਦੀ ਸੋਚ ਦੇ ਮੌਕਲੇ ਘੇਰੇ ਨਾਲ ਜੁੜੇ ਹੋਏ ਸਨ। ਇਸੇ ਲਈ ਇਹ ਨਸਲਵਾਦ ਵਰਗੇ ਮੁੱਦੇ ਨੂੰ ਸਾਮਰਾਜੀ ਦ੍ਰਿਸ਼ਟੀ ਤੋਂ ਚਿਤਰ ਰਹੇ ਸਨ। ਇਹਨਾਂ ਦੀਆਂ ਰਚਨਾਵਾਂ ਵਿਚ ਪਰਵਾਸੀ ਲੋਕ ਇਕ ਜਮਾਤੀ ਸੰਘਰਸ਼ ਵਿਚ ਲੱਗੇ ਹੋਏ ਸਨ। ਉਹ ਇਕੋ ਵਾਰੀ ਸਮਰਾਜੀ ਨਸਲਵਾਦ, ਸਭਿਆਚਾਰ ਤਣਾਅ ਅਤੇ ਪੀੜ੍ਹੀ ਪਾੜੇ ਨੂੰ ਚਿਤਰ ਰਹੇ ਸਨ ਸਾਮਰਾਜ ਵਿਰੁੱਧ ਰਾਜਨੀਤਕ ਸੰਘਰਸ਼ ਕਦੇ ਉਭਰਵੇਂ ਰੂਪ ਵਿਚ ਅਤੇ ਕਦੇ ਪ੍ਰਿਸ਼ਠ ਭੂਮੀ ਵਿਚ ਚਲ ਰਹੇ ਸਨ। ਪਰਵਾਸੀ ਪੰਜਾਬੀ ਨਾਵਲ ਵਿਚ ਇਹ ਅਜੇ ਵੀ ਮੂਲ ਧੁਨੀ ਬਣ ਕੇ ਉਭਰ ਰਹੀ ਹੈ। ਸਵਰਨ ਚੰਦਨ ਦਾ ਨਾਵਲ 'ਕੰਜਕਾਂ' ਦਰਸ਼ਨ ਧੀਰ ਦਾ 'ਸੰਘਰਸ਼', ਸੰਤੋਖ ਧਾਲੀਵਾਲ ਦਾ 'ਸਰਘੀ', ਸਾਧੂ ਸਿੰਘ ਧਾਮੀ ਦਾ 'ਮਲੂਕਾ', ਜਰਨੈਲ ਸਿੰਘ ਸੇਖਾ ਦਾ 'ਵਿਗੋਚਾ' ਦੀ ਮੁਖ ਸੁਰ ਇਹਨਾਂ ਸਮੱਸਿਆਵਾਂ ਦੁਆਲੇ ਹੀ ਘੁੰਮਦੀ ਹੈ। ਇਸੇ ਪ੍ਰਕਾਰ ਵਰਤਮਾਨ ਸੰਕਟਾਂ ਨੂੰ ਚਿਤਰਦੇ ਹੋਏ ਨਾਵਲਕਾਰ ਵੀ ਪ੍ਰਗਤੀਵਾਦੀ ਸੋਚ ਨਾਲ ਜੁੜੇ ਹੋਏ ਹਨ। ਇਹਨਾਂ ਵਿਚ ਸ਼ਿਵਚਰਨ ਗਿੱਲ ਦਾ 'ਲਾਵਾਰਸ', ਹਰਜੀਤ ਅਟਵਾਲ ਦਾ 'ਬ੍ਰਿਟਿਸ਼ ਬੋਰਨ ਦੇਸ਼ੀ', ਸਾਧੂ ਸਿੰਘ ਬਿਨਿੰਗ ਦਾ 'ਜੁਗਤੂ' ਪ੍ਰੋ. ਹਰਿਭਜਨ ਸਿੰਘ ਦਾ 'ਬਦਲੇ ਸਿਵਿਆਂ ਦਾ ਸੇਕ' , ਨਕਸ਼ਦੀਪ ਪੰਜਕੋਹਾ ਦਾ 'ਗਿਰਵੀ ਹੋਏ ਮਨ' ਆਦਿ ਸ਼ਾਮਲ ਹਨ। ਕਹਾਣੀ ਦੇ ਖੇਤਰ ਵਿਚ ਵੀ ਸਵਰਨ ਚੰਦਨ, ਰਘਬੀਰ ਢੰਡ, ਤਰਸੇਮ ਨੀਲਗੀਰੀ, ਦਰਸ਼ਨ ਧੀਰ, ਹਰਜੀਤ ਅਟਵਾਲ, ਸਾਧੂ ਬਿਨਿੰਗ ਆਦਿ ਪ੍ਰਗਤੀਵਾਦੀ ਧਾਰਾ ਨਾਲ ਜੁੜੇ ਹੋਏ ਸਨ। ਪੰਜਾਬੀ ਕਹਾਣੀ ਦੇ ਖੇਤਰ ਵਿਚ ਸਭਿਆਚਾਰਕ ਸਮਨਵੇਂ, ਪਰਵਾਸੀ ਪੰਜਾਬੀਆਂ ਵਿਚ ਸੰਕਟ ਭੋਗਦੀ ਔਰਤ, ਜਾਤੀ ਸੰਕਟ ਦੇ ਸ਼ਿਕਾਰ ਪੰਜਾਬੀ ਭਾਰਤੀ ਉਪ-ਸਭਿਆਚਾਰਾਂ ਵਿਚ ਪੰਜਾਬੀ ਸਭਿਆਚਾਰ ਦੀ ਉਤਮਤਾ ਦਾ ਹੰਕਾਰ, ਗੋਰੇ ਸਮਾਜ ਦਾ ਸਕਾਰਾਤਮਕ ਰੂਪ ਵਰਗੇ ਸਰੋਕਾਰ ਉਭਰਕੇ ਸਾਹਮਣੇ ਆ ਰਹੇ ਸਨ। ਵੀਨਾ ਵਰਮਾ, ਸੰਤੋਖ ਧਾਲੀਵਾਲ, ਅਮਨ ਪਾਲ ਸਾਰਾ, ਹਰਪ੍ਰੀਤ ਸੇਖਾ, ਜਰਨੈਲ ਸਿੰਘ, ਕੁਲਜੀਤ ਮਾਨ, ਪਰਵੇਜ਼ ਸੰਧੂ ਦੀਆਂ ਕਹਾਣੀਆਂ ਇਹਨਾਂ ਸਰੋਕਾਰਾਂ ਦੁਆਲੇ ਹੀ ਘੁੰਮਦੀਆਂ ਹਨ। ਇਹਨਾਂ ਕਹਾਣੀਕਾਰਾਂ ਦੀਆਂ ਕਹਾਣੀਆਂ ਵਿਚਾਰਧਾਰਕ ਨਿਸਚੇਵਾਦ ਤੋਂ ਵੀ ਮੁਕਤ ਹਨ। ਇਹ ਕਹਾਣੀਆਂ ਦਿਸ਼ਾ ਮੂਲਕ ਹੋਣ ਦੀ ਥਾਂ ਦਸ਼ਾਮੂਲਕ ਹਨ। ਇਹ ਦ੍ਰਿਸ਼ਟੀਗਤ ਬਦਲਾਅ ਵੀ ਹੁਣ ਇਕ ਪ੍ਰਵਿਰਤੀ ਦਾ ਰੂਪ ਧਾਰਨ ਕਰ ਚੁੱਕਿਆ ਹੈ।
ਪਰਵਾਸੀ ਪੰਜਾਬੀ ਸਾਹਿਤ ਵਿਚ ਪ੍ਰਯੋਗਸ਼ੀਲਤਾ ਦੀ ਲਹਿਰ ਵੀ ਪੰਜਾਬੀ ਸਾਹਿਤ ਦੇ ਸਮਾਨੰਤਰ ਹੀ ਕਿਰਿਆਸ਼ੀਲ ਰਹੀ। ਇਹ ਪ੍ਰਵਿਰਤੀ ਅਸਲ ਵਿਚ ਪ੍ਰਗਤੀਵਾਦੀ ਲਹਿਰ ਦੇ ਵਿਚਾਰਧਾਰਕ ਨਿਸਚੇਵਾਦ ਦੇ ਵਿਰੋਧ ਵਿਚ ਸਾਹਮਣੇ ਆਈ। ਇਸ ਪ੍ਰਵਿਰਤੀ ਨੇ ਸੁਹਜ ਦੇ ਖੇਤਰ ਵਿਚ ਕੁਝ ਸਕਾਰਤਮਕ ਪ੍ਰਯੋਗ ਕੀਤੇ ਪਰ ਸਾਹਿਤ ਨੂੰ ਸਮਾਜਕ ਸਰੋਕਾਰਾਂ ਨਾਲੋਂ ਤੋੜਨ ਦੇ ਸੁਚੇਤ ਯਤਨ ਕੀਤੇ। ਰਵਿੰਦਰ ਰਵੀ, ਅਜਾਇਬ ਕਮਲ ਨੇ ਇਸ ਪ੍ਰਵਿਰਤੀ ਨੂੰ ਸਥਾਪਿਤ ਕੀਤਾ। ਇਹਨਾਂ ਨੇ ਇਸ ਪ੍ਰਵਿਰਤੀ ਨੂੰ ਪਰਵਾਸ ਵਿਚ ਰਹਿ ਕੇ ਸਥਾਪਿਤ ਕੀਤਾ। ਇਸ ਪ੍ਰਵਿਰਤੀ ਦੀ ਸਹੀ ਨਿਸ਼ਾਨਦੇਹੀ ਅਤੇ ਪੁਨਰ ਮੁਲੰਕਣ ਪਰਵਾਸੀ ਸਾਹਿਤ ਦੀ ਪ੍ਰਮੁੱਖ ਸਮੱਸਿਆ ਹੈ। ਇਹ ਸਮੱਸਿਆ ਪੰਜਾਬੀ ਆਲੋਚਕਾਂ ਸਾਹਮਣੇ ਵੱਡੀ ਚੁਣੌਤੀ ਹੈ। ਉਹਨਾਂ ਨੂੰ ਪ੍ਰਸੰਸਾਮਈ ਆਲੋਚਨਾਤਮਕ ਟਿਪਣੀਆਂ ਤੋਂ ਬਚ ਕੇ ਪਰਵਾਸੀ ਸਾਹਿਤ ਵਿਚ ਪ੍ਰਚੱਲਿਤ ਪ੍ਰਵਿਰਤੀਆਂ ਨੂੰ ਠੀਕ ਦਿਸ਼ਾ ਵਿਚ ਸਮਝਣਾ ਹੋਏਗਾ। ਇਹ ਸਮੱਸਿਆ ਪਰਵਾਸੀ ਸਾਹਿਤ ਦੀ ਵੱਡੀ ਸਮੱਸਿਆ ਹੈ।
ਪਰਵਾਸੀ ਪੰਜਾਬੀ ਸਾਹਿਤ ਨੇ ਪਿਛਲੇ ਤਿੰਨ ਦਹਾਕਿਆਂ ਵਿਚ ਆਪਣੀ ਪਛਾਣ ਨੂੰ ਗੂਹੜਾ ਕੀਤਾ ਹੈ। ਇਸ ਦੌਰ ਵਿਚ ਪਰਵਾਸੀ ਸਾਹਿਤ ਯੂਨੀਵਰਸਿਟੀਆਂ ਵਿਚ ਸਿਲੇਬਸਾਂ ਦਾ ਹਿੱਸਾ ਹੀ ਨਹੀਂ ਬਣਿਆ ਸਗੋਂ ਪਰਵਾਸੀ ਸਾਹਿਤ ਖੋਜ ਦੇ ਵੀ ਕੇਂਦਰ ਵਿਚ ਰਿਹਾ ਹੈ। ਖੋਜ ਦਾ ਬਹੁਤਾ ਕੰਮ ਵਿਅਕਤੀਗਤ ਲੇਖਕਾਂ ਤੇ ਹੋਇਆ ਹੈ। ਇਸ ਵਿਚ ਬਹੁਤਾ ਕੰਮ ਪ੍ਰਸੰਸਾਮਈ ਟਿਪਣੀਆਂ ਤੇ ਅਧਾਰਿਤ ਹੈ। ਕਈ ਆਲੋਚਕ ਪਰਵਾਸੀਆਂ ਤੇ ਲਿਖਣ ਨੂੰ ਹੀ ਪਹਿਲ ਦੇਂਦੇ ਹਨ। ਇਸ ਨਾਲ ਖੋਜ ਘੱਟ ਵਿਸ਼ਲੇਸ਼ਣ ਅਧਾਰਿਤ ਮੁਲੰਕਣ ਵਧੇਰੇ ਹੈ। ਭਾਰਤ ਵਿਚੋਂ ਪਰਵਾਸ ਸਿਰਫ਼ ਪੰਜਾਬੀਆਂ ਨੇ ਹੀ ਨਹੀਂ ਕੀਤਾ ਸਗੋਂ ਭਾਰਤ ਦੇ ਬਾਕੀ ਹਿੱਸਿਆ ਵਿਚੋਂ ਵੀ ਹੋਇਆ ਹੈ। ਉਹ ਪਰਵਾਸ ਨੂੰ ਕਿਵੇਂ ਲੈ ਰਹੇ ਹਨ? ਉਹ ਕਿਹੋ ਜਿਹਾ ਸਾਹਿਤ ਰਚ ਰਹੇ ਹਨ? ਅਜਿਹਾ ਕੋਈ ਖੋਜਮੂਲਕ ਤੁਲਨਾਤਮਕ ਅਧਿਐਨ ਸਾਡੇ ਕੋਲ ਮੌਜੂਦ ਨਹੀਂ ਹੈ। ਭਾਰਤ ਦੀਆਂ ਭਾਸ਼ਾਵਾਂ ਨਾਲ ਸਬੰਧਿਤ ਵੱਖੋ ਵੱਖਰੇ ਖਿੱਤਿਆਂ ਅਤੇ ਸਭਿਆਚਾਰਾਂ ਨਾਲ ਸਬੰਧਿਤ ਪਰਵਾਸੀ ਕਿਵੇਂ ਸੋਚਦੇ, ਮਹਿਸੂਸਦੇ ਅਤੇ ਆਪਣੀ ਸੰਵੇਦਨਾ ਨੂੰ ਸਾਹਿਤ ਵਿਚ ਕਿਵੇਂ ਢਾਲਦੇ ਹਨ ਉਹਨਾਂ ਦੀ ਸੰਵੇਦਨਾ ਦੇ ਕਿਹੜੇ ਕਿਹੜੇ ਖੇਤਰ ਹਨ? ਉਹ ਪੰਜਾਬੀ ਸੰਵੇਦਨਾ ਤੋਂ ਕਿਵੇਂ ਵੱਖਰੇ ਹਨ? ਇਹ ਖੋਜ ਦੇ ਖੇਤਰ ਹਨ। ਇਹਨਾਂ ਤੇ ਖੋਜ ਪਰਵਾਸੀ ਪੰਜਾਬੀ ਸਾਹਿਤ ਦੀ ਵੱਡੀ ਸਮੱਸਿਆ ਹੈ। ਇਹ ਸਮੱਸਿਆ ਇਥੋਂ ਤਕ ਗਹਿਰੀ ਹੈ ਕਿ ਹਿੰਦੀ ਭਾਸ਼ਾ ਵਿਚ ਕਿਹੋ ਜਿਹਾ ਸਾਹਿਤ ਲਿਖਿਆ ਜਾ ਰਿਹਾ ਹੈ। ਇਹ ਵੀ ਸਾਡੀ ਪਹੁੰਚ ਤੋਂ ਬਾਹਰ ਹੈ। ਅਮਕੀਰਾ ਵਿਚ ਵੱਸੀ ਹਿੰਦੀ ਵਿਚ ਲਿਖਦੀ ਕਹਾਣੀਕਾਰਾ ਸੁਧਾ ਉੱਮ ਢੀਂਗਰਾਂ ਦੀਆਂ ਕਹਾਣੀਆਂ ਦਾ ਖੇਤਰ ਪੰਜਾਬੀ ਵਿਚ ਲਿਖੀ ਜਾ ਰਹੀ ਪਰਵਾਸੀ ਕਹਾਣੀ ਤੋਂ ਬਿਲਕੁਲ ਵੱਖਰਾ ਹੈ। ਉਸ ਵਿਚ ਭਾਰਤੀ ਸਭਿਆਚਾਰ ਦੀ ਵਡਿਆਈ, ਵਪਾਰੀ ਵਰਗ ਦੀ ਜੀਵਨ ਜਾਂਚ, ਭਾਰਤੀ ਜੀਵਨ ਮੁੱਲਾਂ ਨਾਲ ਜੁੜੀ ਔਰਤ ਦੇ ਪ੍ਰਭਾਵ ਖੇਤਰ ਵਰਗੇ ਸਰੋਕਾਰ ਪੰਜਾਬੀ ਪਰਵਾਸੀ ਕਹਾਣੀ ਤੋਂ ਵੱਖਰੇ ਹਨ, ਇਹਨਾਂ 'ਵੱਖਰਤਾਵਾਂ ਦੇ ਕਾਰਨਾਂ ਦੀ ਤਲਾਸ਼ ਪਰਵਾਸੀ ਪੰਜਾਬੀ ਕਹਾਣੀ ਦਾ ਸਥਾਨ ਨਿਸਚਤ ਕਰਨ ਵਿਚ ਸਹਾਇਕ ਹੋ ਸਕਦੀ ਹੈ।
ਪਰਵਾਸੀ ਪੰਜਾਬੀ ਸਾਹਿਤ ਸਿਰਜਣਾ ਦੀਆਂ ਕਈ ਸਮੱਸਿਆਵਾਂ ਸਮੁੱਚੇ ਪੰਜਾਬੀ ਸਾਹਿਤ ਵਾਲੀਆਂ ਹੀ ਹਨ। ਇਹਨਾਂ ਵਿਚ ਕੁਝ ਸਮੱਸਿਆਵਾਂ ਵਿਧਾਵਾਂ ਦੇ ਵਖਰੇਵੇਂ ਨਾਲ ਜੁੜੀਆਂ ਹੋਈਆਂ ਹਨ। ਪੰਜਾਬੀ ਨਾਵਲ ਵਿਚ ਲੰਮਾ ਸਮਾਂ ਇਹ ਸਮੱਸਿਆ ਬਣੀ ਰਹੀ ਕਿ ਉਹ ਦੁਮੇਲਮੁਖੀ ਦੀ ਥਾਂ ਪੌੜੀਦਾਰ ਰੁਖ ਫੈਲਦਾ ਰਿਹਾ ਹੈ। ਇਸੇ ਲਈ ਸਾਡੇ ਬਹੁਤੇ ਨਾਵਲ ਵਿਚੋਂ ਨਾ ਕੋਈ ਸਮੁੱਚਾ ਕਾਲ-ਖੰਡ ਅਤੇ ਨਾ ਹੀ ਸਮਾਜ ਉੱਭਰਦਾ ਰਿਹਾ ਹੈ। ਬਹੁਤਾ ਨਾਵਲ ਕਿਸਾਨੀ ਸਭਿਆਚਾਰ ਦੁਆਲੇ ਘੁੰਮਦਾ ਰਿਹਾ ਹੈ। ਇਥੋਂ ਰਾਜਨੀਤਿਕ ਅਤੇ ਇਤਿਹਾਸਕ ਚੇਤਨਾ ਵਾਲੇ ਨਾਵਲ ਦੀ ਵੀ ਸਮੱਸਿਆ ਰਹੀ ਹੈ, ਬਹੁਤਾ ਪੰਜਾਬੀ ਨਾਵਲ ਪੰਜਾਬੀ ਇਤਿਹਾਸ ਦਾ ਪ੍ਰਮਾਣਿਕ ਦਸਤਾਵੇਜ਼ ਬਣਨ ਤੋਂ ਪਾਸੇ ਰਹਿ ਜਾਂਦਾ ਹੈ। ਪਿਛਲੇ ਦਹਾਕੇ ਵਿਚ ਰਚੇ ਜਾ ਰਹੇ ਨਾਵਲ ਨੇ ਇਸ ਪਾਸੇ ਹਾਂ-ਮੁੱਖੀ ਕਦਮ ਪੁੱਟਿਆ ਹੈ। ਪਰਵਾਸੀ ਨਾਵਲ ਵਿਚ ਸਵਰਨ ਚੰਦਨ ਦਾ 'ਕੰਜਕਾਂ' ਦਰਸ਼ਨ ਧੀਰ ਦਾ 'ਘਰ ਤੇ ਕਮਰੇ' ਸੰਤੋਖ ਧਾਲੀਵਾਲ ਦਾ 'ਸਰਘੀ' ਹਰਜੀਤ ਅਟਵਾਲ ਦਾ 'ਸਵਾਰੀ' ਸਾਧੂ ਸਿੰਘ ਧਾਮੀ ਦਾ 'ਮਲੂਕਾਂ' ਸਾਧੂ ਬਿਨਿੰਗ ਦਾ 'ਜੁਗਤੂ' ਦੋਮੇਲਮੁਖੀ ਫੈਲਦੇ ਹਨ। ਕਹਾਣੀ ਦੇ ਖੇਤਰ ਵਿਚ ਤਸੱਲੀਬਖ਼ਸ ਕੰਮ ਹੋਇਆ ਹੈ। ਕਵਿਤਾ ਬਹੁਤੀ ਸਮਕਾਲ ਨੂੰ ਸੰਬੋਧਿਤ ਰਹੀ ਹੈ। ਪਰ ਪਰਵਾਸੀ ਪੰਜਾਬੀ ਸਾਹਿਤ ਦੀ ਅਜੇ ਵੀ ਇਕ ਸੀਮਾ ਬਣੀ ਹੋਈ ਹੈ। ਇਹ ਸੀਮਾ ਇਸ ਦੇ ਪ੍ਰਭਾਵਿਤ ਖੇਤਰਾਂ ਅਤੇ ਕੇਂਦਰਿਤ ਮੁੱਦਿਆਂ ਦੀ ਹੈ।
ਪਰਵਾਸੀ ਪੰਜਾਬੀਆਂ ਦਾ ਬਹੁਤਾ ਹਿੱਸਾ ਛੋਟੀ ਕਿਸਾਨੀ ਅਤੇ ਦੁਆਬੇ ਖੇਤਰ ਨਾਲ ਸਬੰਧਿਤ ਰਿਹਾ ਹੈ। ਕਿਸਾਨੀ ਸਭਿਆਚਾਰ ਪ੍ਰਮੁੱਖ ਰੂਪ ਜਗੀਰਦਾਰੀ ਸਭਿਆਚਾਰ ਦਾ ਪ੍ਰਤੀਨਿਧ ਬਣ ਜਾਂਦਾ ਹੈ। ਜਦੋਂ ਕਿਸਾਨ ਮੁਜ਼ਾਰੇ ਤੋਂ ਭੂਮੀ ਮਾਲਕੀ ਵਿਚ ਪ੍ਰਵੇਸ਼ ਕਰਦਾ ਹੈ ਤਾਂ ਉਹ ਇਕ ਪੜਾਅ ਤੇ ਪਹੁੰਚ ਗਲਬਾ ਮੂਲਕ ਅਵਚੇਤਨ ਦਾ ਸ਼ਿਕਾਰ ਹੋ ਜਾਂਦਾ ਹੈ। ਕਿਸਾਨੀ ਵਿਚ ਵਰਗਗਤ ਦਰਜੇਬੰਦੀ ਵਿਚ ਛੋਟੀ ਕਿਸਾਨੀ ਨਾਲ ਸੰਬਧਿਤ ਹੋਣ ਦੇ ਬਾਵਜੂਦ ਰਿਸ਼ਤਿਆਂ ਦੇ ਖੇਤਰ ਵਿਚ ਵੀ ਮਾਲਕ ਵਾਲੇ ਹੈਂਕੜੀ ਸੁਭਾਅ ਦਾ ਧਾਰਨੀ ਬਣ ਜਾਂਦਾ ਹੈ। ਇਸ ਸੁਭਾਅ ਨੂੰ ਜਦੋਂ ਸੱਟ ਵੱਜਦੀ ਹੈ ਤਾਂ ਤਣਾਅ ਉਸ ਦੇ ਜੀਵਨ ਵਿਚ ਪ੍ਰਵੇਸ਼ ਕਰ ਜਾਂਦਾ ਹੈ। ਇਹ ਤਣਾਅ ਕਈ ਦਹਾਕਿਆਂ ਦੇ ਪ੍ਰਵੇਸ਼ ਤੋਂ ਬਾਅਦ ਵੀ ਉਸ ਦੇ ਅਵਚੇਤਨ ਦਾ ਹਿੱਸਾ ਬਣਿਆ ਹੋਇਆ ਹੈ। ਇਸੇ ਪੀੜਾ ਵਿਚੋਂ ਭੂਹੇਰਵਾ ਪੈਦਾ ਹੁੰਦਾ ਹੈ। ਗਲਬਾ ਮੂਲਕ ਸੁਭਾਅ ਦੀ ਧਾਰਨੀ ਹੋਣ ਕਰਕੇ ਕਿਸਾਨੀ ਵਿਕਸਤ ਸਭਿਆਚਾਰਕ ਨਾਲ ਵੀ ਟਕਰਾਅ ਵਿਚ ਪੈਦੀ ਹੈ। ਇਸੇ ਮਾਨਸਿਕਤਾ ਵਿਚੋਂ ਗੋਰੇ ਸਮਾਜ ਦਾ ਨਿੰਦਣੀ ਰੂਪ ਉਭਰਦਾ ਹੈ। ਆਪਣੀ ਨਵੀਂ ਪੀੜ੍ਹੀ ਨਾਲ ਟਕਰਾਅ ਵੀ ਇਸੇ ਮਾਨਸਿਕਤਾ ਵਿਚੋਂ ਪੈਦਾ ਹੁੰਦਾ ਹੈ। ਇਸ ਦੇ ਫਲਸਰੂਪ ਨਵੇਂ ਕੇਂਦਰਿਤ ਸਾਹਿਤ ਪੈਦਾ ਹੋਣ ਦੀਆਂ ਸੰਭਾਵਨਾਵਾਂ ਪੈਦਾ ਹੁੰਦੀਆਂ ਹਨ। ਇਸੇ ਲਈ ਬਹੁਤਾ ਪਰਵਾਸੀ ਪੰਜਾਬੀ ਸਾਹਿਤ ਆਪਣੀ ਜਾਤੀ ਅਤੇ ਜਮਾਤੀ ਸਰੋਕਾਰਾਂ ਤੋਂ ਬਾਹਰ ਨਹੀਂ ਨਿਕਲ ਰਿਹਾ। ਪਰਵਾਸ ਵਿਚ ਵੱਸ ਰਿਹਾ ਦਲਿਤ ਕਦੇ ਵੀ ਪਰਵਾਸੀ ਪੰਜਾਬੀ ਸਾਹਿਤ ਦੀ ਮੂਲ ਸੁਰ ਨਹੀਂ ਬਣ ਸਕਿਆ। ਪੰਜਾਬੀ ਵਿਚ ਵੀ ਦਲਿਤਾਂ ਅਤੇ ਹੋਰ ਜਾਤਾਂ ਜਮਾਤਾਂ ਨਾਲ ਕਿਸਾਨੀ ਦਾ ਸਬੰਧ ਕਾਰੋਬਾਰੀ ਵਿਹਾਰ ਤਕ ਸੀਮਤ ਹੈ। ਬਾਕੀ ਲੋਕਾਂ ਪ੍ਰਤੀ ਉਸਦੀ ਸੰਵੇਦਨਾ ਹੱਸਸਮੁਖੀ ਰਹੀ ਹੈ। ਇਸੇ ਪ੍ਰਕਾਸ ਪਰਵਾਸ ਵਿਚ ਜਿਹੜਾ ਗ਼ੈਰ-ਕਿਸਾਨੀ ਵਰਗ ਗਿਆ ਹੈ ਉਹ ਲਗਭਗ ਸਮੁੱਚੀ ਸਾਹਿਤ ਸਿਰਜਣਾ ਤੋਂ ਬਾਹਰ ਹੈ। ਇਸੇ ਪ੍ਰਕਾਰ ਇਕੀਵੀਂ ਸਦੀ ਵਿਚ ਸੂਚਨਾ ਤਕਨਾਲੌਜੀ ਅਤੇ ਤਕਨੀਕੀ ਸਿੱਖਿਆ ਦੇ ਖੇਤਰ ਵਿਚੋਂ ਇਕ ਵੱਡਾ ਹਿੱਸਾ ਪਰਵਾਸ ਵਿਚ ਜਾ ਕੇ ਵੱਸਿਆ ਹੈ। ਉਹਨਾ ਕੋਲ ਭਾਸ਼ਾ, ਗਿਆਨ ਜਾ ਜਾਣਕਾਰੀ ਦੀ ਕੋਈ ਕਮੀ ਨਹੀਂ ਹੈ। ਉਹ ਪਰਵਾਸ ਵਿਚ ਜਾ ਕੇ ਕਿਵੇਂ ਮਹਿਸੂਸ ਕਰਦੇ ਹਨ? ਉਹਨਾਂ ਦੇ ਤਣਾਅ, ਟਕਰਾਅ ਅਤੇ ਮੇਲਜੋਲ ਦੇ ਕਿਹੜੇ ਕਿਹੜੇ ਖੇਤਰ ਹਨ? ਇਹ ਮਸਲੇ ਅਜੇ ਸਾਡੀ ਸਾਹਿਤ ਸਿਰਜਣਾ ਦੀ ਵਸਤ ਨਹੀਂ ਬਣ ਰਹੇ। ਇਹ ਪੀੜ੍ਹੀ ਵੈਸੇ ਵੀ ਪੰਜਾਬੀ ਭਾਸ਼ਾ ਤੋਂ ਦੂਰ ਹੈ। ਇਹ ਆਪਣੀ ਸੰਵੇਦਨਾ ਦੇ ਪ੍ਰਗਟਾਵੇ ਦਾ ਅਧਾਰ ਕਿਹੜੀ ਭਾਸ਼ਾ ਨੂੰ ਬਣਾਉਂਦੀ ਹੈ ਇਹ ਅਜੇ ਕਹਿਣਾ ਮੁਸ਼ਕਲ ਹੈ। ਅਜਿਹੇ ਸਾਹਿਤ ਦੀ ਨਿਸ਼ਾਨਦੇਹੀ ਪੰਜਾਬੀ ਨਾਲ ਜੁੜੇ ਖੋਜਕਾਰਾਂ ਲਈ ਵੱਡੀ ਚੁਣੌਤੀ ਹੈ। ਅਜਿਹੇ ਸਾਹਿਤ ਬਾਰੇ ਜਾਣਕਾਰੀ ਅਤੇ ਫਿਰ ਮੁੱਖ ਸੁਰ ਵਾਲੇ ਸਾਹਿਤ ਨਾਲ ਉਸ ਦੀ ਤੁਲਨਾਤਮਕ ਅਧਿਐਨ ਵੱਡੀ ਸਮੱਸਿਆ ਹੈ। ਜਦੋਂ ਤਕ ਪਰਵਾਸੀ ਪੰਜਾਬੀ ਸਾਹਿਤ ਨਵੀਂ ਪੀੜ੍ਹੀ ਦੀ ਸੰਵੇਦਨਾ ਦੇ ਹਾਣ ਦਾ ਨਹੀਂ ਹੁੰਦਾ ਉਸ ਦੇ ਘੇਰੇ ਦੇ ਮੋਕਲੇ ਹੋਣ ਦੀਆਂ ਸੰਭਾਵਨਾਵਾਂ ਘੱਟ ਹਨ।
ਪਰਵਾਸੀ ਪੰਜਾਬੀ ਸਾਹਿਤਕਾਰ ਆਪਣੇ ਵਿਸ਼ਾਲ ਅਨੁਭਵ ਕਾਰਨ ਸੂਚਨਾਵਾਂ ਦੀ ਬਹੁਲਤਾ ਦੇ ਨੇੜੇ ਹੈ। ਉਸ ਦਾ ਵਾਹ ਇਕ ਪਾਸੇ ਵਿਕਸਤ ਸਭਿਅਤਾ ਅਤੇ ਸਭਿਆਚਾਰ ਨਾਲ ਪੈਂਦਾ ਹੈ ਦੂਜਾ ਉਹ ਵਿਕਸਤ ਸਾਹਿਤ ਨਾਲ ਵੀ ਜਾਣਕਾਰੀ ਰੱਖਦਾ ਹੈ। ਪੰਜਾਬੀ ਪਾਠਕ ਉਸ ਤੋਂ ਉਮੀਦ ਕਰਦਾ ਹੈ ਉਹ ਸਾਹਿਤ ਵਿਚ ਹੋ ਰਹੇ ਨਵੇਂ ਤਜਰਬਿਆਂ ਤੋਂ ਵਾਕਫ਼ ਹੋਏਗਾ। ਅੰਗਰੇਜ਼ੀ ਵਿਚ ਲਿਖਣ ਵਾਲੇ ਭਾਰਤੀਆਂ ਨੇ ਸੰਸਾਰ ਪੱਧਰ ਤੇ ਸਾਹਿਤ ਵਿਚ ਆਪਣਾ ਸਥਾਨ ਬਣਾਇਆ ਹੈ ਜਿਹਨਾਂ ਵਿਚ ਪੁਰਾਣਿਆਂ ਤੋਂ ਬਿਨਾ ਸਲਮਾਨ ਰਸ਼ਦੀ, ਵਿਕਰਮ ਸੇਠ, ਨਾਇਪਾਲ, ਅਰੁੰਧਤੀ ਰਾਇ, ਰੂਪਾ ਬਜਾਜ ਆਦਿ ਸ਼ਾਮਲ ਹਨ। ਪੰਜਾਬੀ ਲੇਖਕਾਂ ਦੁਆਰਾ ਰਚਿਤ ਸਾਹਿਤ ਉਹਨਾਂ ਦੇ ਸੀਮਤ ਅਨੁਭਵ ਦੁਆਲੇ ਹੀ ਘੁੰਮਦਾ ਹੈ। ਸ਼ਾਇਦ ਉਹ ਬਹੁਤ ਸਵੈ ਕੇਂਦਰਿਤ ਜੀਵਨ ਜਿਊਂਦੇ ਹਨ। ਇਸੇ ਲਈ ਵਿਸ਼ਾਲ ਤਜ਼ਰਬਿਆਂ ਤੋਂ ਮਹਿਰੂਮ ਹਨ। ਇਸ ਵਿਚ ਭਾਸ਼ਾ ਵੀ ਇਕ ਸਮੱਸਿਆ ਹੋ ਸਕਦੀ ਹੈ। ਜਿਹੜੇ ਲੇਖਕਾਂ ਨੇ ਅੰਗਰੇਜ਼ੀ ਵਿਚ ਲਿਖਣ ਦੀ ਕੋਸ਼ਿਸ਼ ਵੀ ਕੀਤੀ ਹੈ ਉਹਨਾਂ ਦੀ ਜ਼ਿਆਦਾ ਗੱਲ ਬਣੀ ਨਹੀਂ। ਪੰਜਾਬੀ ਲੇਖਕਾਂ ਦੀ ਇਹ ਇਕ ਵੱਡੀ ਸਮੱਸਿਆ ਹੈ।
ਪਰਵਾਸੀ ਪੰਜਾਬੀ ਰਚਨਾਵਾਂ ਵਿਚ ਪੇਸ਼ ਪਾਤਰਾਂ ਸਬੰਧੀ ਵੀ ਵੱਡੀਆਂ ਸਮੱਸਿਆਵਾਂ ਮੌਜੂਦ ਹਨ। ਪੰਜਾਬੀ ਗਲਪ ਵਿਚ ਬਹੁਤ ਸਾਰੇ ਗੋਰੇ ਪਾਤਰ ਪੇਸ਼ ਹੋਏ। ਇਹਨਾਂ ਪਾਤਰਾਂ ਦੀ ਬਹੁਤ ਪੇਸ਼ਕਾਰੀ ਦਾ ਸਬੰਧ ਰਚਨਾਵਾਂ ਦੇ ਪ੍ਰਸੰਗਾਂ ਨਾਲ ਹੈ। ਨਸਲਵਾਦੀ ਪ੍ਰਸੰਗਾਂ ਵਿਚ ਬਹੁਤੇ ਪਾਤਰ ਨਫ਼ਰਤ ਦਾ ਵਾਹਨ ਬਣਾ ਕੇ ਪੇਸ਼ ਹੋਏ ਹਨ। ਜਿਹੜੇ ਸੈਕੂਲਰ ਸੋਚ ਦੇ ਪਾਤਰ ਪੇਸ਼ ਹੋਏ ਹਨ ਉਹ ਮਾਨਵੀ ਦ੍ਰਿਸ਼ਟੀ ਦੇ ਪ੍ਰਸੰਗਾਂ ਤੋਂ ਪੇਸ਼ ਹੋਏ ਹਨ। ਇਹਨਾਂ ਪਾਤਰਾਂ ਦੀ ਪੇਸ਼ਕਾਰੀ ਵਿਚ ਸਭ ਤੋਂ ਵੱਡੀ ਸਮੱਸਿਆ ਯਥਾਰਥਮਈ ਪ੍ਰਭਾਵ ਦੀ ਹੈ। ਉਹ ਪਾਤਰ ਪੰਜਾਬੀਆਂ ਵਰਗੇ ਹੀ ਲਗਦੇ ਹਨ। ਉਹਨਾਂ ਦਾ ਲਹਿਜਾ ਅਤੇ ਭਾਸ਼ਾ ਵੀ ਪੰਜਾਬੀਆਂ ਵਰਗੀ ਹੈ। ਜਿਹੜੇ ਪਾਤਰ ਗੋਰਿਆਂ ਦਾ ਪ੍ਰਭਾਵ ਸਿਰਜਦੇ ਹਨ ਉਹ ਉਂਗਲੀਆਂ ਤੇ ਗਿਣੇ ਜਾਣ ਵਾਲੇ ਹਨ। ਇਸ ਸਮੱਸਿਆ ਦੇ ਕਾਰਨ ਗੋਰਿਆਂ ਨਾਲ ਓਪਰੀ ਸਾਂਝ ਵਿਚ ਮੌਜੂਦ ਹਨ। ਉਝ ਵੀ ਪਰਵਾਸੀਆਂ ਦੇ ਆਪਣੇ ਰਹਿਣ ਸਹਿਣ ਅਤੇ ਸਮੱਸਿਆਵਾਂ ਤੋਂ ਬਾਹਰ ਸਥਾਨਕ ਦੇਸ਼ ਦੀਆਂ ਵੱਡੀਆਂ ਸਮੱਸਿਆਵਾਂ ਪਰਵਾਸੀ ਸਾਹਿਤ ਦੇ ਕੇਂਦਰ ਵਿਚ ਨਹੀਂ। ਗਿਣਤੀ ਦੀਆਂ ਕਹਾਣੀਆਂ ਹਨ ਜਿਹੜੀਆਂ ਗੋਰੇ ਸਮਾਜ ਦੀ ਜੀਵਨ ਜਾਚ ਤੇ ਅਧਾਰਿਤ ਹਨ। ਇਸੇ ਪ੍ਰਕਾਰ ਸੰਸਾਰੀਕਰਨ ਦੇ ਪ੍ਰਭਾਵ ਨੂੰ ਜਿਵੇਂ ਭਾਰਤ ਦੀ ਆਮ ਲੋਕਾਈ ਦੇ ਵਿਰੋਧ ਵਿਚ ਰੱਖ ਕੇ ਜਿਵੇਂ ਪੰਜਾਬੀ ਲੇਖਕਾਂ ਨੇ ਵਿਰੋਧ ਕੀਤਾ ਹੈ ਉਹ ਇਕ ਅੱਧੇ ਨਾਵਲ ਵਿਚ ਪ੍ਰਗਟ ਹੋਇਆ ਜਾਂ ਪੰਜਾਬੀ ਕਵਿਤਾ ਵਿਚ ਕੁਝ ਨਵਿਆਂ ਨੇ ਤਿੱਖਾ ਵਿਰੋਧ ਪ੍ਰਗਟ ਕੀਤਾ ਹੈ। ਇਸ ਦੀ ਨਿਸ਼ਾਨਦੇਹੀ ਦਾ ਮਸਲਾ ਗੰਭੀਰ ਹੈ। ਪਰਵਾਸ ਵਿਚ ਸਿਰਜਣਾ ਦੇ ਖੇਤਰ ਵਿਚ ਬਹੁਤ ਕੰਮ ਹੋਇਆ ਹੈ ਪਰ ਆਲੋਚਨਾ ਵਿਚ ਕਾਫ਼ੀ ਪਿਛੇ ਹੈ। ਪਰਵਾਸ ਵਿਚਲੇ ਗਿਣਤੀ ਦੇ ਆਲੋਚਕਾਂ ਨੇ ਕੰਮ ਕੀਤਾ ਹੈ। ਇਸ ਵਿਚ ਸਵਰਨ ਚੰਦਨ, ਦਵਿੰਦਰ ਕੌਰ, ਡਾ. ਸਾਧੂ ਸਿੰਘ ਅਤੇ ਡਾ. ਗੁਰੂਮੇਲ ਦਾ ਕੰਮ ਮਹੱਤਵਪੂਰਨ ਹੈ। ਇਸ ਦੇ ਕਾਰਨ ਅਕਾਦਮਿਕਤਾ ਨਾਲ ਨਾ ਜੁੜੇ ਹੋਣਾ ਹੈ।
ਪਰਵਾਸੀ ਪੰਜਾਬੀ ਸਾਹਿਤ ਨੂੰ ਉਪਰੋਕਤ ਸਮੱਸਿਆਵਾਂ ਦੇ ਪਰਿਪੇਖ ਵਿਚ ਸਮਝ ਕੇ ਇਸ ਦੇ ਪੁਨਰ ਮੁਲੰਕਣ ਦੀ ਲੋੜ ਹੈ। ਇਸ ਨਾਲ ਇਸ ਦਾ ਸਹੀ ਸਥਾਨ ਨਿਸਚਤ ਕਰਨ ਵਿਚ ਸਹਾਇਤਾ ਹੋ ਸਕਦੀ ਹੈ। ਇਸ ਲਈ ਪ੍ਰਸੰਸਾਮਈ ਟਿਪਣੀਆਂ ਦੀ ਥਾਂ ਇਕ ਸੰਵਾਦ ਦੀ ਸਥਿਤੀ ਪੈਦਾ ਕਰਨੀ ਹੋਏਗੀ। ਇਸ ਨਾਲ ਪਰਵਾਸੀ ਪੰਜਾਬੀ ਸਾਹਿਤ ਵਿਚ ਹੋਰ ਨਿਖਾਰ ਆਏਗਾ।

ਪਤਾ: ਮੁੱਖੀ ਪੰਜਾਬੀ ਵਿਭਾਗ, ਡੀ. ਏ. ਵੀ. ਕਾਲਜ, ਜਲੰਧਰ

***

Friday, 3 June 2011

ਥੰਮੀਆਂ/ ਪ੍ਰੇਮ ਪ੍ਰਕਾਸ਼




ਥੰਮੀਆਂ/ ਪ੍ਰੇਮ ਪ੍ਰਕਾਸ਼
ਸੰਪਰਕ :- 94632-20319


   ਪੋਸਟਿੰਗ : ਮਹਿੰਦਰ ਬੇਦੀ ਜੈਤੋ
ਸੰਪਰਕ :- 94177-30600




ਚੰਡੀਗੜ੍ਹ ਦੇ ਵੀਹ ਸੈਕਟਰ ਦੇ ਵੱਡੇ ਪਲਾਟ 'ਚ ਬਣੇ ਏਸ ਛੋਟੇ ਮਕਾਨ ਜਿਹੇ ਦੀ ਛੱਤ 'ਤੇ ਕੰਧ ਦੇ ਉਹਲੇ ਮਾਲਿਸ਼ ਕਰਦਾ ਮੈਂ ਧੁੱਪ ਸੇਕ ਰਿਹਾ ਤੇ ਬੀਤੀ ਜ਼ਿੰਦਗੀ ਤੇ ਆਓਣ ਵਾਲੀ ਮੌਤ ਬਾਰੇ ਸੋਚ ਰਿਹਾ ਹਾਂ। ਮੈਨੂੰ ਹੈਰਾਨੀ ਹੁੰਦੀ ਏ ਕਿ ਮੈਂ ਏਥੋਂ ਦੇ ਚੀਪੜ ਲੇਖਕ ਭਾਨ ਚੰਦ ਤੇ ਆਪਣੇ ਪਿੰਡ ਵਰ੍ਹਿਆਂ ਪਹਿਲਾਂ ਰਲ਼ੇ ਸਾਂਝੀ ਰਾਂਝੂ 'ਝੰਡੀ ਵਾਲੇ' ਬਾਰੇ ਇੱਕੋ ਵਾਰ ਕਿਉਂ ਸੋਚਦਾ ਹਾਂ? ਦੋਹਾਂ ਦਾ ਆਪੋ 'ਚ ਕੀ ਮੇਲ? ਕਿਥੇ ਲੇਖਕ ਭਾਨ ਚੰਦ ਸ਼ਹਿਰੀ ਖਚਰ-ਵਿੱਦਿਆ ਨਾਲ ਜੀ ਕੇ ਖੁਸ਼ਹਾਲੀ 'ਚ ਮਰ ਗਿਆ ਤੇ ਕਿੱਥੇ ਭੇਡਾਂ ਬੱਕਰੀਆਂ ਚਾਰਦਾ ਰਾਂਝੂ ਖੇਤੀ ਬਾੜੀ ਦੀ ਮਜ਼ਦੂਰੀ ਕਰਦਾ ਅੰਨ੍ਹਾ ਹੋ ਕੇ ਮਰ ਗਿਆ। ਅੰਬਰਸਰ ਜ਼ਿਲ੍ਹੇ ਦਾ ਉਹ ਮਜ੍ਹਬੀ ਹਵਾ 'ਚ ਉੱਡ ਕੇ ਆਏ ਬੀਅ ਵਾਂਗ ਜ਼ਿਲ੍ਹਾ ਪਟਿਆਲੇ ਦੇ ਸਾਡੇ ਪਿੰਡ ਆ ਗਿਆ ਸੀ। ਉਹ ਮਜ੍ਹਬੀ ਸੀ, ਬਾਲਮੀਕੀ ਸੀ ਜਾਂ ਈਸਾਈ? ਸਾਨੂੰ ਉਹਦੇ ਮਰਨ ਤਕ ਪਤਾ ਨਹੀਂ ਸੀ ਚੱਲਿਆ। ਉਹ ਗੱਲਾਂ ਕਰਦਾ ਰੱਬ-ਰੱਬ ਕਰਦਾ ਸੀ। ਇਤਫਾਕ ਨਾਲ ਦੋ ਸਾਲਾਂ ਲਈ ਮੇਰੇ ਵੱਡੇ ਭਾਈ ਨਾਲ ਵੀ ਦੂਜੇ ਪਿੰਡ ਦਾ ਬਾਲਮੀਕੀ ਰਾਮ ਲਾਲ ਰਲ਼ਿਆ ਹੋਇਆ ਸੀ। ਦੋਵੇਂ ਕਾਲੇ ਤੇ ਦੋਵੇਂ ਛੇ ਫੁਟੇ। ਦੋਵੇਂ ਵਿਹਲੇ ਸਮੇਂ 'ਚ ਬਾਹਰ ਬਿੱਲਿਆਂ, ਸੈਹਾਂ, ਗੋਹਾਂ ਤੇ ਤਿੱਤਰਾਂ ਦਾ ਸ਼ਿਕਾਰ ਕਰ ਕੇ ਰਾਤ ਨੂੰ ਖੂਹ 'ਤੇ ਪਕਾ ਕੇ ਦਾਰੂ ਪੀਂਦੇ ਖਾਂਦੇ ਅਜੀਬ ਕਿਸਮ ਦੀਆਂ ਗਿੱਦੜਾਂ ਵਰਗੀਆਂ ਚੀਕਾਂ ਮਾਰਦੇ ਹੁੰਦੇ ਸੀ। ਦੀਵਾਲੀ ਵਸਾਖੀ ਰਾਂਝੂ ਰਾਮ ਲਾਲ ਦੇ ਪਿੰਡ ਮਨਾਂਉਂਦਾ ਸੀ। ਉਹ ਸੂਰ ਮਾਰਦੇ। ਦਾਰੂ ਪੀਂਦੇ ਮਾਸ ਭੁੰਨਦੇ ਪਕਾਉਂਦੇ। ਰਾਤ ਨੂੰ ਭਾਂਤ-ਭਾਂਤ ਦੀਆਂ ਚੀਕਾਂ ਮਾਰਦੇ। ਰਾਮ ਲਾਲ ਦਾ ਪਿਓ ਵੀ ਵਿਚੇ ਨੱਚਦਾ ਕਮਲਾ ਹੋ ਕੇ ਮੰਜੇ 'ਤੇ ਡਿਗ ਪੈਂਦਾ ਸੀ।
ਪਰ ਭਾਨ ਚੰਦ ਤਾਂ ਕਿਸੇ ਵਿਚਲੀ ਖਚਰੀ ਜਾਤ ਦਾ ਸੀ। ਸੈਕਟਰੀਏਟ 'ਚ ਉਹ ਮੇਰੇ ਨਾਲ ਕਲਰਕ ਭਰਤੀ ਹੋਇਆ ਸੀ। ਮੈਂ ਸਾਈਕਲ 'ਤੇ ਜਾਂਦਾ ਸੀ ਤੇ ਉਹ ਸੜਕ 'ਤੇ ਰੋਟੀ ਫੜੀ ਖੜ੍ਹਾ ਦੰਦ ਕੱਢਦਾ ਮੈਨੂੰ ਰੋਕ ਲੈਂਦਾ। ਸਾਈਕਲ ਆਪ ਚਲਾ ਕੇ ਮੈਨੂੰ ਪਿੱਛੇ ਬਹਾ ਕੇ ਲੈ ਜਾਂਦਾ ਸੀ। ਮੈਂ ਮਾਮੂਲੀ ਜਿਹੇ ਕਮਰੇ 'ਚ ਰਹਿੰਦਾ ਸੀ ਤੇ ਉਹ ਬਰਸਾਤੀ 'ਚ। ਮੈਂ ਢਾਬੇ 'ਚ ਰੋਟੀ ਖਾਂਦਾ ਸੀ ਤੇ ਉਹ ਬਰਸਾਤੀ ਦੇ ਬਾਹਰ ਬਣਾਏ ਚੁਲ੍ਹੇ 'ਤੇ ਆਪ ਪਕਾਉਂਦਾ ਸੀ। ਦਫਤਰ 'ਚ ਰੋਟੀਆਂ ਤਿੰਨ ਲਿਆਉਂਦਾ ਤੇ ਉੱਤੇ ਚਟਣੀ। ਉਹ ਜੀਹਨੂੰ ਚਟਣੀ ਦੇਂਦਾ, ਉਹਦੀ ਸਬਜ਼ੀ ਦੀ ਕੌਲੀ 'ਚ ਦੋ ਬੁਰਕੀਆਂ ਲਾ ਲੈਂਦਾ ਸੀ। ਕਦੇ ਚਟਣੀ ਵੀ ਨਾ ਲਿਅਉਂਦਾ। ਰੋਟੀਆਂ ਖੋਲ੍ਹਦਾ ਤੇ ਆਖਦਾ, ''ਹੈ ਸਾਲੀ ਪੂਰਬਣ, ਵਿਚ ਸਬਜ਼ੀ ਪਾਈ ਈ ਨਹੀਂ। ਆਲੂਆਂ ਦੀ ਮੈਂ ਕਹਿ ਕੇ ਬਣਵਾਈ ਸੀ।''...ਫੇਰ ਕਈਆਂ ਦੀਆਂ ਸਬਜ਼ੀਆਂ ਦਾ ਸੁਆਦ ਦੇਖਦਾ। ਸ਼ਾਮ ਨੂੰ ਉਹ ਵਾਰੀ-ਵਾਰੀ ਦੋਸਤਾਂ ਦੇ ਘਰ ਜਾਂਦਾ। ਰੋਟੀ ਖਾਣ ਵੇਲੇ ਜੇ ਦੋਸਤ ਨਹੀਂ ਤਾਂ ਉਹਦੀ ਪਤਨੀ ਪੁੱਛ ਈ ਲੈਂਦੀ। 'ਚਲ ਖਾ ਈ ਲੈਂਦੇ ਆਂ ਦੋ ਰੋਟੀਆਂ' ਆਖਦਾ ਉਹ ਚਾਰ ਖਾ ਜਾਂਦਾ।
ਇਕ ਰਾਤ ਵੇਲੇ ਮੈਂ ਉਹਨੂੰ ਅਰੋਮਾ ਹੋਟਲ ਦੇ ਸੜਕ ਵਾਲੇ ਪਾਸੇ ਮੰਗਤਿਆਂ ਦੀ ਕਤਾਰ 'ਚ ਬੈਠਿਆਂ ਦੇਖਿਆ। ਉਹਨੇ ਮੂੰਹ ਸਿਰ ਮੈਲ਼ੇ ਕੱਪੜੇ ਨਾਲ ਢਕਿਆ ਹੋਇਆ ਸੀ। ਜਦ ਉਹ ਹੱਥਾਂ ਤੇ ਰੱਖੀਆਂ ਦੋ ਰੋਟੀਆਂ ਉੱਪਰ ਦਾਲ ਲੈ ਰਿਹਾ ਸੀ। ਉਹ ਦਾਲ ਡੁਲ੍ਹਣ ਨਹੀਂ ਸੀ ਦੇਂਦਾ। ਮੈਂ ਉਹਨੂੰ ਦੂਜੇ ਖੂੰਜਿਓਂ ਚੰਗੀ ਤਰ੍ਹਾਂ ਦੇਖਿਆ। ਪਰ ਦੱਸਿਆ ਕਿਸੇ ਨੂੰ ਨਾ। ਫੇਰ ਇਕ ਦਿਨ ਉਹਨੂੰ ਦੂਜੀ ਵਾਰ ਲਾਈਨ 'ਚ ਲੱਗਦਿਆਂ ਦੇਖਿਆ। ਦੋ ਰੋਟੀਆਂ ਨਾਲ ਬੰਦੇ ਦਾ ਰੱਜ ਨਹੀਂ ਹੁੰਦਾ।
ਜਦ ਉਹਦਾ ਵਿਆਹ ਹੋਇਆ ਤਾਂ ਮਾਲਕ ਮਕਾਨ ਨੇ ਉਹਨੂੰ ਥੋੜ੍ਹੇ ਕਿਰਾਏ ਤੇ ਕਮਰਾ ਰਸੋਈ ਦੇ ਦਿੱਤੀ। ਫੇਰ ਵੇਖੋ ਰੱਬ ਦੇ ਰੰਗ ਪੰਦਰਾ ਵਰ੍ਹਿਆਂ 'ਚ ਈ ਉਹ ਤੇ ਉਹਦੀ ਨੌਕਰ ਪਤਨੀ ਨੇ ਉਹ ਫਲੈਟ ਈ ਖਰੀਦ ਲਿਆ। ਲੁੱਟ ਲਿਆ ਮਾਲਕ ਨੂੰ ਉਹਦਾ ਪੁੱਤ ਬਣ ਕੇ। ਉਹ ਸ਼ੁਰੂ ਤੋਂ ਈ ਮਾਲਕ ਨੂੰ 'ਪਿਤਾ ਜੀ' ਕਹਿੰਦਾ ਹੁੰਦਾ ਸੀ।
ਪਰ ਰਾਂਝੂ ਨੂੰ ਅਜਿਹਾ ਕੋਈ ਗੁਰ ਨਹੀਂ ਸੀ ਆਉਂਦਾ। ਉਹ ਜਵਾਨੀ 'ਚ ਆਪਣੇ ਪਿੰਡ ਦੇ ਸਰਦਾਰਾਂ ਦੇ ਨੌਕਰ ਰਿਹਾ। ਬੁੱਢਾ ਹੋਣ ਲੱਗਿਆ ਤਾਂ ਸਾਡੇ ਪਿੰਡ ਆ ਗਿਆ। ਗੁੱਸਾ ਏਸ ਗੱਲ ਦਾ ਕਿ ਸਰਦਾਰਾਂ ਨੇ ਜਿਹੜੀ ਤੀਵੀਂ ਉਹਦੇ ਘਰ ਵਸਾਈ ਸੀ, ਉਹ ਆਪ ਈ ਕਿਸੇ ਹੋਰ ਕੋਲ ਵੇਚ ਦਿੱਤੀ ਸੀ। ...ਜਦ ਸਾਡੇ ਕੋਲ ਆਏ ਦੀਆਂ ਅੱਖਾਂ 'ਚ ਮੋਤੀਆਂ ਉੱਤਰਿਆ ਤਾਂ ਅਸੀਂ ਆਪਰੇਸ਼ਨ ਕਰਾ ਦਿੱਤਾ ਸੀ। ਉਹਦੇ ਬਣਦੇ ਪੈਸੇ ਅਮਲੋਹ ਦੇ ਡਾਕਖਾਨੇ 'ਚ ਜਮ੍ਹਾ ਕਰਵਾ ਕੇ ਖਾਤਾ ਖੁਲ੍ਹਾ ਦਿੱਤਾ ਸੀ। ਪਤਾ ਆਪਣੇ ਘਰ ਦਾ ਲਿਖਵਾਓਣਾ ਪਿਆ ਸੀ। ਉਹ ਆਪਣਾ ਸਮਾਨ ਖੂਹ ਵਾਲੇ ਡੰਗਰਾਂ ਦੇ ਕੋਠੇ 'ਚ ਆਪਣੇ ਚੁਲ੍ਹੇ ਦੇ ਆਲੇ ਦੁਆਲੇ ਗੱਡੀਆਂ ਕਿੱਲੀਆਂ 'ਤੇ ਟੰਗ ਦੇਂਦਾ ਸੀ। ਉਹਨੂੰ ਸਰਦਾਰਾਂ ਦੀ ਫਾਰਗਖਤੀ ਦੇਣ ਵਾਲੀ ਗੱਲ ਹੁਣ ਵੀ ਲੜਦੀ ਸੀ। ਬਾਪੂ ਕਹਿੰਦਾ ਹੁੰਦਾ ਸੀ ਕਿ ਇਹਨਾਂ ਨੂੰ ਗੁੱਸਾ ਨਹੀਂ ਆਉਂਦਾ, ਗੁੱਸੀ ਆਉਂਦੀ ਐ, ਜਿਹੜੀ ਚੜ੍ਹ ਕੇ ਉੱਤਰਦੀ ਨਹੀਂ।
ਪਰ ਲੇਖਕ ਨੂੰ ਫਾਰਗਖਤੀ ਕੋਈ ਦੇ ਈ ਨਹੀਂ ਸੀ ਸਕਦਾ। ਉਹ ਝੱਟ ਬੰਦੇ ਦੀਆਂ ਲੱਤਾਂ ਘੁੱਟਣ ਲੱਗ ਪੈਂਦਾ ਸੀ।  ਏਸ ਕਸਬ ਨਾਲ ਉਹ ਦੋ ਪੈੱਗ ਵੀ ਰੋਜ਼ ਪੀਂਦਾ ਸੀ। ਨਾਲੇ ਸਲੂਣਾ ਮਾਲ ਮੁਫਤ। ਉਹ ਸ਼ਾਮ ਦੇ ਪੀਣ ਵੇਲ਼ੇ ਆਪ ਕਿਤੋਂ ਚਾਰ ਪਊਏ ਲੈ ਆਉਂਦਾ। ਯਾਰਾਂ ਨੂੰ ਵੇਚ ਕੇ ਆਪਣੇ ਹਿੱਸੇ ਦੀ ਕਮਾਈ ਕਰ ਲੈਂਦਾ। ਫੇਰ ਨਾਲ ਫਿਰਨ ਦਾ ਹੱਕਦਾਰ ਬਣ ਜਾਂਦਾ। ਉਹ ਆਪਣੇ ਝੋਲੇ 'ਚ ਨੀਲੀਆਂ ਕੈਸਟਾਂ ਤੇ ਸੀ.ਡੀਆਂ ਰੱਖਦਾ, ਕਿਰਾਏ 'ਤੇ ਦੇਣ ਲਈ।
ਜਦ ਉਹ ਮੇਰੇ ਨਾਲ ਈ ਰੀਟਾਇਰ ਹੋਇਆ ਤਾਂ ਉਹ ਇਕ ਜਨਰਲ ਸਟੋਰ 'ਤੇ ਸੇਲਜ਼ਮੈਨ ਲੱਗ ਗਿਆ ਸੀ। ਜਦ ਬੀਮਾਰੀਆਂ ਨੇ ਦੱਬਿਆ ਤੇ ਨਿਗਾਹ ਅੱਧੀ ਰਹਿ ਗਈ ਤਾਂ ਘਰ ਬਹਿਣਾ ਪਿਆ, ਪੈਨਸ਼ਨ 'ਤੇ। ਫੇਰ ਉਹਦਾ ਨਾ ਅਖਬਾਰਾਂ 'ਚ ਲੇਖ ਛਪਦਾ ਸੀ ਤੇ ਨਾ ਈ ਫੋਟੋ। ਉਹਨੂੰ ਨਾ ਕੋਈ ਯਾਰ ਬੇਲੀ ਮਿਲਣ ਆਉਂਦਾ ਸੀ। ਉਹ ਆਪ ਕਿਸੇ ਨੂੰ ਫੋਨ ਕਰਦਾ ਨਹੀਂ ਸੀ ਤੇ ਕਿਸੇ ਦਾ ਆਉਂਦਾ ਨਹੀਂ ਸੀ। ਪਰ ਉਦੋਂ ਉਹ ਦੋ ਫਲੈਟਾਂ ਤੇ ਇਕ ਪੌੜੀਆਂ ਥੱਲੇ ਦੀ ਨਿੱਕੀ ਜਿਹੀ ਦੁਕਾਨ ਦਾ ਮਾਲਕ ਸੀ।
ਪਰ ਰਾਂਝੂ ਅਜਿਹੀ ਅਵਸਥਾ 'ਚ ਲੰਮੀ ਸੋਟੀ 'ਤੇ ਗੋਟੇ ਵਾਲੀ ਲਾਲ ਚੁੰਨੀ ਬਨ੍ਹ ਕੇ ਤੇ ਮੇਰੇ ਦਿੱਤੇ ਖੱਦਰ ਦੇ ਸ਼ੋਲਡਰ ਬੈਗ 'ਚ ਕੱਪੜੇ ਤੁੰਨ ਕੇ ਮੰਗਣ ਤੁਰ ਪਿਆ ਸੀ। ਉਹ ਨਾਲ ਦੇ ਪਿੰਡ ਸਲਿਆਨੀ ਦੇ ਗੁਰਦਵਾਰੇ ਗਿਆ। ਜਵਾਬ ਮਿਲ ਗਿਆ ਤਾਂ ਘਰ ਆ ਕੇ ਆਲ਼ੇ 'ਚੋਂ ਕੌਲਾ ਲਾਹ ਰੋਟੀ ਦੀ ਅਵਾਜ ਦੇ ਦਿੱਤੀ। ਰਾਤ ਨੂੰ ਖੂਹ 'ਤੇ ਜਾ ਪਿਆ।...ਫੇਰ ਉਹ ਇਕ ਦਿਨ ਨਾਲ ਦੇ ਪਿੰਡ ਸੌਂਟੀ ਦੇ ਇਤਿਹਾਸਕ ਗੁਰਦਵਾਰੇ ਗਿਆ ਤਾਂ ਉਹਨੂੰ ਰੋਟੀ ਤਾਂ ਖਵਾ ਦਿੱਤੀ ਗਈ, ਪਰ ਰੈਣ ਬਸੇਰੇ ਲਈ ਥਾਂ ਨਾ ਮਿਲੀ। ਕਮਰੇ ਰਾਗੀਆਂ ਢਾਡੀਆਂ ਲਈ ਸਨ। ਫੇਰ ਗੀਤਾ ਮੰਦਰ ਗਿਆ ਤਾਂ ਉਥੇ ਦੇ ਪੁਜਾਰੀ ਨੇ ਨਾ ਰੋਟੀ ਦਿੱਤੀ ਤੇ ਨਾ ਈ ਰੈਣ ਬਸੇਰਾ। ਉਹ ਰੋਟੀ ਤਾਂ ਘਰਾਂ 'ਤੋਂ ਮੰਗ ਕੇ ਖਾ ਲੈਂਦਾ ਤੇ ਰਾਤ ਨੂੰ ਪੈ ਕਿਸੇ ਦੇ ਬਣਦੇ ਮਕਾਨ ਦੇ ਬਰਾਂਡੇ 'ਚ ਜਾਂਦਾ। ਜਦ ਬਰਾਂਡੇ 'ਚ ਪਲਸਤਰ ਹੋਣ ਲੱਗ ਪਿਆ ਤਾਂ ਉਹਨੇ ਆਪਣੀ ਜੁੱਲੀ ਚੁੱਕੀ ਤੇ ਨਾਲ ਦੇ ਪਿੰਡ ਕੁੰਭੜੇ ਦੇ ਪੱਕੀ ਸੜਕ ਨੂੰ ਲੱਗਦੀ ਨਿੱਕੀ ਸੜਕ ਦੇ ਸਿਰੇ 'ਤੇ ਬਣੇ ਮਜ਼ਾਰ 'ਚ ਜਾ ਬੈਠਿਆ।
ਉਹ ਮਜ਼ਾਰ ਸਾਲ ਕੁ ਪਹਿਲਾਂ ਕਿਸੇ ਨੇ ਮੁੜ-ਆਬਾਦ ਕੀਤਾ ਸੀ। ਮਕਬਰੇ ਦੇ ਦੁਆਲੇ ਚਾਰਦੀਵਾਰੀ ਕਰਾ ਕੇ ਕਲੀ ਕਰਵਾ ਲਈ ਗਈ ਸੀ। ਤੇ ਨਾਲ ਮਜੌਰ ਦੇ ਬਹਿਣ ਲਈ ਕੋਠਾ। ਮਜੌਰ ਨੇ ਕਿਹਾ, ''ਬਿਸਮਿੱਲਾ ਆ ਜਾ। ਰੱਬ ਪੱਥਰ 'ਚ ਪਏ ਕੀੜੇ ਨੂੰ ਵੀ ਰਿਜ਼ਕ ਦੇਂਦੈ। ਜਿਥੇ ਮੈਨੂੰ ਮਿਲੂ, ਓਥੇ ਤੈਨੂੰ ਵੀ ਲੁਕਮਾ ਮਿਲੀ ਜਾਊ।''
ਰਾਂਝੂ ਨੇ ਸਿਰ ਦੇ ਵਾਲ ਮੁਨਾ ਦਿੱਤੇ। ਝੰਡੀ ਤੋਂ ਲਾਲ ਕੱਪੜਾ ਲਾਹ ਸਿੱਟਿਆ। ਬਹਿ ਕੇ ਅੱਲਾ-ਅੱਲਾ ਕਰਨ ਲੱਗ ਪਿਆ। ਉਹ ਦੋਵੇਂ ਮਜ਼ਾਰ 'ਤੇ ਪਈ ਚਾਦਰ ਝਾੜਦੇ, ਚਰਾਗੀ ਜਗਾਉਂਦੇ ਤੇ ਲੋਬਾਨ ਬਾਲ ਕੇ ਚਾਰੇ ਪਾਸੇ ਧੂੰਆਂ ਦੇਂਦੇ। ਮੰਡੀ ਤੋਂ ਅਮਲੋਹ ਨੂੰ ਜਾਂਦੀ ਪੱਕੀ ਸੜਕ 'ਤੇ ਜਾਂਦੇ ਟਰੱਕਾਂ ਵਾਲੇ ਮੱਥਾ ਟੇਕ ਜਾਂਦੇ। ਕਦੇ ਮੰਡੀ ਦੇ ਕਾਰਖਾਨੇਦਾਰ ਆ ਕੇ ਰਕਮਾਂ ਚੜ੍ਹਾ ਜਾਂਦੇ। ਇਕ ਨੇ ਨਲਕਾ ਲਵਾ ਦਿੱਤਾ। ਤੇ ਠੰਢ ਦੇ ਆਓਣ ਤੋਂ ਪਹਿਲਾਂ ਕੋਠੇ ਦੇ ਦਰਵਾਜਾ ਤੇ ਤਾਕੀਆਂ ਲਵਾ ਦਿੱਤੀਆਂ। ਮਜੌਰ ਦੁਆਲੇ ਦੀਆਂ ਟਾਹਲੀਆਂ ਦੇ ਡੱਕੇ ਚੁਗ ਕੇ ਅੱਗ ਬਾਲਦਾ ਤੇ ਮੰਡੀ ਤੋਂ ਹਲਾਲ ਲਿਆ ਕੇ ਰੱਬ ਦੇ ਦੋਵੇਂ ਜੀਅ ਵੰਡ ਕੇ ਖਾ ਕੇ ਸੌਂ ਜਾਂਦੇ। ਜਦ ਰਾਂਝੂ ਮਰ ਗਿਆ ਤਾਂ ਉਹਨੂੰ ਵੀ ਉਥੇ ਈ ਪੀਰ ਦੀ ਕਬਰ ਕੋਲ ਦਫਨ ਕਰ ਦਿੱਤਾ ਗਿਆ।
ਇਹ ਸਾਰੀਆਂ ਗੱਲਾਂ ਮੈਨੂੰ ਮੇਰੇ ਭਾਈ ਨੇ ਦੱਸੀਆ, ਜਦ ਮੈਂ ਪਿੰਡ ਗਿਆ। ਮੈਂ ਉਹਨੂੰ ਪੁੱਛਿਆ ਕਿ ਬਾਪੂ ਰਾਂਝੂ ਦੀ ਸਰਕਾਰੀ ਪੈਨਸ਼ਨ ਲਵਾਣ ਲਈ ਫਿਰਦਾ ਰਿਹਾ ਸੀ? ਉਹਨੇ ਦੱਸਿਆ ਕਿ ਅਫਸਰ ਮੰਨੇ ਨਹੀਂ। ਕਹਿੰਦੇ ਬਈ ਇਹਦੇ ਪੱਕੇ ਪਿੰਡ ਤੇ ਪੱਕੇ ਪਤੇ 'ਤੇ ਮਿਲ ਸਕਦੀ ਐ, ਤੁਰਦੇ ਫਿਰਦੇ ਦੀ ਨਹੀਂ। ਉਹ ਪਿੰਡ ਨਾ ਜਾਣ ਦੀ ਸੌਂਹ ਖਾ ਕੇ ਆਇਆ ਸੀ। ਉਹ ਵੀ ਪੱਕੀ ਜਾਤ ਦਾ ਸੀ।
ਦੂਜੇ ਦਿਨ ਮੈਂ ਛੋਟੇ ਭਾਈ ਦੇ ਮੋਟਰ ਸਾਈਕਲ 'ਤੇ ਓਸ ਮਜ਼ਾਰ 'ਤੇ ਗਿਆ। ਕੋਠੇ ਅੰਦਰ ਵਿਚਕਾਰਲੇ ਕੱਦ, ਸਿਰ 'ਤੇ ਨਿੱਕੀ ਜਿਹੀ ਟੋਪੀ, ਮੋਢਿਆਂ 'ਤੇ ਹਰਾ ਤੌਲਿਆ ਤੇ ਤੇੜ ਚਾਰਖਾਨਾ ਤੰਬਾ ਲਾਈ ਮਜੌਰ ਬੈਠਾ ਸੀ। ਮੈਂ ਵੀ ਸਲਾਮ ਕਰ ਕੇ ਕੋਲ ਬਹਿ ਗਿਆ। ਗੱਲਾਂ 'ਚ ਮਜੌਰ ਉਸਮਾਨ ਮੁਹੰਮਦ ਨੇ ਆਪਣੇ ਬਾਰੇ ਦੱਸਿਆ ਕਿ ਹੱਲਿਆਂ ਵੇਲ਼ੇ ਉਹ ਭੱਜ ਕੇ ਸਰਹੰਦ ਦੇ ਮੁਜੱਦਦ ਅਲਿਫ ਸਾਨੀ ਦੇ ਰੌਜ਼ਾ ਸ਼ਰੀਫ ਦੀ ਚਾਰਦੀਵਾਰੀ 'ਚ ਲੱਗੇ ਕੈਂਪ 'ਚ ਰਹਿੰਦਾ ਹੋਇਆ ਖਾਦਮਾਂ 'ਚ ਸ਼ਾਮਲ ਹੋ ਗਿਆ ਸੀ। ਵੀਹ ਸਾਲਾਂ ਦੀ ਖਿਦਮਤ ਦੇ ਬਾਅਦ ਇਕ ਰਾਤ ਨੂੰ ਉਹਨੂੰ ਸੁਫਨਾ ਆਇਆ। ਉਹਨੂੰ ਚਿੱਟੇ ਘੋੜੇ 'ਤੇ ਚਿੱਟੇ ਕੱਪੜਿਆਂ ਵਾਲੇ ਅਸਵਾਰ ਨੇ ਕਿਹਾ ਕਿ 'ਐ ਖਾਦਮ ਉਸਮਾਨ ਤੇਰੀਆਂ ਖਿਦਮਤਾਂ ਮਨਜ਼ੂਰ ਹੋਈਆਂ। ਤੇਰਾ ਠਿਕਾਣਾ ਹੁਣ ਇਹ ਨਹੀਂ। ਕਿਤੇ ਹੋਰ ਏ। ਉੱਠ ਤੁਰ ਪੈ, ਉਹ ਤੈਨੂੰ ਰਾਤ ਤਕ ਲੱਭ ਜਾਵੇਗਾ।'...ਮੈਂ ਨਾ ਅਨਾਜ ਦਾ ਦਾਣਾ ਖਾਧਾ। ਨਾ ਪਾਣੀ ਦੀ ਬੂੰਦ ਪੀਤੀ। ਰਾਤ ਭਰ ਜਾਗਦਾ ਰਿਹਾ। ਸਵੇਰੇ ਮੂੰਹਨ੍ਹੇਰੇ ਉਹ ਔਖਾ ਫੈਸਲਾ ਕਰ ਕੇ ਤੁਰਿਆ ਤਾਂ ਦੁਪਹਿਰ ਹੁੰਦੀ ਨੂੰ ਸੂਫੀ ਦਰਵੇਸ਼ ਹਜ਼ਰਤ ਕੁਵੱਲੇ ਸ਼ਾਹ ਦੇ ਏਸ ਮਕਬਰੇ 'ਤੇ ਆ ਗਿਆ। ਬੇਚੈਨ ਦਿਲ ਟਿਕ ਗਿਆ। ਅੱਖਾਂ ਅੱਗਿਉਂ ਧੁੰਦ ਹਟ ਗਈ। ਚਾਨਣ ਹੋ ਗਿਆ।
ਫੇਰ ਇਹ ਚਾਰਦੀਵਾਰੀ ਬਣੀ, ਕਲੀਆਂ ਹੋਈਆਂ ਤੇ ਇਹ ਰੌਣਕਾਂ ਮਿਹਰਾਂ। ਫੇਰ ਇਹ ਸੂਫੀ ਦਰਵੇਸ਼ ਖਿਦਮਤਗਾਰ ਰਾਂਝੂ ਸ਼ਾਹ ਆ ਗਿਆ। ਬੱਸ, ਫੇਰ ਅੱਲਾ ਦੀਆਂ ਮਿਹਰਾਂ ਈ ਮਿਹਰਾਂ ਬਰਸੀਆਂ। ਸਭ ਦਾ ਆਪਣਾ-ਆਪਣਾ ਨਸੀਬਾ। ਇਹਨਾਂ ਥੰਮੀਆਂ ਸਦਕਾ ਹੀ  ਸਾਡੇ ਵਰਗੇ ਗੁਨਾਹਗਾਰਾਂ ਦੇ ਪਾਰ ਉਤਾਰੇ ਹੋ ਜਾਂਦੇ ਨੇ। ਜਿਨ੍ਹਾਂ ਖਿਦਮਤਾਂ ਕੀਤੀਆਂ। ਉਹਨਾਂ ਨੇ ਸਕੂਨ ਪਾਇਆ। ਯਾ ਮੇਰੇ ਮੌਲਾ, ਸਭ ਨੂੰ ਸਕੂਨ ਬਖਸ਼ੀਂ।
ਮੈਨੂੰ ਰਾਂਝੂ ਦੀ ਡਾਕਖਾਨੇ ਵਾਲੀ ਪਾਸ ਬੁੱਕ ਦੇ ਤਿੰਨ ਹਜ਼ਾਰ ਰੁਪਿਆਂ ਦਾ ਖਿਆਲ ਆਇਆ। ਉਸਮਾਨ ਅੱਲਾ ਨੇ ਦੱਸਿਆ ਕਿ ਉਹਨੇ ਰਾਂਝੂ ਦਾ ਝੋਲਾ ਵੀ ਨਾਲ ਈ ਦਫਨ ਕਰ ਦਿੱਤਾ ਸੀ। ਮੈਂ ਇਹ ਸੋਚ ਕੇ ਤੁਰਿਆ ਸੀ ਕਿ ਉਹਦੇ ਪੈਸੇ ਕਢਵਾ ਕੇ ਮੈਂ ਉਹਨੂੰ ਕਿਸੇ ਬਿਰਧ ਆਸ਼ਰਮ 'ਚ ਦਾਖਲ ਕਰਾ ਦੇਵਾਂਗਾ। ਪਰ ਉਹ ਤਾਂ ਹੁਣ ਕਬਰ 'ਚ ਪਿਆ ਸੀ। ਮੈਂ ਅਮਲੋਹ ਜਾ ਕੇ ਡਾਕ ਬਾਬੂ ਨੂੰ ਮਿਲ ਕੇ ਤਿੰਨ ਹਜ਼ਾਰ ਦੀ ਰਕਮ ਕਢਵਾ ਲਈ। ਵਿਆਜ ਬਾਬੂ ਨੇ ਰੱਖ ਲਿਆ। ਉਹ ਪੈਸੇ ਲੈ ਕੇ ਮੈਂ ਮੁਤਵੱਲੀ ਮੁਹੰਮਦ ਉਸਮਾਨ ਕੋਲ ਆਇਆ। ਅਸੀਂ ਤਿੰਨਾਂ ਦਿਨਾਂ 'ਚ ਰਾਂਝੂ ਦੀ ਕਬਰ ਪੱਕੀ ਕਰਾਈ। ਦੋਹਾਂ ਮਜ਼ਾਰਾਂ 'ਤੇ ਕਤਬੇ ਲਿਖਵਾ ਕੇ ਲਾਏ। ਝੰਡੀਆਂ ਲਾਈਆਂ, ਵੱਡੀ ਦੇਗ਼ 'ਚ ਚੌਲ ਪਕਾਏ ਤੇ ਮੱਥਾ ਟੇਕਣ ਵਾਲਿਆਂ ਨੂੰ ਨਿਆਜ਼ ਵੰਡੀ। ਇਹ ਝੰਡੀਆਂ ਦੇਖ ਕੇ ਪਿੰਡ ਡਡਹੇੜੀ ਦੇ ਮਰਾਸੀਆਂ ਦੇ ਮੁੰਡਿਆਂ ਦਾ ਕੱਵਾਲੀ ਦਾ ਗਰੁੱਪ ਆਪੇ ਆ ਗਿਆ। ਉਹਨਾਂ ਖੂਬ ਬੁਲ੍ਹਾ ਤੇ ਸ਼ਾਹ ਹੁਸੈਨ ਦਾ ਕਲਾਮ ਗਾ ਕੇ ਰੰਗ ਬਨ੍ਹ ਦਿੱਤਾ। ਅਸੀਂ ਉਹਨਾਂ ਦੀ ਵੀ ਸੇਵਾ ਕਰ ਦਿੱਤੀ। ਮੈਂ ਤਾਂ ਰਾਂਝੂ ਦੇ ਪੈਸੇ ਖਰਚ ਕਰ ਦਿੱਤੇ, ਪਰ ਮਜੌਰ 'ਤੇ ਅੱਲਾ ਦੀ ਚੋਖੀ ਮਿਹਰ ਹੋ ਗਈ ਉਹਦੇ ਕੋਲ ਦੂਣੇ ਤੀਣੇ ਹੋ ਗਏ।
ਹੁਣ ਇਹ ਪਹਿਲਾਂ ਵਾਲਾ ਕੁਵੱਲੇ ਸ਼ਾਹ ਦਾ ਤਕੀਆ ਨਹੀਂ ਸੀ ਰਿਹਾ, ਬਲਕਿ ਸੂਫੀ ਪੀਰ ਦਸਤਗੀਰ ਹਜ਼ਰਤ ਕੁਵੱਲੇ ਸ਼ਾਹ ਦਾ ਰੌਜ਼ਾ ਸ਼ਰੀਫ ਹੋ ਗਿਆ ਸੀ। ਜਿਹੜਾ ਸਿਰਫ ਮੁਸਲਮਾਨਾਂ ਲਈ ਹੀ ਨਹੀਂ, ਬਲਕਿ ਹਿੰਦੂਆਂ ਸਿੱਖਾਂ ਲਈ ਵੀ ਕਰਨੀ ਵਾਲਾ ਪਹੁੰਚਿਆ ਪੀਰ ਬਣ ਗਿਆ ਸੀ। ਮੁਤਵੱਲੀ ਉਸਮਾਨ ਨੇ ਮੈਨੂੰ ਦਰਵੇਸ਼ ਰਾਂਝੂ ਦੇ ਆਓਣ ਤੇ ਮਰਨ ਬਾਰੇ ਕਈ ਕਰਾਮਾਤੀ ਗੱਲਾਂ ਦੱਸੀਆਂ ਤੇ ਕਿਹਾ ਕਿ ਉਹ ਬੜੇ ਗੁੱਝੇ ਇਲਮਾਂ ਵਾਲਾ ਦਰਵੇਸ਼ ਸੀ। ਇਹ ਜੋ ਕੁਝ ਹੈ, ਸਭ ਉਹਦੇ ਕਦਮਾਂ ਦਾ ਸਦਕਾ ਏ। ਆਪਾਂ ਕੀਹਦੇ ਪਾਣੀਹਾਰ ਆਂ। ਇਹ ਪੀਰ ਦਸਤਗੀਰ ਦੇ ਇਸ਼ਾਰੇ 'ਤੇ ਹੋ ਰਿਹਾ ਏ। ਇਹੀ ਲੋਕ ਨੇ ਜਿਨ੍ਹਾਂ ਦੇ ਆਸਰੇ ਇਹ ਧਰਤੀ, ਇਹ ਅਸਮਾਨ ਖੜ੍ਹੇ ਨੇ। ਇਹ ਅਸਮਾਨ ਦੇ ਹੇਠਾਂ ਦੀਆਂ ਥੰਮੀਆਂ ਨੇ। ਨਹੀਂ ਤਾਂ ਅਸਮਾਨ ਨਾ ਗਿਰ ਪੈਂਦਾ ਸਾਡੇ ਐਨੇ ਪਾਪੀਆਂ ਉੱਤੇ। ਕਿਆਮਤ ਦਾ ਦਿਨ ਨਾ ਆ ਜਾਂਦਾ!... ਅੱਲਾਹ, ਅਸੀਂ ਗੁਨਾਹਗਾਰ ਬੰਦੇ, ਪਨਾਹ ਮੰਗਦੇ ਹਾਂ, ਇਹਨਾਂ ਥੰਮੀਆਂ ਦੀ।
ਪਰ ਮੇਰੇ ਯਾਰ ਲੇਖਕ ਦੀ ਮੌਤ ਏਸ ਤੋਂ ਵੱਖਰੀ ਤਰ੍ਹਾਂ ਹੋਈ। ਉਹ ਅੰਤ ਤਕ ਆਪਣੇ ਖਰੀਦੇ ਨਿੱਕੇ ਫਲੈਟ 'ਚ ਹੀ ਰਿਹਾ। ਉਹਦੇ ਮੁੰਡੇ ਨੇ ਇੰਡਸਟਰੀਅਲ ਏਰੀਆ 'ਚ ਫੈਕਟਰੀ ਤੇ ਰਿਹਾਇਸ਼ੀ ਇਲਾਕੇ 'ਚ ਕੋਠੀ ਪਾ ਲਈ ਸੀ। ਉਹ ਆਪਣੇ ਪਹਿਲੇ ਬੱਚੇ ਵੇਲ਼ੇ ਆਪਣੀ ਮਾਂ ਨੂੰ ਵੀ ਉਥੇ ਲੈ ਗਿਆ ਸੀ। ਲੇਖਕ ਏਸ ਗੱਲ 'ਤੇ ਅੜ ਗਿਆ ਸੀ ਉਹਨੇ ਤਾਂ ਏਸੇ ਫਲੈਟ 'ਚ ਮਰਨਾ ਏ। ਅੰਤਲੀ ਉਮਰੇ ਉਹਨੂੰ ਗਲੇ ਦਾ ਕੈਂਸਰ ਹੋ ਗਿਆ ਸੀ। ਉਹ ਹੋਮੋਪੈਥੀ ਦੀਆਂ ਗੋਲੀਆਂ ਖਾਂਦਾ ਰਿਹਾ ਸੀ। ਕਹਿੰਦਾ, ਜੇ ਮਰਨਾ ਈ ਏ ਤਾਂ ਟੱਬਰ ਨੂੰ ਨੰਗ ਕਿਉਂ ਕਰਾਂ। ਉਹ ਤਾਂ ਪੈਸਾ ਖਰਚਣ ਤੇ ਖੁਸ਼ੀਆਂ ਮਾਨਣ।
ਉਹਨੇ ਅਖਬਾਰਾਂ 'ਚ ਛਪੀਆਂ ਆਪਣੀਆਂ ਸਾਰੀਆਂ ਲਿਖਤਾਂ ਦੀਆਂ ਫਾਈਲਾਂ ਕੱਪੜੇ ਦੀ ਗੰਢ 'ਚ ਭਰ ਕੇ ਇਕ ਪਾਸੇ ਰੱਖ ਦਿੱਤੀਆਂ ਸਨ। ਉਹ ਸਭ ਕੁਝ ਰੱਦੀ ਨਹੀਂ ਸੀ। ਕੁਝ ਲੇਖ ਚੰਗੇ ਤੇ ਦਿਲਚਸਪ ਲੱਗਦੇ ਸਨ। ਕਦੇ ਮੈਂ ਦਾਦ ਦੇ ਦੇਂਦਾ ਸੀ। ਉਹਦੀ ਸਰਾਹਣਾ ਦੀਆਂ ਚਿੱਠੀਆਂ ਛਪਦੀਆਂ ਸਨ। ਉਹਦਾ ਸਨਮਾਨ ਵੀ ਕਈ ਨਿੱਕੀਆਂ ਮੋਟੀਆਂ ਸੰਸਾਥਾਂ ਨੇ ਕੀਤਾ ਸੀ। ਫੇਰ ਵੀ ਪਤਾ ਨਹੀਂ ਕਿਉਂ, ਸਾਹਿਤਕਾਰ ਉਹਨੂੰ ਲੇਖਕ ਨਹੀਂ ਸਨ ਮੰਨਦੇ। ਅਖਬਾਰੀ ਪੱਤਰਕਾਰ ਕਹਿ ਛੱਡਦੇ ਸਨ।
ਆਖਰੀ ਦਿਨ ਰਾਤ ਨੂੰ ਉਹਦੇ ਗਵਾਂਢੀਆਂ ਨੇ ਉਹਦੇ ਪੁੱਤਰ ਨੂੰ ਫੋਨ ਕੀਤਾ ਸੀ ਕਿ ਆ ਜਾਓ। ਮਾਂ ਪੁੱਤ ਆਏ ਤਾਂ ਗੱਲ ਮੁੱਕ ਚੁੱਕੀ ਸੀ। ਮਰਨ ਵਾਲੇ ਦੇ ਸਰ੍ਹਾਣੇ ਹੇਠੋਂ ਇਕ ਕਾਗਜ਼ 'ਤੇ ਲਿਖੀ ਵਸੀਅਤ ਮਿਲੀ। ਜਿਸ 'ਤੇ ਲਿਖਿਆ ਸੀ ਕਿ ਉਹਨੂੰ ਬਿਜਲੀ ਵਾਲੇ ਸ਼ਮਸ਼ਾਨ 'ਚ ਲਿਜਾਇਆ ਜਾਵੇ। ਫੁੱਲ ਕਿਸੇ ਨੇੜੇ ਦੇ ਵਗਦੇ ਪਾਣੀ 'ਚ ਪਾ ਦਿੱਤੇ ਜਾਣ। ਚੌਥੇ ਦਿਨ ਉਠਾਲਾ ਕਰ ਕੇ ਆਪਣੇ ਕੰਮਾਂ 'ਤੇ ਜਾਇਓ। ਮੇਰੀ ਕੋਈ ਕਿਰਿਆ ਦੀ ਰਸਮ ਨਾ ਕੀਤੀ ਜਾਵੇ, ਨਾ ਬ੍ਰਾਹਮਣਾਂ ਨੂੰ ਦਾਨ ਪੁੰਨ। ਰੋਟੀ ਵੀ ਨਾ ਖਵਾਈ ਜਾਵੇ।...ਓਸੇ ਵਰਕੇ ਦੇ ਹੇਠਾਂ ਉਹ ਰਕਮਾਂ ਲਿਖੀਆਂ ਹੋਈਆਂ ਸਨ, ਜਿਹੜੀਆਂ ਉਹਨੇ ਕਿਸੇ ਤੋਂ ਲੈਣੀਆਂ ਸਨ। ਸ਼ਾਇਦ ਨੀਲੀਆਂ ਫਿਲਮਾਂ ਦੇ ਕਿਰਾਏ ਵਜੋਂ।
ਪਰ ਉਹਦੇ ਕਾਰਖਾਨੇਦਾਰ ਬੇਟੇ ਨੇ ਸਾਰੀਆਂ ਰਸਮਾਂ ਕੀਤੀਆਂ। ਏਥੇ ਤਕ ਕਿ ਜਿਹੜੇ ਅਰੋਮਾ ਹੋਟਲ ਦੀ ਕੰਧ ਕੋਲ ਮੰਗਤਿਆਂ ਦੀ ਕਤਾਰ 'ਚ ਬਹਿ ਕੇ ਮਰਨ ਵਾਲਾ ਰੋਟੀ ਖਾਂਦਾ ਹੁੰਦਾ ਸੀ, ਓਸੇ ਦੇ ਅੰਦਰ ਉਹਦੀ ਬਰਸੀ ਮਨਾਈ ਗਈ। ਜੀਹਦੇ ਵਿਚ ਵਿਸਕੀ ਚੱਲੀ ਤੇ ਹਰ ਕਿਸਮ ਦਾ ਨਾਨਵੈਜ। ਉਹਨੇ ਲੇਖਕ ਦੋਸਤਾਂ ਨੂੰ ਵੀ ਬੁਲਾਇਆ ਸੀ। ਮੈਂ ਵੀ ਗਿਆ ਸੀ। ਮੈਂ, ਜਿਹੜਾ ਉਹਨੂੰ ਆਮ ਜਿਹਾ ਤੇ ਅਖਬਾਰਾਂ 'ਚ ਛਪਣ ਵਾਲਾ ਲੇਖਕ ਸਮਝਦਾ ਸੀ, ਸਟੇਜ 'ਤੇ ਜਾ ਕੇ ਉਹਦੀਆਂ ਲਿਖਤਾਂ ਦੀ ਤਾਰੀਫ ਕੀਤੀ ਸੀ। ਮਰਨ ਵਾਲੇ ਨਾਲ ਦੋਸਤੀ ਦਾ ਦਮ ਭਰਿਆ ਸੀ। ਜਾਂਦਿਆਂ ਉਹਦੀਆਂ ਛਪੀਆਂ ਨਵੀਆਂ ਕਿਤਾਬਾਂ ਦਾ ਸੈਟ ਲੈ ਕੇ ਝੂਮਦਾ ਘਰ ਆਇਆ ਸੀ।  
ਉਹਦੇ ਪੁੱਤਰ ਨੇ ਐਲਾਨ ਕੀਤਾ ਸੀ ਕਿ ਉਹ ਆਪਣੇ ਨੇਕ ਪਿਤਾ ਦੀ ਯਾਦ 'ਚ ਹਰ ਸਾਲ ਬਰਸੀ ਵਾਲੇ ਦਿਨ ਲੇਖਕਾਂ ਨੂੰ ਕੱਠਿਆਂ ਕਰ ਕੇ ਸਮਾਗਮ ਕੀਤਾ ਜਾਵੇਗਾ। ਫੇਰ ਕੋਈ ਧਰਮ ਕਰਮ ਦਾ ਕੰਮ ਕਰੇਗਾ।...ਬੇਘਰ ਗਰੀਬ ਲੋਕਾਂ ਨੂੰ ਇਕ ਹਫਤਾ ਰੋਜ਼ ਰੋਟੀ ਖਵਾਇਆ ਕਰੇਗਾ। ਸਾਡਾ ਵੀ ਧਰਮ ਬਣਦਾ ਏ, ਭੁੱਖਿਆਂ ਦੇ ਢਿੱਡ ਭਰਨ ਦਾ।...
ਏਸ ਪਵਿੱਤਰ ਕੰਮ ਲਈ ਉਹਨੇ ਦੋਵੇਂ ਫਲੈਟ ਤੇ ਦੁਕਾਨ ਵੇਚ ਦਿੱਤੀ। ਆਪਣੀ ਕੋਠੀ 'ਚ ਉਹਦੀ ਫੋਟੋ ਵੱਡੀ ਕਰ ਕੇ ਲਵਾ ਲਈ। ਜੀਹਦੇ ਉਤੇ ਰੋਜ਼ ਫੁੱਲਾਂ ਦਾ ਹਾਰ ਉਹਦੀ ਮਾਤਾ ਚੜ੍ਹਾਉਂਦੀ ਏ।
ਮੈਂ ਜਦ ਵੀ ਪਿੰਡ ਜਾਂਦਾ ਹਾਂ, ਰਾਂਝੂ...ਨਹੀਂ, ਸੂਫੀ ਦਰਵੇਸ਼ ਰਾਂਝੂ ਸ਼ਾਹ ਦੇ ਮਜ਼ਾਰ 'ਤੇ ਜਾਂਦਾ ਹਾਂ। ਮੁਤਵੱਲੀ ਮੁਹੰਮਦ ਉਸਮਾਨ ਨੂੰ ਮਿਲਦਾ ਹਾਂ। ਉਹਦੀ ਸੁਰਮੇ ਵਾਲੀ ਅੱਖ ਤੇ ਮੂੰਹ 'ਤੇ ਫਿਰਦੇ ਹਰੇ ਰੰਗ ਦੇ ਤੌਲੀਏ ਨਾਲ ਪੂੰਝੇ ਹੋਏ ਨੂਰਾਨੀ ਚਿਹਰੇ ਨੂੰ ਦੇਖਦਾ ਹਾਂ। ਅੱਲਾ ਨੂੰ ਪਿਆਰੇ ਹੋਏ ਹਜ਼ਰਤਾਂ, ਸ਼ਾਹਾਂ ਤੇ ਸੂਫੀ ਦਰਵੇਸ਼ਾਂ ਦੀਆਂ ਗੱਲਾਂ ਸੁਣਦਾ ਹਾਂ। ਘਰ ਮੁੜਦਾ ਹੋਇਆ ਆਪਣੇ ਆਪ 'ਚ ਵੜਿਆ ਕੋਈ ਦਰਵੇਸ਼ ਮਹਿਸੂਸ ਕਰਦਾ ਹਾਂ।
ਹੁਣ ਮੈਂ ਧੁੱਪੇ ਬੈਠਾ ਹੱਸਦਾ ਹਾਂ ਕਿ ਪਹਿਲਾਂ ਦੋ ਜਣਿਆਂ ਬਾਰੇ ਕੱਠਾ ਸੋਚਦਾ ਸੀ, ਹੁਣ ਤਿੰਨ ਜਣੇ ਹੋ ਗਏ ਨੇ। ਵਿਚ ਮੁਹੰਮਦ ਉਸਮਾਨ ਮੁਤਵੱਲੀ ਜੁ ਰਲ਼ ਗਿਆ ਏ।

    --- --- ---

Sunday, 24 April 2011

ਮੀਂਗਣਾਂ ਗਿਣਨ ਵਾਲਾ ਪੰਡਤ : ਰਾਮ ਸਰੂਪ ਅਣਖੀ :: ਪ੍ਰੇਮ ਪ੍ਰਕਾਸ਼




ਮੀਂਗਣਾਂ ਗਿਣਨ ਵਾਲਾ ਪੰਡਤ : ਰਾਮ ਸਰੂਪ ਅਣਖੀ :: ਪ੍ਰੇਮ ਪ੍ਰਕਾਸ਼

ਪ੍ਰੇਮ ਪ੍ਰਕਾਸ਼
ਪੋਸਟਿੰਗ : ਮਹਿੰਦਰ ਬੇਦੀ ਜੈਤੋ



ਪੰਜਾਬੀ ਦਾ ਬਹੁਤੇ ਪਾਠਕਾਂ ਵਾਲਾ ਨਾਵਲਕਾਰ ਰਾਮ ਸਰੂਪ ਅਣਖੀ ਮੇਰੇ ਦੋਸਤਾਂ ਦੇ ਘੇਰੇ 'ਚ ਦੂਰ ਦੇ ਦਾਇਰੇ 'ਚ ਸੀ। ਨੇੜੇ ਤਾਂ ਨਾ ਹੋ ਸਕਿਆ ਕਿ ਮੇਰੇ ਤੇ ਉਹਦੇ ਸੁਭਾਵਾਂ ਤੇ ਸੋਚਾਂ 'ਚ ਕਾਫੀ ਫਾਸਲਾ ਸੀ। ਸਾਹਿਤਕਾਰੀ ਦੇ ਸ਼ੁਰੂ ਦੇ ਦਿਨਾਂ 'ਚ ਮੇਰੇ ਮਨ 'ਚ ਅਣਖੀ ਦੀ ਸ਼ਖਸੀਅਤ ਨਾ ਚੰਗੀ ਸੀ ਤੇ ਨਾ ਮਾੜੀ। ਅਸਲ 'ਚ ਮੈਨੂੰ ਉਹ ਗੌਲ਼ਿਆ ਜਾਣ ਵਾਲਾ ਲੇਖਕ ਲੱਗਦਾ ਹੀ ਨਹੀਂ ਸੀ। ਅਸੀਂ ਆਮ ਜਿਹੇ ਦੋਸਤਾਂ ਵਾਂਗ ਮਿਲਦੇ ਸੀ, ਜਿਵੇਂ ਪੰਜਾਬੀ ਦੇ ਏਸ ਨਿੱਕੇ ਜਿਹੇ ਘੇਰੇ 'ਚ ਅਸੀਂ ਥੋੜੇ ਜਿਹੇ ਤਾਂ ਹਾਂ।
ਅਣਖੀ ਦੇ ਤੁਰ ਜਾਣ ਤੋਂ ਪਹਿਲਾਂ ਦੇ ਕੁਝ ਸਾਲਾਂ 'ਚ ਸਾਡੇ ਵਿਚਕਾਰ ਕਾਫੀ ਨੇੜਤਾ ਆ ਗਈ ਸੀ। ਅਸੀਂ ਇਕ ਦੂਜੇ ਨੂੰ ਜਾਨਣ ਲੱਗ ਪਏ ਸੀ। ਤੇ ਹੁਣ ਉਹਦੇ ਤੁਰ ਜਾਣ ਦੇ ਮਹੀਨਾ ਕੁ ਬਾਅਦ ਮੈਂ ਉਹਦਾ ਵਿਅਕਤੀ ਚਿਤਰ ਲਿਖਣ ਲੱਗਿਆ ਤਾਂ ਮੇਰੇ ਸਾਹਮਣੇ ਉਹਦੇ ਮਾੜੇ ਪਹਿਲੂ ਬਹੁਤੇ ਉਜਾਗਰ ਹੋਏ। ਮੈਂ ਲਿਖਣੋਂ ਰੁਕ ਗਿਆ। ਸੋਚਾਂ ਕਿ ਮੈਂ ਪਿਛਲੇ ਛੇ ਕੁ ਵਰ੍ਹਿਆਂ ਤੋਂ ਕਿਸੇ ਵੀ ਲੇਖਕ ਤੇ ਉਹਦੀ ਰਚਨਾ ਨੂੰ ਮਾੜਾ ਨਾ ਲਿਖਣ ਦਾ ਫੈਸਲਾ ਕੀਤਾ ਹੋਇਆ ਏ। ਫੇਰ ਮੈਂ ਅਣਖੀ ਨੂੰ ਮਾੜਾ ਕਿਉਂ ਲਿਖਾਂ?
ਫੇਰ ਪੰਦਰਾਂ ਕੁ ਦਿਨਾਂ ਬਾਅਦ ਖਿਆਲ ਆਇਆ ਕਿ ਜੇ ਅਣਖੀ ਹਜ਼ਾਰਾਂ ਪਾਠਕਾਂ ਦਾ ਨਾਇਕ ਏ ਤੇ ਜੇ ਉਹ ਸਿਰਫ ਘਰਦਿਆਂ ਦਾ ਹੀ ਨਹੀਂ, ਸਗੋਂ ਸਾਰੇ ਪੰਜਾਬੀਆਂ ਦਾ ਏ ਤਾਂ ਉਹਦਾ ਨਿੱਜ ਵੀ ਸਭ ਲਈ ਏ। ਸਾਰੇ ਪੰਜਾਬੀ ਭਾਈਚਾਰੇ ਦਾ ਏ। ਉਹਦੇ ਬਾਰੇ ਚੰਗੀਆਂ ਮਾੜੀਆਂ ਸਾਰੀਆਂ ਗੱਲਾਂ ਦੱਸਣੀਆਂ ਤੇ ਲਿਖਣੀਆਂ ਚਾਹੀਦੀਆਂ ਨੇ।
1970 'ਚ ਜਦ ਮੈਂ 'ਲਕੀਰ' ਕੱਢਿਆ ਤਾਂ ਰਾਮ ਸਰੂਪ ਅਣਖੀ ਇਕ ਸ਼ਾਮ ਮੇਰੇ ਆਦਰਸ਼ ਨਗਰ ਵਾਲੇ ਕਿਰਾਏ ਦੇ ਘਰ 'ਚ ਆ ਗਿਆ। ਆਪਣੇ ਸੰਸਕਾਰਾਂ ਦੇ ਹਿਸਾਬ ਨਾਲ ਮੈਂ ਉਹਨੂੰ ਆਦਰ ਮਾਣ ਨਾਲ ਰਾਤ ਰੱਖ ਲਿਆ। ਰਾਤ ਨੂੰ ਦੇਰ ਤਕ ਗੱਲਾਂ ਕਰਦਿਆਂ ਮੈਨੂੰ ਲੱਗਿਆ ਕਿ ਬਰਨਾਲੇ ਦੇ ਪੇਂਡੂ ਮਾਹੌਲ ਦੀ ਸੋਚ ਵਾਲਾ ਇਹ ਸਿੱਧਾ ਤੇ ਸਧਾਰਨ ਜਿਹਾ ਬੰਦਾ ਏ। ਮੈਂ ਉਹਨਾਂ ਦਿਨਾਂ 'ਚ ਨਕਸਲੀ ਲਹਿਰ 'ਚ ਹਮਦਰਦਾਂ ਵਾਂਗ ਸਰਗਰਮ ਸੀ। ਬਹੁਤੇ ਨੌਜਵਾਨ ਕ੍ਰਾਂਤੀ ਦੀ ਅੱਗ 'ਚ ਮੱਚ ਰਹੇ ਸੀ। ਮੈਂ ਸਾਹਿਤਕਾਰਾਂ ਦੀ ਵਿੰਗੀ ਜਿਹੀ ਹਓਮੈ ਕਰ ਕੇ ਆਪਣੇ ਵਰਗਾ ਕਹਾਣੀਕਾਰ ਕਿਸੇ ਨੂੰ ਸਮਝਦਾ ਹੀ ਨਹੀਂ ਸੀ। ਜਦ ਮੈਂ ਅਣਖੀ ਨੂੰ ਪੁੱਛਿਆ ਕਿ ਤੂੰ ਕਿਉਂ ਲਿਖਦੈਂ, ਤਾਂ ਉਹ ਕਹਿੰਦਾ, ''ਬਸ, ਮਾੜੀ ਮੋਟੀ ਸ਼ੁਹਰਤ ਹੋ ਜਾਂਦੀ ਐ। ਚਾਰ ਪੈਸੇ ਮਿਲ ਜਾਂਦੇ ਨੇ।''
ਅਣਖੀ ਦੀ ਗੱਲ ਸੁਣ ਕੇ ਮੈਨੂੰ ਕਹਾਣੀਕਾਰ ਦੇਵਿੰਦਰ ਯਾਦ ਆ ਗਿਆ। ਉਹ ਉਹਨਾਂ ਦਿਨਾਂ 'ਚ ਰੇਡਿਓ ਸਟੇਸ਼ਨ, ਜਲੰਧਰ 'ਤੇ ਪ੍ਰੋਡਿਓਸਰ ਜਾਂ ਪੈਕਸ ਸੀ। ਉਹ ਜਦ ਵੀ ਮਿਲਦਾ, ਮੈਨੂੰ ਕਹਿੰਦਾ, ''ਖੰਨਵੀ ਯਾਰ ਰੇਡਿਓ ਵਾਸਤੇ ਵੀ ਕੁਝ ਲਿਖ ਦਿਆ ਕਰ। ਚਾਰ ਪੈਸੇ ਈ ਮਿਲ ਜਾਂਦੇ ਨੇ। ਬੱਚਿਆਂ ਦੇ ਬੂਟ ਸ਼ੂਟ ਆ ਜਾਂਦੇ ਨੇ।''...ਮੈਂ ਉਹਦੀ ਏਸ ਬੂਟ ਸ਼ੂਟ ਵਾਲੀ ਗੱਲ ਦਾ ਮਖੌਲ ਉਡਾਇਆ ਕਰਦਾ ਸੀ। ਸੋ, ਮੈਨੂੰ ਅਣਖੀ ਤੇ ਦੇਵਿੰਦਰ ਇੱਕੋ ਜਿਹੀ ਸੋਚ ਵਾਲੇ ਗਰੀਬੜੇ ਤੇ ਹੌਲੇ ਲੇਖਕ ਲੱਗੇ। ਉਹਨਾਂ ਦਿਨਾਂ 'ਚ ਅਣਖੀ ਆਮ ਜਿਹੇ ਅਖਬਾਰਾਂ ਤੇ ਆਮ ਜਿਹੇ ਰਸਾਲਿਆਂ 'ਚ ਛਪਦਾ ਹੁੰਦਾ ਸੀ। ਮੈਨੂੰ ਉਹਦੀ ਲਿਖਤ ਸਧਾਰਨ ਸੋਚ ਤੇ ਸ਼ੈਲੀ ਵਾਲੀ ਲੱਗਦੀ। ਕਿਤੇ ਗਹਿਰਾਈ ਨਹੀਂ ਸੀ ਲੱਭਦੀ। ਉਹ ਕਵਿਤਾ ਵੀ ਲਿਖਦਾ ਸੀ। ਉਹ ਵੀ ਆਮ ਜਿਹੀ।
ਮੈਂ ਵੀ ਖੰਨੇ ਵਰਗੇ ਛੋਟੇ ਸ਼ਹਿਰ ਦਾ ਬੰਦਾ ਸੀ। ਮੈਨੂੰ ਵੀ ਮਹਿਮਾਨ ਨਵਾਜ਼ੀ ਦਾ ਖਿਆਲ ਸੀ। ਏਸ ਲਈ ਮੈਂ ਅਣਖੀ ਦੀ ਕਿਸੇ ਵੀ ਗੱਲ ਦਾ ਚੁਭਵਾਂ ਜਵਾਬ ਨਹੀਂ ਦਿੱਤਾ। ਜੇ ਕੋਈ ਸ਼ਹਿਰ ਦਾ ਬੰਦਾ ਹੁੰਦਾ ਤਾਂ ਮੈਂ ਚੋਭਾਂ ਮਾਰ ਕੇ ਈ ਭਜਾ ਦੇਂਦਾ।
ਮੈਨੂੰ ਅਣਖੀ ਦੇ ਕਵੀ ਹੋਣ ਬਾਰੇ ਉਦੋਂ ਪਤਾ ਲੱਗਿਆ, ਜਦ ਉਹ ਬਹੁਤ ਸ਼ੁਰੂ ਦੇ ਦਿਨਾਂ 'ਚ ਪਟਿਆਲੇ ਦੀ ਸਰਕਾਰੀ ਲਾਇਬ੍ਰੇਰੀ 'ਚ ਹੋਏ ਸਾਹਿਤਕ ਸਮਾਗਮ ਦੇ ਵਿਚਕਾਰ ਬਾਹਰ ਲਾਅਨ 'ਚ ਮੇਰੇ ਕੋਲ ਆ ਬੈਠਿਆ ਸੀ। ਉਹਨੇ ਮੈਨੂੰ ਆਪਣੀ ਕਵਿਤਾ ਸੁਣਾਈ। ਫੇਰ ਅਸੀਂ ਲੁੱਚੀਆਂ ਬੋਲੀਆਂ ਦੀਆਂ ਗੱਲਾਂ ਕਰਨ ਲੱਗੇ ਤਾਂ ਉਹਨੇ ਖਜ਼ਾਨਾ ਈ ਲੁਟਾਓਣਾ ਸ਼ੁਰੂ ਕਰ ਦਿੱਤਾ। ਇਕ ਲੰਮੀ ਬੋਲੀ...'ਪਤੀਲਾ ਭਰਿਆ… ...ਵਿਚ ਸਿੱਟੀ ਨੂਣ ਦੀ ਡਲੀ'...ਵਾਲੀ ਮੈਂ ਉਹਦੇ ਹੱਥੋਂ ਆਪਣੀ ਡਾਇਰੀ 'ਚ ਲਿਖਵਾ ਲਈ।
ਉਹਦੀਆਂ ਕਈ ਕਿਤਾਬਾਂ ਛਪ ਚੁੱਕੀਆਂ ਸਨ, ਪਰ ਉਹਦੀ ਪਛਾਣ ਨਹੀਂ ਸੀ ਬਣੀ। ਪਛਾਣ ਉਦੋਂ ਬਣੀ ਜਦ ਕਿੰਨੇ ਈ ਵਰ੍ਹਿਆਂ ਬਾਅਦ ਜਸਵੰਤ ਸਿੰਘ ਵਿਰਦੀ ਤੇ ਰਾਮ ਸਰੂਪ ਅਣਖੀ ਹਿੰਦੀ ਦੇ ਨਵੀਂ ਕਹਾਣੀ ਦੇ ਇਕ ਚੰਗੇ ਗਰੁੱਪ ਦੇ ਲੀਡਰ ਕਮਲੇਸ਼ਵਰ ਦੀ ਸਮਾਨਾਂਤਰ ਕਹਾਣੀ ਨਾਂ ਦੇ ਕਿਸੇ ਗਰੁੱਪ 'ਚ ਸ਼ਾਮਲ ਹੋ ਗਏ। ਜੀਹਦੇ ਨਾਲ ਇਹਨਾਂ ਦੋਹਾਂ ਲੇਖਕਾਂ ਦੀਆਂ ਕਹਾਣੀਆਂ ਦੇ ਹਿੰਦੀ ਅਨੁਵਾਦ ਧੜਾਧੜ ਹਿੰਦੀ ਦੇ ਉਹਨਾਂ ਪਰਚਿਆਂ 'ਚ ਛਪਣ ਲੱਗੇ, ਜਿਨਾਂ ਦੇ ਸੰਪਾਦਕ ਕਮਲੇਸ਼ਵਰ ਆਪ ਤੇ ਜਾਂ ਉਹਦੇ ਗਰੁੱਪ ਦਾ ਕੋਈ ਕਹਾਣੀਕਾਰ ਸੀ। ਨੌਂ ਦਸ ਕੁ ਸਾਲ ਚੱਲੇ ਏਸ ਸਿਲਸਿਲੇ ਤੋਂ ਹਿੰਦੀ ਵਾਲਿਆਂ ਅਤੇ ਵਿਰਦੀ ਤੇ ਅਣਖੀ ਨੂੰ ਆਪਣੇ ਆਪ ਨੂੰ ਇਹ ਲੱਗਣ ਲੱਗ ਪਿਆ ਸੀ ਕਿ ਉਹੀ ਦੋ ਜਣੇ ਸਾਰੇ ਭਾਰਤ ਵਾਸਤੇ ਪੰਜਾਬੀ ਕਹਾਣੀ ਦੀ ਨੁਮਾਇੰਦਗੀ ਕਰਦੇ ਨੇ। ਹਿੰਦੀ ਵਾਲੇ ਵੀ ਇਹੀ ਸਮਝਦੇ ਰਹੇ ਕਿ ਪੰਜਾਬੀ ਕਹਾਣੀ ਇਹੋ ਈ ਏ। ਜਦਕਿ ਸਚਾਈ ਇਹ ਸੀ ਕਿ ਵਿਰਦੀ ਦੀ ਪੁੱਛ ਪੰਜ ਛੇ ਕਹਾਣੀਆਂ ਕਰ ਕੇ ਥੋੜੀ ਜਿਹੀ ਪਈ ਹੋਈ ਸੀ, ਪਰ ਅਣਖੀ ਸਿਰਫ ਆਪਣੇ ਬਰਨਾਲੇ ਦੇ ਇਲਾਕੇ ਤਕ ਸੀਮਤ ਸੀ।
ਅਣਖੀ ਆਪਣੀ ਹੈਸੀਅਤ ਨੂੰ ਪੰਜਾਬੀ 'ਚ ਫੈਲਾਓਣ ਵਾਸਤੇ ਅਖ਼ਬਾਰਾਂ ਤੇ ਸਾਹਿਤਕ ਪਰਚਿਆਂ ਦੇ ਸੰਪਾਦਕਾਂ ਨੂੰ ਮਿਲਦਾ ਰਹਿੰਦਾ ਸੀ। ਏਸ ਸੰਪਰਕ ਲਈ ਉਹ ਅਖਬਾਰਾਂ 'ਚ ਲੇਖ ਵੀ ਲਿਖਦਾ ਸੀ। ਉਹ ਆਪਣੇ ਅਖਬਾਰਾਂ ਦੇ ਏਸ ਸਿਲਸਿਲੇ 'ਚ 'ਮੈਂ ਤਾਂ ਬੋਲੂੰਗੀ' ਨਾਂ ਦੇ ਕਾਲਮ ਲਈ ਸਾਹਿਤਕਾਰਾਂ ਦੀਆਂ ਪਤਨੀਆਂ ਨਾਲ ਇੰਟਰਵਿਊ ਕਰਦਾ ਰਹਿੰਦਾ ਸੀ। ਉਹ ਮੇਰੇ ਘਰ ਵੀ ਆਇਆ, ਜਦ ਮੈਂ ਦਫਤਰ ਗਿਆ ਹੋਇਆ ਸੀ। ਫੇਰ ਉਹ 'ਸਾਡੇ ਕਹਾਣੀਕਾਰ' ਨਾਂ ਦੇ ਕਾਲਮ ਲਈ ਲੇਖਕਾਂ ਬਾਰੇ ਲਿਖਦਾ ਰਹਿੰਦਾ ਸੀ। ਜਦ ਉਹਨੇ ਮੇਰੇ ਬਾਰੇ ਲਿਖਿਆ ਤਾਂ ਮੈਨੂੰ ਲੱਗਿਆ ਕਿ ਏਸ ਬੰਦੇ ਨੇ ਨਾ ਮੇਰੀਆਂ ਕਹਾਣੀਆਂ ਪੜ੍ਹੀਆਂ ਨੇ ਤੇ ਨਾ ਈ ਉਹਨਾਂ ਨੂੰ ਸਮਝਿਆ ਏ। ਬਸ ਵਿਸ਼ੇਸ਼ਣਾਂ ਦੇ ਆਸਰੇ ਤੇ ਇੰਟਰਵਿਊ ਕਰ ਕੇ ਏਡਾ ਲੇਖ ਲਿਖ ਦਿੱਤਾ ਏ। ਅਜਿਹੇ ਲੇਖਾਂ ਤੋਂ ਉਹਨੂੰ ਉਦੋਂ ਪੰਜਾਹ ਜਾਂ ਸੱਠ ਰੁਪਏ ਮਿਲਦੇ ਹੋਣਗੇ। ਜਿਨ੍ਹਾਂ ਨਾਲ ਉਹਦੀ ਸ਼ੁਹਰਤ ਤੇ ਚਾਰ ਪੈਸਿਆਂ ਦੀ ਭੁੱਖ ਜ਼ਰੂਰ ਪੂਰੀ ਹੁੰਦੀ ਹੋਵੇਗੀ।
ਫੇਰ ਜਦ ਅਣਖੀ ਨੂੰ ਉਹਦੇ ਨਾਵਲ 'ਕੋਠੇ ਖੜਕ ਸਿੰਘ' 'ਤੇ ਸਾਹਿਤ ਅਕਾਦਮੀ ਦਾ ਐਵਾਰਡ ਮਿਲਿਆ ਤਾਂ ਮੈਨੂੰ ਬੜੀ ਜਲਣ ਹੋਈ। ਪਰ ਮੈਂ ਇਹ ਮੰਨਦਾ ਸੀ ਕਿ ਅਣਖੀ ਏਨਾ ਜੁਗਾੜੀ ਨਹੀਂ ਕਿ ਦਿੱਲੀ ਦੇ ਸਾਹਿਤਕ ਲੀਡਰਾਂ ਤਕ ਪਹੁੰਚ ਕਰ ਸਕਿਆ ਹੋਵੇ। ਇਹਦੇ ਪਿੱਛੇ ਉਹਦੇ ਨਾਵਲ ਦੇ ਗੁਣ ਵੀ ਹੋ ਸਕਦੇ ਨੇ ਤੇ ਤੀਰ ਤੁੱਕਾ ਵੀ। ਫੇਰ ਉਹਨੇ ਅੱਗਾ ਪਿੱਛਾ ਦੇਖੇ ਬਿਨਾਂ ਨਾਵਲ ਤੇ ਨਾਵਲ ਲਿਖਣੇ ਸ਼ੁਰੂ ਕਰ ਦਿੱਤੇ। ਜਿਹੜੇ ਪੜ੍ਹੇ ਤੇ ਵਿਕਣ ਲੱਗ ਪਏ। ਫੇਰ ਉਹਨੂੰ ਸ਼ੁਹਰਤ ਵੀ ਬੜੀ ਮਿਲੀ ਤੇ ਪੈਸਾ ਵੀ। ਉਹ ਰਿਟਾਇਰ ਹੋਇਆ ਤਾਂ ਬਰਨਾਲੇ ਵੱਡਾ ਫੰਕਸ਼ਨ ਹੋਇਆ। ਉਹ ਸੱਤਰਾਂ ਜਾਂ ਪੰਝੱਤਰਾਂ ਦਾ ਹੋਇਆ ਤਾਂ ਵੀ ਫੰਕਸ਼ਨ ਕੀਤਾ ਬਰਨਾਲੇ ਵਾਲਿਆਂ ਨੇ। ਇਹ ਪਿੰਡਾਂ ਦੇ ਇਲਾਕੇ ਦੀ ਚੰਗੀ ਰੀਤ ਏ ਕਿ ਜਦ ਵੀ ਉਥੋਂ ਕੋਈ ਭਲਵਾਨ ਉੱਠਦਾ ਏ ਤਾਂ ਉਹਨੂੰ ਆਪਣਾ ਸਮਝ ਕੇ ਵਡਿਆਉਂਦੇ ਤੇ ਸਹਾਇਤਾ ਦੇ ਥਾਪੜੇ ਦੇਂਦੇ ਨੇ।
ਏਸ ਦੌਰਾਨ 'ਚ ਜਸਵੰਤ ਸਿੰਘ ਵਿਰਦੀ ਨੇ ਛੇ ਸੌ ਕਹਾਣੀਆਂ ਲਿਖੀਆਂ ਤੇ ਅਣਖੀ ਨੇ ਲੱਗਭਗ ਚਾਰ ਸੌ। ਜਿਨ੍ਹਾਂ ਵਿਚੋਂ ਢਾਈ ਸੌ ਹਿੰਦੀ ਦੇ ਪਰਚਿਆਂ 'ਚ ਛਪ ਚੁੱਕੀਆਂ ਨੇ। ਪਰ ਪੰਜਾਬੀ 'ਚ ਇਹਨਾਂ ਦੋਹਾਂ ਕਹਾਣੀਕਾਰਾਂ ਨੂੰ ਕਹਾਣੀ ਦੀ ਵਿਧਾ 'ਚ ਏਨੀ ਵਡਿਆਈ ਨਹੀਂ ਮਿਲੀ।
ਮੈਂ ਅਣਖੀ ਦੀਆਂ ਕੁਝ ਕਹਾਣੀਆਂ ਪੜ੍ਹੀਆਂ ਸਨ। ਮੈਨੂੰ ਲੱਗਦਾ ਕਿ ਇਹਦੇ 'ਚ ਇਕ ਵੱਡਾ ਗੁਣ ਸਾਦਗੀ ਏ। ਉਹ ਆਮ ਜਿਹੇ ਸੁਣੇ ਕਿੱਸਿਆਂ ਨੂੰ ਲਿਖ ਦੇਂਦਾ ਏ। ਪਰ ਮੈਂ ਉਹਦਾ ਕੋਈ ਨਾਵਲ ਨਹੀਂ ਸੀ ਪੜ੍ਹਿਆ। ਜਦ ਮੈਂ ਲੋਕਗੀਤ ਪ੍ਰਕਾਸ਼ਨ ਲਈ ਪ੍ਰਤੀਨਿਧ ਕਹਾਣੀਆਂ ਦਾ ਸੰਗ੍ਰਹਿ ਤਿਆਰ ਕਰ ਰਿਹਾ ਸੀ ਤਾਂ ਮੈਨੂੰ ਅਣਖੀ ਦਾ ਖਿਆਲ ਆਇਆ। ਮੈਂ ਉਹਨੂੰ ਉਹਦੀਆਂ ਕੁਝ ਚੰਗੀਆਂ ਕਹਾਣੀਆਂ ਦੇ ਨਾਂ ਪੁੱਛੇ। ਉਹਨੇ ਆਪਣੀਆਂ ਚੋਣਵੀਆਂ ਕਹਾਣੀਆਂ ਦੀ ਪੁਸਤਕ 'ਚਿੱਟੀ ਕਬੂਤਰੀ' ਭੇਜ ਦਿੱਤੀ। ਮੈਂ ਸੱਠ ਕੁ ਕਹਾਣੀਆਂ ਪੜ੍ਹੀਆਂ, ਪਰ ਕੋਈ ਜਚੀ ਨਾ। ਅੰਤ ਨੂੰ ਸਾਢੇ ਚਾਰ ਸੌ ਕਹਾਣੀ ਲਿਖਣ ਵਾਲੇ ਤੇ ਆਪਣੇ ਨਾਵਲ 'ਕੋਠੇ ਖੜਕ ਸਿੰਘ' 'ਤੇ ਸਾਹਿਤਯ ਅਕਾਦਮੀ ਐਵਾਰਡ ਲੈਣ ਵਾਲੇ ਲੇਖਕ ਦੀ ਉਹ ਕਹਾਣੀ ਲੈ ਲਈ, ਜਿਹੜੀ ਉਹਨੇ ਆਪਣੀ ਪਤਨੀ ਦੇ ਗੁਜ਼ਰਨ 'ਤੇ 'ਔਰਤ ਦੇ ਵਿਗੋਚੇ ਦੇ ਦਰਦ' ਬਾਰੇ ਲਿਖੀ ਸੀ।
ਉਹਦੀਆਂ ਕਹਾਣੀਆਂ ਪੜ੍ਹ ਕੇ ਮੈਨੂੰ ਏਸ ਗੱਲ ਨੇ ਹੈਰਾਨ ਕੀਤਾ ਕਿ ਉਹਦਾ ਇਕ ਵੀ ਪਾਤਰ ਬ੍ਰਾਹਮਣ ਨਹੀਂ ਸੀ, ਜਿਹੜਾ ਹਿੰਦੂ ਸੰਸਕਾਰਾਂ ਤੇ ਸ਼ਾਸਤਰਾਂ ਬਾਰੇ ਥੋੜ੍ਹਾ ਬਹੁਤਾ ਵੀ ਜਾਣਦਾ ਹੁੰਦਾ। ਕਿਸੇ ਕਰਮਕਾਂਡੀ ਬ੍ਰਾਹਮਣ ਪਾਤਰ ਦੇ ਹੋਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਹਾਂ, ਉਂਜ ਅਜਿਹੇ ਪਾਤਰ ਮਿਲੇ, ਜਿਨ੍ਹਾਂ ਨੂੰ ਪਿੰਡ ਦੇ ਲੋਕ 'ਬਾਹਮਣ' ਕਹਿੰਦੇ ਨੇ ਤੇ ਜਿਹੜੇ ਜੱਟਾਂ ਤੇ ਹੋਰ ਖੱਤਰੀਆਂ ਬਾਣੀਆਂ ਦੇ ਘਰੋਂ ਹੰਧੇ ਲੈਂਦੇ ਤੇ ਸ਼ਰਾਧ ਖਾਂਦੇ ਨੇ। ਉਹ ਪਾਤਰ ਗਰੀਬ ਜੱਟਾਂ ਵਰਗੇ ਨੇ। ਉਂਜ ਵੀ ਪੰਜਾਬ 'ਚ ਸਿੱਖ ਧਰਮ ਤੇ ਆਰੀਆ ਸਮਾਜ ਦੇ ਪਰਚਾਰ ਕਰ ਕੇ ਬ੍ਰਾਹਮਣ ਉੱਚੀ ਜਾਤ ਨਹੀਂ ਰਹੀ। ਉਹਨੂੰ ਜੱਟ ਜ਼ਲੀਲ ਕਰਨ ਲਈ 'ਮੰਗ-ਖਾਣੀ ਜਾਤ' ਕਹਿਣ ਲੱਗ ਪਏ ਨੇ। ਮੈਂ ਕਿਸੇ ਨੂੰ ਕਹਿ ਕੇ ਇੰਟਰਵਿਊ 'ਚ ਅਣਖੀ ਕੋਲੋਂ ਇਹ ਸਵਾਲ ਪੁੱਛਿਆ ਤਾਂ ਉਹ ਕਹਿੰਦਾ ਕਿ ਉਹਦੇ ਬ੍ਰਾਹਮਣ ਪਾਤਰ ਵੀ ਜੱਟ ਸੱਭਿਆਚਾਰ ਵਾਲੇ ਨੇ। ਉਹਨਾਂ ਦਾ ਆਪਣਾ ਕੋਈ ਜੁਦਾ ਸੱਭਿਆਚਾਰ ਨਹੀਂ। ਮੈਂ ਅਣਖੀ ਦੇ ਬਾਪ ਦੀ ਫੋਟੋ ਦੇਖੀ ਤਾਂ ਉਹ ਬੇਹੱਦ ਗਰੀਬੜਾ ਜਿਹਾ ਬ੍ਰਾਹਮਣ ਦਿਸਦਾ ਸੀ। ਮਾਲਵੇ ਦੇ ਇਲਾਕੇ 'ਚ ਬਹੁਤੀਆਂ ਜ਼ਮੀਨਾਂ ਵਾਲੇ ਜੱਟ ਮਾਮਲਾ ਤਾਰਨ ਤੋਂ ਡਰਦੇ ਬਰਾਨੀ ਜ਼ਮੀਨ ਬ੍ਰਾਹਮਣ ਨੂੰ ਦਾਨ ਕਰ ਦੇਂਦੇ ਸੀ। ਜਿਸ 'ਤੇ ਮਾਮਲਾ ਨਹੀਂ ਸੀ ਲੱਗਦਾ।
 ਇਕ ਟੀ. ਵੀ. ਇੰਟਰਵਿਊ 'ਚ ਅਣਖੀ ਆਤਮ ਵਿਸ਼ਵਾਸ ਨਾਲ ਭਰਿਆ ਆਪਣੇ ਪੂਰੇ ਜਲੌਅ 'ਚ ਬੋਲਦਾ ਸੀ। ਉਹ ਬੋਲਣ ਵੇਲੇ ਝਿਜਕਦਾ ਨਹੀਂ ਸੀ। ਏਸੇ ਲਈ ਉਹਨੇ ਕਿਹਾ ਸੀ ਕਿ ਆਦਮੀ ਤੀਵੀਂ ਦੇ ਵਿਚਕਾਰ ਸਿਰਫ ਸੈਕਸ ਦਾ ਰਿਸ਼ਤਾ ਹੁੰਦਾ ਏ। ਇਹ ਪਿਆਰ ਪਿਊਰ ਕੁਝ ਨਹੀਂ ਹੁੰਦਾ। ਮਾਨਾਂ ਸਨਮਾਨਾਂ ਬਾਰੇ ਬੋਲਦਿਆਂ ਉਹਨੇ ਲੋਈ ਦੇਣ ਵਾਲਿਆਂ ਦੀ ਨਿੰਦਿਆ ਕਰਦਿਆਂ ਕਿਹਾ ਸੀ ਕਿ ਮੇਰਾ ਘਰ ਭਰ ਗਿਐ ਲੋਈਆਂ ਨਾਲ। ਹੁਣ ਮੇਰਾ ਦਿਲ ਕਰਦੈ ਬਈ ਇਹ ਲੋਈਆਂ ਦੇਣ ਵਾਲਿਆਂ ਦੀ ਮੌਤ ਵੇਲੇ ਉੱਤੇ ਪਾ ਆਇਆ ਕਰਾਂ। ਇਹ ਸ਼ੀਲਡਾਂ, ਟਊਏ ਜਿਹੇ ਮੈਂ ਚੁਲ੍ਹੇ 'ਚ ਪਾ ਕੇ ਫੂਕ ਦੇਂਦਾ ਹਾਂ। ਮੈਨੂੰ ਤਾਂ ਪੈਸਿਆਂ ਵਾਲਾ ਸਨਮਾਨ ਹੀ ਚੰਗਾ ਲੱਗਦਾ ਹੈ।
ਆਪਣੀ ਏਸੇ ਭੁੱਖ ਦੀ ਪੂਰਤੀ ਲਈ ਉਹਨੇ ਪਹਿਲਾਂ ਆਪਣੀ ਰਿਟਾਇਰਮੈਂਟ ਦਾ ਦਿਨ ਤੇ ਫੇਰ ਆਪਣਾ 75ਵਾਂ ਜਨਮ ਦਿਨ ਬਹੁਤ ਭਾਰੀ ਕੱਠ ਕਰਾ ਕੇ ਮਨਾਇਆ। ਉਹ ਆਪਣੇ ਪਰਚੇ ਵਾਸਤੇ ਏਨੇ ਪੈਸੇ ਕੱਠੇ ਕਰ ਲੈਂਦਾ ਸੀ ਕਿ ਉਹਦਾ ਮੋਟੇ ਵਿਆਜ 'ਤੇ ਦਿੱਤਾ ਸਵਾ ਦੋ ਲੱਖ ਰੁਪਿਆ ਲੈ ਕੇ ਕੋਈ ਬੰਦਾ ਨੱਠ ਗਿਆ ਸੀ। ਉਹ ਸਾਧਾਂ ਤੇ ਮਹੰਤਾਂ ਕੋਲੋਂ ਵੀ ਪੈਸਾ ਮੰਗ ਲਿਆਉਂਦਾ ਸੀ। ਉਹ ਪੈਸੇ ਮੰਗਣ ਲੱਗਿਆਂ ਕਿਸੇ ਤੋਂ ਸ਼ਰਮ ਨਹੀਂ ਸੀ ਕਰਦਾ। ਮੈਨੂੰ ਮੋਹਨ ਭੰਡਾਰੀ ਨੇ ਦੱਸਿਆ ਕਿ ਇਕ ਵਾਰ ਮੈਂ ਉਹਦਾ ਪਰਚਾ ਨਾ ਮਿਲਣ ਦੀ ਸ਼ਿਕਾਇਤ ਕੀਤੀ ਤਾਂ ਕਹਿੰਦਾ ਕਿ ਚੰਦਾ ਭੇਜ ਦਿਓ, ਪਰਚਾ ਮਿਲ ਜਾਊਗਾ। ਅਸਲ 'ਚ ਅਣਖੀ ਸਾਡੀ ਓਸ ਪੁਰਾਣੀ ਪੀੜ੍ਹੀ ਦੀ ਮਾਨਸਿਕਤਾ ਵਾਲਾ ਬੰਦਾ ਸੀ, ਜਿਹੜੀ ਸਾਰੀ ਉਮਰ ਭੁੱਖ ਨੰਗ ਨਾਲ ਹੀ ਲੜਦੀ ਰਹੀ। ਹਾਲਾਂ ਕਿ ਉਹਨੇ ਨਵੀਂ ਕਾਰ ਲੈ ਲਈ ਸੀ, ਪਰ ਦਿਲ ਦੀ ਗਰੀਬੀ ਨਹੀਂ ਸੀ ਗਈ।
ਅਣਖੀ ਅਖੀਰਲੀ ਉਮਰ 'ਚ ਮੇਰੇ ਘਰ ਦੋ ਰਾਤਾਂ ਰਹਿ ਕੇ ਗਿਆ। ਜਨਾਨੀਆਂ ਦੀਆਂ ਗੱਲਾਂ ਕਰਨ 'ਚ ਬਦਨਾਮ ਹੋਣ ਕਰ ਕੇ ਉਹ ਰਾਤ ਨੂੰ ਮੇਰੇ ਨਾਲ ਇਹ ਗੱਲਾਂ ਕਰਦਾ ਰਿਹਾ। ਮੈਂ ਉਹਨੂੰ ਬਲਿਊ ਫਿਲਮ ਵਿਖਾਈ। ਉਹ ਬਾਗੋ ਬਾਗ ਹੋ ਗਿਆ। ਜਾ ਕੇ ਉਹਨੇ ਮੈਨੂੰ ਫੋਨ ਕੀਤਾ, ''ਤੈਂ ਇਕ ਰਾਤ 'ਚ ਹੀ ਮੈਨੂੰ ਜਵਾਨ ਕਰ 'ਤਾ। ਹੁਣ ਤਾਂ ਜਦ ਕਮਜ਼ੋਰੀ ਮਹਿਸੂਸ ਹੋਈ ਤਾਂ ਮੈਂ ਤੇਰੇ ਕੋਲ ਆ ਜਾਇਆ ਕਰੂੰਗਾ।''
ਉਹ ਮੈਨੂੰ ਮਿਲਣ ਹਿੰਦ ਸਮਾਚਾਰ ਦੇ ਦਫਤਰ 'ਚ ਕਈ ਵਾਰ ਆਇਆ। ਮੈਨੂੰ ਕਿਸੇ ਸਾਹਿਤਕਾਰ ਦਾ ਅਖਬਾਰ ਦੇ ਦਫਤਰ 'ਚ ਆਓਣਾ ਚੰਗਾ ਨਹੀਂ ਸੀ ਲੱਗਦਾ। ਮੈਂ ਇਕ ਵਾਰ ਉਹਨੂੰ ਖੁਸ਼ ਕਰਨ ਨੂੰ ਇਕ ਲਿਫਾਫਾ ਫੜਾ ਕੇ ਕਿਹਾ, ''ਇਹਨੂੰ ਝੋਲੇ 'ਚ ਲਕੋ ਲੈ। ਇਹ ਬੜੇ ਸਿਆਣੇ ਹਕੀਮ ਦਾ ਤਿਆਰ ਕੀਤਾ ਨੁਸਖਾ ਏ।...ਅਸਲ 'ਚ ਇਕ ਇਸ਼ਤਿਹਾਰ ਮਾਲਵੇ ਦੇ ਇਲਾਕੇ ਤੋਂ ਕਿਸੇ ਹਕੀਮ ਜੀ ਦਾ ਛਪਦਾ ਸੀ। ਉਹ ਹਕੀਮ ਦੂਜੇ ਤੀਜੇ ਮਹੀਨੇ ਹਿੰਦ ਸਮਾਚਾਰ ਦੇ ਦਫਤਰ 'ਚ ਆ ਕੇ ਉਰਦੂ ਡੈਸਕ ਦੇ ਪਿਛਲੇ ਪਾਸੇ ਕਾਤਿਬ ਸਾਹਿਬਾਨ ਦੇ ਨਾਲ ਬੈਠ ਕੇ ਗੱਲਾਂ ਕਰਦਾ ਰਹਿੰਦਾ ਸੀ। ਉਰਦੂ ਦੇ ਸਾਰੇ ਐਡੀਟਰ ਤੇ ਕਾਤਿਬ ਪੰਜਾਹੋਂ ਟੱਪੇ ਹੋਏ ਸਨ। ਸਭ ਨੂੰ ਉਹਦੀ ਦਵਾਈ ਦੀ ਲੋੜ ਸੀ। ਓਸ ਹਕੀਮ ਦੇ ਇਸ਼ਤਿਹਾਰ 'ਚ ਤਿੰਨ ਕੋਰਸਾਂ ਦਾ ਜ਼ਿਕਰ ਹੁੰਦਾ ਸੀ। ਚਾਂਦੀ ਵਾਲਾ, ਸੋਨੇ ਵਾਲਾ ਤੇ ਹੀਰੇ ਮੋਤੀਆਂ ਵਾਲਾ। ਅਸੀਂ ਮਖੌਲ 'ਚ ਪੁੱਛਦੇ ਕਿ ਇਹਨਾਂ ਦੇ ਕੰਮ 'ਚ ਕੀ ਫਰਕ ਏ? ਹਕੀਮ ਵੀ ਮਖੌਲ 'ਚ ਗੱਲਾਂ ਕਰਦਾ ਰਹਿੰਦਾ। ਇਕ ਵਾਰ ਉਹ ਸੱਚੀਂ ਮੁੱਚੀਂ ਆਪਣੇ ਝੋਲੇ 'ਚ ਕੋਰਸਾਂ ਦੀਆਂ ਪੁੜੀਆਂ ਲੈ ਆਇਆ ਤੇ ਪ੍ਰਸ਼ਾਦ ਵਜੋਂ ਸਭ ਨੂੰ ਇਕ-ਇਕ ਪੁੜੀ ਚਾਂਦੀ ਜਾਂ ਸੋਨੇ ਵਾਲੇ ਕੋਰਸ ਦੀ ਦਿੱਤੀ। ਅਣਖੀ ਨੂੰ ਮੈਂ ਉਹੀ ਸੋਨੇ ਵਾਲਾ ਕੋਰਸ ਦੇ ਦਿੱਤਾ ਸੀ। ਉਹਨੇ ਮਲਕ ਦੇਣੀ ਆਪਣੇ ਝੋਲੇ 'ਚ ਪਾ ਲਿਆ। ਹੁਣ ਸਾਡੇ ਵਿਚਕਾਰ ਓਸ ਕੋਰਸ ਦੇ ਅਸਰ ਬਾਰੇ ਮਖੌਲ ਕਈ ਸਾਲ ਚੱਲਦਾ ਰਿਹਾ।
ਉਹਨੂੰ ਆਪਣੇ ਨਵੇਂ ਵਿਆਹ ਦੇ ਸੁਖ ਦਾ ਵੀ ਅਹਿਸਾਸ ਸੀ ਤੇ ਪਛਤਾਵਾ ਵੀ ਸੀ। ਉਹਨੂੰ ਲੱਗਾ ਸੀ ਕਿ ਐਵੇਂ ਪੰਗਾ ਲੈ ਹੋ ਗਿਆ। ਸ਼ਾਇਦ ਉਹ ਧੀਆਂ ਦੀ ਕਬੀਲਦਾਰੀ ਤੋਂ ਦੁਖੀ ਸੀ। ਇਕ ਵਾਰੀ ਮੈਂ ਉਹਦੇ ਘਰ ਫੋਨ ਕੀਤਾ ਤਾਂ ਉਹਦੀ ਬੇਟੀ ਨੇ ਰਿਸੀਵਰ ਚੱਕ ਲਿਆ। ਉਹ ਐਮ.ਏ. ਤੇ ਮਾਸ ਕਮਿਊਨੀਕੇਸ਼ਨ ਦਾ ਕੋਰਸ ਤੇ ਬੀਐਡ ਕਰ ਕੇ ਘਰ ਹੀ ਬੈਠੀ ਸੀ। ਜਦ ਮੈਂ ਪੁੱਛਿਆ ਕਿ ਕੋਈ ਕੰਮ ਕਿਉਂ ਨਹੀਂ ਕਰਦੀ ਤਾਂ ਉਹਦਾ ਜਵਾਬ ਸੀ ਕਿ ਭਾਪਾ ਜੀ ਕਰਨ ਨਹੀਂ ਦੇਂਦੇ। ਮੈਂ ਉਹਨੂੰ ਜਲੰਧਰ ਬੁਲਾ ਕੇ ਕਿਸੇ ਅਖਬਾਰ ਦੇ ਨਿਊਜ਼ ਡੈਸਕ 'ਤੇ ਬਹਾਣਾ ਚਾਹੁੰਦਾ ਸੀ। ਜਿਥੇ ਕੰਮ ਕਰ ਕੇ ਭਾਵੇਂ ਬਹੁਤਾ ਪੈਸਾ ਨਾ ਮਿਲੇ, ਪਰ ਜ਼ਿੰਦਗੀ ਦਾ ਤਜਰਬਾ ਜ਼ਰੂਰ ਮਿਲੇ। ਇਹ ਬੜੀ  ਕੀਮਤੀ ਚੀਜ਼ ਹੁੰਦੀ ਏ। ਉਹਦਾ ਉਹੀ ਇਕ ਜਵਾਬ ਕਿ ਭਾਪਾ ਜੀ ਕੁਸ਼ ਕਰਨ ਏ ਨਹੀਂ ਦੇਂਦੇ। ਮੈਂ ਕਿਹਾ ਕਿ ਤੂੰ ਬਰਨਾਲੇ ਬੂਟਾ ਸਿੰਘ ਚੌਹਾਨ ਦੇ ਅਖਬਾਰੀ ਦਫਤਰ ਜਾ ਕੇ ਖਬਰਾਂ ਠੀਕ ਕਰਨ ਦਾ ਕੰਮ ਹੀ ਕਰਨ ਲੱਗ ਜਾਹ। ਤਾਂ ਉਹ ਚੁੱਪ ਹੀ ਕਰ ਗਈ। ਪੁੱਛਣ ਤੇ ਫੇਰ ਕਿਹਾ ਕਿ ਭਾਪਾ ਜੀ ਘਰੋਂ ਹੀ ਨਹੀਂ ਜਾਣ ਦੇਂਦੇ।
ਅਸਲ 'ਚ ਅਣਖੀ ਪੱਛੜੇ ਇਲਾਕੇ ਦਾ ਪੱਛੜੀ ਸੋਚ ਵਾਲਾ ਬੰਦਾ ਈ ਸੀ। ਉਹਦਾ ਹਰੇਕ ਵਿਹਾਰ ਪੇਂਡੂ ਤੇ ਅਣਪੜ੍ਹਾਂ ਵਾਲਾ ਸੀ। ਜਦ ਉਹਨੇ ਮੈਨੂੰ ਪੇਸ਼ਾਬ 'ਚ ਰੁਕਾਵਟ ਦੀ ਗੱਲ ਦੱਸੀ ਤਾਂ ਮੈਂ ਉਹਨੂੰ ਪ੍ਰੋਸਟ੍ਰੇਟ ਗਲੈਂਡ ਦਾ ਔਪ੍ਰੇਸ਼ਨ ਕਰਾਓਣ ਦਾ ਆਪਣਾ ਅਨੁਭਵ ਦੱਸਿਆ। ਉਹ ਬਰਨਾਲੇ ਦੇ ਹਕੀਮਾਂ ਤੇ ਡਾਕਟਰਾਂ ਤੋਂ ਗੋਲੀਆਂ ਲੈ ਕੇ ਵਕਤ ਟਪਾਉਂਦਾ ਰਿਹਾ। ਜਦ ਹਾਲਤ ਜ਼ਿਆਦਾ ਖਰਾਬ ਹੋ ਗਈ ਤਾਂ ਮੇਰੇ ਕਹਿਣ 'ਤੇ ਔਪ੍ਰੇਸ਼ਨ ਕਰਾਓਣ ਨੂੰ ਤਿਆਰ ਹੋ ਗਿਆ। ਮੈਂ ਕਿਹਾ ਕਿ ਅਪ੍ਰੇਸ਼ਨ ਲੁਧਿਆਣੇ ਜਾਂ ਪਟਿਆਲੇ ਤੋਂ ਕਰਾਈਂ। ਪਰ ਉਹ ਇਹ ਕਹਿ ਕੇ ਬਰਨਾਲੇ ਦੇ ਹਸਪਤਾਲ ਚਲਿਆ ਗਿਆ ਕਿ ਏਥੇ ਵੀ ਡਾਕਟਰ ਲੁਧਿਆਣੇ ਤੋਂ ਈ ਆਉਂਦਾ ਹੈ। ਜਿਸ ਦਾ ਨਤੀਜਾ ਇਹ ਹੋਇਆ ਕਿ ਉਹਨੂੰ ਤਿੰਨ ਮਹੀਨੇ ਪੇਸ਼ਾਬ ਜਲਣ ਨਾਲ ਆਉਂਦਾ ਰਿਹਾ। ਉਹ ਪਹਿਲਾਂ ਅੰਗ੍ਰੇਜ਼ੀ ਦਵਾਈਆਂ ਤੇ ਫੇਰ ਦੇਸੀ ਤੇ ਹੋਮਿਓਪੈਥੀ ਦੀਆਂ ਗੋਲੀਆਂ ਖਾ ਕੇ ਗੁਜ਼ਾਰਾ ਕਰਦਾ ਰਿਹਾ। ਤਕਲੀਫ ਫੇਰ ਵੀ ਰਹੀ।
ਫੇਰ ਉਹਨੇ ਮੈਨੂੰ ਦੱਸਿਆ ਕਿ ਉਹਦੇ ਦਰਦ ਜਿਹਾ ਹੁੰਦਾ ਰਹਿੰਦਾ ਏ, ਕਦੇ ਪੇਟ 'ਚ ਤੇ ਕਦੇ ਵੱਖੀ ਵਿਚ ਨੂੰ। ਇਹ ਪਤਾ ਨਹੀਂ ਕਾਹਦਾ ਏ। ਮੈਂ ਕਿਹਾ ਕਿ ਇਹਦੇ ਲਈ ਤਾਂ ਸੀ. ਟੀ. ਸਕੈਨ ਕਰਾਓਣਾ ਪੈਂਦਾ ਏ। ਕਰਾ ਕੇ ਪਤਾ ਕਰ ਲੈ। ਪਰ ਏਸ ਤੋਂ ਮੈਂ ਵੀ ਡਰਦਾ ਹਾਂ। ਪਤਾ ਨਹੀਂ ਇਹ ਕਿਥੇ-ਕਿਥੇ ਕਿਸੇ ਬਿਮਾਰੀ ਦੀ ਸੂਚਨਾ ਦੇ ਦੇਵੇ। ਮੈਂ ਉਹਨੂੰ ਕਿਹਾ ਕਿ ਇਹ ਟੈਸਟ ਤਾਂ ਬੇਸ਼ਕ ਨਾ ਕਰਾ, ਪਰ ਕਿਸੇ ਸਿਆਣੇ ਡਾਕਟਰ ਤੋਂ ਚੈਕ-ਅੱਪ ਜ਼ਰੂਰ ਕਰਾ ਲੈ। ਪਰ ਉਹ ਪੇਂਡੂ ਮਾਨਸਿਕਤਾ ਦਾ ਬੰਦਾ ਕਿਸੇ ਡਾਕਟਰ ਕੋਲ ਜਾਣ ਦੀ ਬਜਾਏ ਬਰਨਾਲੇ ਦੇ ਕਿਸੇ ਹਕੀਮ ਜਾਂ ਹੋਮਿਓਪੈਥ ਦੀਆਂ ਸਸਤੀਆਂ ਗੋਲੀਆਂ ਖਾਣਾ ਪਸੰਦ ਕਰਦਾ ਸੀ।
 ਅਣਖੀ ਨੇ ਮੈਨੂੰ ਇਕ ਵਾਰ ਰਾਤ ਨੂੰ ਗੱਲਾਂ ਕਰਦੇ ਨੇ ਦੱਸਿਆ ਕਿ ਉਹਤੋਂ ਕਿਸੇ ਦੀ ਚੁਭਵੀਂ ਕਹੀ ਗੱਲ ਭੁੱਲਦੀ ਹੀ ਨਹੀਂ। ਉਹ ਕਦੇ ਨਾ ਕਦੇ ਬਦਲਾ ਲੈਣ ਦਾ ਮੌਕਾ ਲੱਭਦਾ ਏ।...ਉਹ ਆਪਣੇ ਪਰਚੇ 'ਕਹਾਣੀ ਪੰਜਾਬ' 'ਚ ਅਜਿਹੀਆਂ ਚਿੱਠੀਆਂ ਛਾਪਦਾ ਰਹਿੰਦਾ ਸੀ, ਜਿਨ੍ਹਾਂ ਦਾ ਪਰਚੇ ਦੇ ਮੈਟਰ ਨਾਲ ਕੋਈ ਸੰਬੰਧ ਹੀ ਨਹੀਂ ਸੀ ਹੁੰਦਾ। ਜਿਵੇਂ ਉਹਦੇ ਨਾਵਲ ਪੜ੍ਹ ਕੇ ਆਈ ਕਿਸੇ ਪਾਠਕ ਦੀ ਚਿੱਠੀ। ਜਦ ਉਹਦੇ ਨਾਲ ਗੁਰਬਚਨ ਸਿੰਘ ਭੁੱਲਰ ਕੰਮ ਕਰਦਾ ਸੀ ਤਾਂ ਉਹ ਵੀ ਅਜਿਹੀਆਂ ਚਿੱਠੀਆਂ ਛਪਵਾਂਦਾ ਰਹਿੰਦਾ ਸੀ। ਇਕ ਵਾਰ ਉਹਨੇ ਮੇਰੀ ਇਕ ਚਿੱਠੀ ਛਪਵਾ ਲਈ, ਜਿਹੜੀ ਕੋਈ ਵੀਹ ਪੱਚੀ ਸਾਲ ਪਹਿਲਾਂ ਮੈਂ ਉਹਦੀ ਕਹਾਣੀ ਦੀ ਤਾਰੀਫ 'ਚ ਲਿਖੀ ਸੀ।
ਇਵੇਂ ਅਣਖੀ ਨੇ ਇਕ ਵਾਰ ਸਾਡੇ ਹਾਣ ਦੇ ਇਕ ਲੇਖਕ, ਜਿਹੜਾ ਕਦੇ ਮੇਰਾ ਵੀ ਦੋਸਤ ਸੀ ਪਰ ਹੁਣ ਵਿੱਟਰਿਆ ਹੋਇਆ ਸੀ, ਦੀ ਚਿੱਠੀ ਛਾਪ ਦਿੱਤੀ। ਜਿਹੜੀ ਉਹਨੇ ਸੜ ਕੇ ਮੇਰੇ ਖਿਲਾਫ ਲਿਖੀ ਸੀ। ਜਦ ਮੈਂ ਅਣਖੀ ਨੂੰ ਫੋਨ ਕੀਤਾ ਤਾਂ ਉਹ ਮੇਰੇ ਪੁੱਛਣ ਤੋਂ ਪਹਿਲਾਂ ਆਪ ਈ ਕਹਿਣ ਲੱਗ ਪਿਆ, ''ਪ੍ਰੇਮ ਪ੍ਰਕਾਸ਼ ਤੂੰ ਵੱਡਾ ਸਾਹਿਤਕਾਰ ਹੈਂ। ਗੁੱਸਾ ਨਾ ਕਰੀਂ। ਕੁੱਤੇ ਭੌਂਕਦੇ ਈ ਰਹਿੰਦੇ ਨੇ, ਹਾਥੀ ਚੱਲਦੇ ਰਹਿੰਦੇ ਨੇ।''
ਮੈਨੂੰ ਬੜਾ ਬੁਰਾ ਲੱਗਿਆ ਕਿ ਉਹਨੇ ਮੇਰੀ ਤਾਂ ਨਿੰਦਿਆ ਕਰ ਦਿੱਤੀ, ਹੁਣ ਆਪਣੇ ਦੋਸਤ ਨੂੰ ਕੁੱਤਾ ਕਹਿੰਦਾ ਏ। ਮੈਂ ਕਿਹਾ,'' ਪਰ ਇਹ ਕੁੱਤਾ ਤੇਰੇ ਵਿਹੜੇ 'ਚ ਖੜ੍ਹ ਕੇ ਕਾਹਤੇ ਭੌਂਕਦੈ?''
ਫੇਰ ਉਹਨੇ 'ਗੁਸਤਾਖੀ ਮੁਆਫ' 'ਚ ਮੇਰੇ ਬਾਰੇ ਕੋਈ ਲਤੀਫਾ ਛਾਪ ਦਿੱਤਾ। ਮੈਨੂੰ ਅਜਿਹੀਆਂ ਗੱਲਾਂ ਬੁਰੀਆਂ ਨਹੀਂ ਲੱਗਦੀਆਂ। ਮੈਂ ਕਹਿੰਦਾ ਹੁੰਦਾ ਹਾਂ ਕਿ ਇਹ ਨੋਕ ਝੋਂਕ ਸਾਹਿਤਕਾਰਾਂ 'ਚ ਚੱਲਦੀ ਰਹਿਣੀ ਚਾਹੀਦੀ ਏ। ਇਹ ਜ਼ਿੰਦਗੀ ਦਾ ਨੂਣ ਮਿਰਚ ਏ। ਓਸ ਲਤੀਫੇ ਦੇ ਬਾਅਦ ਮੈਂ ਐਂਵੇਂ ਹਾਲ ਚਾਲ ਪੁੱਛਣ ਲਈ ਅਣਖੀ ਨੂੰ ਫੋਨ ਕੀਤਾ ਤਾਂ ਉਹ ਫੇਰ ਆਪ ਈ ਬੋਲ ਪਿਆ। ਕਹਿੰਦਾ, ''ਇਹ ਜਿਹੜਾ ਚੁਟਕਲਾ ਜਿਹਾ ਮੈਂ ਛਾਪਿਆ ਏ। ਉਹ ਮੈਨੂੰ ਜਿੰਦਰ ਨੇ ਲਿਖਾਇਆ ਸੀ।''
ਉਹਦੀ ਗੱਲ 'ਤੇ ਮੈਂ ਦਿਲ 'ਚ ਹੱਸਿਆ ਕਿ ਦੇਖੋ, ਉਹ ਪਹਿਲਾਂ ਬੜ੍ਹਕ ਮਾਰਦਾ ਏ ਕਿ ਉਹ ਢੱਠਾ ਏ। ਫੇਰ ਮੋਕ ਮਾਰਦਾ ਏ ਕਿ ਗਊ ਦਾ ਜਾਇਆ ਏ। ਇਹ ਪੱਤਰਕਾਰ ਬਣੀ ਫਿਰਦਾ ਏ, ਪਰ ਇਹਨੂੰ ਏਨਾ ਨਹੀਂ ਪਤਾ ਕਿ ਪੱਤਰਕਾਰ ਦੀ ਖਬਰ ਦਾ ਸਰੋਤ ਤਾਂ ਸੁਪਰੀਮ ਕੋਰਟ ਵੀ ਨਹੀਂ ਪੁੱਛ ਸਕਦੀ।...ਮੈਨੂੰ ਲੱਗਿਆ ਕਿ ਉਹ ਮੈਥੋਂ ਆਪਣੇ ਖਿਲਾਫ 'ਲਕੀਰ' 'ਚ ਛਪੀਆਂ ਟਿੱਚਰਾਂ ਦਾ ਬਦਲਾ ਲੈ ਰਿਹਾ ਏ। ਏਸ ਲਤੀਫੇ ਨਾਲ ਉਹ ਆਪ ਤਾਂ ਬੇਕਸੂਰਾ ਬਣਦਾ ਏ ਤੇ ਇਹ ਵੀ ਚਾਹੁੰਦਾ ਏ ਕਿ ਮੈਂ ਜਿੰਦਰ ਨੂੰ ਘੂਰਾਂ। ਸਾਡੇ ਵਿਚਕਾਰ ਦੁਸ਼ਮਣੀ ਪੈਦਾ ਹੋ ਜਾਵੇ।...ਇਹ ਬੰਦੇ ਦੇ ਕਪਟੀ ਹੋਣ ਦੀ ਨਿਸ਼ਾਨੀ ਸੀ। ਜਿਹੜੀ ਮੈਂ ਆਈ ਗਈ ਕਰ ਦਿੱਤੀ। ਮੈਂ ਉਹਨੂੰ ਕਹਿੰਦਾ ਹੁੰਦਾ ਸੀ ਕਿ ਬ੍ਰਾਹਮਣ ਚਾਹੇ ਅਣਪੜ੍ਹ ਮੀਂਗਣਾਂ ਗਿਣਨ ਵਾਲਾ ਹੋਵੇ, ਕਾਲਾ ਹੋਵੇ, ਅਸੀਂ ਤਾਂ ਵੀ ਉਹਦੇ ਪੈਰੀਂ ਹੱਥ ਲਾਓਣਾ ਏ। ਇਹ ਸੁਣ ਕੇ ਪਤਾ ਨਹੀਂ ਉਹ ਮੀਸਣਾ ਖੁਸ਼ ਹੁੰਦਾ ਜਾਂ ਦੁਖੀ!
ਕਈ ਸਾਲ ਪਹਿਲਾਂ ਮੈਨੂੰ ਬੂਟਾ ਸਿੰਘ ਚੌਹਾਨ ਨੇ ਬਰਨਾਲੇ ਰੂਬਰੂ ਲਈ ਸੱਦਿਆ। ਜਾ ਕੇ ਪਤਾ ਲੱਗਿਆ ਕਿ ਉਥੇ ਵੀ ਹੋਰਾਂ ਸ਼ਹਿਰਾਂ ਵਾਂਗੂੰ ਲੇਖਕ ਦੋ ਧੜਿਆਂ 'ਚ ਵੰਡੇ ਹੋਏ ਨੇ। ਅਣਖੀ ਮੇਰੇ ਫੰਕਸ਼ਨ 'ਚ ਆਇਆ। ਸ਼ਾਮ ਤਕ ਉਹ ਚੌਹਾਨ ਦੇ ਦਫਤਰ ਵਾਲੇ ਚੁਬਾਰੇ 'ਚ ਬੈਠਾ ਸ਼ਰਾਬ ਪੀਂਦਾ ਰਿਹਾ। ਜਾਣ ਲੱਗਿਆ ਤਾਂ ਕਹਿੰਦਾ, ''ਸਵੇਰ ਨੂੰ ਪ੍ਰੇਮ ਨਾਸ਼ਤਾ ਸਾਡੇ ਘਰ ਖਾ ਲਈਂ।...ਮੈਂ ਰਾਤ ਚੌਹਾਨ ਦੇ ਘਰ ਰਿਹਾ। ਸਵੇਰੇ ਤਿਆਰ ਹੋ ਕੇ ਚੌਹਾਨ ਕਹਿੰਦਾ, ''ਚਲੋ, ਆਪਾਂ ਨਾਸ਼ਤਾ ਅਣਖੀ ਦੇ ਕਰ ਕੇ ਉਧਰੋਂ ਉਧਰੀਂ ਚਲੇ ਜਾਵਾਂਗੇ ਜਲੰਧਰ ਨੂੰ।''
ਰਾਹ 'ਚ ਉਹਨੇ ਅਣਖੀ ਦੇ ਘਰ ਫੋਨ ਕਰ ਕੇ ਕਿਹਾ ਕਿ ਚਾਹ ਧਰ ਲਓ, ਅਸੀਂ ਆ ਰਹੇ ਹਾਂ। ਉਧਰੋਂ ਅਣਖੀ ਦੀ ਤੀਵੀਂ ਦਾ ਜਵਾਬ ਆਇਆ ਕਿ ਉਹ ਤਾਂ ਸਵੇਰੇ  ਈ ਚੰਡੀਗੜ੍ਹ ਨੂੰ ਚਲੇ ਗਏ ਨੇ।...ਇਹ ਗੱਲ ਸੁਣ ਕੇ ਮੈਨੂੰ ਕੋਈ ਹੈਰਾਨੀ ਨਾ ਹੋਈ। ਮੈਨੂੰ ਜਸਵੰਤ ਸਿੰਘ ਵਿਰਦੀ ਦੀ ਯਾਦ ਆਈ, ਜਿਹੜਾ ਘਰ ਬੈਠਾ ਹੁੰਦਾ ਸੀ ਤੇ ਉਹ ਆਪਣੇ ਛੋਟੇ ਭਾਈ ਤੋਂ ਕਹਾ ਦੇਂਦਾ ਸੀ ਕਿ ਭਾਅ ਜੀ ਤਾਂ ਘਰ ਨਹੀਂ। ਅਸੀਂ ਤਾਕੀ ਵਿਚੀਂ ਵਿਰਦੀ ਨੂੰ ਦੇਖ ਲੈਂਦੇ ਸੀ।
ਮੀਂਗਣਾਂ ਗਿਣਨ ਵਾਲਾ ਓਸ ਪੰਡਤ ਨੂੰ ਕਹਿੰਦੇ ਨੇ, ਜਿਹੜਾ ਕੋਰਾ ਅਣਪੜ੍ਹ ਹੋਵੇ ਤੇ ਪਿੰਡ ਦੇ ਲੋਕਾਂ ਨੂੰ ਤਿਥਾਂ ਆਪਣੀ ਬੱਕਰੀ ਦੀਆਂ ਮੀਂਗਣਾਂ ਗਿਣ ਕੇ ਦੱਸਦਾ ਹੋਵੇ। ਕਹਿੰਦੇ ਨੇ ਇਕ ਵਾਰੀ ਉਹਦੇ ਘੜੇ ਦਾ ਚੱਪਣ ਲਹਿ ਗਿਆ। ਬੱਕਰੀ ਨੇ ਘੜੇ 'ਚ ਮੀਂਗਣਾਂ ਦੀ ਬੁੱਕ ਭਰ ਦਿੱਤੀ। ਜਦ ਕਿਸੇ ਨੇ ਆ ਕੇ ਪੰਡਤ ਜੀ ਤੋਂ ਤਿਥ ਪੁੱਛੀ ਤਾਂ ਉਹ ਮੀਂਗਣਾ ਦਾ ਬੁੱਕ ਭਰ ਕੇ ਕਹਿੰਦਾ ਕਿ ਜਜਮਾਨ, ਅੱਜ ਤਾਂ ਤਿਥ ਬੇਅੰਤ ਐ।
ਮੈਂ ਅਣਖੀ ਕੋਲੋਂ ਅਕਸਰ ਫੋਨ ਕਰ ਕੇ ਉਹਦੀ ਸਿਹਤ ਬਾਰੇ ਪੁੱਛਦਾ ਰਹਿੰਦਾ ਸੀ। ਇਕ ਤਾਂ ਉਹਨੂੰ ਪਿਸ਼ਾਬ ਕਰਦਿਆਂ ਜਲਣ ਦੀ ਸ਼ਿਕਾਇਤ ਪੂਰੀ ਤਰ੍ਹਾਂ ਖਤਮ ਨਹੀਂ ਸੀ ਹੋਈ। ਫੇਰ ਉਹਨੇ ਇਕ ਦਿਨ ਮੈਨੂੰ ਦੱਸਿਆ, ''ਯਾਰ, ਮੇਰੇ ਦਰਦ ਜਿਹਾ ਹੁੰਦਾ ਰਹਿੰਦਾ ਐ। ਕਦੇ ਉਹ ਢਿੱਡ ਦੇ ਖੱਬੇ ਸੱਜੇ ਹੁੰਦਾ ਏ ਤੇ ਕਦੇ ਬੱਖੀ 'ਚ ਨੂੰ।''
ਅਜਿਹੀਆਂ ਸ਼ਿਕਾਇਤਾਂ ਸਭ ਬੁੜ੍ਹਿਆਂ ਨੂੰ ਹੁੰਦੀਆਂ ਰਹਿੰਦੀਆਂ ਨੇ। ਉਹ ਇਹਨੂੰ ਭਾਣਾ ਮੰਨ ਕੇ ਤੇ ਫੱਕੀ ਫੁੱਕੀ ਲੈ ਕੇ ਸਾਰੀ ਜਾਂਦੇ ਨੇ। ਜਦ ਅਣਖੀ ਏਸ ਜਹਾਨੋਂ ਤੁਰ ਗਿਆ ਤਾਂ ਹੈਰਾਨੀ ਹੋਈ ਕਿ ਏਡੀ ਛੇਤੀ ਤੇ ਕਾਹਲ ਨਾਲ ਕਿਉਂ ਚਲਿਆ ਗਿਆ।
ਅਣਖੀ ਦੇ ਗੁਜ਼ਰਨ 'ਤੇ ਜਿਹੜੀਆਂ ਖਬਰਾਂ ਤੇ ਇਸ਼ਤਿਹਾਰ ਛਪੇ, ਉਹਨਾਂ ਤੋਂ ਲੱਗਦਾ ਸੀ ਕਿ ਮਰਨ ਵਾਲਾ ਆਪਣੀਆਂ ਰਸਮਾਂ 'ਤੇ ਪੈਸਾ ਖਰਚ ਕਰਨਾ ਨਹੀਂ ਸੀ ਚਾਹੁੰਦਾ। ਬਲਕਿ ਇਹ ਚਾਹੁੰਦਾ ਸੀ ਕਿ ਉਹਦੇ ਮਰਨ 'ਤੇ ਲੋਕਾਂ ਦਾ ਭਾਰੀ ਕੱਠ ਹੋਵੇ ਤੇ ਉਹਦੇ ਗੁਣ ਗਾਏ ਜਾਣ। ਏਸ ਨਾਲ ਮੈਨੂੰ ਲਾਲ ਸਿੰਘ ਦਿਲ ਦੀ ਆਖਰੀ ਸਮੇਂ ਦੀ ਗੱਲ ਯਾਦ ਆ ਗਈ। ਉਹ ਕਹਿੰਦਾ ਹੁੰਦਾ ਸੀ ਕਿ ਉਹਦੇ ਮਰਨ 'ਤੇ ਉਹਨੂੰ ਏਸ ਘਰ ਦੇ ਵਿਹੜੇ 'ਚ ਦਫਨ ਕੀਤਾ ਜਾਵੇ। ਹਰ ਸਾਲ ਉਹਦੇ ਮਜ਼ਾਰ 'ਤੇ ਮੇਲਾ ਲੱਗੇ। ਕੱਵਾਲੀਆਂ ਹੋਣ।
ਇਹ ਅਮਰ ਹੋਣ ਦੀ ਖਾਹਿਸ਼ ਸਾਹਿਤਕਾਰ ਦਾ ਮਰਨ 'ਤੇ ਵੀ ਖਹਿੜਾ ਨਹੀਂ ਛੱਡਦੀ।

ਅਪ੍ਰੈਲ, 2010
* * * *

Saturday, 16 April 2011

ਸਮਕਾਲੀ ਕਵੀ ਜਗਤਾਰ :: ਹਰਿਭਜਨ ਸਿੰਘ ਹੁੰਦਲ



ਸਮਕਾਲੀ ਕਵੀ ਜਗਤਾਰ
(ਕੁਝ ਖੱਟੀਆਂ-ਮਿੱਠੀਆਂ ਯਾਦਾਂ)

ਲੇਖਕ : ਹਰਿਭਜਨ ਸਿੰਘ ਹੁੰਦਲ
ਸੰਪਾਦਕ : ਚਿਰਾਗ਼, ਫ਼ੋਨ : 01822273188 ; 9915042242

ਪੋਸਟਿੰਗ : ਮਹਿੰਦਰ ਬੇਦੀ, ਜੈਤੋ



    1.
ਜਗਤਾਰ ਮੇਰਾ ਸਮਕਾਲੀ ਸੀ ਤੇ ਹਮ-ਉਮਰ। ਸਾਡੀ ਉਮਰ ਵਿੱਚ ਕੋਈ ਸਾਲ ਛੇ ਮਹੀਨੇ ਦਾ ਫ਼ਰਕ ਹੋਵੇਗਾ। ਸਾਡੀ ਦੋਹਾਂ ਦੀ ਕਵਿਤਾ ਦਾ ਸਫ਼ਰ ਸਮਾਂਤਰ ਚੱਲਦਾ ਰਿਹਾ ਹੈ। ਸ਼ੁਰੂ ਦੇ ਸਾਲਾਂ ਵਿੱਚ, ਜਦੋਂ ਅਸੀਂ ਅਜੇ ਸਾਹਿਤ ਵਿੱਚ ਸਥਾਪਤ ਨਹੀਂ ਸੀ ਹੋਏ ਤਾਂ ਕਦੇ-ਕਦਾਈਂ ਆਪੋ ਵਿਚ ਇੱਟ-ਖੜਿੱਕਾ ਲੈਂਦੇ ਰਹੇ। ਸਾਡਾ ਆਰੰਭ ਵੱਖੋ-ਵੱਖਰੇ ਪ੍ਰੇਰਨਾ ਸ਼੍ਰੋਤਾਂ ਤੋਂ ਹੋਇਆ ਸੀ। ਉਸਦਾ ਮੁੱਢਲਾ ਪ੍ਰੇਰਨਾ ਸ੍ਰੋਤ ਲੋਕ-ਗੀਤ ਸਨ ਤੇ ਮੇਰਾ ਪੰਜਾਬੀ ਦੀ ਪ੍ਰਗਤੀਵਾਦੀ ਰਾਜਸੀ ਕਵਿਤਾ। ਮੇਰੇ ਵਾਂਗ ਉਸਦਾ ਕਾਵਿ-ਵਿਕਾਸ ਹੌਲੀ-ਹੌਲੀ ਹੋਇਆ ਸੀ। ਉਸਦਾ ਉਰਦੂ ਦਾ ਪਿਛੋਕੜ ਮੇਰੇ ਨਾਲੋਂ ਵਧੇਰੇ ਪਰਪੱਕ ਸੀ। ਜਦੋਂ ਉਹ ਆਧੁਨਿਕ ਪ੍ਰਯੋਗਵਾਦੀ ਕਵਿਤਾ ਦੇ ਨਾਲ-ਨਾਲ ਗ਼ਜ਼ਲ ਲਿਖਣ ਵੱਲ ਪੱਕੇ ਤੌਰ 'ਤੇ ਪਰਤ ਗਿਆ ਤਾਂ ਉਹ ਨਿਰਸੰਕੋਚ ਵਧੇਰੇ ਮਾਨਤਾ ਤੇ ਸਵੀਕ੍ਰਿਤੀ ਪ੍ਰਾਪਤ ਕਰ ਗਿਆ। ਗ਼ਜ਼ਲ ਦੇ ਖੇਤਰ ਵਿਚ ਉਸ ਦਾ ਕੋਈ ਟਾਕਰਾ ਨਹੀਂ ਸੀ। ਉਸਨੂੰ ਪੰਜਾਬੀ ਕਵਿਤਾ ਦੇ ਖੇਤਰ ਵਿੱਚ, ਜੋ ਪ੍ਰਸਿੱਧਤਾ ਗ਼ਜ਼ਲ ਨੇ ਦਿਵਾਈ ਉਹ ਕਮਾਲ ਦੀ ਸੀ। ਉਸਨੇ ਰਾਜਨੀਤਿਕ ਅਨੁਭਵਾਂ ਨਾਲ ਲਬਰੇਜ਼ ਡੂੰਘੇ ਅਰਥਾਂ ਵਾਲੀਆਂ ਗ਼ਜ਼ਲਾਂ ਲਿਖਣ ਦੇ ਨਾਲ-ਨਾਲ ਵਿਛੋੜੇ-ਮਿਲਾਪ, ਇਕੱਲਤਾ, ਮਾਯੂਸੀ ਤੇ ਹੋਰ ਅਨੇਕ ਭਾਂਤ ਦੇ ਮਨੁੱਖੀ ਅਨੁਭਵਾਂ ਨੂੰ ਬੜੀ ਪੁਖ਼ਤਾ ਜ਼ਬਾਨ ਤੇ ਨਵੇਂ ਕਾਵਿ-ਮਹਾਵਰੇ ਵਿੱਚ ਪੇਸ਼ ਕੀਤਾ।
ਪੰਜਾਬੀ ਵਿੱਚ ਅੱਜ ਜੇ ਕੋਈ ਗ਼ਜ਼ਲ ਦੇ ਖੇਤਰ ਵਿਚ ਜਗਤਾਰ ਦੇ ਬਰਾਬਰ ਤੇ ਕਈ ਵਾਰ ਉਸ ਤੋਂ ਵੀ ਕੁਝ ਵੱਧ ਡੂੰਘੇ ਅਰਥਾਂ ਤੇ ਅਨੇਕ ਤੈਹਾਂ ਵਾਲੀ ਭਰਪੂਰ ਰਾਜਸੀ ਗ਼ਜ਼ਲ ਕਹਿ ਰਿਹ ਹੈ ਤਾਂ ਉਹ ਗੁਰਦੀਪ ਡੇਅਰਾਦੂਨ ਹੈ। ਬੌਧਿਕ ਡੂੰਘਿਆਈ ਤੇ ਦਾਰਸ਼ਨਿਕ ਅਰਥਾਂ ਵਾਲੀਆਂ ਗ਼ਜ਼ਲਾਂ ਲਿਖਣ ਵਿੱਚ ਬਹੁਤ ਵਾਰ ਗੁਰਦੀਪ, ਜਗਤਾਰ ਨੂੰ ਕਦੇ-ਕਦੇ ਪਿੱਛੇ ਛੱਡ ਜਾਂਦਾ ਹੈ।
ਪਰ ਗੁਰਦੀਪ ਦੇ ਟਾਕਰੇ ਉੱਤੇ ਜਗਤਾਰ ਨੇ ਗ਼ਜ਼ਲ ਲਿਖ ਕੇ ਵਧੇਰੇ ਸਵੀਕ੍ਰਿਤੀ ਤੇ ਮਾਨਤਾ ਪ੍ਰਾਪਤ ਕੀਤੀ ਹੈ। ਆਖ਼ਰ ਕਿਵੇਂ? ਗੁਰਦੀਪ ਦਾ ਪੰਜਾਬ ਤੋਂ ਦੂਰ ਚਲੇ ਜਾਣਾ, ਦਰਵੇਸ਼ਾਂ ਵਰਗੀ ਨਿਰਲੇਪਤਾ ਧਾਰਨ ਕਰ ਲੈਣਾ ਤੇ ਉਸਦੀ ਜ਼ਬਾਨ ਵਿੱਚ ਉਰਦੂ ਫਾਰਸੀ ਦੇ ਸ਼ਬਦਾਂ ਤੇ ਇਸ਼ਤਿਆਰਿਆਂ ਦਾ ਭਾਰੂ ਹੋ ਜਾਣਾ ਉਹ ਜਦ ਵੀ ਤੇ ਜਿੱਥੇ ਵੀ, ਪੰਜਾਬੀ ਮੁਹਾਵਰੇ ਵਿੱਚ ਗੱਲ ਕਰਦਾ ਹੈ, ਉੱਥੇ ਉਹ ਜਗਤਾਰ ਨਾਲੋਂ ਬਹੁਤ ਉੱਚਾ ਉੱਠ ਜਾਂਦਾ ਹੈ। ਜਗਤਾਰ ਦੀ ਸਮੁੱਚੀ ਗ਼ਜ਼ਲ ਤੇ ਨਜ਼ਮ ਦੋਹਾਂ ਨੂੰ ਮੈਂ ਦੁਬਾਰਾ ਪੜ੍ਹਿਆ ਹੈ ਤੇ ਕਿਸੇ ਹੱਦ ਤੀਕ ਵਿਚਾਰਿਆ ਵੀ ਹੈ। ਮੈਂ ਨਿੱਜੀ ਤੌਰ 'ਤੇ ਇਹ ਅਨੁਭਵ ਕੀਤਾ ਹੈ ਕਿ ਜੋ ਪ੍ਰਾਪਤੀ ਤੇ ਸਵਕ੍ਰਿਤੀ ਉਸਨੇ ਗ਼ਜ਼ਲ ਦੇ ਖੇਤਰ ਵਿੱਚ ਪ੍ਰਾਪਤ ਕੀਤੀ ਹੈ, ਉਹ ਨਜ਼ਮ ਵਿੱਚ ਨਹੀਂ ਕੀਤੀ। ਉਂਝ 'ਲਹੂ ਦੇ ਨਕਸ਼' ਅਤੇ ਮਗਰਲੇ ਤਿੰਨ ਕਾਵਿ-ਸੰਗ੍ਰਹਿਆਂ ('ਪ੍ਰਵੇਜ਼ ਦੁਆਰ', 'ਚਨੁਕਰੀ ਸ਼ਾਮ' ਅਤੇ 'ਜਜ਼ੀਰਿਆਂ ਵਿਚ ਘਿਰਿਆ ਸਮੁੰਦਰ') ਵਿੱਚ ਉਸਦੀ ਨਜ਼ਮ ਦੇ ਕ੍ਰਿਸ਼ਮੇ ਤੇ ਪ੍ਰਾਪਤੀ ਅਣਡਿੱਠ ਨਹੀਂ ਕੀਤੀ ਜਾ ਸਕਦੀ।
    2.
1955-56 ਦੇ ਆਰੰਭਕ ਸਾਲਾਂ ਵਿੱਚ ਜਲੰਧਰ ਜਿੱਥੇ ਪੱਤਰਕਾਰੀ ਦੇ ਕੇਂਦਰ ਵਜੋਂ ਸਥਾਪਤ ਹੋ ਚੁੱਕਾ ਸੀ, ਉੱਥੇ ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਸਰਗਰਮੀਆਂ ਕਾਰਨ ਵੀ ਪ੍ਰਸਿੱਧ ਸੀ। ਇਸ ਉੱਤੇ ਵਾਧਾ ਇਹ ਕਿ ਜਲੰਧਰ ਵਿੱਚ ਰੂਸੀ ਕਿਤਾਬਾਂ ਦੀ ਦੁਕਾਨ 'ਪੰਜਾਬ ਬੁੱਕ ਸੈਂਟਰ' ਵੀ ਸੀ। ਹਰ ਉੱਠਦਾ ਉਭਰਦਾ ਲੇਖਕ ਬੱਸੋਂ ਉਤਰ ਕੇ, ਪਹਿਲਾਂ ਸਿੱਧਾ 'ਪੰਜਾਬ ਬੁੱਕ ਸੈਂਟਰ' ਜਾਂਦਾ ਸੀ ਤੇ ਨਵੀਆਂ ਰੂਸੀ ਕਿਤਾਬਾਂ ਖਰੀਦ ਕੇ ਕੱਛੇ ਮਾਰ, ਫਿਰ ਕੰਪਨੀ ਬਾਗ ਦੇ ਸਾਹਮਣੇ ਵਾਲੇ ਚੁਬਾਰਿਆਂ ਵਿੱਚ ਬਣੇ 'ਇੰਡੀਅਨ ਕਾਫੀ ਹਾਊਸ' ਦੀਆਂ ਪੌੜੀਆਂ ਚੜ੍ਹ ਕੁਰਸੀ 'ਤੇ ਜਾ ਬੈਠਦਾ ਸੀ। ਜਾਂਦਿਆਂ ਨੂੰ ਦੋ ਚਾਰ ਲੇਖਕ ਜਾਂ ਪੱਤਰਕਾਰ ਪਹਿਲਾਂ ਹੀ ਨਵੇਂ ਆਉਣ ਵਾਲੇ ਦੀ ਉਡੀਕ ਕਰ ਰਹੇ ਹੁੰਦੇ ਸਨ ਤੇ ਸ਼ਨੀਚਰਵਾਰ ਉਹ ਦੁਪਹਿਰੋਂ ਬਾਅਦ ਕਾਫੀ ਹਾਊਸ ਪਹੁੰਚ ਜਾਂਦੇ। ਦੋ-ਚਾਰ ਘੰਟੇ ਕਾਫੀ ਪੀ, ਚੁੰਝ ਲੜਾ, ਅਗਲੇ ਦਿਨ ਐਤਵਾਰ ਜਾਂ ਫਿਰ ਸੋਮਵਾਰ ਸਵੱਖਤੇ, ਆਪਣੇ ਆਪਣੇ ਸਕੂਲਾਂ ਨੂੰ ਭੱਜ ਉਠਦੇ ਸੀ।
ਇਸੇ ਹੀ ਕਾਫੀ ਹਾਊਸ ਵਿੱਚ ਮੇਰੀ ਜਗਤਾਰ ਨਾਲ ਪਹਿਲੀ ਝੜਪ ਹੋਈ ਸੀ। ਜਿਸ ਦਾ ਅਸਰ ਕਈ ਦਹਾਕੇ ਤੀਕ ਚੱਲਦਾ ਰਿਹਾ। ਇਹ ਛੇਵੇਂ ਦਹਾਕੇ ਦੇ ਅੰਤਲੇ ਕਿਸੇ ਸਾਲ ਦੇ ਨੇੜੇ-ਤੇੜੇ ਦੀ ਗੱਲ ਸੀ। ਜਸਬੀਰ ਸਿੰਘ ਆਹਲੂਵਾਲੀਆ ਜਲੰਧਰ ਵਿੱਚ ਮੈਜਿਸਟਰੇਟ ਆ ਲੱਗਾ ਸੀ। ਉਸਨੇ ਪ੍ਰੀਤਮ ਸਿੰਘ ਪੀ.ਸੀ.ਐਸ. ਨਾਲ ਰਲਕੇ ਪੰਜਾਬੀ ਕਵਿਤਾ ਵਿੱਚ ਨਵੇਂ ਪ੍ਰਯੋਗਾਂ ਦੀ ਗੱਲ ਚਲਾ ਦਿੱਤੀ ਸੀ। ਪ੍ਰੋ. ਮੋਹਨ ਸਿੰਘ ਨੇ ਆਪਣੀ ਪੱਤ੍ਰਿਕਾ 'ਪੰਜ ਦਰਿਆ' ਡਾ. ਆਹਲੂਵਾਲੀਆ ਨੂੰ ਵੇਚ ਦਿੱਤੀ ਸੀ। ਪੰਜ ਦਰਿਆ ਦੀ ਨਵੀਂ ਮਾਲਕੀ ਅਧੀਨ ਛਪਦੇ ਇਸ ਦੇ ਇਕ ਅੰਕ ਵਿੱਚ ਨਾਟਕਕਾਰ ਸੁਰਜੀਤ ਸਿੰਘ ਸੇਠੀ ਨੇ ਇਕ ਖੁੱਲ੍ਹਾ ਖ਼ਤ ਛਾਪਿਆ ਸੀ, ਜਿਸ ਵਿੱਚ ਮੋਹਨ ਸਿੰਘ ਤੇ ਅੰਮ੍ਰਿਤਾ ਪ੍ਰੀਤਮ ਦੇ ਸੂਖਮ ਪਿਆਰ-ਸੰਬੰਧਾਂ ਦਾ ਵਿਅੰਗਾਤਮਿਕ ਜ਼ਿਕਰ ਚਟਖਾਰੇ ਨਾਲ ਬਿਆਨ ਕੀਤਾ ਗਿਆ ਸੀ। ਇਸ ਚਿੱਠੀ ਦੇ ਛਪਣ ਨਾਲ ਸਾਹਿਤਕ ਹਲਕਿਆਂ ਵਿੱਚ ਤਿੱਖੀ ਚਰਚਾ ਛਿੜ ਪਈ ਸੀ। ਪ੍ਰੀਤਲੜੀ ਵਿੱਚ ਸਵਰਗੀ ਨਵਤੇਜ ਸਿੰਘ ਨੇ ਆਪਣੇ ਮਹੀਨੇਵਾਰ ਕਾਲਮ 'ਮੇਰੀ ਧਰਤੀ-ਮੇਰੇ ਲੋਕ' ਵਿੱਚ ਸੁਰਜੀਤ ਸਿੰਘ ਸੇਠੀ ਦੀ ਇਸ ਲਿਖਤ ਦੇ ਅੰਦਾਜ਼ ਦਾ ਨੋਟਿਸ ਲਿਆ ਸੀ।
ਕਾਫ਼ੀ ਹਾਊਸ ਵਿੱਚ ਉਸ ਦਿਨ ਇਕ ਮੇਜ਼ ਦੁਆਲੇ ਜਗਤਾਰ, ਮੈਂ ਤੇ ਇਕ ਦੋ ਜਣੇ ਹੋਰ ਬੈਠੇ ਹੋਏ ਸਨ। ਉਹ ਨਵਤੇਜ ਦੇ ਲਿਖੇ ਕਾਲਮ ਦੀ ਨਿੰਦਿਆ ਕਰ ਰਿਹਾ ਸੀ ਮੈਂ ਪ੍ਰਸ਼ੰਸਾ। ਅਚਾਨਕ ਹੀ ਉਹ ਤੈਸ਼ ਵਿੱਚ ਆ ਗਿਆ ਤੇ ਆਖਣ ਲੱਗਾ,
“ਤੂੰ ਨਵਤੇਜ ਦਾ ਸਾਲਾ ਲੱਗਦੈਂ?” ਮੇਰੇ ਲਈ ਇਹ ਵੱਡੀ ਚੁਣੌਤੀ ਸੀ। ਮੈਂ ਆਪਣੀ ਗੁਰਗਾਬੀ ਦਾ ਇਕ ਛਿੱਤਰ ਲਾਹਿਆ ਤੇ ਮੇਜ਼ ਉੱਤੇ ਰੱਖ ਦਿੱਤਾ। “ਇਕ ਵਾਰੀ ਇਹ ਗਾਲ੍ਹ ਫਿਰ ਕੱਢ।” ਮੈਂ ਆਖਿਆ। ਪਰ ਉਹ ਚੁੱਪ ਸੀ। ਦੋ-ਚਾਰ ਮਿੰਟ ਮੈਂ ਉਡੀਕਿਆ, ਛਿੱਤਰ ਫੜ ਕੇ ਪੈਰੀਂ ਪਾਇਆ ਤੇ ਉੱਥੋਂ ਉੱਠ ਕੇ ਕਾਫ਼ੀ ਹਾਊਸ ਤੋਂ ਬਾਹਰ ਨਿਕਲ ਆਇਆ।
ਉਹ ਦਿਨ ਜਾਵੇ ਤੇ ਆਹ ਦਿਨ ਆਵੇ, ਉਹ ਨਹੀਂ ਫਿਰ ਮੇਰੇ ਨਾਲ ਸਿੱਧੇ ਮੂੰਹ ਬੋਲਿਆ। ਇੰਜ ਸਾਡੇ ਵਿਰੋਧ ਦਾ ਮੁੱਢ ਬੱਝ ਗਿਆ ਤੇ ਜੋ ਦੇਰ ਤੀਕ ਚੱਲਦਾ ਰਿਹਾ।
    3.
ਇਹਨਾਂ ਹੀ ਦਿਨਾਂ ਵਿੱਚ ਆਹਲੂਵਾਲੀਏ ਦੇ ਪ੍ਰਯੋਗਵਾਦ ਦੀ ਬੜੀ ਚਰਚਾ ਚੱਲ ਪਈ ਸੀ। ਪ੍ਰਗਤੀਵਾਦੀ ਸਹਿਤ ਸਿਧਾਂਤਾਂ ਉੱਤੇ ਹਮਲੇ-ਦਰ ਹਮਲੇ ਹੋਣ ਲੱਗੇ। ਵੇਖਦੇ ਹੀ ਵੇਖਦੇ ਅਜਾਇਬ ਕਮਲ, ਰਵਿੰਦਰ ਰਵੀ ਤੇ ਜਗਤਾਰ ਪ੍ਰਯੋਗਵਾਦੀ ਕਵਿਤਾਵਾਂ ਲਿਖਣ ਲੱਗੇ। ਪੰਡਿਤ ਨਹਿਰੂ ਦੇ ਅਖੌਤੀ ਸਮਾਜਵਾਦ ਦੀ ਪ੍ਰਸ਼ੰਸਾ ਹੋਣ ਲੱਗੀ ਤੇ ਪ੍ਰਗਤੀਵਾਦੀ ਲੇਖਕ/ਪ੍ਰਗਟਾਅ ਢੰਗਾਂ ਨੂੰ ਰਵਾਇਤੀ ਤੇ ਸਮੇਂ ਤੋਂ ਪਛੜਿਆ ਹੋਇਆ ਕਿਹਾ ਜਾਣਾ ਆਮ ਗੱਲ ਬਣ ਗਿਆ ਸੀ।
ਜਗਤਾਰ ਤੇ ਰਣਜੀਤ ਸਿੰਘ ਚੰਦ ਨੇ ਵੀ ਆਪਦੀ ਧਿਰ ਦਾ ਪ੍ਰਚਾਰ ਕਰਨ ਲਈ 'ਸੁਰਤਾਲ' ਪੱਤ੍ਰਿਕਾ ਛਾਪਣੀ ਸ਼ੁਰੂ ਕੀਤੀ। ਟੀ.ਐਸ. ਈਲੀਅਟ ਦੀਆਂ ਚੋਣਵੀਆਂ ਵਾਰਤਕ ਲਿਖਤਾਂ ਦੇ ਹਵਾਲੇ ਦਿੱਤੇ ਜਾਣ ਲੱਗੇ। ਆਹਲੂਵਾਲੀਏ ਦੀ ਰੀਸੇ ਜਗਤਾਰ ਨੇ ਵੀ ਸੈਕਸ ਦਾ ਨਿਸੰਗ ਵਰਣਨ ਕਰਦਿਆਂ ਕਵਿਤਾਵਾਂ ਲਿਖਣੀਆਂ ਆਰੰਭ ਕਰ ਦਿੱਤੀਆਂ...:
 ਮੇਰੇ ਲਈ ਫਿਰ
 ਖੂਬਸੂਰਤ ਕੁੜੀਆਂ ਦਾ ਨੰਗਾ ਬਦਨ
 ਬੰਦ ਕਮਰੇ ਵਿੱਚ ਬਣ ਜਾਵੇ ਖੁਦਾ
 ਜਿਸਮ ਦੀ ਲੱਜ਼ਤ, ਗੁਲਾਈਆਂ
 ਨਿੱਘ ਦੀ ਗੱਲ ਛੱਡ ਕੇ
 ਰੂਹ ਦੇ ਜੋ ਪਿਆਰ ਦੀ ਗੱਲ ਕਰਦਾ
 ਉਹ ਨਿਪੁੰਸਕ ਹੈ, ਨਿਰਾਸ਼ਾਵਾਦੀ ਹੈ।
ਜਾਂ ਫਿਰ 'ਸੁਰਤਾਲ' ਵਿੱਚ ਉਸਦੀ ਇਕ ਹੋਰ ਕਵਿਤਾ ਛਪੀ। ਜਿਸ ਵਿਚ ਉਪਰਲੀ ਗੱਲ ਨੂੰ ਹੋਰ ਅੱਗੇ ਤੋਰਦੇ ਹੋਏ ਉਸਨੇ ਕਿਹਾ...:
 'ਸਾਨੂੰ ਨੇਰ੍ਹ 'ਚ ਇਕ ਦੂਜੇ ਨੂੰ
 ਜਾਨਣ ਦੀ ਆਦਤ ਪੈ ਗਈ
 ਅੰਗ ਅੰਗਾਂ ਦੇ ਵਾਕਿਫ਼ ਹੋ ਗਏ
 ਮਗਰਮੱਛ ਵਾਂਗ ਮੈਂ ਉਸ ਨੂੰ
 ਰਾਤ ਰਾਤ ਵਿੱਚ
 ਕਿੰਨੀ ਵਾਰ ਨਿਗਲ ਜਾਂਦਾ ਸਾਂ।
 ਹੁਣ ਕੁਝ ਚਿਰ ਤੋਂ ਮੈਂ
 ਪਤਨੀ ਦੇ ਪੇਟ ਵਿੱਚ ਹਾਂ
 ਸ਼ੱਕ ਗ੍ਰਸਿਆ ਸੋਚਣ ਲੱਗਦਾ
 ਮੈਂ ਹੀ ਉਸਦੇ ਪੇਟ 'ਚ ਹਾਂ
 ਜਾਂ ਕੋਈ  ਹੋਰ  ਹੈ।' (ਸੁਰਤਾਲ ਜੂਨ 66)
ਮੈਂ ਤੇ ਮੇਰੇ ਵਰਗੇ ਹੋਰ ਨਵੇਂ ਉਠਦੇ ਕਵੀ ਇਹ ਕਵਿਤਾਵਾਂ ਪੜ੍ਹਕੇ ਡੂੰਘੀਆਂ ਸੋਚਾਂ ਵਿੱਚ, ਉਲਝ ਜਾਂਦੇ ਕਿ ਇਹ ਕੈਸੇ ਨਵੇਂ ਪ੍ਰਯੋਗ ਹਨ, ਜਿਨ੍ਹਾਂ ਦੀ ਵਕਾਲਤ ਇਹ ਸਿਧਾਂਤਕਾਰ ਕਰ ਰਹੇ ਹਨ। ਖੁਦ ਮੈਂ ਵੀ ਪ੍ਰਯੋਗਾਂ ਬਾਰੇ ਨਿਰੰਤਰ ਸੋਚਦਾ ਰਹਿੰਦਾ ਸੀ।
ਨਿਰਸੰਕੋਚ ਹਰ ਸਮੇਂ ਸਾਹਿਤ ਵਿੱਚ ਨਵੇਂ ਤਜਰਬੇ ਤੇ ਨਵੇਂ ਪ੍ਰਯੋਗ ਹੁੰਦੇ ਰਹਿੰਦੇ ਹਨ ਤੇ ਇਹਨਾਂ ਦੀ ਅਵੱਸ਼ਕਤਾ ਵੀ ਬਣੀ ਰਹਿੰਦੀ ਹੈ। ਪਰ ਸਮਾਜਿਕ ਯਥਾਰਥ ਨੂੰ ਪ੍ਰਗਟ ਕਰਨ ਵੇਲੇ, ਲੇਖਕ ਦੀ ਪਹੁੰਚ ਤੇ ਵਤੀਰਾ ਕੀ ਹੋਣਾ ਚਾਹੀਦਾ ਹੈ। ਇਕ ਪ੍ਰਗਤੀਵਾਦੀ ਲੇਖਕ ਇਸ ਸਥਿਤੀ ਵਿੱਚ ਕੀ ਕਰੇ? ਇਹਨਾਂ ਹੀ ਸਮੱਸਿਆਵਾਂ ਨੂੰ ਸਾਂਝੇ ਤੌਰ 'ਤੇ ਨਜਿੱਠਣ ਲਈ 1965 ਵਿੱਚ ਤ੍ਰੈ-ਮਾਸਿਕ 'ਸਿਰਜਣਾ' ਦੀ ਸਾਡੇ ਮਿੱਤਰਾਂ ਵੱਲੋਂ ਪ੍ਰਕਾਸ਼ਨਾ ਆਰੰਭ ਹੋਈ।  
ਪਰ ਡਾ. ਜਗਤਾਰ ਲਈ ਨਵੇਂ ਪ੍ਰਯੋਗ ਸ਼ੁਰੂ ਕਰਨ ਵੇਲੇ, ਮੇਰੇ ਵਰਗੀ ਕੋਈ ਦੁਬਿਧਾ ਸ਼ਾਇਦ ਨਹੀਂ ਸੀ। ਇਹ ਗੱਲ ਵੀ ਨਹੀਂ ਸੀ ਕਿ ਉਸ ਦੇ ਸਾਰੇ ਹੀ ਕਾਵਿ-ਪ੍ਰਯੋਗ ਸਾਰਥਕ ਨਹੀਂ ਸਨ। ਐਪਰ ਮੈਂ ਅਨੁਭਵ ਕਰਦਾ ਸੀ ਕਿ ਇਹ ਕਵਿ-ਪ੍ਰਯੋਗ ਪਾਠਕ ਲਈ ਕੋਈ ਅਰਥ ਨਹੀਂ ਸੀ ਰੱਖਦੇ ਤੇ ਇਸ ਨਾਲ ਸਗੋਂ ਸਾਧਾਰਨ ਪਾਠਕ ਕਵਿਤਾ ਨਾਲੋਂ ਟੁੱਟਦਾ ਗਿਆ ਸੀ। ਪਰ ਮੈਂ ਖੁਦ ਨਵੇਂ ਪ੍ਰਯੋਗਾਂ ਦੇ ਰਾਹ ਤਲਾਸ਼ ਕਰਨ ਵੇਲੇ ਬੜੀ ਦੁਬਿਧਾ ਵਿੱਚ ਸੀ। ਮੇਰੀ ਇਹ ਦੁਬਿਧਾ, ਅਚਾਨਕ ਹੀ ਉਸ ਵੇਲੇ ਖ਼ਤਮ ਹੋਈ , ਜਦੋਂ ਸੰਪਾਦਕ ਪ੍ਰੀਤ-ਲੜੀ ਸ਼੍ਰੀ ਨਵਤੇਜ ਸਿੰਘ ਦੇ ਦੱਸਣ ਉੱਤੇ ਮੈਂ ਕਾਫੀ ਹਾਊਸ ਜਲੰਧਰ ਵਿੱਚ ਬੈਠੇ ਨੂੰ, ਅਰਨੈਸਟ ਵਿਸ਼ਰ ਦੀ ਕਿਤਾਬ (“he Neesith of Art) ਦੀ ਦੱਸ ਪਈ ਤੇ ਮੇਰੇ ਲਈ ਇਹ ਕਿਤਾਬ ਕਾਵਿ-ਪ੍ਰਸੰਗਾਂ ਬਾਰੇ ਕਪਾਟ ਖੋਲ੍ਹਣ ਵਾਲੀ ਸਾਬਤ ਹੋਈ।
ਉਸ ਵਿੱਚ ਲਿਖਿਆ ਸੀ, “ਇਹ ਸਪੱਸ਼ਟ ਹੈ ਕਿ ਉਸ ਸਮੇਂ ਖੋਟੇ (Spurious) ਪ੍ਰਯੋਗਾਂ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ, ਜਦੋਂ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੁੰਦੀ ਹੈ ਕਿ ਮਨੁੱਖਤਾ ਨੂੰ ਉਹ ਘੱਟਾ ਆਪਣੀਆਂ ਅੱਖਾਂ ਵਿਚੋਂ ਮਲ ਕੇ ਬਾਹਰ ਕੱਢਣ ਦੀ ਲੋੜ ਹੈ, ਜਿਹੜਾ ਉਸ ਦੀਆਂ ਅੱਖਾਂ ਵਿੱਚ ਪਾਇਆ ਜਾ ਰਿਹਾ ਹੈ। ਇਹ ਵੀ ਬਰਾਬਰ ਦਾ ਸੱਚ ਹੈ ਕਿ ਅਸੀਂ ਬੀਤੇ ਦੀਆਂ ਗੱਲਾਂ ਵੱਲ ਨਹੀਂ ਪਰਤ ਸਕਦੇ। ਸਾਨੂੰ ਸੱਚੇ ਪ੍ਰਯੋਗਾਂ ਵੱਲ ਵਧਣਾ ਚਾਹੀਦਾ ਹੈ। ਸਾਡੇ ਆਲੇ-ਦੁਆਲੇ ਕਿੰਨੀਆਂ ਵੱਡੀਆਂ ਖੋਜਾਂ ਹੋ ਰਹੀਆਂ ਹਨ—ਪੁਰਾਣੇ ਸਾਧਨਾਂ ਨਾਲ ਕਲਾਕਾਰ ਇਹਨਾਂ ਨੂੰ ਕਿਵੇਂ ਪੇਸ਼ ਕਰ ਸਕਦੇ ਹਨ।” (ਪੰਨਾ 113-114)
ਇਸ ਪੁਸਤਕ ਦੇ ਅਧਿਐਨ ਨਾਲ ਕਾਵਿ-ਪ੍ਰਯੋਗਾਂ ਬਾਰੇ ਮੇਰੇ ਸਾਰੇ ਸ਼ੰਕੇ ਨਵਿਰਤ ਹੋ ਗਏ ਸਨ। ਸਿੱਟੇ ਵਜੋਂ ਮੈਂ 1965 ਵਿੱਚ ਛਪੇ ਆਪਣੇ ਪਹਿਲੇ ਕਾਵਿ ਸੰਗ੍ਰਹਿ 'ਮਾਰਗ' ਦੇ ਅੰਤਲੇ ਪੰਨਿਆਂ ਵਿੱਚ ਤਿੰਨ-ਚਾਰ ਅਜਿਹੀਆਂ ਕਵਿਤਾਵਾਂ ਛਾਪੀਆਂ, ਜੋ ਮੇਰੇ ਲਈ ਨਵੇਂ ਕਾਵਿ-ਤਜਰਬਿਆਂ ਦੀਆਂ ਲਖਾਇਕ ਸਨ..:
 ਤਿੰਨ ਕਵਿਤਾਵਾਂ ਲਿਖ ਕੇ ਗੋਰੀ ਘਰ ਮੁੜਿਆ ਹਾਂ
 ਇਕ ਕਵਿਤਾ ਹੈ ਮੇਰੇ ਪਿੰਡ ਦੇ ਸੋਹਣ ਸਿੰਘ ਦੀ
 ਜਿਸ ਨੂੰ ਵਿਰਸੇ ਵਿੱਚੋਂ ਗੋਰੀ
 ਇਕ ਫ਼ਿਕਰਾਂ ਦੀ ਪੰਡ ਮਿਲੀ ਹੈ
 ਏਸ ਪੰਡ ਵਿੱਚ ਬੱਝਾ ਹੋਇਆ
 ਕੁਝ ਕਰਜਾ ਹੈ। (1962)
    4.
ਕਵਿਤਾ ਵਿੱਚ ਨਵੇਂ ਪ੍ਰਯੋਗ ਕਰਨ ਦੀ ਗੱਲ ਸਪੱਸ਼ਟ ਹੋਈ ਤਾਂ ਹੋਰ ਨਵੇਂ ਮਸਲੇ ਉੱਠ ਖੜੇ ਹੋਏ। 1962 ਵਿੱਚ ਭਾਰਤ-ਚੀਨ ਸਰਹੱਦੀ ਝੜਪਾਂ ਨੇ ਭਾਰਤ ਭਰ ਦੇ ਸਭ ਭਾਂਤ ਦੇ ਲੇਖਾਂ ਨੂੰ ਫਿਰ ਇਕ ਨਵੀਂ ਦੁਬਿਧਾ ਵਿੱਚ ਪਾ ਦਿੱਤਾ। ਉਦੋਂ ਤੀਕ ਅਜੇ ਨੈਵਲ ਮੈਕਸਵੈੱਲ ਦੀ ਕਿਤਾਬ 'ਭਾਰਤ ਦੀ ਚੀਨ ਜੰਗ' ਛਪ ਕੇ ਨਹੀਂ ਸੀ ਆਈ। ਸਾਰੇ ਦੇਸ਼ ਵਿੱਚ ਚੀਨ ਵਿਰੋਧੀ ਪ੍ਰਚਾਰ ਜ਼ੋਰਾਂ ਉੱਤੇ ਹੋ ਰਿਹਾ ਸੀ। ਅਲੀ ਸਰਦਾਰ ਜਾਫ਼ਰੀ ਵਰਗੇ ਉਰਦੂ ਦੇ ਪ੍ਰਮੁੱਖ ਕਵੀਆਂ ਨੇ ਚੀਨੀ ਇਨਕਲਾਬ ਦੀ ਜਿੱਤ ਉੱਤੇ ਲਿਖੀਆਂ ਆਪਣੀਆਂ ਪ੍ਰਸ਼ੰਸਾਮਈ ਕਵਿਤਾਵਾਂ ਨੂੰ ਨਸ਼ਟ ਕਰਨ ਦਾ ਐਲਾਨ ਕਰ ਦਿੱਤਾ। ਪੰਜਾਬੀ ਕਵੀਆਂ ਲਈ ਫਿਰ ਇਕ ਨਵੀਂ ਚੁਣੋਤੀ ਗੰਭੀਰ ਤੇ ਗੁੰਝਲਦਾਰ ਵੀ। ਭਾਰਤ ਦੇ ਚੀਨ ਦੋਵੇਂ ਦੇਸ਼ ਨਵੇਂ-ਨਵੇਂ ਆਜ਼ਾਦ ਹੋਏ ਸਨ। ਉਹਨਾਂ ਦੀਆਂ ਸਰਹੱਦਾਂ ਦੀ ਸਹੀ ਨਿਸ਼ਾਨਦੇਹੀ ਕਦੇ ਨਹੀਂ ਹੋਈ ਸੀ। ਅੰਗਰੇਜ਼ ਸਾਮਰਾਜ ਨੇ ਇਸ ਨਿਸ਼ਾਨਦੇਹੀ ਨੂੰ ਆਪਣੇ ਹਿੱਤਾਂ ਲਈ ਹੋਰ ਵਧੇਰੇ ਉਲਝਾ ਦਿੱਤਾ ਸੀ।
ਮੈਂ ਉਹਨਾਂ ਦਿਨਾਂ ਵਿੱਚ ਲੱਕ ਦੀ ਡਿਸਕ ਹਿੱਲ ਜਾਣ ਕਰਕੇ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਸੀ, ਜਿੱਥੇ ਸ਼ਾਮ ਨੂੰ ਮੇਰੇ ਰਾਜਸੀ ਤੇ ਸਾਹਿਤਕ ਮਿੱਤਰ ਕਾ. ਸੁਹੇਲ ਤੇ ਡਾ. ਰਘਬੀਰ ਸਿੰਘ ਮਿਲਣ-ਗਿਲਣ ਆਉਂਦੇ ਤੇ ਭਾਰਤ-ਚੀਨ ਸਰਹੱਦੀ ਘਟਨਾਵਾਂ ਦੀ ਚਰਚਾ ਕਰਦੇ ਹੁੰਦੇ ਸਨ। ਇਸ ਕਾਰਨ ਮੈਂ ਕਾਫੀ ਹੱਦ ਤੀਕ ਉਸ ਦੁਬਿਧਾ ਤੋਂ ਬਚਿਆ ਰਿਹਾ, ਜਿਸਦਾ ਇਕ ਹੋਰ ਕਵੀ ਸਮੇਤ ਜਗਤਾਰ ਵੀ ਸ਼ਿਕਾਰ ਹੋ ਰਿਹਾ ਸੀ। ਹਸਪਤਾਲੋਂ ਛੁੱਟੀ ਮਿਲਣ ਉੱਤੇ ਮੈਂ ਆਪਣੇ ਪਿੰਡ ਆ ਗਿਆ, ਪਰ ਸਰਹੱਦੀ ਘਟਨਾਵਾਂ ਮੇਰੀਆਂ ਸੋਚਾਂ ਉੱਤੇ ਛਾਈਆਂ ਰਹਿੰਦੀਆਂ। ਮੈਂ ਉਹਨੀਂ ਦਿਨੀਂ ਚੰਗੇਜ਼ ਐਤਮਾਤੋਵ ਦਾ ਇਕ ਨਾਵਲ ਪੜ੍ਹ ਰਿਹਾ ਸੀ, ਜਿਸ ਵਿੱਚ ਇਕ ਪਰਿਵਾਰ ਦਾ ਪਿਤਾ ਤੇ ਤਿੰਨ ਪੁੱਤਰ ਦੂਜੀ ਜੰਗ ਵਿਚ ਮਾਰੇ ਗਏ ਸਨ। ਮੈਂ ਇਸ ਨਾਵਲ ਨੂੰ ਆਧਾਰ ਬਣਾ ਕੇ ਭਾਰਤ ਚੀਨ ਸਰਹੱਦੀ ਝੜਵਾਂ ਬਾਰੇ ਇਕ ਨਵੀਂ ਕਵਿਤਾ ਲਿਖੀ ਜੋ ਇਸ ਪ੍ਰਕਾਰ ਸੀ...:
 ਦੱਸੋ, ਦੱਸੋ
 ਮੇਰੇ ਪਿੰਡ ਦੇ ਬੀਬੇ ਲੋਕੋ, ਮੈਨੂੰ ਦੱਸੋ?
 ਜਿਸ ਬਰਫੀਲੀ ਤੇ ਪਥਰੀਲੀ ਧਰਤੀ ਖ਼ਾਤਰ
 ਮੇਰਾ ਪਤੀ ਤੇ ਤਿੰਨੇ ਪੁੱਤਰ ਮਾਰੇ ਗਏ ਨੇ
 ਉਸ ਧਰਤੀ ਦੇ ਟੋਟੇ ਨਾਲੋਂ
 ਮੇਰੇ ਦਿਲ ਦੇ ਟੋਟੇ ਕੀ ਏਨੇ ਹੀ ਸਸਤੇ ਸੀ?
 ਕੀ ਮੈਂ ਤਿੰਨੇ ਪੁੱਤਰ ਇਸ ਮਿੱਟੀ ਦਾ
 ਮੁੱਲ ਤਾਰਨ ਲਈ ਹੀ ਪਾਲੇ ਸੀ? (1963)
ਪਰ ਜਗਤਾਰ ਦਾ ਇਸ ਜੰਗ ਬਾਰੇ ਵਤੀਰਾ ਕੁਝ ਵੱਖਰਾ ਸੀ। ਸੰਭਵ ਹੈ ਤੇਜ਼ੀ ਨਾਲ ਵਾਪਰਦੀਆਂ ਘਟਨਾਵਾਂ ਨੇ ਉਸ ਲਈ ਕੋਈ ਮੁਸ਼ਕਲ ਖੜ੍ਹੀ ਕਰ ਦਿੱਤੀ ਹੋਵੇ। ਚੀਨ ਬਾਰੇ ਉਸਦੀ ਹੇਠ ਲਿਖੀ ਕਵਿਤਾ, ਈਸ਼ਰ ਸਿੰਘ ਅਟਾਰੀ ਵੱਲੋਂ ਸੰਪਾਦਤ ਪੁਸਤਕ 'ਰਾਸ਼ਟਰੀ-ਨਾਦ' ਵਿੱਚੋਂ ਲਈ ਗਈ ਹੈ। ਇਹ ਕਵਿਤਾ ਡਾ. ਜਗਤਾਰ ਨੇ ਬਾਅਦ ਵਿੱਚ ਆਪਣੇ ਕਿਸੇ ਕਾਵਿ-ਸੰਗ੍ਰਹਿ ਵਿੱਚ ਸ਼ਾਮਿਲ ਨਹੀਂ ਕੀਤੀ। ਸੰਭਵ ਹੈ, ਵਕਤ ਬੀਤਣ ਨਾਲ ਇਹ ਕਵਿਤਾ ਉਸਨੂੰ ਵੀ ਗ਼ਲਤ ਪ੍ਰਤੀਤ ਹੁੰਦੀ ਹੋਵੇ...:
 ਮਿੱਤਰਤਾ ਦੇ ਫੁੱਲਾਂ ਨੂੰ ਕੁਚਲਣ ਤੋਂ ਪਹਿਲਾਂ
 ਮੰਦਰ ਦੇ ਵਿੱਚ ਜਾ ਕੇ
 ਗੌਤਮ ਦੇ ਬੁੱਤ ਸਾਵ੍ਹੇਂ
 ਫੁੱਲਾਂ ਦੀ ਥਾਂ ਰਾਈਫਲ ਧਰ ਕੇ
 ਜਿੱਤਾਂ ਜਿੱਤਣ, ਵੈਰੀ ਮਾਰਨ
 ਦੀ ਅਰਦਾਸ ਪਿਆ ਕਰਦਾ ਹੈ
 ਅਮਨ ਦਾ ਰਾਖਾ
 ਚੀਨ ਦਾ ਇਕ ਸਿਪਾਈ  (ਰਾਸ਼ਟਰੀ ਨਾਦ ਪੰਨਾ, 67, 1962-63)
    5.
ਸੰਵੇਦਨਸ਼ੀਨ ਲੇਖਕਾਂ ਲਈ ਸਿਰਜਨਾਤਮਿਕ ਚੁਣੌਤੀਆਂ ਤਾਂ ਹਰ ਪੜਾਅ ਉੱਤੇ ਹਾਜ਼ਰ ਹੁੰਦੀਆਂ ਹਨ। ਪ੍ਰਯੋਗਵਾਦ ਤੇ ਹਿੰਦ-ਚੀਨ ਝਗੜੇ ਦੀ ਧੂੜ ਹਾਲੀਂ ਬੈਠੀ ਨਹੀਂ ਸੀ ਕਿ ਨਕਸਵਾੜੀ ਕਿਸਾਨੀ ਅੰਦੋਲਨ ਦੇ ਚਰਚੇ ਹੋਣ ਲੱਗੇ। ਪੰਜਾਬ ਉੱਤੇ ਵੀ ਇਸਦਾ ਬੜਾ ਅਸਰ ਪਿਆ। ਸਿਆਸੀ ਕਤਲਾਂ ਦੀ ਲਹਿਰ ਤਾਂ ਭਾਵੇਂ ਛੇਤੀ ਹੀ ਕਮਜ਼ੋਰ ਹੋ ਗਈ, ਪਰ ਪੰਜਾਬੀ ਕਵੀਆਂ, ਖਾਸ ਤੌਰ 'ਤੇ ਨਵੇਂ ਲੇਖਕਾਂ ਉੱਤੇ ਇਸਦਾ ਡੂੰਘਾ ਤੇ ਚਿਰ-ਸਥਾਈ ਅਸਰ ਪਿਆ। ਨਵੇਂ ਕਵੀਆਂ ਦੀ ਇਕ ਢਾਣੀ ਉਭਰ ਕੇ ਸਾਹਮਣੇ ਆਈ। ਇਸ ਢਾਣੀ ਵਿੱਚ ਜਗਤਾਰ ਸਭ ਤੋਂ ਵੱਡਾ ਤੇ ਪ੍ਰਭਾਵਸ਼ਾਲੀ ਕਵੀ ਸੀ, ਜਿਸ ਨੇ ਕ੍ਰਾਂਤੀਕਾਰੀ ਰੰਗ ਵਿੱਚ ਚਿਰ-ਸਥਾਈ ਤੇ ਪ੍ਰਭਾਵਸ਼ਾਲੀ ਕਵਿਤਾਵਾਂ ਲਿਖ ਕੇ ਆਪਣੀ ਪੈਂਠ ਜਮਾਈ।
“ਲਹੂ ਦੇ ਨਕਸ਼” (1973) ਦੇ ਛਪਣ ਨਾਲ ਜਗਤਾਰ ਦੀ ਸ਼ਾਇਰੀ ਦਾ ਇਕ ਨਵਾਂ ਰੰਗ ਉਜਾਗਰ ਹੁੰਦਾ ਹੈ। ਭਾਵੇਂ “ਦੁਧ ਪੱਥਰੀ” ਦੀ ਪ੍ਰਕਾਸ਼ਨਾ ਨਾਲ ਜਗਤਾਰ ਦੀ ਕਵਿਤਾ ਇਕ ਨਵਾਂ ਕਾਵਿ-ਮੁਹਾਵਰਾ ਸਿਰਜਦੀ ਵਿਖਾਲੀ ਦਿੰਦੀ ਹੈ, ਪਰ ਇਸ ਕਵਿਤਾ ਵਿੱਚ ਕ੍ਰਾਂਤੀਕਾਰੀ ਰੰਗ, ਨਕਸਲਵਾੜੀ ਕਿਸਾਨ ਅੰਦੋਲਨ ਕਾਰਨ ਹੀ ਆਈ ਸੀ...:
 ਤੇ ਫਿਰ ਇਕ ਰਾਤ
 ਮੈਂ ਉਹਨਾਂ 'ਚ ਸ਼ਾਮਿਲ ਹੋ ਗਿਆ
 ਜਿਨ੍ਹਾਂ ਖੇਤਾਂ ਦੀ ਮਿੱਟੀ ਚੁੰਮ ਕੇ ਤੇ
 ਕਸਮ ਸੀ ਖਾਧੀ
 ਇਹ ਸਭ ਕੁਝ ਰਹਿਣ ਨਹੀਂ ਦੇਣਾ  (ਲਹੂ ਦੇ ਨਕਸ਼)
ਤੇ
 ਮੈਂ ਉਹਨਾਂ ਵਿੱਚ ਸ਼ਾਮਿਲ ਹਾਂ
 ਜਿਨ੍ਹਾਂ ਨੇ ਹੋਣੀਆਂ ਦੇ ਅਰਥ ਬਦਲੇ ਨੇ
 ਤੇ ਬੁਝ ਰਹੀ ਜ਼ਿੰਦਗੀ ਵਿੱਚ
 ਫੇਰ ਨੇ ਚੰਗਿਆੜੀਆਂ ਧਰੀਆਂ।
ਇਸ ਪੜਾਅ ਉੱਤੇ ਆ ਕੇ ਮੇਰੇ ਤੇ ਉਸਦੇ ਖੇਤਰ ਵਿੱਚ ਬੁਨਿਆਦੀ ਵਿਚਾਰਧਾਰਕ ਰਾਜਸੀ ਵਖਰੇਵੇਂ ਉਭਰ ਕੇ ਸਾਹਮਣੇ ਆ ਗਏ। ਪਹਿਲਾਂ ਸਾਡੇ ਵਿਰੋਧ ਵਧੇਰੇ ਕਰਕੇ ਨਿੱਜੀ ਭਾਂਤ ਦੇ ਸਨ। ਮੈਂ ਸੀ.ਪੀ.ਆਈ (ਐਮ.) ਦਾ ਸਮਰਥਕ ਸੀ ਤੇ ਉਹ ਨਕਸਲਵਾੜੀ ਵਿਚਾਰਧਾਰਾ ਦਾ। ਮੈਨੂੰ ਨਹੀਂ ਪਤਾ ਕਿ ਉਹ ਐਮ.ਐਲ. ਦੇ ਕਿਹੜੇ ਗਰੁੱਪ ਨਾਲ ਸੀ। ਹੈ ਵੀ ਸੀ ਜਾਂ ਸਿਰਫ ਭਾਵਕ ਹਮਦਰਦੀ ਹੀ ਸੀ। ਪਰ ਉਹ ਹਥਿਆਰਬੰਦ ਕ੍ਰਾਂਤੀ ਦਾ ਹਾਮੀ ਸੀ ਤੇ ਮੈਂ ਜੰਤਕ ਸੰਘਰਸ਼ ਦਾ।
ਫਿਰ ਪਤਾ ਲੱਗਾ  ਕਿ ਉਸਨੇ ਆਪਣੀ ਸੁਰੱਖਿਆ ਲਈ ਸਰਕਾਰੀ ਤੌਰ 'ਤੇ ਰਿਵਾਲਵਰ ਦਾ ਲਾਇਸੈਂਸ ਲੈ ਲਿਆ ਸੀ। ਮੈਨੂੰ ਇਹ ਸੁਣ ਕੇ ਹੈਰਾਨੀ ਹੋਈ। ਇਸ ਬਾਰੇ ਮੈਂ ਗ਼ਜ਼ਲ ਦੇ ਕੁਝ ਸ਼ਿਅਰ ਵਿਅੰਗਾਤਮਕ ਸੁਰ ਵਿੱਚ ਲਿਖੇ, ਜੋ ਸੰਤ ਸੰਧੂ ਮੇਰੇ ਪਿੱਛੋਂ ਆ ਕੇ ਲੈ ਗਿਆ ਤੇ ਆਪਣੇ ਪਰਚੇ ਵਿੱਚ ਛਾਪ ਦਿੱਤੇ। ਇਕ ਸ਼ਿਅਰ ਇੰਜ ਸੀ...:
 ਅੱਜ ਵਿਚਾਰਾ ਡਰਦਾ ਮਾਰਾ, ਪਿਸਟਲ ਪਾਈ ਫਿਰਦਾ ਹੈ,
 ਕੱਲ ਜਿਹੜਾ ਸੀ ਹੋਕਾ ਦਿੰਦਾ, ਹਥਿਆਰਾਂ ਦੀ ਵਾਰੀ ਦਾ।
    6.
ਕੁਝ ਸਾਲਾਂ ਪਿੱਛੋਂ ਡਾ. ਜਗਤਾਰ ਐਮ.ਏ. ਪੰਜਾਬੀ ਕਰਕੇ ਸਰਕਾਰੀ ਕਾਲਜ ਹੁਸ਼ਿਆਰਪੁਰ ਵਿੱਚ ਲੈਕਚਰਾਰ ਲੱਗ ਗਿਆ। ਉੱਥੇ ਸਾਡੇ ਸਟੇਟ ਪੱਧਰ ਦੇ ਟੀਚਰ ਆਗੂ ਸ਼੍ਰੀ ਹਰਕੰਵਲ ਸਿੰਘ ਰਹਿੰਦੇ ਸਨ। ਦੋਹਾਂ ਦਾ ਆਪੋ ਵਿੱਚ ਕਾਫੀ ਮੇਲ ਮਿਲਾਪ ਹੋ ਗਿਆ। ਤੇ ਉਹ ਡਾਕਟਰ ਦੀ ਕਵਿਤਾ ਦੇ ਵੱਡੇ ਪ੍ਰਸ਼ੰਸਕ ਬਣ ਗਏ। ਮੈਨੂੰ ਉਹ ਅਕਸਰ ਹੀ ਟੀਚਰ ਮਸਲਿਆਂ ਬਾਰੇ ਮਿਲਦੇ ਰਹਿੰਦੇ ਸਨ।  ਇਕ ਵਾਰੀ ਮਿਲਣ ਉੱਤੇ ਆਖਣ ਲੱਗੇ,
“ਤੁਸੀਂ ਅਕਸਰ ਆਪੋ ਵਿੱਚ ਟਕਰਾਉਂਦੇ ਰਹਿੰਦੇ ਹੋ। ਆਖ਼ਰ ਇਸ ਦਾ ਕਰਨ ਕੀ ਹੈ? ਡਾਕਟਰ ਜਗਤਾਰ ਉੱਚ-ਪਾਏ ਦਾ ਕਵੀ ਹੈ ਤੇ ਤੇਰਾ ਵੀ ਆਪਣਾ ਮੁਕਾਮ ਹੈ, ਤੁਸੀਂ ਇੰਝ ਪਬਲਿਕ ਤੌਰ 'ਤੇ ਟਕਰਾਉਣਾ ਛੱਡ ਕੇ, ਇਕ ਦੂਜੇ ਦੀ ਹੋਂਦ ਨੂੰ ਪ੍ਰਵਾਨ ਕਰ ਲਵੋ।”
ਮੈਂ ਉਹਨਾਂ ਨੂੰ ਆਪਣਾ ਪੱਖ ਦੱਸਿਆ। ਆਖਣ ਲੱਗੇ, “ਤੂੰ ਤਾਂ ਕਮਿਊਨਿਸਟ ਟੀਚਰ ਆਗੂ ਹੈਂ। ਤੇ ਕਿਸੇ ਅਨੁਸ਼ਾਸ਼ਨ ਦਾ ਪਾਬੰਦ ਹੈਂ। ਉਹ ਪ੍ਰਗਤੀਵਾਦੀ-ਜਨਵਾਦੀ ਕਵੀ ਹੈ। ਤੁਹਾਡਾ ਮਾਰਗ ਇਕੋ ਹੈ। ਸਿਰਫ ਸੁਭਾਅ ਟਕਰਾਉਂਦੇ ਹਨ। ਇਸ ਕਾਰਨ ਤੇਰੀ ਜ਼ਿੰਮੇਵਾਰੀ ਉਸ ਨਾਲੋਂ ਕੁਝ ਵਧੇਰੇ ਹੈ।”
ਇਸ ਤੋਂ ਬਾਅਦ ਮੈਂ ਉਸ ਪ੍ਰਤੀ ਈਰਖਾ ਤੇ ਤਲਖ਼ੀ ਪ੍ਰਗਟ ਕਰਨੀ ਬੰਦ ਕਰ ਦਿੱਤੀ। ਪਰ ਉਸ ਨੂੰ ਮੇਰੇ ਇਸ ਫੈਸਲੇ ਦਾ ਪਤਾ ਨਹੀਂ ਸੀ। ਮੇਰੇ ਪ੍ਰਤੀ ਉਸਦਾ ਵਿਹਾਰ ਪਹਿਲਾਂ ਵਾਲਾ ਹੀ ਰਿਹਾ। ਅਸਲ ਵਿਚ ਕਿਸੇ ਦੂਸਰੇ ਸਥਾਪਤ ਕਵੀ ਨੂੰ ਬਰਦਾਸ਼ਤ ਹੀ ਨਹੀਂ ਸੀ ਕਰਦਾ ਹੁੰਦਾ।
ਉਸਦੀ ਹਾਲਤ ਹੇਠ ਲਿਖੇ ਉਰਦੂ ਦੇ ਸ਼ਿਅਰ ਵਾਲੀ ਬਣੀ ਹੋਈ ਸੀ...:
 ਜਿਨ੍ਹੇ ਖੁਦ ਆਪਣੇ ਸਿਵਾ ਕੁਛ ਨਜ਼ਰ ਨਹੀਂ ਆਤਾ,
 ਮੇਰੀ ਨਿਗ੍ਹਾ ਮੇਂ ਐਸੇ ਭੀ ਦੀਦਾਵਰ ਹੈਂ ਬਹੁਤ।
ਉਹ ਆਪਣਿਆਂ ਤੋਂ ਛੋਟੇ ਲੇਖਕਾਂ ਵਿੱਚ ਵਿਚਰ ਕੇ ਖੁਸ਼ ਰਹਿੰਦਾ ਸੀ। ਮੈਂ ਇਕ ਵਾਰੀ ਡਾ. ਰਘਬੀਰ ਸਿੰਘ ਸਿਰਜਣਾ ਨਾਲ ਉਸ ਬਾਰੇ ਗੱਲ ਕੀਤੀ। ਰਘਬੀਰ ਆਖਣ ਲੱਗਾ, “ਜਗਤਾਰ ਵੱਡਾ ਕਵੀ ਹੈ, ਪਰ ਜਦੋਂ ਮਿਲੀਏ ਤਾਂ ਬੰਦਾ ਬੜਾ ਛੋਟਾ ਪ੍ਰਤੀਤ ਹੁੰਦਾ ਹੈ।”
ਫਿਰ ਕਹਿਣ ਲੱਗਾ, “ਮੈਂ ਵੀ ਇਸ ਗੱਲ ਦਾ ਠੀਕ ਨਿਰਣਾ ਨਹੀਂ ਕਰ ਸਕਦਾ ਕਿ ਛੋਟਾ ਮਨੁੱਖ ਵੱਡਾ ਕਵੀ ਕਿਵੇਂ ਬਣ ਜਾਂਦਾ ਹੈ? ਤੂੰ ਇਹ ਸਵਾਲ ਕਿਸੇ ਮਨੋਵਿਗਿਆਨੀ ਨੂੰ ਪੁੱਛੀਂ। ਮੈਂ ਇਸਦਾ ਕੋਈ ਠੀਕ ਹੱਲ ਨਹੀਂ ਦੱਸ ਸਕਦਾ।”
    7.
ਸਿਰਜਣਾ ਕੇਂਦਰ ਕਪੂਰਥਲਾ ਵੱਲੋਂ ਹਰਪ੍ਰੀਤ ਕੌਰ ਦੇ ਨਾਵਲ ਉੱਤੇ ਗੋਸ਼ਟੀ ਸੀ। ਉਹ ਮੇਜ਼ਰ ਮਹਿੰਦਰ ਸਿੰਘ ਦੀ ਪਤਨੀ ਹੈ, ਜੋ ਭੰਡਾਲ ਬੇਟ ਵਿਖੇ ਮਿਡਲ ਸਕੂਲ ਵਿੱਚ ਮੇਰਾ ਵਿਦਿਆਰਥੀ ਹੁੰਦਾ ਸੀ। ਮੈਂ ਭਾਵੇਂ ਨਾਵਲ ਬਾਰੇ ਕਦੀ ਕੋਈ ਟਿੱਪਣੀ ਨਹੀਂ ਕੀਤੀ। ਪਰ ਮਹਿੰਦਰ ਸਿੰਘ ਨੇ ਨਾਵਲ ਦਿੰਦਿਆਂ ਪੱਕੀ ਕੀਤੀ ਸੀ ਕਿ ਤੁਸੀਂ ਇਸ ਬਾਰੇ ਗੋਸ਼ਟੀ ਵਿੱਚ ਬੋਲਦਾ ਹੈ। ਮੈਂ ਨਾਵਲ ਗਹੁ ਨਾਲ ਪੜ੍ਹਿਆ ਅਤੇ ਗੋਸ਼ਟੀ ਵਿੱਚ ਸ਼ਾਮਲ ਹੋਣ ਲਈ ਕਪੂਰਥਲੇ ਗਿਆ। ਡਾ.ਜਗਤਾਰ ਪ੍ਰਧਾਨਗੀ ਮੰਡਲ ਵਿੱਚ ਬੈਠਾ ਸੀ। ਮੈਂ ਆਖ਼ਰੀ ਕਤਾਰ ਵਿੱਚ ਬਹੁਤ ਪਿੱਛੇ। ਮੇਰੇ ਬੋਲਦਿਆਂ ਡਾਕਟਰ ਨੇ ਮੈਨੂੰ ਆਦਤ ਅਨੁਸਾਰ ਦੋ-ਤਿੰਨ ਵਾਰ ਟੋਕਿਆ। ਸਰੋਤਿਆਂ ਨੇ ਇਤਰਾਜ਼ ਕੀਤਾ ਤੇ ਡਾਕਟਰ ਬੜੀ ਮੁਸ਼ਕਿਲ ਨਾਲ ਚੁੱਪ ਕੀਤਾ।
ਗੋਸ਼ਟੀ ਦੀ ਸਮਾਪਤੀ ਤੋਂ ਬਾਅਦ ਮਹਿੰਦਰ ਸਿੰਘ ਨੇ ਮੈਨੂੰ  ਹੋਰਨਾਂ ਦੇ ਨਾਲ ਆਪਣੇ ਘਰ ਰੋਟੀ ਲਈ ਵੀ ਸੱਦਿਆ। ਉਸਦੇ ਘਰ ਪਹੁੰਚਣ ਉੱਤੇ ਮੈਂ ਵੇਖਿਆ ਕਿ ਡਾਕਟਰ ਸਾਹਬ ਸ਼ਰਾਬ ਪੀ ਰਿਹਾ ਸੀ। ਮੈਂ ਸੋਚਿਆ, ਹੁਣ ਇਹ ਫਿਰ ਝਗੜਾ ਕਰੇਗਾ। ਉਸ ਉੱਤੇ ਮੇਰੇ ਪਹੁੰਚਣ ਤੱਕ, ਨਸ਼ੇ ਦਾ ਅਸਰ ਹੋ ਚੁੱਕਾ ਸੀ। ਉਸਨੇ ਅੱਗੇ ਨਾਲੋਂ ਵੀ ਉੱਚੀ ਸੁਰ ਵਿੱਚ ਮੇਰੇ ਵਿਰੁੱਧ ਬੇਵਜ਼੍ਹਾ ਬੋਲਣਾ ਸ਼ੁਰੂ ਕਰ ਦਿੱਤਾ। ਮੈਂ ਉਸਨੂੰ ਹਰਕੰਵਲ ਸਿੰਘ ਹੁਰਾਂ ਵਾਲੀ ਗੱਲ ਸੁਣਾਈ। ਸ਼ਰਮਿੰਦਾ ਹੋਇਆ ਆਖਣ ਲੱਗਾ, “ਯਾਰ, ਇਹ ਗੱਲ ਮੈਨੂੰ ਵੀ ਦੱਸ ਦੇਣੀ ਸੀ।” ਮੈਂ ਕਿਹਾ, “ਮੈਂ ਤੈਨੂੰ ਕੀ ਦੱਸਦਾ। ਜੇ ਤੂੰ ਮੇਰੇ ਪ੍ਰਤੀ ਗਲਤੀਆਂ ਕਰੀ ਜਾਣੀਆਂ ਹਨ ਤਾਂ ਮੈਂ ਤੈਨੂੰ ਕਿੱਥੋਂ-ਕਿੱਥੋਂ ਵਰਜਾਂ ਜਾਂ ਟੋਕਾਂਗਾ।”
ਮੇਰੀਆਂ ਤੇ ਉਸਦੀਆਂ ਕਿਤਾਬਾਂ ਅਕਸਰ ਹੀ ਛਪਦੀਆਂ ਰਹਿੰਦੀਆਂ ਸਨ। ਪਰ ਆਪਸੀ ਤਲਖ਼ੀ ਕਾਰਨ ਅਸੀਂ ਕਦੇ ਇਕ ਦੂਸਰੇ ਨੂੰ ਪੁਸਤਕ ਭੇਂਟ ਨਹੀਂ ਸੀ ਕੀਤੀ। ਕੇਂਦਰੀ ਸਭਾ ਦੇ ਕਿਸੇ ਸਮਾਗਮ ਉੱਤੇ ਉਸਨੇ ਪਹਿਲੀ ਵਾਰ ਮੈਨੂੰ ਆਪਣੀਆਂ ਸਮੁੱਚੀਆਂ ਗ਼ਜ਼ਲਾਂ ਦਾ ਸੰਗ੍ਰਹਿ ਆਪਣੇ ਦਸਤਖ਼ਤ ਕਰਕੇ ਭੇਂਟ ਕੀਤਾ। ਮੈਂ ਖੁਸ਼ ਹੋਇਆ। ਚਾਈਂ ਚਾਈਂ ਮੈਂ ਇਸਦਾ ਪਾਠ ਆਰੰਭ ਕੀਤਾ। ਪਰ ਮੈਂ ਅਨੁਭਵ ਕੀਤਾ ਕਿ ਇਕ ਬੈਠਕ ਵਿੱਚ ਗ਼ਜ਼ਲਾਂ ਦੀ ਉਤਮਤਾ ਕਾਰਨ, ਪੰਜ ਜਾਂ ਛੇ ਗ਼ਜ਼ਲਾਂ ਹੀ ਪੜ੍ਹੀਆਂ ਤੇ ਚੰਗੀ ਤਰ੍ਹਾਂ ਮਾਣੀਆਂ ਜਾ ਸਕਦੀਆਂ ਸਨ। ਅਚਾਨਕ ਯੂ.ਕੇ. ਵਾਸੀ ਮਿੱਤਰ ਕਵੀ ਗੁਰਨਾਮ ਢਿੱਲੋਂ ਨੇ ਇਹ ਗ੍ਰੰਥ ਪੜ੍ਹਨ ਲਈ ਲੈ ਲਿਆ ਤੇ ਫਿਰ ਵਾਪਸ ਨਹੀਂ ਕੀਤਾ। ਮੈਂ ਉਸਨੂੰ ਵਾਰ-ਵਾਰ ਯਾਦ ਕਰਵਾਇਆ ਪਰ ਨਿਸਫਲ। ਮੈਂ ਇਹ ਵੀ ਕਿਹਾ ਕਿ ਜਗਤਾਰ ਦੀ ਮੈਨੂੰ ਭੇਂਟ ਕੀਤੀ ਇਹ ਸਦੀਵੀਂ ਨਿਸ਼ਾਨੀ ਹੈ, ਤੂੰ ਇਹ ਮੈਨੂੰ ਵਾਪਸ ਕਰ ਦੇ। ਪਰ ਉਸਨੇ ਮੇਰੀ ਇਕ ਨਾ ਸੁਣੀ ਤੇ ਘੇਸਲ ਮਾਰੀ ਰੱਖੀ। ਅੱਜ ਤੱਕ ਮੈਨੂੰ ਉਸ ਕਿਤਾਬ ਦੀ ਅਣਹੋਂਦ ਚੁੱਭਦੀ ਹੈ।
    8.
1993 ਦੀ ਸਰਦ ਰੁੱਤ ਦੀ ਸ਼ਾਮ ਮੈਨੂੰ ਅਕਸਰ ਚੇਤੇ ਆਉਂਦੀ ਰਹਿੰਦੀ ਹੈ। ਅੱਤਵਾਦ ਦੀ ਹਨ੍ਹੇਰੀ ਕੁਝ ਮੱਠੀ ਪੈ ਗਈ ਸੀ। ਪੰਜਾਬ ਕਲਾ ਅਕਾਦਮੀ ਚੰਡੀਗੜ੍ਹ ਵੱਲੋਂ ਡਾ. ਰਘਬੀਰ ਸਿੰਘ ਸਿਰਜਣਾ ਦੇ ਉਦਮ ਨਾਲ ਰੈੱਡ ਕਰਾਸ ਹਾਲ ਜਲੰਧਰ ਵਿੱਚ ਪੰਜਾਬੀ ਕਵੀ ਦਰਬਾਰ ਰੱਖਿਆ ਗਿਆ ਸੀ। ਡਾ. ਜਗਤਾਰ ਤੇ ਮੈਂ ਵੀ ਉਸ ਕਵੀ ਦਰਬਾਰ ਵਿੱਚ ਸੱਦੇ ਗਏ ਸਾਂ। ਸਾਡੇ ਲੋਕ ਲਹਿਰ ਵਾਲੇ ਸਾਥੀ ਤੇ ਹੋਰ ਵਾਕਿਫ ਸਾਹਿਤਕਾਰ ਹਾਲ ਵਿੱਚ ਬੈਠੇ ਹੋਏ ਸਨ। ਪਰ ਹਾਲੀ ਸਰੋਤਿਆਂ ਅਤੇ ਸੱਦੇ ਗਏ ਕਵੀਆਂ ਦੀ ਉਡੀਕ ਹੋ ਰਹੀ ਸੀ।
ਮੈਂ ਆਦਤ ਅਨੁਸਾਰ ਪੰਜ-ਸੱਤ ਕਤਾਰਾਂ ਛੱਡ ਕੇ ਪਿੱਛੇ ਬੈਠਿਆ ਹੋਇਆ ਸੀ। ਡਾਕਟਰ ਜਗਤਾਰ ਅੰਦਰ ਆਇਆ। ਸਾਰੇ ਹਾਲ ਦਾ ਜਾਇਜ਼ਾ ਲਿਆ ਤੇ ਮੈਨੂੰ ਸੰਬੋਧਨ ਕਰਕੇ ਊਲ-ਜਲੂਲ ਬੋਲਣ ਲੱਗਾ। ਪਹਿਲੀ ਵਾਰੀ ਕਿਸੇ ਨੇ ਗੋਲਿਆ ਨਾ। ਦੂਜੀ ਵਾਰੀ ਉਹ ਖੁੱਲ੍ਹੇਆਮ ਮੇਰਾ ਨਾਂ ਲੈ ਕੇ ਅਬਾ-ਤਬਾ ਬੋਲਣ ਲੱਗਾ। ਦੋਸਤਾਂ-ਮਿੱਤਰਾਂ ਨੇ ਉਸਨੂੰ ਹਟਾਇਆ। ਘੜੀ ਪਲ ਉਹ ਚੁੱਪ ਕਰ ਗਿਆ।
ਤੀਜੀ ਵਾਰ ਉਹ ਫਿਰ ਮੇਰੀ ਸ਼ਾਨ ਤੇ ਜਾਤ ਦੇ ਖ਼ਿਲਾਫ਼ ਬੋਲਣ ਲੱਗਾ। ਮੈਂ ਉਸਨੂੰ ਹਟਾਇਆ ਤੇ ਕਿਹਾ, “ਜੇ ਤੂੰ ਮੇਰੇ ਵਿਰੁੱਧ ਨਹੀਂ ਬੋਲਣੋ ਹਟਣਾ ਤਾਂ ਮੈਂ ਆ ਰਿਹਾ ਹਾਂ।” ਉਹ ਸਟੇਜ 'ਤੇ ਕੁਰਸੀਆਂ ਵਿੱਚ ਖਾਲੀ ਜਗ੍ਹਾ ਵਿੱਚ ਖਲੋਤਾ ਸ਼ਰਾਬੀ ਹੋਇਆ ਬੋਲ ਰਿਹਾ ਸੀ। ਗੱਲ ਵਧਦੀ ਵੇਖ ਸਾਰਿਆਂ ਨੇ ਉਸਨੂੰ ਟੋਕਿਆ। ਡਾ. ਵਰਿਆਮ ਸੰਧੂ ਨੇ ਉਸ ਨੂੰ ਡੌਲਿਆਂ ਤੋਂ ਫੜਿਆ ਤੇ ਹਾਲ ਵਿਚੋਂ ਬਾਹਰ ਛੱਡ ਆਏ। ਹਾਲ ਵਿੱਚ ਸ਼ਾਂਤੀ ਵਰਤ ਗਈ। ਡਾਕਟਰ ਜਗਤਾਰ ਬਿਨਾਂ ਕਵਿਤਾ ਪੜ੍ਹੇ ਉੱਥੋਂ ਚਲੇ ਗਏ।
    9.
1999 ਦੇ ਆਖ਼ੀਰ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਦੋ ਸਾਲਾ ਚੋਣ ਹੋਣ ਵਾਲੀ ਸੀ। ਇਕ ਧਿਰ ਵੱਲੋਂ ਸਾਰੀ ਸਥਿਤੀ ਵਿਚਾਰੀ ਗਈ। ਸਾਡੀ ਰਾਏ ਸੀ ਕਿ ਨਿਰਸੰਦੇਹ ਉਹ ਵੱਡਾ ਕਵੀ ਹੈ ਪਰ ਉਸਨੇ ਕਦੇ ਕਿਸੇ ਜਥੇਬੰਦੀ ਵਿੱਚ ਲਗਨ ਤੇ ਉਤਸਾਹ ਨਾਲ ਕੰਮ ਨਹੀਂ ਕੀਤਾ। ਨਾ ਹੀ ਉਸ ਨੂੰ ਜਥੇਬੰਦੀ ਨੂੰ ਲੋਕ-ਰਾਜੀ ਢੰਗ ਨਾਲ ਚਲਾਉਣ ਦਾ ਕੋਈ ਤਜਰਬਾ ਹੈ। ਨਾਲ ਹੀ ਇਹ ਗੱਲ ਵੀ ਧਿਆਨ ਵਿੱਚ ਰੱਖਣ ਵਾਲੀ ਹੈ ਕਿ ਉਹ ਅਤਿ ਦਾ ਸਵੈ-ਕੇਂਦਰਤ ਮਨੁੱਖ ਹੈ। ਅਜਿਹਾ ਮਨੁੱਖ ਜਥੇਬੰਦੀ ਨੂੰ ਤਕੜਾ ਨਹੀਂ ਕਮਜ਼ੋਰ ਹੀ ਕਰੇਗਾ। ਪਰ ਸਾਡੀ ਧਿਰ ਦੀ ਰਾਏ ਨਾ ਮੰਨੀ ਗਈ। ਡਾ. ਜਗਤਾਰ ਦੋ ਸਾਲ ਲਈ ਪ੍ਰਧਾਨ ਬਣ ਗਿਆ।
ਕੇਂਦਰੀ ਸਭਾ ਦੀ ਪਹਿਲੀ ਮੀਟਿੰਗ ਵਿੱਚ ਇੱਕੀ ਮੈਂਬਰੀ ਕਮੇਟੀ ਦੇ ਮੈਂਬਰ ਨਾਮਜ਼ਦ ਕੀਤੇ ਜਾਂਦੇ ਸਨ। ਉਸ ਨੇ ਸਾਰੀਆਂ ਧਿਰਾਂ ਦੀ ਰਾਏ ਲੈਣ ਦੀ ਥਾਂ, ਆਪਣੀ ਮਰਜ਼ੀ ਨਾਲ ਮੈਂਬਰ ਨਾਮਜ਼ਦ ਕੀਤੇ। ਜਿਨ੍ਹਾਂ ਵਿੱਚ ਉਸਦੇ ਯਾਰ-ਬਾਸ਼ ਤੇ ਪ੍ਰਸ਼ੰਸਕ ਵਧੇਰੇ ਸਨ ਤੇ ਇਕ ਉਸਦੀ ਭਤੀਜੀ ਦਾ ਪਤੀ ਸੀ। ਇਸ ਵਿਅਕਤੀ ਉੱਤੇ ਕਾਫੀ ਤਿੱਖੀ ਬਹਿਸ ਹੋਈ ਤੇ ਪੁੱਛਿਆ ਗਿਆ ਕਿ ਇਹ ਵਿਅਕਤੀ ਲੇਖਕ ਹੈ? ਡਾ. ਜਗਤਾਰ ਦਾ ਉੱਤਰ ਸੀ, 'ਉਹ ਓਵਰ-ਸੀਅਰਾਂ ਦਾ ਉੱਘਾ ਆਗੂ ਤੇ ਉਹਨਾਂ ਦੀ ਜਥੇਬੰਦੀ ਦਾ ਸਟੇਟ ਪੱਧਰ ਦਾ ਲੀਡਰ ਹੈ।'
ਪਰ ਇਹ ਤਾਂ ਅਜੇ ਆਰੰਭ ਹੀ ਸੀ, ਅਜੇ ਤਾਂ ਹੋਰ ਕਈ ਚੰਦ ਚੜ੍ਹਨੇ ਸਨ। ਛੇਤੀ ਹੀ ਡਾਕਟਰ ਦੀ ਪ੍ਰਬੰਧਕੀ ਯੋਗਤਾ ਦੀ ਪਰਖ ਦੀ ਘੜੀ ਆਣ ਪਹੁੰਚੀ। ਹੋਇਆ ਇੰਜ ਕਿ ਜਾਹਲੀ ਅਨੁਵਾਦ ਕਰਵਾਉਣ ਦੇ ਦੁਸ਼ਣ ਹੇਠ ਭਾਸ਼ਾ ਵਿਭਾਗ ਦੇ ਉਸ ਵੇਲੇ ਦੇ ਡਾਇਰੈਕਟਰ ਦੇ ਵਿਰੁੱਧ ਸਰਕਾਰ ਵੱਲੋਂ ਪੜਤਾਲ ਚੱਲ ਰਹੀ ਸੀ। ਉਸ ਡਾਇਰੈਕਟਰ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਨੂੰ ਕਿਹਾ ਕਿ ਮੇਰੇ ਹੱਕ ਵਿਚ ਕੁਝ ਕਰੋ। ਜਨਰਲ ਸਕੱਤਰ ਨੇ ਡਾ. ਜਗਤਾਰ ਤੇ ਕਾਰਜਕਾਰਨੀ ਤੋਂ ਚੋਰੀ, ਪੰਜਾਬ ਸਰਕਾਰ ਨੂੰ ਲਿਖਿਆ ਕਿ ਡਾਇਰੈਕਟਰ ਬੜਾ ਹੀ ਇਮਾਨਦਾਰ ਅਫ਼ਸਰ ਹੈ। ਇਸਨੂੰ ਜਾਣ ਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ। ਸਿੱਟੇ ਵਜੋਂ ਪੜਤਾਲ ਰੁਕ ਗਈ ਤੇ ਇਸਦੇ ਬਦਲੇ ਵਿੱਚ ਜਨਰਲ ਸਕੱਤਰ ਨੂੰ 'ਸ਼੍ਰੋਮਣੀ ਸਾਹਿਤਕਾਰ' ਦਾ ਸਵਾ ਲੱਖ ਦਾ ਪੁਰਸਕਾਰ ਦਿੱਤਾ ਗਿਆ। ਸਾਹਿਤ ਜਗਤ ਵਿੱਚ ਰੌਲਾ ਪੈ ਗਿਆ।
ਜਦੋਂ ਲੇਖਕ ਸਭਾ ਦੀ ਕਾਰਜ-ਕਾਰਨੀ ਦੇ ਮੈਂਬਰਾਂ ਨੂੰ ਇਸ ਸਕੈਂਡਲ ਦਾ ਪਤਾ ਲੱਗਾ ਤਾਂ ਮੀਟਿੰਗ ਵਿੱਚ ਹੀ ਪ੍ਰਸ਼ਨ ਉੱਠੇ ਕਿ ਲਿਖੀ ਚਿੱਠੀ ਦੀ ਕਾਪੀ ਮੈਂਬਰਾਂ ਨੂੰ ਵੀ ਵਿਖਾਲੀ ਜਾਵੇ। ਡਾ. ਜਗਤਾਰ ਨੇ ਕੇਂਦਰੀ ਲੇਖਕ ਸਭਾ ਦੇ ਪ੍ਰਧਾਨ ਹੋਣ ਦੇ ਨਾਤੇ ਆਪਣੇ ਜਨਰਲ ਸਕੱਤਰ ਦੀ ਪੂਰੀ ਸਹਾਇਤਾ ਕੀਤੀ। ਪਹਿਲਾਂ ਤਾਂ ਬਹਿਸ ਦੀ ਆਗਿਆ ਦੇਣ ਤੋਂ ਇਨਕਾਰ ਕੀਤਾ ਗਿਆ। ਫਿਰ ਜਨਰਲ ਸਕੱਤਰ ਵੱਲੋਂ ਕੀਤੀ ਕਰਤੂਤ ਦੀ ਮਾਫ਼ੀ ਵੀ ਨਾ ਮੰਗਵਾਈ ਗਈ ਤੇ ਉਸਨੂੰ ਸਾਫ ਬਰੀ ਕਰ ਦਿੱਤਾ।
ਜਦੋਂ ਦੋ ਸਾਲ ਬਾਅਦ ਅਗਲੇ ਚੋਣ ਅਜਲਾਸ ਵਿੱਚ ਇਹ ਸਵਾਲ ਉਠਾਇਆ ਗਿਆ ਤਾਂ ਉਸ ਵੱਲੋਂ ਘਬਰਾ ਕੇ, ਮੇਰੇ ਉੱਤੇ ਬੇ-ਬੁਨਿਆਦ ਦੁਸ਼ਣ ਲਾਏ ਤੇ ਮੇਰੇ ਛੋਟੇ ਭਰਾ ਦੀ ਮੌਤ ਦਾ ਮਿਹਣਾ ਵੀ ਮਾਰਿਆ ਗਿਆ। ਇੰਜ ਕਵੀ ਨੇ ਆਪਣੀ ਜਥੇਬੰਦਕ ਯੋਗਤਾ ਦੇ ਸੋਹਣੇ ਪ੍ਰਮਾਣ ਦੇ ਦਿੱਤੇ ਸਨ।
    10.
ਪਰ ਉਮਰ ਬੀਤਣ ਨਾਲ ਤੇ ਪ੍ਰਪੱਕਤਾ ਵਧਣ ਨਾਲ ਸਾਡੇ ਸਬੰਧ ਕੁਝ ਸੁਧਰ ਗਏ। ਆਖ਼ਰੀ ਵਰ੍ਹਿਆਂ ਵਿੱਚ ਡਾਕਟਰ ਜਗਤਾਰ ਦੀ ਸਿਹਤ ਅਕਸਰ ਹੀ ਢਿੱਲੀ ਰਹਿੰਦੀ ਸੀ। ਅੱਖਾਂ ਵਿੱਚ ਨੁਕਸ ਵਧਣ ਕਰਕੇ ਨਜ਼ਰ ਵੀ ਕਮਜ਼ੋਰ ਹੋ ਗਈ ਸੀ। ਉਸਦਾ ਦਮਾ ਵੀ ਪੁਰਾਣਾ ਸੀ। ਦਿਲ ਦੇ ਰੋਗ ਦਾ ਵੀ ਹਲਕਾ ਹਮਲਾ ਹੋਇਆ ਸੀ। ਐਪਰ ਉਹ ਅਕਸਰ ਚੜ੍ਹਦੀ ਕਲਾ ਵਿੱਚ ਰਿਹਾ। ਇਹਨੀਂ ਦਿਨੀਂ ਉਸਦੇ ਪਾਕਿਸਤਾਨੀ ਪੰਜਾਬੀ ਕਵਿਤਾ ਬਾਰੇ ਲਿਖੇ ਥੀਸਿਸ ਨੂੰ ਸੋਧ ਕੇ ਦੁਬਾਰਾ ਛਾਪਿਆ ਤਾਂ ਮੈਂ ਇਸ ਦੀ ਇਕ ਕਾਪੀ ਭੇਜਣ ਦੀ ਮੰਗ ਕੀਤੀ। ਪਰ ਇਹ ਪੁਸਤਕ ਡਾਕਖਾਨੇ ਦੇ ਕਰਮਚਾਰੀਆਂ ਦੀ ਈਮਾਨਦਾਰੀ ਦੇ ਭੇਂਟ ਚੜ੍ਹ ਗਈ। ਕਹਿਣ ਲੱਗੇ, “ਮੈਂ ਦੋਬਾਰਾ ਭੇਜ ਦਿੰਦਾ ਹਾਂ।”
ਮੈਂ ਆਖਿਆ, “ਨਹੀਂ, ਮੈਂ ਕਿਸੇ ਦੇ ਹੱਥ ਦਸਤੀ ਮੰਗਵਾ ਲਵਾਂਗਾ।”
ਜਦੋਂ ਚਿਰਾਗ਼ ਦਾ ਵਿਸ਼ੇਸ਼ ਅੰਕ 'ਦੁਖਾਂਤ ਸੰਨ-ਸੰਤਾਲੀ' (ਜਨਵਰੀ-ਜੂਨ 2010) ਉਸਨੂੰ ਮਿਲਿਆ ਤਾਂ ਉਹਨੇ ਫੋਨ ਕੀਤਾ। ਆਖਣ ਲੱਗਾ, 'ਅੰਕ ਵਧੀਆ ਦਸਤਾਵੇਜ ਹੈ। ਮੈਂ ਇਸ ਬਾਰੇ ਆਪਣੇ ਪਰਚੇ 'ਕਲਾ ਸਿਰਜਕ' ਵਿੱਚ ਲਿਖਾਂਗਾ।'
ਨਾਲ ਹੀ ਕਹਿਣ ਲੱਗਾ, 'ਅੰਕ ਵਿੱਚ ਇਸ਼ਤਿਹਾਰ ਦੇ ਰੂਪ ਵਿਚ ਛਪੀ ਸੂਚਨਾ ਅਨੁਸਾਰ ਮੈਨੂੰ 'ਦੇਸ਼-ਦੇਸ਼ ਦੇ ਕਵੀ' ਪੁਸਤਕ ਭੇਜ ਦੇ। ਮੈਂ ਆਖਿਆ ਕਿ ਇਸ ਦੀ ਅਜੇ ਛਪਾਈ ਮੁਕੰਮਲ ਨਹੀਂ ਹੋਈ। ਜੇ ਕਹੋ ਤਾਂ 'ਪੰਜ ਵਿਸ਼ਵ ਕਵੀ' ਦੀ ਕਾਪੀ ਭੇਜ ਦਿੰਦਾ ਹਾਂ। ਜਦੋਂ ਇਹ ਪੁਸਤਕ ਮਿਲੀ ਤਾਂ ਫੋਨ ਆਇਆ, ਮੈਂ ਇਸ ਬਾਰੇ ਅਗਲੇ ਅੰਕ ਵਿੱਚ ਰਿਵਿਊ ਕਰਾਂਗਾ।'
ਪਰ ਉਸਦੀਆਂ ਬੀਮਾਰੀਆਂ ਭਾਰੂ ਹੋ ਗਈਆਂ ਸਨ। ਅਖ਼ੀਰ ਪੰਜਾਬੀ ਦਾ ਵੱਡਾ ਕਵੀ ਤੇ ਗ਼ਜ਼ਲ-ਗੋ ਸਦੀਵੀਂ ਯਾਤਰਾ ਉੱਤੇ ਤੁਰ ਗਿਆ ਸੀ।
ਨਿਰਸੰਦੇਹ ਉਹ ਚੰਗਾ ਕਵੀ ਹੀ ਨਹੀਂ, ਉਸਤਾਦ ਗ਼ਜ਼ਲ-ਗੋ ਵੀ ਸੀ।
ਕਦੇ ਕਿਸੇ ਪ੍ਰਸ਼ੰਸ਼ਕ ਨੇ ਟਿੱਪਣੀ ਕੀਤੀ ਸੀ ਕਿ ਜੇ ਉਹ ਕੰਧ ਉੱਤੇ ਚਾਰ ਅੱਖਰ ਲਿਖ ਦੇਵੇ ਤਾਂ ਉਹ ਗ਼ਜ਼ਲ ਦਾ ਸ਼ਿਅਰ ਬਣ ਜਾਂਦਾ ਹੈ। ਇਹ ਟਿੱਪਣੀ ਸੱਚੀ ਸੀ।
    ਅੰਤਿਕਾ-11.
ਪਿਛਲੇ ਪੰਜਾਹ ਸਾਲ ਦੀਆਂ ਇਹਨਾ ਖੱਟੀਆਂ-ਮਿੱਠੀਆਂ ਯਾਦਾਂ ਨੂੰ ਅੰਕਿਤ ਕਰਨਾ ਮੇਰੇ ਲਈ ਕੋਈ ਖੁਸ਼ਗਵਾਰ ਕਾਰਜ ਨਹੀਂ ਸੀ। ਮੈਂ ਬੜਾ ਸੁੰਘ-ਸੁੰਘ ਕੇ ਤੁਰਦਿਆਂ ਇਹਨਾਂ ਨੂੰ ਅੰਕਿਤ ਕੀਤਾ ਹੈ। ਖਦਸਾ ਸੀ ਕਿ ਕਿਤੇ ਮੈਂ ਉਲਾਰ ਜਾਂ ਅੰਤਰਮੁਖੀ ਨਾ ਹੋ ਜਾਵਾਂ। ਸ਼ਾਇਦ ਵੱਧ ਜਾਂ ਘੱਟ ਸਾਡੇ ਵਿਰੋਧ ਸਾਡੀ ਦੋਹਾਂ ਦੀ ਹਉਮੈ ਦਾ ਹੀ ਪ੍ਰਗਟਾਵਾ ਹੋਣ। ਪਰ ਕੌਣ ਵੱਧ ਉਲਾਰ ਸੀ ਤੇ ਕੌਣ ਘੱਟ, ਇਸਦਾ ਨਿਰਣਾ ਕੋਈ ਤੀਸਰਾ ਵਿਅਕਤੀ ਹੀ ਕਰ ਸਕਦਾ ਹੈ, ਜੋ ਸਾਡਾ ਹਾਣੀ ਹੋਵੇ ਤੇ ਦੋਹਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੋਵੇ।
ਉਸਦੀ ਮੌਤ ਤੋਂ ਬਾਅਦ ਮੈਂ ਉਸਦੀਆਂ ਗ਼ਜ਼ਲਾਂ ਤੇ ਕਵਿਤਾਵਾਂ ਦੇ ਦੋਵੇਂ ਗ੍ਰੰਥ ਫਿਰ ਪੜ੍ਹੇ ਹਨ। ਉਸਦੀ ਸਮੁੱਚੀ ਕਾਵਿ-ਰਚਨਾ ਸਾਡੇ ਸਭਿਆਚਾਰ ਤੇ ਸਾਹਿਤ ਦੀ ਕੀਮਤੀ ਵਿਰਾਸਤ ਹੈ। ਜਿਸਦਾ ਡੂੰਘਾ ਅਧਿਐਨ ਤੇ ਮੁਲਾਂਕਣ ਜ਼ਰੂਰੀ ਹੈ।
ਲੇਖਕ ਖਾਸ ਤੌਰ 'ਤੇ ਭਵਿੱਖ ਦੇ ਪਾਠਕ ਉਸਦੇ ਸੁਭਾਅ ਤੇ ਸ਼ਖਸੀਅਤ ਦੀਆਂ ਘਾਟਾਂ ਅਤੇ ਕਮਜ਼ੋਰੀਆਂ ਨੂੰ ਭੁੱਲ ਜਾਣਗੇ ਤੇ ਉਸਦੀ ਸਮੁੱਚੀ ਦੇਣ ਦੀ ਕਦਰ ਕਰਨਗੇ। ਪਰ ਇਹ ਵੀ ਸੱਚ ਹੈ ਕਿ ਕਿਸੇ ਵੀ ਕਵੀ ਦੀ ਰਚਨਾ ਨੂੰ ਸਮਝਣ ਲਈ, ਉਸਦਾ ਸਮਾਂ। ਮਾਨਸਿਕਤਾ, ਪਰਿਵਾਰਕ ਪਿਛੋਕੜ ਤੇ ਸ਼ਖਸੀਅਤ ਦਾ ਡੂੰਘਾ ਅਧਿਐਨ ਤੇ ਵਿਸ਼ਲੇਸ਼ਣ ਆਵੱਸ਼ਕ ਹੁੰਦਾ ਹੈ।
ਜਗਤਾਰ ਦੀ ਸ਼ਾਇਰੀ ਖਾਸ ਤੌਰ 'ਤੇ ਉਸਦੀ ਗ਼ਜ਼ਲ ਦੀਆਂ ਅਨੇਕ ਪਰਤਾਂ ਤੇ ਵਿਸ਼ੇਸ਼ਤਾਈਆਂ ਹਨ। ਭਵਿੱਖ ਦੇ ਪਾਠਕ, ਕਲਾ ਪ੍ਰੇਮੀ ਤੇ ਖੋਜੀ ਬਦਲਦੇ ਪ੍ਰਸੰਗਾਂ ਵਿੱਚ ਇਸਦਾ ਆਪਣੇ ਆਪਣੇ ਢੰਗ ਨਾਲ ਤੇ ਅੰਤਰ ਦ੍ਰਿਸ਼ਟੀਆਂ ਅਨੁਸਾਰ ਮੁਲਾਂਕਣ ਕਰਨਗੇ।
 ਜ਼ਮਾਨਾ ਆਏਗਾ ਜਗਤਾਰ ਜਦ ਕੁਝ ਲੋਕ ਸਮਝਣਗੇ,
 ਬੁਲੰਦੀ ਤੇਰੇ ਸ਼ਿਅਰਾਂ ਦੀ, ਤੇਰੇ ਸ਼ਿਅਰਾਂ ਦੀ ਗਹਿਰਾਈ।

 ਕੌਣ ਮੇਰੇ ਬਾਅਦ ਪਾਲੇਗਾ ਹੁਨਰ ਮੁਸ਼ਕਿਲ, ਪਸੰਦ,
 ਕੌਣ ਸ਼ਬਦਾਂ ਦੇ ਨਗੀਨੇ ਹਰ ਗ਼ਜ਼ਲ ਅੰਦਰ ਜੜੇਗਾ।

ਕਿਉਂਕਿ
 ਗ਼ਜ਼ਲਾਂ ਦੇ ਸ਼ਿਅਰ ਕਹਿਣਾ, ਕੁਝ ਇਸ ਤਰ੍ਹਾਂ ਹੈ ਜੀਕੂੰ,
 ਪਾਣੀ 'ਚ ਮੇਖ ਗੱਡਣੀ, ਪੌਣਾਂ 'ਚ ਰੰਗ ਭਰਨਾ।
--- --- ---
ਲਕੀਰ ਅੰਕ 113 ਵਿਚ ਪੜ੍ਹਨ ਪਿੱਛੋਂ, ਧੰਨਵਾਦ ਸਹਿਤ, ਲੇਖਕ ਤੇ ਸੰਪਾਦਕ ਦੀ ਆਗਿਆ ਨਾਲ ਇਹ ਲੇਖ ਤੁਹਾਡੀ ਨਜ਼ਰ ਕੀਤਾ ਜਾ ਰਿਹਾ ਹੈ…

Wednesday, 9 February 2011

ਚੱਲ ਮਨਾ, ਜਲੰਧਰ ਮਰੀਏ / ਪ੍ਰੇਮ ਪ੍ਰਕਾਸ਼



ਚੱਲ ਮਨਾ, ਜਲੰਧਰ ਮਰੀਏ
ਲੇਖਕ : ਪ੍ਰੇਮ ਪ੍ਰਕਾਸ਼
ਪੋਸਟਿੰਗ : ਮਹਿੰਦਰ ਬੇਦੀ ਜੈਤੋ


ਜਦ ਮੈਂ ਪਚਵੰਜਾ ਸਾਲਾਂ ਦਾ ਹੋਇਆ ਤਾਂ ਮੈਨੂੰ ਡਰ ਦੀ ਕਸਰ ਬਹੁਤ ਵਧ ਗਈ ਸੀ। ਏਸ ਡਰ ਨੂੰ ਸੁਣ ਕੇ ਮੇਰਾ ਡਾਕਟਰ ਦਰਸ਼ਨ ਸਿੰਘ ਹੱਸਦਾ ਹੋਇਆ ਕਹਿੰਦਾ, 'ਕਿਉਂ ਡਰ ਲਗਦੈ ਮੌਤ ਤੋਂ?'...ਮੈਂ ਐਵੇਂ ਕਹਿ ਦੇਂਦਾ, “ਨਹੀਂ, ਏਨਾ ਤਾਂ ਨਹੀਂ।”...ਅਸਲੀ ਗੱਲ ਉਹਨੂੰ ਦੱਸਣ ਲਈ ਮੈਂ ਕਹਿੰਦਾ, “ਅਸਲ 'ਚ ਮੈਂ ਕਲ੍ਹ ਚੰਡੀਗੜ੍ਹ ਜਾਣੈ। ਬਸ ਤੁਸੀਂ ਮੇਰੀ ਬਾਂਹ ਫੜ ਕੇ ਪਲੋ ਦਿਓ। ਬਸ ਚੜ੍ਹਨ ਲੱਗਿਆਂ ਤਾਂ ਮੈਂ ਗੋਲੀ ਖਾ ਈ ਲੈਣੀ ਐ।”
ਖ਼ੈਰ ਕਦੇ ਮੈਂ ਉਹਨੂੰ ਸੱਚੀ ਗੱਲ ਦੱਸ ਦੇਂਦਾ ਕਿ ਜਦ ਬਸ 'ਚ ਮੈਂ 'ਕੱਲਾ ਹੁੰਦਾ ਹਾਂ ਤਾਂ ਮੈਨੂੰ ਡਰ ਲੱਗਣ ਲੱਗ ਪੈਂਦਾ ਏ ਕਿ ਮੈਨੂੰ ਰਾਹ 'ਚ ਕੋਈ ਬਿਮਰੀ ਨਾ ਹੋ ਜਾਵੇ। ਜੇ ਹੋ ਗਈ ਫੇਰ ਮੈਨੂੰ ਕੌਣ ਸਾਂਭੂ? ਪਰ ਜੇ ਮੇਰੇ ਨਾਲ ਕੋਈ ਬੰਦਾ ਹੋਵੇ, ਭਾਵੇਂ ਉਹ ਬੱਚਾ ਈ ਹੋਵੇ ਤਾਂ ਮੇਰਾ ਧਿਆਨ ਆਪਣੇ ਡਰ ਵੱਲ ਨਹੀਂ ਜਾਂਦਾ। ਬੱਚੇ ਨੂੰ ਸੰਭਾਲਣ ਵੱਲ ਲੱਗਿਆ ਰਹਿੰਦਾ ਏ।
ਡਾਕਟਰ ਦਰਸ਼ਨ ਸਿੰਘ ਨੇ ਮੈਨੂੰ ਸਮਝਾਇਆ ਕਿ ਏਸ ਬਿਮਾਰੀ ਨੂੰ 'ਹਾਈਪੋਕੌਂਡਰੀਆ' ਆਖਦੇ ਨੇ। ਜਿਸ ਦਾ ਮਤਲਬ ਏ ਕਿ ਬੰਦੇ 'ਤੇ ਵੇਲੇ ਕੁਵੇਲੇ ਰੋਗਾਂ ਤੇ ਮੌਤਾਂ ਦੇ ਝੂਠੇ ਡਰ ਆਉਂਦੇ ਰਹਿੰਦੇ ਨੇ। ਉਹ ਦੇਖੀਆਂ ਸੁਣੀਆਂ ਬਿਮਾਰੀਆਂ ਆਪਣੇ ਨਾਲ ਜੋੜਦਾ ਰਹਿੰਦਾ ਏ...ਤਦੇ ਤੁਸੀਂ ਏਨੀਆਂ ਗੋਲੀਆਂ ਖਾਂਦੇ ਹੋ। ਛੱਡੋ ਪਰ੍ਹਾਂ ਇਹਨਾਂ ਗੋਲੀਆਂ ਨੂੰ। ਰਾਤ ਨੂੰ ਦੋ ਪੈੱਗ ਵਿਸਕੀ ਦੇ ਪੀਆ ਕਰੋ। ਫੇਰ  ਮੌਜ ਨਾਲ ਸੌਂ ਜਾਇਆ ਕਰੋ।
ਮੈਨੂੰ ਵੀ ਉਦੋਂ ਮੌਤ ਦਾ ਜ਼ਿਕਰ ਕਰਨਾ ਤੇ ਪੜ੍ਹਨਾ ਜਾਂ ਸੁਨਣਾ ਭਿਆਨਕ ਜਿਹਾ ਵਿਸ਼ਾ ਲਗਦਾ ਸੀ। ਪਰ ਹੁਣ ਨਹੀਂ ਲਗਦਾ। ਇਹ ਗੱਲ ਸੱਤਰੋਂ ਟੱਪੇ ਬੰਦੇ ਲਈ ਅਜਿਹੀ ਭਿਆਨਕ ਨਹੀਂ ਰਹਿੰਦੀ। ਫੇਰ ਜਿਉਂ-ਜਿਉਂ ਉਮਰ ਵਧਦੀ ਜਾਂਦੀ ਏ, ਬੰਦਾ ਏਸ ਵਿਸ਼ੇ ਨੂੰ ਵੱਧ ਗੰਭੀਰਤਾ ਨਾਲ ਸੋਚਣ ਸਮਝਣ ਤੇ ਘੋਖਣ ਲੱਗ ਪੈਂਦਾ ਏ। ਸਿੱਖ-ਅੱਤਵਾਦ ਦੇ ਦਿਨਾਂ 'ਚ ਦਿਲਚਸਪ ਹਾਲਤ ਇਹੋ ਜਿਹੀ ਹੋ ਗਈ ਸੀ ਕਿ ਮਰਨ ਦੇ ਸਮੇਂ ਤੇ ਥਾਵਾਂ ਸੈਂਕੜੇ ਹੋ ਗਈਆਂ ਸਨ। ਪਤਾ ਨਹੀਂ ਸੀ ਰਿਹਾ ਕਿ ਗੋਲੀ ਕਿਸ ਖੇਤ 'ਚ ਮੈਦਾਨ ਮਾਰਦੇ ਨੂੰ ਆ ਲੱਗੇ ਜਾਂ ਰਾਹ 'ਚ ਕਿਤੇ ਜਾਂਦੇ ਆਉਂਦੇ ਨੂੰ। ਜਾਂ ਸੁੱਤੇ ਪਏ ਨੂੰ। ਮੈਨੂੰ ਤਾਂ ਆਪਣੀ ਲੋਥ 'ਹਿੰਦ ਸਮਾਚਾਰ' ਦਫ਼ਤਰ ਤੋਂ ਰਾਤ ਨੂੰ ਮੋਤਾ ਸਿੰਘ ਨਗਰ 'ਚ ਆਪਣੇ ਘਰ ਨੂੰ ਮੁੜਣ ਵਾਲੀ ਸੜਕ 'ਤੇ ਜਾਂ ਆਪਣੇ ਘਰ ਪਹੁੰਚ ਕੇ ਰੋਟੀ ਖਾਂਦੇ ਜਾਂ ਗਊਆਂ ਨੂੰ ਅੰਦਰ ਬਾਹਰ ਕਰਦੇ ਦੀ ਡਿਗਦੀ ਲਗਦੀ ਸੀ। ਪਰ ਮੈਨੂੰ ਇਹ ਘਰ ਨਾਲੋਂ ਵੱਧ ਸੜਕ 'ਤੇ ਹੋਣਾ ਠੀਕ ਲਗਦਾ ਸੀ। ਮੈਂ ਨਹੀਂ ਚਾਹੁੰਦਾ ਕਿ ਮੈਨੂੰ ਮਰਦੇ ਨੂੰ ਮੇਰੇ ਘਰ ਵਾਲੇ ਦੇਖਣ।
ਮੈਨੂੰ ਇਹ ਵਿਸ਼ਾ ਅੱਜਕਲ੍ਹ ਕਾਫੀ ਦਿਲਚਸਪ ਲੱਗਦਾ ਏ। ਕਦੇ ਇਹਦੇ 'ਚ ਕੋਈ ਦੁੱਖ ਵਾਲੀ ਗੱਲ ਹੀ ਨਹੀਂ ਲਗਦੀ। ਕਦੇ ਕਦੇ ਤਾਂ ਇਹ ਮੌਤ ਮਾਸੀ ਸੁਖ ਤੇ ਰਾਹਤਾਂ ਦਾ ਵਰਦਾਨ ਦੇਣ ਵਾਲੀ ਲਗਦੀ ਏ। ਫੇਰ ਮੈਂ ਸੋਚਣ ਲੱਗ ਪੈਂਦਾ ਹਾਂ ਕਿ ਕਿਉਂ ਵਈ ਮਨਾਂ, ਦੱਸ ਕਿੱਥੇ ਮਰਨੈ? ਉਹ ਜਵਾਬ ਦੇਂਦਾ ਏ ਕਿ ਇਹ ਕੋਈ ਤੇਰੇ ਵੱਸ 'ਚ ਥੋੜ੍ਹਾ ਏ? ਨਾ ਥਾਂ, ਨਾ ਸਮਾਂ ਤੇ ਨਾ ਤਰੀਕਾ, ਤੇਰੇ ਕੁਝ ਵੀ ਵੱਸ 'ਚ ਤਾਂ ਨਹੀਂ। ਫੇਰ ਉਹ ਮੈਨੂੰ ਟਿੱਚਰ ਕਰਦਾ ਕਹਿੰਦਾ ਏ, “ਬੁੱਢਾ ਹੋ ਕੇ ਬੰਦਾ ਆਪ ਸਮਾਨ ਬਣ ਜਾਂਦਾ ਏ। ਉਹਦਾ ਪੁੱਤ ਜਾਂ ਪੋਤਾ ਜਿੱਥੇ ਵੀ ਵੱਸਣ ਲਈ ਜਾਂਦਾ ਏ, ਉਹ ਬੁੱਢੇ ਨੂੰ ਓਸ ਟਰੱਕ ਦੀ ਮੂਹਰਲੀ ਸੀਟ 'ਤੇ ਬਹਾ ਕੇ ਫਿੱਟ ਕਰ ਦੇਂਦਾ ਏ, ਜਿਸ 'ਤੇ ਸਮਾਨ ਜਾ ਰਿਹਾ ਹੁੰਦਾ ਏ।
ਤੈਨੂੰ ਪਤੈ ਬਈ ਪਟਿਆਲੇ ਵਾਲਾ ਪੰਜਾਬ ਦਾ ਸੁਕਰਾਤ 'ਲਾਲੀ' ਕਿੱਥੇ ਏ? ਉਹ ਸਾਰੀ ਉਮਰ ਪਟਿਆਲੇ ਗੰਦੇ ਨਾਲੇ 'ਤੇ ਬਣਾਏ ਆਪਣੇ ਮਕਾਨ 'ਚ ਸ਼ਾਹੀ ਠਾਠ ਨਾਲ ਰਹਿੰਦਾ ਰਿਹਾ। ਨਾ ਜ਼ਮੀਨ ਦਾ ਫ਼ਿਕਰ ਤੇ ਨਾ ਜੋਰੂ ਦਾ। ਨਾ ਬੱਚਿਆਂ ਦੀ ਚਿੰਤਾ। ਸਾਇਕਲ ਚੱਕਿਆ ਤੇ ਜਾ ਵੜਿਆ ਯੂਨੀਵਰਸਿਟੀ ਦੇ ਕੌਫ਼ੀ ਹਾਉਸ 'ਚ। ਜਿਹੜਾ ਚੇਲਾ ਆਉਂਦਾ, ਉਹਨੂੰ ਸੁਕਰਾਤ ਵਾਂਗੂੰ ਲੈਕਚਰ ਦੇਂਦਾ ਤੇ ਨਾਸ਼ਤਾ ਕੌਫ਼ੀ ਮਿਲ ਜਾਂਦੀ। ਇਵੇਂ ਦੁਪਹਿਰ ਦਾ ਖਾਣਾ। ਸ਼ਾਮ ਨੂੰ ਫੇਰ ਕਿਸੇ ਕੱਚੇ ਪੱਕੇ ਸਾਹਿਤਕਾਰ ਦੇ ਘਰੇ ਸੁਕਰਾਤ ਵੱਲੋਂ ਵਰ੍ਹਿਆਂ ਤੋਂ ਸੁਣਾਏ ਜਾ ਰਹੇ ਲੈਕਚਰ ਸੁਣਾਂਦਾ ਤੇ ਦਾਰੂ ਚੱਲ ਪੈਂਦੀ। ਫੇਰ ਖਾਣਾ ਖਾ ਕੇ ਰਾਤ ਦੇ ਕਿੰਨੇ ਵਜ ਵੀ ਘਰ ਜਾ ਵੜਦਾ।
ਜਦ ਮੁੰਡਾ ਜਵਾਨ ਹੋਇਆ ਤਾਂ ਉਹਨੇ ਘਰ ਦੀ ਕਮਾਨ ਸੰਭਾਲ ਲਈ। ਲਾਲੀ ਨੂੰ ਤਦੇ ਸੁਨਣਾ, ਬੋਲਣਾ ਤੇ ਤੁਰਨਾ ਭੁੱਲ ਗਿਆ। ਮੁੰਡੇ ਨੇ ਪਟਿਆਲੇ ਵਾਲਾ ਮਕਾਨ ਵੇਚਿਆ ਤੇ ਮੁਹਾਲੀ ਨਵਾਂ ਖਰੀਦ ਲਿਆ। ਲਾਲੀ ਨੂੰ ਸਮਾਨ ਵਾਲੇ ਟਰੱਕ 'ਤੇ ਬਹਾ ਕੇ ਮੁਹਾਲੀ ਲੈ ਜਾਇਆ ਗਿਆ। ਫੇਰ ਮੁੜ ਕੇ ਆ ਕੇ ਪਟਿਆਲੇ ਕੋਠੀ ਹੋਰ ਖਰੀਦ ਲਈ। ਆਬਾਦੀ ਤੋਂ ਹਟਵੀਂ। ਲਾਲੀ ਫੇਰ ਪਟਿਆਲੇ ਆ ਗਿਆ। ਹੁਣ ਉਹ ਕਿਤੇ ਜਾਣ ਜੋਗਾ ਨਾ ਰਿਹਾ। ਫੇਰ ਪਤਾ ਨਹੀਂ ਮੁੰਡਾ ਕਿਥੇ ਚਲਿਆ ਗਿਆ। ਜਿਥੇ ਮੁੰਡਾ ਗਿਆ ਹੋਵੇਗਾ, ਉੱਥੇ ਹੀ ਲਾਲੀ ਹੋਵੇਗਾ।
ਇਹ ਹਾਲ ਮੇਰਾ ਏ। ਸੱਤ ਸਾਲ ਪਹਿਲਾਂ ਮੈਂ ਮੁੰਡੇ ਨੂੰ ਕਿਹਾ, “ਚੱਲ ਆਪਾਂ ਚੰਡੀਗੜ੍ਹ ਜਾ ਵਸੀਏ। ਇਹ ਮਕਾਨ ਵੇਚ ਕੇ ਉੱਥੇ ਜਾ ਕੇ ਹੋਰ ਲੈ ਲਵਾਂਗੇ। ਮੁੱਲ ਇੱਕੋ ਜਿਹਾ ਐ।”
ਉਹ ਕਹਿੰਦਾ, “ਮੈਂ ਤਾਂ ਜਲੰਧਰ ਛੱਡ ਕੇ ਕਿਤੇ ਜਾਣਾ ਨਹੀਂ। ਤੁਸੀਂ ਜਾਣੈ ਤਾਂ ਚਲੇ ਜਾਓ ਮਕਾਨ ਵੇਚ ਕੇ। ਮੈਂ ਤਾਂ ਦੁਕਾਨ 'ਤੇ ਦੋ ਚੁਬਾਰੇ ਹੋਰ ਪਾ ਕੇ ਉਥੇ ਰਹਿਣ ਲੱਗ ਪੈਣੈ।”
ਉਹਦੀ ਗੱਲ ਠੀਕ ਏ। ਮੇਰੀ ਜਨਮ ਭੂਮੀ ਖੰਨਾ ਏ ਤੇ ਉਹਦੀ ਜਲੰਧਰ। ਏਸੇ ਲਈ ਮੈਂ ਹੁਣ ਦੁਆਬੀਆਂ ਨੂੰ ਮਾੜਾ ਨਹੀਂ ਕਹਿੰਦਾ। ਮੇਰੇ ਨਿਆਣੇ ਸਾਰੇ ਦੁਆਬੀਏ ਨੇ।...ਪਰ ਮੇਰਾ ਸੰਕਟ ਸਿਰਫ ਮਾਲਵੇ ਜਾਂ ਦੁਆਬੇ ਦਾ ਨਹੀਂ। ਆਪਣੇ ਘਰ ਦਾ ਮੇਰਾ ਮੋਹ ਕਈ ਥਾਂਈਂ ਵੰਡਿਆ ਹੋਇਆ ਏ। ਮੈਨੂੰ ਆਪਣੇ ਜੱਦੀ ਪਿੰਡ ਬਦੀਨਪੁਰ ਵਾਲਾ ਘਰ ਵੀ ਯਾਦ ਆਉਂਦਾ ਏ। ਬਡਗੁੱਜਰਾਂ ਵਾਲਾ ਘਰ ਤੇ ਖੂਹ ਮੈਨੂੰ ਖਿੱਚਦੇ ਨੇ। ਪਰ ਮੇਰਾ ਉਹਨਾਂ ਨਾਲ ਕੋਈ ਸੀਰ ਨਹੀਂ ਰਿਹਾ। ਏਸੇ ਲਈ ਮੈਂ ਪਿਛਲੇ ਪੱਚੀ ਸਾਲਾਂ ਤੋਂ ਉਥੇ ਗਿਆ ਈ ਨਹੀਂ। ਮੈਨੂੰ ਉਹਨਾਂ ਥਾਵਾਂ ਦੀ ਨਵੀਂ ਤਸਵੀਰ ਤੋਂ ਭੈਅ ਆਉਂਦਾ ਏ। ਮੈਂ ਆਪਣੇ ਜ਼ਿਹਨ 'ਚ ਵਸੀ ਪੁਰਾਣੀ ਤਸਵੀਰ ਨੂੰ ਬਚਾ ਕੇ ਰੱਖਣਾ ਚਾਹੁੰਦਾ ਹਾਂ।
ਹਾਂ, ਖੰਨੇ ਵਾਲਾ ਜੱਦੀ ਮਕਾਨ ਸਭ ਤੋਂ ਛੋਟੇ ਭਾਈ ਅਸ਼ੋਕ ਦੇ ਹਿੱਸੇ ਆਇਆ ਸੀ। ਉਹਨੇ ਉਹਨੂੰ ਸ਼ਾਨਦਾਰ ਪੱਥਰਾਂ ਦੇ ਫਰਸ਼ਾਂ ਵਾਲਾ ਬਣਾ ਲਿਆ ਸੀ। ਹੁਣ ਉਹਦੀ ਬਖਤਾਵਰੀ ਵੱਡੀ ਹੋ ਗਈ ਏ। ਉਹ ਆਪਣੀ ਬਹੁਤ ਵੱਡੀ ਆਲੀਸ਼ਾਨ ਕੋਠੀ 'ਚ ਰਹਿੰਦਾ ਏ। ਉਹਨੇ ਪੁਰਾਣਾ ਘਰ ਵੇਚਿਆ ਨਹੀਂ ਤੇ ਨਾ ਈ ਕਿਰਾਏ 'ਤੇ ਦਿੱਤਾ ਏ। ਬਸ ਜਿੰਦਾ ਲਾ ਕੇ ਰੱਖਿਆ ਹੋਇਆ ਏ। ਓਸ ਘਰ 'ਚ ਸਭ ਕੁਝ ਬਦਲ ਗਿਆ ਏ। ਮੈਨੂੰ ਖਿੱਚਣ ਲਈ ਸਿਰਫ ਦੋ ਨਿਸ਼ਾਨੀਆਂ ਬਚੀਆਂ ਨੇ। ਇਕ ਸਾਹਮਣੇ ਦਲਾਨ ਵਾਲੀ ਅਲਮਾਰੀ ਤੇ ਦੂਜੀ ਵੱਡੇ ਚੁਬਾਰੇ ਵਾਲੀ ਅਲਮਾਰੀ। ਉਹਨਾਂ ਦੇ ਲੱਕੜ ਦੇ ਦਰਵਾਜੇ ਵੀ ਉਹੀ ਪੁਰਾਣੇ ਨੇ। ਉਹ ਦੋਵੇਂ ਅਲਮਾਰੀਆਂ ਮੇਰੇ ਸਕੂਲ 'ਚ ਪੜ੍ਹਨ ਵੇਲੇ ਮੇਰੀਆਂ ਸਨ। ਸਤਵੀਂ ਤਕ ਹੇਠਲੀ ਮੇਰੀ ਸੀ ਤੇ ਫੇਰ ਦਸਵੀਂ ਤਕ ਚੁਬਾਰੇ ਵਾਲੀ ਮੇਰੀ ਹੋ ਗਈ ਸੀ। ਹੁਣ ਵੀ ਮੈਂ ਜਦ ਕਦੇ ਓਸ ਮਕਾਨ 'ਚ ਜਾਂਦਾ ਹਾਂ ਤਾਂ ਅਲਮਾਰੀਆਂ ਵਾਰੀ-ਵਾਰੀ ਖੋਲ੍ਹ ਕੇ ਦੇਖਦਾ ਹਾਂ। ਬੰਦ ਹੋਣ ਤਾਂ ਵੀ ਉਹਨਾਂ ਦੇ ਸਾਹਮਣੇ ਖੜ੍ਹਾ ਰਹਿੰਦਾ ਹਾਂ।
ਇਕ ਵਾਰੀ ਮੇਰੇ ਅੰਦਰ ਖਿੱਚਾਂ ਜਿਹੀਆਂ ਪਈਆਂ ਖੰਨੇ ਵਾਲੇ ਘਰ ਦੀਆਂ। ਮੇਰਾ ਮੁੰਡਾ ਬਾਹਰ ਜਾਣ ਦੀ ਸੋਚਣ ਲੱਗ ਪਿਆ ਸੀ। ਮੈਂ ਛੋਟੇ ਭਾਈ ਨੂੰ ਪੁੱਛਿਆ ਕਿ ਇਹ ਮਕਾਨ ਜੇ ਤੂੰ ਵੇਚਣਾ ਹੋਵੇ ਤਾਂ ਮੈਨੂੰ ਪਹਿਲਾਂ ਪੁੱਛ ਲਵੀਂ। ਉਹ ਕਹਿੰਦਾ, “ਜਦ ਮਰਜੀ ਜਿੰਦਾ ਖੋਲ੍ਹ ਕੇ ਅੰਦਰ ਵੜ ਜਾਹ!”...ਕਦੇ ਮੈਂ ਖੰਨੇ ਉਹਦੇ ਨਵੇਂ ਘਰ ਹੁੰਦਾ ਤੇ ਪੁਰਾਣੇ ਘਰ ਦੀ ਗੱਲ ਛਿੜਦੀ ਤਾਂ ਉਹ ਮੈਨੂੰ ਪੁੱਛ ਲੈਂਦਾ, “ਜੇ ਏਧਰ ਨੀਂਦ ਨੀ ਆਉਂਦੀ ਤਾਂ ਓਧਰ ਜਾ ਕੇ ਸੌਂ ਜਾਹ। ਮੈਂ ਸਵੇਰੇ ਸਵੇਰੇ ਚਾਹ ਲੈ ਕੇ ਆ ਜਾਉਂਗਾ।”...ਹਨ ਤਾਂ ਇਹ ਗੱਲਾਂ ਆਮ ਜਿਹੀਆਂ। ਬਹੁਤੇ ਪਾਠਕਾਂ ਨੂੰ ਸ਼ਾਇਦ ਮੂਰਖਾਂ ਵਾਲੀਆਂ ਹੀ ਲੱਗਣ। ਪਰ ਮੈਂ ਆਪਣੀ ਕਲਪਨਾ 'ਚ ਓਸ ਘਰ 'ਚ ਆਪਣਾ ਸਮਾਨ ਹੀ ਟਿਕਾਉਣ ਨੂੰ ਛੇ ਮਹੀਨੇ ਲਾ ਦਿੱਤੇ ਸਨ। ਇਹ ਕੰਮ ਮੈਂ ਰੋਜ਼ ਰਾਤ ਨੂੰ ਸੌਣ ਵੇਲੇ ਕਰਦਾ ਸੀ। ਸੋਚਦਿਆਂ ਨੀਂਦ ਚੰਗੀ ਆਉਂਦੀ ਸੀ। ਜੇ ਕੋਈ ਕਹੇ ਬਈ 'ਸੂਤ ਨਾ ਕਤਾਨ, ਜੁਲਾਹੇ ਨਾਲ ਠੈਂਗਾ ਠੈਂਗੀ' ਤਾਂ ਮੈਂ ਸੁਰਜੀਤ ਹਾਂਸ ਦੇ ਫੁੱਫੜ ਵਾਂਗ ਕਹਾਂਗਾ, “ਸਹੁਰਿਓ ਏਸ ਚਿੰਤਾ ਨੇ ਤਾਂ ਮਰੀਆਂ ਕਿੰਨੀਆਂ ਈ ਰਾਤਾਂ ਲੰਘਾ ਦਿੱਤੀਆਂ।”
ਖ਼ੈਰ, ਮਨ ਸੋਚਦਾ ਏ ਕਿ ਇਹ ਸੋਚ ਕੀ ਹੋਈ ਕਿ ਕਿੱਥੇ ਜਾ ਕੇ ਮਰਨਾ ਏ? ਕਿੱਥੇ ਬਹੁਤੇ ਲੋਕ ਨੜੋਏ ਜਾਣਗੇ? ਕਿੱਥੇ ਕਿਰਿਆ ਦਾ ਜਸ਼ਨ ਚੰਗਾ ਹੋਵੇਗਾ ਤੇ ਸ਼ਰਧਾਂਜਲੀਆਂ ਸੁਹਣੀਆਂ ਦਿੱਤੀਆਂ ਜਾਣਗੀਆਂ?...ਬੰਦੇ ਨੂੰ ਮਿੱਟੀ ਹੋਏ ਨੂੰ ਕੀ ਖ਼ਬਰ ਕਿ ਕੀ ਹੋਇਆ ਏ।...ਪਰ ਇਕ ਸਚਾਈ ਮੈਂ ਆਪਣੇ ਆਪ ਨੂੰ ਆਪਣੀ ਵੀ ਦੱਸੀ ਜਾਂਦਾ ਹਾਂ ਕਿ ਉੱਤੋਂ ਤਾਂ ਮੈਂ ਇਹੀ ਕਹਿੰਦਾ ਹਾਂ ਕਿ ਮੈਨੂੰ ਕਿਸੇ ਸ਼ਹਿਰ, ਥਾਂ, ਮਕਾਨ ਜਾਂ ਬੰਦੇ ਨਾਲ ਕੋਈ ਮੋਹ ਨਹੀਂ। ਪਰ ਹੁੰਦਾ ਕੁਝ ਨਾ ਕੁਝ ਜ਼ਰੂਰ ਏ। ਜੇ ਨਾ ਹੋਵੇ ਤਾਂ ਮੈਂ ਗੱਲ ਹੀ ਕਿਉਂ ਕਰਾਂ?
ਜਦ ਮੇਰੇ ਕੱਟੜ ਆਰੀਆ ਸਮਾਜੀ ਬਾਈ ਜੀ ਗੁਜ਼ਰੇ ਤਾਂ ਉਹਨਾਂ ਨੂੰ ਕੀ ਪਤਾ ਸੀ ਕਿ ਉਹਨਾਂ ਦੇ ਮਰਨ ਬਾਅਦ ਉਹਨਾਂ 'ਤੇ ਕੀ ਬੀਤਣੀ ਏ। ਉਹਨਾਂ ਨੇ ਜਿਉਂਦਿਆਂ ਜੀਅ ਕਿਸੇ ਬ੍ਰਾਹਮਣ ਨੂੰ ਘਰ ਨਹੀਂ ਸੀ ਵੜਨ ਦਿੱਤਾ। ਮੁੰਡੇ ਕੁੜੀਆਂ ਦੇ ਵਿਆਹ ਇਕ ਖੱਤਰੀ ਆਰੀਆ ਸਮਾਜੀ ਡਾਕਟਰ ਕਰਾਉਂਦਾ ਹੁੰਦਾ ਸੀ। ਪਰ ਜਦ ਬਾਈ ਜੀ ਗੁਜ਼ਰੇ ਤਾਂ ਉਹ ਜਿਹੜੇ ਪੁੱਤ ਦੇ ਘਰ 'ਚ ਪਏ ਸੀ, ਉਹਦੀ ਪਤਨੀ ਨੇ ਜਦੇ ਅਚਾਰੀਆ ਜੀ ਨੂੰ ਬੁਲਾ ਲਿਆ। ਫੇਰ ਜਿਵੇਂ ਉਹ ਕਰਾਈ ਗਿਆ, ਅਸੀਂ ਕਰੀ ਗਏ। ਜਦ ਨ੍ਹਾਈ ਥੋਈ ਦੇ ਬਾਅਦ ਅਚਾਰੀਆ ਨੇ ਮੁੰਡਿਆਂ ਤੋਂ ਅਰਥੀ ਚੁਕਵਾਈ ਤਾਂ ਜਿਹੜੇ ਬੰਦੇ ਨੇ ਸਾਰੀ ਉਮਰ ਨਾ ਕਦੇ ਗੁਰਦਵਾਰੇ ਤੇ ਨਾ ਈ ਮੰਦਰ 'ਚ ਮੱਥਾ ਟੇਕਿਆ ਸੀ, ਉਸਦੀ ਅਰਥੀ ਪਹਿਲਾਂ ਗੁਰਦਵਾਰੇ ਅੱਗੇ ਤੇ ਫੇਰ ਦੇਵੀ ਦਵਾਰੇ ਅੱਗੇ ਝੁਕਾ ਕੇ ਤੇ ਹਰੇਕ ਚੁਰਸਤੇ 'ਚ ਪਿੰਡ-ਛੁਡਾਈ ਕਰਾ ਕੇ ਸ਼ਮਸ਼ਾਨ ਘਾਟ ਲਿਜਾਈ ਗਈ। ਘੜਾ ਭੰਨਿਆ ਗਿਆ।...ਇਹ ਸੋਚਾਂ ਸੋਚਦਿਆਂ ਮੈਂ ਹੱਸਦਾ ਹਾਂ। ਆਪਣੇ ਬਾਰੇ ਸੋਚਦਾ ਹਾਂ ਕਿ ਪਤਾ ਨਹੀਂ ਅਗਲਿਆਂ ਮੇਰੀ ਮਿੱਟੀ ਨਾਲ ਕੀ ਕਰਨਾ ਏ।
ਫੇਰ ਮੈਂ ਗਿਆਨ ਨਾਲ ਮਨ ਨੂੰ ਸਮਝਾਉਣ ਲੱਗ ਪੈਂਦਾ ਹਾਂ ਕਿ ਹਿੰਦੂ ਦਰਸ਼ਨ ਮੌਤ ਨੂੰ ਜੀਵਨ ਦਾ ਅੰਤ ਨਹੀਂ, ਮੁੱਢ ਮੰਨਦਾ ਏ। ਜਨਮ ਤੋਂ ਮਰਨ ਤੇ ਮਰਨ ਤੋਂ ਜਨਮ ਕਿਸੇ ਧਾਗੇ ਦੇ ਇਕ ਜਾਂ ਦੂਜੇ ਸਿਰੇ 'ਤੇ ਨਹੀਂ ਬਲਕਿ ਇਕ ਦਾਇਰੇ 'ਚ ਨੇ। ਜਿਸ ਦੇ ਸਿਰੇ ਆਪਣੀ ਗੋਲਾਈ ਪੂਰੀ ਕਰ ਕੇ ਇਕ ਦੂਜੇ ਨਾਲ ਮਿਲ ਜਾਂਦੇ ਨੇ। ਜੀਵ 'ਚ ਜਿੰਨੀ ਤਾਂਘ ਏਸ ਜਨਮ ਤੋਂ ਮੋਕਸ਼ ਪ੍ਰਾਪਤ ਕਰਨ ਦੀ ਹੁੰਦੀ ਏ, ਓਨੀ ਹੀ ਮੁੜ ਜਨਮ ਲੈਣ ਜਾਂ ਨਵਾਂ ਚੋਲਾ ਧਾਰਨ ਕਰਨ ਦੀ ਹੁੰਦੀ ਏ। ਜਿਹੜਾ ਏਸ ਸੱਚ ਨੂੰ ਜਿੰਨਾ ਮਨੋਂ ਮੰਨ ਲੈਂਦਾ ਏ, ਓਨਾ ਹੀ ਸੌਖਾ ਹੋ ਜਾਂਦਾ ਏ।
ਉਂਜ ਹਰੇਕ ਬੰਦਾ ਸੋਚਦਾ ਏ ਕਿ ਉਹਦੇ ਮਰਨ ਤੋਂ ਬਾਅਦ ਉਹਦਾ ਕੀ ਕੀਤਾ ਜਾਵੇਗਾ? ਉਹਦੇ ਅੰਤਮ ਸੰਸਕਾਰ ਕਿਵੇਂ ਕੀਤੇ ਜਾਣਗੇ?...ਮੈਨੂੰ ਇਹ ਸੋਚ ਹਾਸੋਹੀਣੀ ਲਗਦੀ ਏ। ਮੈਂ ਸੋਚਦਾ ਹਾਂ ਕਿ ਜਦ ਬੰਦੇ ਦੀ ਚੇਤਨਾ ਹੀ ਨਹੀਂ ਰਹਿਣੀ, ਫੇਰ ਉਹਦੀ ਮਿੱਟੀ ਹੋਈ ਦੇਹ ਨਾਲ ਕੋਈ ਕੀ ਸਲੂਕ ਕਰਦਾ ਏ, ਇਹਦੇ ਨਾਲ ਉਹਨੂੰ ਕੀ ਫਰਕ ਪੈਂਦਾ ਏ। ਅਸਲ 'ਚ ਬੰਦੇ ਦੇ ਮਨ ਦੇ ਡਰ ਅਖੀਰ ਤਕ ਵੀ ਉਹਦਾ ਖਹਿੜਾ ਨਹੀਂ ਛੱਡਦੇ। ਜਿਵੇਂ ਉਰਦੂ ਦੀ ਸ਼ਾਨਦਾਰ ਗਲਪਕਾਰ ਇਸਮਤ ਚੁਗ਼ਤਾਈ ਨੂੰ ਅੰਤ ਵੇਲੇ ਤਕ ਇਹੀ ਡਰ ਤੰਗ ਕਰਦਾ ਰਿਹਾ ਕਿ ਮਰਨ ਬਾਅਦ ਉਹਨੂੰ ਕਬਰ 'ਚ ਦੱਬ ਦਿੱਤਾ ਜਾਵੇਗਾ ਤਾਂ ਉਹਦੀ ਦੇਹ ਨੂੰ ਖਾਣ ਵਾਸਤੇ ਸੁੰਡੀਆਂ ਤੇ ਕੀੜੇ ਆ ਜਾਣਗੇ। ਉਹਨੂੰ ਉਹਨਾਂ ਕੀੜਿਆਂ ਤੋਂ ਬਹੁਤ ਡਰ ਲਗਦਾ ਸੀ। ਏਸੇ ਲਈ ਉਹਨੇ ਵਸੀਅਤ ਕੀਤੀ ਸੀ ਕਿ ਉਹਨੂੰ ਮਰਨ ਬਾਅਦ ਸਾੜ ਦਿੱਤਾ ਜਾਵੇ, ਦਫ਼ਨ ਨਾ ਕੀਤਾ ਜਾਵੇ। ਪਰ ਮੁਸਲਮਾਨ ਮੁਰਦੇ ਨੂੰ ਸਾੜ ਕੇ ਬੰਬਈ 'ਚ ਹਿੰਦੂ-ਮੁਲਸਮ ਫਸਾਦ ਥੋੜ੍ਹਾ ਕਰਾਉਣਾ ਸੀ, ਉਹਦੀ 'ਨਾਜਾਇਜ਼ ਔਲਾਲ' ਨੇ। ਇਹ 'ਨਾਜਾਇਜ਼ ਔਲਾਦ' ਲੁਕਵੀਂ ਕਹਾਣੀ ਏ ਕਿ ਇਸਮਤ ਚੁਗ਼ਤਾਈ ਨੇ ਕੁਆਰੀ ਨੇ ਇਕ ਕੁੜੀ ਨੂੰ ਜਨਮ ਦਿੱਤਾ ਸੀ। ਜਦ ਇਸਮਤ 'ਕੱਲੀ ਤੇ ਬੁੱਢੀ ਹੋ ਗਈ ਤਾਂ ਉਹੀ ਕੁੜੀ ਉਹਨੂੰ ਆਪਣੇ ਘਰ ਲੈ ਗਈ ਸੀ। ਉਹਨੂੰ ਇਸਮਤ ਨੇ ਉਹਦੇ ਨਾਲ ਪਿਆਰ ਦਾ ਭੇਦ ਦੱਸ ਦਿੱਤਾ ਸੀ। ਓਸ ਹਿੰਦੂ ਘਰ 'ਚ ਪਲੀ ਉਹਦੀ ਕੁੜੀ ਸੀਮਾ ਨੇ ਆਪਣੀ ਮਾਂ ਦੀ ਵਸੀਅਤ ਨੂੰ ਲਾਂਭੇ ਰੱਖ ਕੇ ਮੌਲਵੀ ਨੂੰ ਬੁਲਾ ਕੇ ਆਪਣੀ ਮਾਂ ਨੂੰ ਕੀੜਿਆਂ ਦੇ ਖਾਣ ਲਈ ਦਫ਼ਨ ਕਰਾ ਦਿੱਤਾ ਸੀ।
ਏਸੇ ਤਰ੍ਹਾਂ ਏਸ਼ੀਆ ਦੇ ਵੱਡੇ ਕਹਾਣੀਕਾਰ ਦੇ ਤੌਰ 'ਤੇ ਮਸ਼ਹੂਰ ਕ੍ਰਿਸ਼ਨ ਚੰਦਰ ਨੂੰ ਉਹਦੇ ਧਰਮ ਦੇ ਉਲਟ ਮੜ੍ਹੀਆਂ 'ਚ ਸਾੜਿਆ ਗਿਆ ਸੀ। ਕੋਈ 54 ਜਾਂ 55 ਸਾਲ ਦੀ ਉਮਰ 'ਚ ਉਹਨੇ ਇਸਲਾਮ ਕਬੂਲ ਕਰ ਕੇ ਸਲਮਾ ਨਾਂ ਦੀ ਇਕ ਔਰਤ ਨਾਲ ਨਿਕਾਹ ਕਰ ਲਿਆ ਸੀ। ਸਾਹਿਤਕ ਸ਼ੌਕ ਵਾਲੀ ਉਹ ਸ਼ਾਇਰਾ ਔਰਤ ਬਹੁਤ ਸਿਆਣੀ ਸੀ। ਉਹਨਾਂ ਦਾ ਪ੍ਰੇਮ ਨਾਟਕ ਪਤਾ ਨਹੀਂ ਕਦ ਤੋਂ ਚਲ ਰਿਹਾ ਸੀ। ਨਿਕਾਹ ਹੋਣ 'ਤੇ ਈ ਸਭ ਨੂੰ ਪਤਾ ਲੱਗਿਆ। ਕ੍ਰਿਸ਼ਨ ਚੰਦਰ ਨੂੰ ਮੁਸਲਮਾਨ ਏਸ ਲਈ ਵੀ ਹੋਣਾ ਪਿਆ ਕਿ ਉਹਦੀ ਹਿੰਦੂ ਪਤਨੀ ਸਰਲਾ ਹਾਲੇ ਚੰਗੀ ਭਲੀ ਸੀ। ਪਰ ਉਹ ਰਹਿੰਦੀ ਵੱਖਰੀ ਸੀ। ਖਰਚਾ ਕ੍ਰਿਸ਼ਨ ਚੰਦਰ ਹੀ ਦੇਂਦਾ ਸੀ।
ਜਦ ਕ੍ਰਿਸ਼ਨ ਚੰਦਰ ਗੁਜ਼ਰਿਆ ਤਾਂ ਰਾਜਿੰਦਰ ਸਿੰਘ ਬੇਦੀ ਵਗ਼ੈਰਾ ਪੰਜਾਬੀ ਦੋਸਤ 'ਕੱਠੇ ਹੋ ਗਏ। ਜਿਨ੍ਹਾਂ 'ਚ ਬਹੁਤੇ ਹਿੰਦੂ ਸਨ ਤੇ ਸਭ ਨੂੰ ਕ੍ਰਿਸ਼ਨ ਚੰਦਰ ਦੀ ਪਹਿਲੀ ਪਤਨੀ ਦਾ ਪਤਾ ਸੀ। ਸਲਮਾ ਨੂੰ ਪੁੱਛਿਆ ਗਿਆ ਕਿ ਬੀਬੀ, ਹੁਣ ਇਹਦਾ ਕੀ ਕਰੀਏ?...ਸਲਮਾ ਕਹਿੰਦੀ, ਹੁਣ ਏਸ ਮਿੱਟੀ ਦਾ ਕੀ ਏ? ਜੋ ਮਰਜ਼ੀ ਕਰ ਲਓ।...ਤਦ ਨੂੰ ਸਰਲਾ ਨੂੰ ਖਬਰ ਹੋ ਗਈ। ਉਹ ਆ ਗਈ ਵੰਗਾਂ ਭੰਨ ਕੇ ਰੋਂਦੀ, ਕੁਰਲਾਂਦੀ। ਜਦ ਉਹਨੂੰ ਦਫ਼ਨ ਕਰਨ ਦੀ ਗੱਲ ਦਾ ਪਤਾ ਲੱਗਿਆ ਤਾਂ ਉਹਨੇ ਪਿੱਟ ਪੱਟੂਆ ਪਾ ਲਿਆ। ਕ੍ਰਿਸ਼ਨ ਚੋਪੜਾ ਖੱਤਰੀ ਸੀ। ਫੇਰ ਸਾਰਿਆਂ ਨੇ ਸਲਾਹ ਕਰ ਕੇ ਅਰਥੀ ਮੜ੍ਹੀਆਂ 'ਚ ਲਿਜਾ ਕੇ ਦਾਹ ਸੰਸਕਾਰ ਕਰ ਦਿੱਤਾ। ਸਲਮਾ ਕਿਤੇ ਵੀ ਇਕ ਸ਼ਬਦ ਤਕ ਨਹੀਂ ਬੋਲੀ।
ਸਾਡੇ ਪਿੰਡਾਂ 'ਚ ਕਈ ਬੁੱਢੇ ਆਪਣੇ ਸੰਸਕਾਰ ਦੀ ਤਿਆਰੀ ਪਹਿਲਾਂ ਆਪ ਈ ਕਰਨ ਲੱਗ ਪੈਂਦੇ ਨੇ। ਸਾਡੇ ਪਿੰਡ ਗਲਾਸੀ ਹੋਰਾਂ ਦਾ ਬੁੜ੍ਹਾ ਸੀ। ਉਹ ਆਪਣੀ ਮੌਤ ਤੋਂ ਪਹਿਲਾਂ ਲੱਕੜਾਂ ਦੇ ਖੁੰਢ 'ਕੱਠੇ ਕਰਨ ਲੱਗ ਪਿਆ ਸੀ। ਮੇਰੇ ਪੁੱਛਣ 'ਤੇ ਕਹਿੰਦਾ, “ਮਾਸਟਰ, ਤੈਨੂੰ ਨੀਂ ਪਤਾ, ਇਹਨਾਂ ਮੁੰਡਿਆਂ ਨੂੰ ਨਹੀਂ ਪਤਾ ਬਈ ਮੁਰਦੇ ਦੇ ਸੀਨੇ 'ਤੇ ਕਹੇਜੀ ਲੱਕੜੀ ਦਾ ਖੁੰਢ ਰੱਖੀਦੈ।” ਫੇਰ ਉਹਨੇ ਆਪਣੀ ਕੌਡੀ 'ਤੇ ਹੱਥ ਧਰ ਕੇ ਦੱਸਿਆ 'ਬਈ ਇਹ ਕੌਡੀ ਛੇਤੀ ਨੀ ਜਲਦੀ।
ਜਿਹੜੇ ਬੁੜ੍ਹਿਆਂ ਨੂੰ ਇਹ ਵਸਾਹ ਨਹੀਂ ਹੁੰਦਾ ਕਿ ਉਹਦੀ ਜਾਇਦਾਦ ਸਾਂਭਣ ਵਾਲੇ ਮੁੰਡਿਆਂ ਨੇ ਉਹਦਾ ਹੰਗਾਮਾ ਕਰਨਾ ਏ ਜਾਂ ਨਹੀਂ ਤਾਂ ਉਹ ਆਪ ਈ ਕੱਫਨ ਖਰੀਦ ਕੇ ਰੱਖਦੇ ਸੀ। ਕਈ ਤਾਂ ਆਪਣਾ ਬਾਰ੍ਹਾਂ ਤੇਰ੍ਹਾਂ ਵੀ ਕਰਾ ਲੈਂਦੇ ਨੇ। ਸਾਡੇ ਪਿੰਡ ਦੇ ਮਹਿਦ ਪੁਰੀਆਂ ਦਾ ਬੁੜ੍ਹਾ ਆਪਣਾ ਭਾਰ ਏਸ ਲਈ ਘਟਾਉਂਦਾ ਰਿਹਾ ਸੀ ਕਿ ਮੁੰਡਿਆਂ ਦੇ ਮੋਢੇ 'ਤੇ ਭਾਰ ਘੱਟ ਪਵੇ।...ਸਾਡੇ ਪੁਰਾਣੇ ਪਿੰਡ ਬਦੀਨਪੁਰ ਦਾ ਇਕ ਬ੍ਰਾਹਮਣ ਬੁੜ੍ਹਾ ਹਰਦੁਆਰ ਤੇ ਪਹੋਏ ਜਾ ਕੇ ਆਪਣੀ ਗਤੀ ਵੀ ਕਰਾ ਆਇਆ ਸੀ। ਉਹਦੇ ਘਰ 'ਚ ਨਾ ਤੀਵੀਂ ਤੇ ਨਾ ਨਿਆਣੇ, ਕੋਈ ਵੀ ਨਹੀਂ ਸੀ। ਉਹਨੂੰ ਵਿਸ਼ਵਾਸ ਹੋ ਗਿਆ ਸੀ ਕਿ ਉਹਦੇ ਮਰਨ ਬਾਅਦ ਕਿਸੇ ਨੇ ਉਹਦੀ ਗਤੀ ਨਹੀਂ ਕਰਾਉਣੀ। ਮਰਨਾ ਉਹਨੇ 'ਕੱਲੇ ਨੇ ਮੰਜੇ 'ਤੇ ਏ। ਪੈਣਾ ਉਹਨੇ ਪ੍ਰੇਤ ਜੂਨ 'ਚ ਐ। ਰਹਿਣਾ ਉਹਨੇ ਬਦੀਨਪੁਰ ਦਿਆਂ ਇਨ੍ਹਾਂ ਬਰੋਟਿਆਂ, ਪਿੱਪਲਾਂ ਤੇ ਨਿੰਮਾਂ 'ਤੇ ਈ ਐ।
ਜਦੋਂ ਮੌਤ ਬਾਰੇ ਸੋਚਦਿਆਂ ਤੇ ਭੂਸ਼ਨ ਨਾਲ ਗੱਲਾਂ ਕਰਦਿਆਂ ਪਤਾ ਲੱਗਿਆ ਸੀ ਕਿ ਬ੍ਰਾਹਮਣਾਂ ਦੇ ਕਿਰਿਆ ਗਿਆਰਾਂ ਦਿਨਾਂ ਬਾਅਦ ਹੁੰਦੀ ਏ। ਖੱਤਰੀਆਂ ਤੇ ਹੋਰ ਸਾਰੀਆਂ ਹਿੰਦੂ ਜਾਤਾਂ ਦੇ ਕਿਰਿਆ ਬਾਰ੍ਹਵੇਂ ਤੇਰ੍ਹਵੇਂ ਦਿਨ ਹੁੰਦੀ ਏ। ਆਰੀਆ ਸਮਾਜੀ ਚੌਥੇ ਦਿਨ ਈ ਅੰਤਿਮ ਸ਼ੋਕ ਦਿਵਸ ਕਰ ਕੇ ਉਠਾਲਾ ਕਰ ਲੈਂਦੇ ਨੇ। ਕਾਰੋਬਾਰੀ ਸਨਾਤਨੀ ਵੀ ਚੌਥੇ ਦਿਨ ਈ ਉਠਾਲਾ ਕਰ ਕੇ ਆਪਣੀਆਂ ਹੱਟੀਆਂ ਖੋਲ੍ਹ ਲੈਂਦੇ ਨੇ। ਪਿੱਛੋਂ ਤਾਂ ਉਹੀ ਕੁਝ ਹੁੰਦਾ ਏ, ਜੋ ਪਿਛਲਿਆਂ ਦੀ ਮਰਜ਼ੀ ਹੋਵੇ। ਮੀਸ਼ੇ ਦੇ ਸੰਸਕਾਰ ਵੇਲੇ ਉਹਦੇ ਸਰ੍ਹਾਣੇ ਘੜਾ ਭੰਨਿਆ ਗਿਆ ਸੀ ਤੇ ਭੈਣਾਂ ਨੇ ਵੈਣ ਪਾਏ ਸੀ 'ਬਦਾਮ ਤੇ ਹੋਰ ਪਤਾ ਨਹੀਂ ਕੀ ਕੀ ਖਾਣੇ' ਦੇ। ਪਰ ਸੁਰਜੀਤ ਕੌਰ ਦੇ ਪਤੀ ਦੇ ਮਰਨੇ 'ਤੇ ਅਜਿਹਾ ਕੁਝ ਵੀ ਨਹੀਂ ਸੀ ਕੀਤਾ ਗਿਆ। ਸੁਰਜੀਤ ਕੌਰ ਨੇ ਭੋਗ ਵਾਲੇ ਦਿਨ ਗੁਰਦਵਾਰੇ 'ਚ ਆ ਕੇ ਮੱਥਾ ਵੀ ਨਹੀਂ ਸੀ ਟੇਕਿਆ। ਚੁੱਪ ਕਰ ਕੇ ਇਕ ਪਾਸੇ ਨੂੰ ਹੋ ਕੇ ਬਹਿ ਗਈ ਸੀ।
ਮੈਂ ਏਸ ਮਾਮਲੇ ਕੋਈ ਵਸੀਅਤ ਨਹੀਂ ਕਰਨਾ ਚਾਹੁੰਦਾ, ਪਤਾ ਨਹੀਂ ਕਾਰਜ ਕਰਨ ਵਾਲਿਆਂ ਨੂੰ ਕੀ ਤਮਾਸ਼ਾ ਕਰ ਕੇ ਸੁਖ ਮਿਲੇ। ਮੈਨੂੰ ਕੀ ਕਿਸੇ ਅਗਲੇ ਪਿਛਲੇ ਜਨਮ ਨੂੰ ਤਾਂ ਮੰਨਦਾ ਹੀ ਨਹੀਂ। ਉਂਜ ਮੈਨੂੰ ਪ੍ਰੇਤ ਜੂਨ ਚੰਗੀ ਲਗਦੀ ਏ। ਦੇਹ ਦੇ ਸੌ ਦੁੱਖ ਨੇ। ਪ੍ਰੇਤ ਆਪਣੀ ਮਰਜ਼ੀ ਨਾਲ ਦੁਨੀਆ ਭਰ ਦੀਆਂ ਸੈਰਾਂ ਕਰ ਸਕਦਾ ਏ। ਮੇਰਾ ਜਦ ਦਿਲ ਕਰਿਆ ਮੈਂ ਜਲੰਧਰ ਦੇ ਦੋਸਤਾਂ ਦੇ ਬਨੇਰਿਆਂ 'ਤੇ ਬਹਿ ਕੇ ਉਹਨਾਂ ਦੇ ਨਾਟਕ ਦੇਖਾਂਗਾ। ਜਦ ਦਿਲ ਕਰੇਗਾ ਖੰਨੇ ਚਲਿਆ ਜਾਵਾਂਗਾ। ਨਹੀਂ ਚੰਡੀਗੜ੍ਹ ਤਾਂ ਜਾਵਾਂਗਾ ਈ, ਜਿਥੇ ਦੇਖਣ ਤੇ ਮਾਨਣ ਨੂੰ ਬੜੇ ਤਮਾਸ਼ੇ ਨੇ।...ਦੇਖਿਆ, ਬੰਦੇ ਦੀ ਗੱਲ ਮੁੱਕੀ ਨਾ ਫੇਰ ਤਮਾਸ਼ਿਆਂ 'ਤੇ!
0
ਸਤਿਕਾਰਤ ਲੇਖਕ ਪ੍ਰੇਮ ਪ੍ਰਕਾਸ਼ ਦੀ ਇਜਾਜ਼ਤ ਨਾਲ ਮੁਹਾਂਦਰਾ, ਜਨਵਰੀ-ਮਾਰਚ 2010 ਅੰਕ 28 ਵਿਚੋਂ ਧੰਨਵਾਦ ਸਹਿਤ : ਮਹਿੰਦਰ ਬੇਦੀ ਜੈਤੋ।

Tuesday, 8 February 2011

ਸੁਮਰੋ ਬੇਗਮ / ਪ੍ਰੇਮ ਪ੍ਰਕਾਸ਼




ਸੁਮਰੋ ਬੇਗਮ / ਪ੍ਰੇਮ ਪ੍ਰਕਾਸ਼

ਪੋਸਟਿੰਗ : ਮਹਿੰਦਰ ਬੇਦੀ ਜੈਤੋ


ਵੈਦ ਰਾਮ ਜੀ ਦਾਸ ਦੇ ਟੁੱਟਣ ਦੇ ਕਾਰਨ ਬੁਢੇਪਾ, ਅਕੇਵਾਂ ਤੇ ਵਲੈਤ 'ਚ ਪੁੱਤਰ ਦਾ ਜਾ ਵਸਣਾ ਤਾਂ ਪੱਕੇ ਸਨ, ਪਰ ਤੁਰਤ ਕਾਰਨ ਉਹਦੇ, ਬਰਖਾ ਬੋਧੀ ਤੇ ਮਹੰਤ ਮਘਰ ਦਾਸ ਵਿਚਕਾਰ ਬੀਤੀ ਇਕ ਰਾਤ ਦੀ ਘਟਨਾ ਸੀ। ਜਦ ਉਹਨੂੰ ਸਵੇਰੇ ਨੰਗੇ ਪੈਰੀਂ ਰਾਜਧਾਨੀ ਤੋਂ ਘਰ ਪਰਤਣਾ ਪਿਆ ਸੀ।
ਬੇਚੈਨੀ 'ਚ ਉਸ ਨੇ ਸ਼ਵ ਆਸਨ ਕੀਤਾ। ਸਾਰੇ ਅੰਗਾਂ ਵਿੱਚੀਂ ਸੁਰਤ ਘੁਮਾਈ। ਕਿਸੇ ਬੇਵਜੂਦੀ ਸ਼ੈਅ ਨੂੰ ਪੈਰਾਂ ਦੇ ਗੂਠਿਆਂ ਤੋਂ ਤੋਰ ਕੇ ਸਿਰ ਤਕ ਲਿਆਂਦਾ। ਸ਼ਕਤੀ ਕੇਂਦਰਾਂ 'ਚ ਵੰਡਿਆ। ਬਿਰਤੀ ਇਕਾਗਰ ਹੁੰਦੀ-ਹੁੰਦੀ ਚੌਕੀਦਾਰ ਦੀ ਸੀਟੀ ਦੀ ਆਵਾਜ਼ ਨਾਲ ਟੁੱਟ ਗਈ। ਉਹਨੂੰ ਹਨੇਰੇ 'ਚ ਸਾਹ ਘੁਟ ਹੁੰਦਾ ਲੱਗਿਆ।
ਉਹਨੇ ਸਰ੍ਹਾਣੇ ਵਲ ਖੂੰਜੇ 'ਚ ਟੰਗੀ ਸ਼ੇਡ ਵਾਲੀ ਬੱਤੀ ਬਾਲ ਲਈ। ਰੋਸ਼ਨੀ ਦੇ ਘੇਰੇ 'ਚ ਲਿਖਣ ਲੱਗ ਪਿਆ...' ਓਮ ਗਣੇਸ਼ਾਇ ਨਮਹਿ। ਲਿਖਤੁਮ ਵੈਦ ਰਾਮ ਜੀ ਦਾਸ' ਚੇਲਾ ਤਾਇਆ ਵੈਦ ਜੋਗ ਧਿਆਨ, ਵਾਸੀ ਮੁਹੱਲਾ ਮਾਤਾ ਰਾਣੀ, ਖੰਨਾ, ਜ਼ਿਲ੍ਹਾ ਲੁਧਿਆਣਾ। ਉਮਰ ਸਠੋਂ ਪਾਰ।...ਕਲਿਜੁਗ ਦੀ ਛਪੰਜਵੀਂ ਸ਼ਤਾਬਦੀ। ਰਾਤ ਦਾ ਪਹਿਲਾ ਪਹਿਰ। 'ਮੈਂ ਜੋ ਕੁਛ ਲਿਖ ਰਿਹਾਂ, ਉਹਦੇ 'ਚ ਕੁਛ ਵੀ ਸੱਚ ਨਹੀਂ।'—ਇਹ ਮੈਂ ਕਹਿੰਦੈਂ, ਪਰ ਮੇਰੇ ਇਲਾਜ ਨਾਲ ਰਾਜੀ ਹੋਏ ਮੇਰੇ ਦੋਸਤ ਮਧੂਸੂਦਨ ਦਾ ਕਹਿਣੈ—'ਸਭ ਸੱਚ ਐ'। ਏਸੇ ਲਈ ਮੈਂ ਰਾਤ ਨੂੰ ਜੋ ਕੁਛ ਲਿਖਦੈਂ, ਸਵੇਰੇ ਉਠ ਕੇ ਪਾੜ ਦੇਂਦੈਂ। ਡਰਦੈਂ ਕਿ ਕੋਈ ਪੜ੍ਹ ਨਾ ਲਵੇ ਇਹ ਸੱਚ ਜਾਂ ਝੂਠ। ਏਸ ਛੋਟੇ ਸ਼ਹਿਰ 'ਚ ਅਫਵਾਹ ਸ਼ਾਮ ਨੂੰ ਮੜ੍ਹੀਆਂ ਤਕ ਫੈਲ ਜਾਂਦੀ ਐ।...ਨਾਲ ਦੇ ਕਮਰੇ 'ਚ ਮੇਰੀ ਠਾਣੇਦਾਰਨੀ ਸੁੱਤੀ ਪਈ ਐ। ਮੈਂ ਖੁਲ੍ਹੀ ਬੱਤੀ ਨਹੀਂ ਬਾਲ ਸਕਦਾ। ਉਹ ਜਾਗ ਪਈ ਤਾਂ ਮੈਨੂੰ ਬਰਖਾ ਬੋਧੀ ਦਾ ਨਾਓਂ ਲਏ ਬਗੈਰ ਮਿਹਣੇ ਮਾਰੂਗੀ। ਜਾਂ ਵਲੈਤ ਵਸਦੇ ਆਪਣੇ ਪੁੱਤ ਨੂੰ ਯਾਦ ਕਰਕੇ ਰੋਊਗੀ।
ਇਹ ਲਿਖਣਾ ਮੇਰਾ ਸ਼ੌਕ ਨਹੀਂ, ਮਜਬੂਰੀ ਐ। ਰਾਜਧਾਨੀ ਦੀ ਉਸ ਘਟਨਾ ਤੋਂ ਦੋ ਕੁ ਮਹੀਨੇ ਬਾਅਦ ਵੀ ਕਦੇਲੂ–ਕਦੇ ਮਨ ਬੇਚੈਨ ਹੋ ਜਾਂਦੈ। ਫੇਰ ਅੰਗ-ਅੰਗ ਟੁੱਟਦੈ। ਨੀਂਦ ਨਹੀਂ ਆਉਂਦੀ। ਪਹਿਲਾਂ ਆਪਣੀ ਦਵਾਈ ਨਾਲ ਠੀਕ ਹੋ ਜਾਂਦਾ ਸੀ। ਹੁਣ ਡਾਕਟਰ ਨਰੇਸ਼ ਦੀ ਦਿੱਤੀ ਹੋਈ ਲੈਂਦੈਂ। ਇਹ ਵੀ ੳਸੇ ਦਾ ਨੁਸਖੈ ਬਈ ਉਦੋਂ ਤੱਕ ਕੁਛ ਨਾ ਕੁਛ ਲਿਖੀ ਜਾਵਾਂ ਜਦੋਂ ਤਕ ਨੀਂਦ ਆ ਕੇ ਢਾਅ ਨਹੀਂ ਲੈਂਦੀ।
ਸ਼ੁਰੂ 'ਚ ਫੈਸਲਾ ਕੀਤਾ ਸੀ ਕਿ ਦਲਿਤ ਨੇਤਾ ਬਰਖਾ ਬੋਧੀ ਤੇ ਉਚੀਆਂ ਕੁਰਸੀਆਂ ਦਿਵਾੳਣ ਵਾਲਾ ਮਹੰਤ ਮਘਰ ਦਾਸ ਦੀ ਰਾਜਧਾਨੀ ਵਾਲੀ ਉਸ ਘਟਨਾ ਬਾਰੇ ਕੁਛ ਨਹੀਂ ਲਿਖਣਾ। ਜੀਹਨੇ ਏਨੇ ਚਿਰ ਤੋਂ ਸਾਨੂੰ ਦੋਹਾਂ ਨੂੰ ਤੰਗ ਕੀਤਾ ਹੋਇਆ ਐ। ਮੈਂ ਕਦੇ ਤਾਇਆ ਜੀ ਬਾਰੇ ਲਿਖਦਾ, ਕਦੇ ਅਮਰੀਕਾ ਰਹਿੰਦੇ ਬੇਟੇ ਵਿਕਾਸ ਬਾਰੇ ਤੇ ਕਦੇ ਅੰਦਰ ਪਈ ਠਾਣੇਦਾਰਨੀ ਬਾਰੇ।...ਕਿਸੇ ਬਾਰੇ ਲਿਖਦਾ ਹੁੰਦਾ, ਵਿੱਚ ਬਰਖਾ ਬੋਧੀ  ਆ ਵੜਦੀ। ਮੈਂ ਡਰ ਜਾਂਦਾ, ਅਪਣੀ ਪਤਨੀ ਤੋਂ। ਫੇਰ ਏਸ ਗਲੋਂ ਕਿ ਬਰਖਾ ਦਾ ਵੱਡਾ ਪੁੱਤਰ ਤੇ ਨੂੰਹ ਕੀ ਸੋਚਣਗੇ?...''
ਵੈਦ ਨੂੰ ਅਚਾਨਕ ਮਹਿਸੂਸ ਹੋਇਆ ਕਿ ਉਹਦੇ ਸਿਰ 'ਚ ਸਾਂ-ਸਾਂ ਹੋਣ ਲੱਗ ਪਈ ਏ। ਸ਼ਾਇਦ ਬਲੱਡ ਪ੍ਰੈਸ਼ਰ ਵੱਧ ਗਿਆ ਏ। ਉਹਨੇ ਜੰਤਰ ਲਾ ਕੇ ਚੈਕਅਪ ਕੀਤਾ। ਥੋੜ੍ਹਾ ਜਿਹਾ ਵਧਿਆ ਸੀ। ਘਬਰਾਹਟ ਠੀਕ ਕਰਨ ਲਈ ਤਾਜ਼ਾ ਹਵਾ ਲੈਣ ਉਹ ਉਠ ਕੇ ਵਿਹੜੇ 'ਚ ਨਿੰਮ ਹੇਠ ਡਠੇ ਤਖ਼ਤ ਪੋਸ਼ 'ਤੇ ਬਹਿ ਗਿਆ। ਕੁਝ ਸੁਖ ਮਿਲਿਆ।...ਪਰ ਜਦੇ ਕਿਸੇ ਟਾਹਣੀ ਤੇ ਬੈਠੀ ਬਤੌਰੀ ਬੋਲ ਪਈ। ਉਹਨੂੰ ਲਗਿਆ ਬਈ ਉਹ ਬੋਲੀ ਨਹੀਂ, ਰੋਈ ਏ। ਜਿਵੇਂ ਆਕਾਸ਼ 'ਚ ਜਾਂਦੀਆਂ ਰੂਹਾਂ ਨੂੰ ਦੇਖ ਕੇ ਕੁੱਤੇ ਰੋਂਦੇ ਨੇ।...ਜਿਵੇਂ  ਖੁਡੇ 'ਚ ਬੰਦ ਬੁੱਢਾ ਕਬੂਤਰ ਹੂੰਘਦਾ ਏ। ਪਹਿਲਾਂ-ਪਹਿਲਾਂ ਉਹਦੀ ਆਵਾਜ਼ ਤੋਂ ਲੱਗਦਾ ਸੀ ਕਿ ਵਿਚਾਰਾ ਬੱਚਿਆਂ ਨੂੰ ਪਾਲਣ ਤੋਂ ਡਰਦੀ ਉੱਡ ਕੇ ਕਿਤੇ ਗਈ ਕਬੂਤਰੀ ਨੂੰ ਯਾਦ ਕਰਦਾ ਏ। ਪਰ ਟੀ.ਵੀ. 'ਤੇ ਜਿੱਦਣ ਬੁੱਢੇ ਸ਼ੇਰ ਦੀ ਬੇਪਰਤੀਤੀ ਅਤੇ ਮੌਤ ਦੇਖੀ, ਉਦਣ ਤੋਂ ਲੱਗਣ ਲੱਗ ਪਿਆ ਏ ਕਿ ਉਹ ਬੁਢੇਪੇ ਦੇ ਦੁਖ 'ਚ ਹੂੰਘਦਾ ਏ।...
ਉਹ ਝਟ ਦੇਣੀ ਅੰਦਰ ਆਇਆ। ਡਾ. ਨਰੇਸ਼ ਦੀ ਦਿੱਤੀ ਗੋਲੀ ਖਾ ਲਈ ।...ਇਵੇਂ ਹੁੰਦਾ ਏ। ਘਬਰਾਹਟ ਵਧਦੀ ਏ ਤਾਂ ਹੱਥ ਗੋਲੀ ਤੇ ਜਾਂਦਾ ਏ। ਤਿੰਨ ਟੈਲੀਫੋਨ ਨੰਬਰ ਯਾਦ ਆਉਂਦੇ ਨੇ—ਡਾਕਟਰ ਨਰੇਸ਼ ਦਾ, ਬਰਖਾ ਬੋਧੀ ਦਾ ਤੇ ਮਧੂਸੂਦਨ ਦਾ। ਉਹ ਬਰਖਾ ਦਾ ਨੰਬਰ ਡਾਇਲ ਕਰਦਾ ਏ। ਇਕ ਬੈੱਲ ਵੱਜਣ 'ਤੇ ਬੰਦ ਕਰ ਦਿੰਦਾ ਏ।...ਫੇਰ ਪੈੱਨ ਚੁੱਕ ਕੇ ਲਿਖਦਾ ਏ, ''...ਲੂਲੂ' ਮਨ ਤਾਂ ਕਰਦੈ ਕਿ ਏਸ ਦਰਦ ਨਾਲ ਖੇਲ੍ਹਾਂ। ਗੱਲਾਂ ਕਰਾਂ। ਮਜ਼ਾਕ ਉਡਾਵਾਂ ਆਪਣਾ, ਇਹਦਾ ਤੇ ਸਾਰੇ ਰੋਂਦੂ ਬੁੱਢੇ ਪ੍ਰੇਮੀਆਂ ਦਾ ਪਰ...
'ਸੌਂ ਜਾਓ ਹੁਣ...।'' ਅੰਦਰੋਂ ਠਾਣੇਦਾਰਨੀ ਦੀ ਕੁਰਖ਼ਤ ਆਵਾਜ਼ ਆਈ ਐ, ਜਿਵੇਂ ਮੈਂ ਸ਼ੌਕ ਨਾਲ ਹੀ ਜਾਗਦਾ ਹੋਵਾਂ। ਉਸ ਘਟਨਾ ਤੋਂ ਬਾਅਦ ਬਰਖਾ ਸਾਡੇ ਘਰ ਨਹੀਂ ਆਈ। ਤੀਵੀਆਂ 'ਚ ਜਿਵੇਂ ਇਕ ਰਗ ਵਾਧੂ ਹੁੰਦੀ ਹੋਵੇ। ਇਹ ਆਪੇ ਸਵਾਲ ਕਰਕੇ ਤੇ ਆਪੇ ਜੁਆਬ ਦੇ ਕੇ ਬਰਖਾ ਬਾਰੇ ਕੁਝ ਸਚਾਈਆਂ ਲੱਭ ਲੈਂਦੀ ਐ। ਫੇਰ 'ਚੰਦਰੀ ਫਫੇਕੁਟਨੀ' ਕਹਿ ਕੇ 'ਆਖ-ਥੂਹ' ਕਰ ਦੇਂਦੀ ਐ।...ਤਦ ਮੈਨੂੰ ਤਾਇਆ ਯਾਦ ਆਉਂਦੈ। ਉਹ ਗੁਸੈਲ ਬ੍ਰਾਹਮਣ ਜੋ ਹੱਥ ਆਉਂਦਾ ਸੀ, ਠਾਹ ਮੇਰੇ ਮਾਰ ਦੇਂਦਾ ਸੀ। ਕਹਿੰਦਾ ਸੀ—'ਤੀਵੀਂ ਦੇ ਥੱਲੇ ਲੱਗ ਕੇ ਕਟੇਂਗਾ, ਸਾਰੀ ਉਮਰ।'...ਨਸੀਹਤਾਂ ਕਰਦਾ ਸੀ—ਅਖੇ ਸਜਾਤੀ (ਆਪਣੀ ਜਾਤ ਵਾਲੇ) ਪਿੰਡ ਦੀ ਧੀ ਤੋਂ ਪੈਸੇ ਨਹੀਂ ਲੈਣੇ, ਦਵਾਈ ਦੇ। ਰੋਗਣ ਨੂੰ ਮਾਤਾ, ਭੈਣ ਤੇ ਧੀ ਜਾਨਣਾ।...ਜੀਹਦੇ ਨਾਲ ਬਹਿ ਕੇ ਰੋਟੀ ਖਾਈਏ, ਉਹਦੀ ਲੱਜ ਪਾਲੀਏ।—
ਤਾਏ ਨੂੰ ਕੀ ਪਤਾ ਸੀ ਕਿ ਉਹਦੇ ਤੁਰਨ ਮਗਰੋਂ ਮੇਰਾ ਹਾਲ ਕੀ ਹੋਣਾ ਸੀ। ਬਸ ਚੂਰਨ ਵੇਚਣ ਜੋਗਾ ਰਹਿ ਗਿਆ ਸੀ। ਰੋਟੀ ਪੱਕਣੀ ਔਖੀ ਹੋਈ ਤਾਂ ਮੁੰਡਾ ਵਿਕਾਸ ਘਰੋਂ ਭੱਜ ਗਿਆ ਸੀ। ਫੇਰ ਵਲੈਤੋਂ ਚਿੱਠੀ ਆ ਗਈ ਸੀ। ਇਹ ਤਾਂ ਤਿੰਨ ਸਾਲਾਂ ਮਗਰੋਂ ਉਹਨੇ ਵਲੈਤੋਂ ਆ ਕੇ ਸਾਨੂੰ ਪਿੰਡੋਂ ਕੱਢ ਕੇ ਸ਼ਹਿਰ ਦੇ ਏਸ ਮਕਾਨ 'ਚ ਬਹਾ ਦਿੱਤਾ ਸੀ।...ਪਹਿਲਾ ਦੋਸਤ ਅੱਧਾ ਸਾਧੂ ਮੰਗਲ ਬੋਧੀ ਬਣਿਆ ਸੀ। ਕੋਈ ਰੋਗੀ ਤਾਂ ਆਉਂਦਾ ਨਹੀਂ ਸੀ। ਬੋਧੀ ਬੈਠਾ ਤਾਏ ਦੀਆਂ ਪੁਸਤਕਾਂ 'ਚੋਂ ਨੁਸਖੇ ਲਿਖਦਾ ਮੇਰਾ ਦਿਲ ਲਾਈ ਰੱਖਦਾ ਸੀ। ਮੈਂ ਉਹਦੇ ਨਾਲ ਇਕ ਪੱਗ ਨਹੀਂ ਸੀ ਵਟਾਈ। ਖਾਂਦੇ ਇਕ ਥਾਲੀ 'ਚ ਸੀ। ਉਹ ਬੋਲਦਾ ਘੱਟ ਸੀ। ਮੁਸਕਰਾਂਦੇ ਦੀਆਂ ਮੁੱਛਾਂ ਹਿੱਲਣੀਆਂ ਤਾਂ ਨਿੱਕੀ ਜਿਹੀ ਦਾਹੜੀ ਹੱਥ 'ਚ ਫੜ ਕੇ ਸੋਚਣ ਲੱਗ ਪੈਂਦਾ ਸੀ। ਉਹਨੂੰ ਆਪਣੇ ਘਰ ਤੇ ਮਨਿਆਰੀ ਦੀ ਹੱਟੀ ਨਾਲ ਕੋਈ ਲਗਾਓ ਨਹੀਂ ਸੀ ਲੱਗਦਾ। ਹੱਟੀ ਬਰਖਾ ਦੇ ਰਸੂਖ ਨਾਲ ਉਹਦਾ ਵੱਡਾ ਪੁੱਤਰ ਤੇ ਨੂੰਹ ਚਲਾਉਂਦੇ ਸੀ। ਬਰਖਾ ਕਈ ਸਮਾਜ ਸੇਵੀ, ਗਰੀਬ ਤੇ ਦਲਿਤ ਭਲਾਈ ਸੰਸਥਾਵਾਂ ਦੀ ਅਹੁਦੇਦਾਰ ਐ। ਅਫ਼ਸਰ ਤੇ ਨੇਤਾ ਲੋਕ ਕੋਈ ਮੀਟਿੰਗ ਬੁਲਾਂਦੇ ਨੇ ਤਾਂ ਬਰਖਾ ਨੂੰ ਨਾਲ ਕੁਰਸੀ 'ਤੇ ਬਠਾਂਦੇ ਨੇ।
ਮੰਗਲ ਬੋਧੀ ਅਚਾਨਕ ਲਾਪਤਾ ਹੋ ਗਿਆ ਸੀ। ਕਿਸੇ ਨੇ ਉਹਨੂੰ ਸਨਿਆਸੀ ਦੇ ਰੂਪ 'ਚ ਦੇਖਿਆ ਸੀ। ਮੇਰੀ ਹੱਟੀ ਚੱਲਣ ਪਿੱਛੇ ਖਬਰੇ ਮੇਰੇ ਭਾਗ ਜਾਗੇ ਸੀ ਜਾਂ ਬੋਧੀ ਤੇ ਬਰਖਾ ਦੇ ਚਰਨਾਂ ਦਾ ਪ੍ਰਤਾਪ ਸੇ। ਇਹ ਗੱਲ ਸੋਚ ਕੇ ਹੀ ਮੇਰੀ ਆਤਮਾ ਮੇਰੇ 'ਤੇ ਲਾਹਣਤਾਂ ਪਾਉਂਦੀ ਐ ਕਿ ਮੈਂ ਯਾਰ ਮਾਰੀ ਕੀਤੀ ਐ। ਉਸੇ ਥਾਲੀ 'ਚ ਛੇਕ ਕੀਤੇ, ਜੀਹਦੇ 'ਚ ਖਾਧਾ। ਯਾਰ ਦੀ ਪਤਨੀ ਨਾਲ ਆਤਮਾ ਜੋੜੀ ਤੇ ਫੇਰ ਸ਼ਰੀਰ ਜੋੜਿਆ।...ਮੈਂ ਗੱਲ ਉਲਟਾ ਕੇ ਕਹਾਂ ਤਾਂ ਇਹ ਵੀ ਕਹਿ ਸਕਦਾ ਹਾਂ ਕਿ ਥਾਲੀ ਆਪ ਮੇਰੇ ਅੱਗੇ ਪਰੋਸੀ ਗਈ ਜਾਂ ਪਰੋਸ ਹੋ ਗਈ ਸੀ। ਛੇਕ ਹੋਣ ਲੱਗ ਪਏ ਸੀ। ਕਦੇ ਇਹ ਲੱਗਦਾ ਕਿ ਨਾ ਕੁਝ ਮੇਰੇ ਵਸ ਸੀ ਤੇ ਨਾ ਉਹਦੇ। ਮੈਂ ਤਾਂ ਕਿਸੇ ਵੀ ਗੱਲੋਂ ਬਰਖਾ ਵਰਗਾ ਨਹੀਂ ਸੀ।
ਕਦੇ-ਕਦੇ ਹੈਰਾਨੀ ਹੁੰਦੀ ਐ ਕਿ ਤਾਏ ਨੇ ਮੈਨੂੰ ਜਿਹੜੀਆਂ ਗੱਲਾਂ ਤੋਂ ਵਰਜਿਆ, ਮੈਥੋਂ ਉਹ ਸਾਰੇ ਘਤੁੱਤ ਹੋਈ ਗਏ। ਤਾਇਆ ਕਹਿੰਦਾ ਹੁੰਦਾ ਸੀ ਕਿ ਮਨੂ ਸਮ੍ਰਿਤੀ 'ਚ ਲਿਖਿਆ ਵਿਐ ਕਿ ਜਿਹੜਾ ਬਾ੍ਰਹਮਣ ਸ਼ੂਦਰ ਇਸਤਰੀ ਦੇ ਸਾਹ ਨਾਲ ਸਾਹ, ਮੂੰਹ ਨਾਲ ਮੂੰਹ ਤੇ ਪਸੀਨੇ ਨਾਲ ਪਸੀਨਾ ਰਲਾਉਂਦਾ ਐ, ਉਹਦਾ ਸੱਤ ਜਨਮਾਂ ਉੱਧਾਰ ਨਹੀਂ ਹੁੰਦਾ।...ਮੈਂ ਤਾਏ ਨੂੰ ਕਦੇ ਕੋਈ ਸ਼ਾਸਤਰ ਪੜ੍ਹਦਿਆਂ ਨਹੀਂ ਦੇਖਿਆ। ਉਹ ਮੈਨੂੰ ਝਾੜਨ ਝੰਬਣ ਲਈ ਆਪ ਘੜੀ ਹੋਈ ਗੱਲ ਕਿਸੇ ਧਰਮ ਪੁਸਤਕ ਦੇ ਹਵਾਲੇ ਨਾਲ ਕਹਿ ਕੇ ਮੇਰੇ 'ਤੇ ਮੜ੍ਹ ਦੇਂਦਾ ਸੀ। ਹੱਅੀ 'ਚ ਬੈਠੇ ਰੋਗੀਆਂ 'ਤੇ ਵੀ ਪ੍ਰਭਾਵ ਪੈਂਦਾ ਸੀ ਬਈ ਵੈਦ ਪੰਡਤ ਐ।...ਪਰ ਮੈਂ ਪੱਲਾ ਝਾੜ ਕੇ ਤੁਰ ਜਾਂਦਾ ਸੀ। ਹੁਣ ਕਦੇ ਮੌਤ ਡਰਾਉਂਦੀ ਐ। ਮੈਂ ਡਰਦਾ ਵੀ ਹਾਂ। ਪਰ ਮੰਗਲ ਬੋਧੀ ਦੇ ਹੁੰਦਿਆਂ ਮੈਨੂੰ ਕੋਈ ਡਰ ਨਹੀਂ ਸੀ। ਉਹ ਕਹਿੰਦਾ ਹੁੰਦਾ ਸੀ ਕਿ ਕੁਝ ਦੁਖ, ਕੁਝ ਸੁਖ ਤੇ ਕੁਝ ਅਣਚਾਹੀਆਂ ਜਾਂ ਚਾਹੀਆਂ ਘਟਨਾਵਾਂ ਆਪਣੇ ਆਪ ਹੋ ਜਾਂਦੀਆਂ ਨੇ, ਸਾਨੂੰ ਵਡਿਆਈ ਜਾਂ ਛੁਟਿਆਈ ਦੇਣ ਖਾਤਰ।
ਬਸ, ਇਵੇਂ ਰਾਜਧਾਨੀ ਵਾਲੀ ਘਟਨਾ ਹੋਈ ਸੀ। ਜੀਹਦੇ ਹੁੰਦਿਆਂ ਤਾਂ ਕੀ, ਹੋਣ ਤੋਂ ਬਾਅਦ ਵੀ ਪਤਾ ਨਹੀਂ ਲਗਿਆ ਕਿ ਕੀ ਹੋਇਆ ਸੀ।...ਸਿਰਫ ਏਨੀ ਕੁ ਤਸਵੀਰ ਬਣਦੀ ਐ ਕਿ ਰਾਤ ਦੇ ਬਾਰਾਂ ਵਜੇ ਤੋਂ ਬਾਅਦ ਬਰਖਾ ਮਹੰਤ ਮੱਘਰ ਦਾਸ ਦੇ ਕਮਰੇ ਚੋਂ ਨਿਕਲੀ ਸੀ। ਮੈਨੂੰ ਅਚਾਨਕ ਆਪਣੇ ਸਾਹਮਣੇ ਖੜ੍ਹਾ ਦੇਖ ਕੇ ਚੀਕ ਮਾਰ ਕੇ ਰੋਈ ਸੀ। ਫੇਰ ਚੀਕਾਂ ਘੁੱਟਦੀ ਆਪਣੇ ਕਮਰੇ 'ਚ ਜਾ ਵੜੀ ਸੀ। ਅੰਦਰੋਂ ਕੁੰਡੀ ਮਾਰ ਲਈ ਸੀ। ਮੈਂ ਬੂਹਾ ਠਕੋਰਦਾ ਰਿਹਾ ਸੀ...। ਉਹ ਕਿਉਂ ਰੋਈ ਸੀ?...ਹੁਣ ਪਿਛਲੇ ਦੋ ਮਹੀਨਿਆਂ ਤੋਂ ਏਨੀ ਦੁਖੀ ਕਿਉਂ ਏ?...ਮੈਨੂੰ ਸਮਝ ਨਹੀਂ ਪੈਂਦੀ।
ਪਿਛਲੇ ਪੰਦਰਾਂ ਕੁ ਵਰ੍ਹਿਆਂ 'ਚ ਜੋ ਕੁਛ ਇਹ ਸੀ, ਮੈਂ ਸੀ, ਜੋ ਕੁਛ ਸਾਡੇ ਵਿਚਕਾਰ ਸੀ–ਸਭ ਬਦਲ ਗਿਐ।...ਹੁਣ ਜੇ ਮੰਗਲ ਬੋਧੀ ਹੁੰਦਾ ਤਾਂ ਐਕਣ ਨਾ ਹੁੰਦਾ, ਸ਼ਾਇਦ। ਉਹਦੇ ਚਿਹਰੇ 'ਤੇ ਏਨਾ ਜਲਾਓ ਸੀ।
ਬੋਧੀ ਨਾਲ ਪਿਆਰ ਪੈਣ ਬਾਅਦ ਬਰਖਾ ਨਾਲ ਐਵੇਂ  ਰਲ ਰਲਾ ਜਿਹਾ ਹੋ ਗਿਆ ਸੀ। ਜਕਦੇ ਜਕਦੇ ਅੱਗੇ ਵੱਧ ਗਏ ਸੀ। ਬਰਖਾ ਦਾ ਰੋਗ ਤਾਏ ਦੇ ਇਕ ਨੁਸਖੇ ਨਾਲ ਹੀ ਠੀਕ ਹੋ ਗਿਆ ਸੀ। ਬਸ, ਇਹੀ ਸਾਡੀ ਵੈਦਗੀ ਐ। ਪੰਜ ਸਤ ਨੁਸਖੇ, ਦੋ ਚਾਰ ਗੱਲਾਂ ਤੇ ਤਿੰਨ ਚਾਰ ਪਰਹੇਜ਼। ਬਰਖਾ ਨੂੰ ਢਲਦੀ ਉਮਰ ਦੀ ਤੀਵੀਂ ਵਾਲੇ ਰੋਗ ਦਾ ਨੁਸਖਾ ਦੇ ਦਿੱਤਾ ਸੀ।
ਉਦੋਂ ਔਸ਼ਧਿਆਲੇ 'ਚ ਮੈਂ ਤੇ ਬੋਧੀ ਬੈਠੇ ਸਮਾਂ ਧੱਕਦੇ ਹੁੰਦੇ ਸੀ। ਇਕ ਦਿਨ ਇੱਕ ਅਧਖੜ ਰੋਗੀ ਆਇਆ ਸੀ। ਘਬਰਾਹਟ 'ਚ ਪੁੱਠੀਆਂ ਸਿੱਧੀਆਂ ਬੀਮਾਰੀਆਂ ਦੱਸੀ ਜਾਵੇ। ਮੈਂ ਚੁਕ ਕੇ ਤਾਏ ਵੇਲੇ ਦੀਆਂ ਪਈਆਂ ਗੋਲੀਆਂ ਦੇ ਦਿੱਤੀਆਂ। ਹੌਲੀ-ਹੌਲੀ ਉਹ ਸੋਨੇ ਜਾਂ ਚਾਂਦੀ ਦੇ ਵਰਕ ਲੱਗੀਆਂ ਗੋਲੀਆਂ ਏਨੀਆਂ ਵਿਕਣ ਲੱਗੀਆਂ ਕਿ ਮੈਨੂੰ ਪੈਸੇ ਲੈਂਦਿਆਂ ਸ਼ਰਮ ਆਉਂਦੀ। ਉਹ ਆਮ ਸ਼ਕਤੀ ਵਰਧਕ ਗੋਲੀਆਂ ਨੇ। ਮੈਂ ਅੱਧੀਆਂ 'ਤੇ ਸੋਨੇ ਦੇ ਵਰਕਾਂ ਦੀ ਨਿਸ਼ਾਨੀ ਲਾ ਦੇਂਦਾ 'ਤੇ ਅੱਧੀਆਂ ਤੇ ਚਾਂਦੀ ਦੀ। ਲੈਣ ਵਾਲੇ ਸੈਨਤ ਨਾਲ ਮੰਗਦੇ ਨੇ ਤੇ ਵੱਡੇ ਨੋਟ ਚੋਂ ਪੈਸੇ ਵੀ ਲੈਣੇ ਭੁੱਲ ਕੇ ਤੁਰ ਜਾਂਦੇ ਨੇ। ਬਰਖਾ ਨੂੰ ਵੀ ਭੁਲੇਖਾ ਐ ਕਿ ਮੇਰੀ ਸ਼ਕਤੀ ਉਨ੍ਹਾਂ ਗੋਲੀਆਂ ਕਰਕੇ ਈ ਐ। ਬੋਧੀ ਨੂੰ ਸਭ ਪਤਾ ਸੀ। ਮੇਰੀ ਵਧਦੀ ਕਮਾਈ, ਢਲਦੀ ਉਮਰ ਜਾਂ ਕੋਈ ਹੋਰ ਮਾੜੀ ਗੱਲ ਸੁਣ ਜਾਂ ਦੇਖ ਕੇ ਅੱਖਾਂ ਬੰਦ ਕਰ ਲੈਂਦਾ ਸੀ। ਨਾ ਖੁਸ਼ ਹੁੰਦਾ ਸੀ, ਨਾ ਉਦਾਸ। ਮਹਾਤਮਾ ਬੁੱਧ ਦੀ 'ਚੁੱਪ ਰਹਿਣ' ਵਾਲੀ ਗੱਲ ਮੰਨਦਾ ਸੀ। ਉਹ ਬੰਦਾ ਮੈਨੂੰ ਭੁੱਲਦਾ ਈ ਨਹੀਂ।...''
' ਥੋਨੂੰ ਟੈਲੀਫੂਨ ਨੀਂ ਸੁਣਦਾ?'' ਠਾਣੇਦਾਰਨੀ ਦੀ ਕੁਰਖਤ ਆਵਾਜ਼ ਫੇਰ ਆਈ ਐ।
ਵੈਦ ਲਿਖਣਾ ਛੱਡ ਕੇ ਫੋਨ ਸੁਣਦਾ ਏ। ਮਧੂਸੂਧਨ ਦਾ ਏ। ਉਹ ਉਹਦਾ ਹਾਲ ਪੁੱਛਣ ਤੋਂ ਪਹਿਲਾਂ ਪੁੱਛਦੈ, ''ਕੀ ਹਾਲੈ ਤੇਰੀ ਸੁਮਰੋ ਬੇਗਮ ਦਾ?''
'ਉਵੇਂ ਚੂਲ ਬਿੰਗੀ ਐ।...ਹੁਣ ਗ੍ਰਹਿ ਸ਼ਾਂਤੀ ਵਾਸਤੇ ਉਹਨੇ ਪਾਠ ਕਰਾਉਣੈ, ਤੇਰੇ ਕੋਲੋਂ।''...ਉਹ ਹੱਸਦਾ ਹੋਇਆ ਕਹਿੰਦਾ ਏ, ''ਉਹਦਾ ਰੋਗ ਤੇਰੇ ਵਾਂਗ ਦਵਾਈ ਨਾਲ ਜਾਣ ਵਾਲਾ ਨਹੀਂ।''
''ਦਵਾਈ ਤਾਏ ਵਾਲੀ ਨਾ ਦੇਈਂ, ਆਪਣੀ ਦੇ ਦੇ। ਫੇਰ ਦੇਖ।'' ਉਹ ਉੱਚੀ ਹੱਸਦਾ ਏ।
ਮਧੂਸੂਦਨ ਨਾਲ ਗੱਲ ਕਰਕੇ ਉਹਦਾ ਮੂਡ ਚੰਗਾ ਹੋ ਗਿਆ। ਉਹਨੇ ਉਠ ਕੇ ਸ਼ੀਸ਼ਾ ਦੇਖਿਆ। ਖੁਲ੍ਹਦੇ ਤੰਬੇ ਨੂੰ ਕੱਸਿਆ। ਪੱਟਾਂ ਤੇ ਉਸ ਥਾਂ ਹਥ ਫੇਰਿਆ, ਜਿਥੇ ਕਦੇ ਛੱਲੀ ਪੈਂਦੀ ਸੀ ਪਰ ਹੁਣ ਚੂੜੀਆਂ ਪੈਂਦੀਆਂ ਨੇ। ਥੱਕੀ ਤੇ ਆਕੜੀ ਪਿਠ ਸਿਧੀ ਕੀਤੀ। ਠੋਡੀ ਹੇਠਾਂ ਢਲਕਦੇ ਮਾਸ ਨੂੰ ਫੜ ਕੇ ਛੱਡ ਦਿੱਤਾ। ਪਾਣੀ ਪੀ ਕੇ ਬਰਖਾ ਨੂੰ ਫੋਨ ਕੀਤਾ।...ਛੋਟੇ ਬੇਟੇ ਨੇ ਚੁੱਕਿਆ। ਉਹਨੇ ਬੜੇ ਸ਼ੌਕ ਨਾਲ ਆਪਣੀ ਮਾਤਾ ਨੂੰ ਦੱਸਿਆ ''ਅੰਕਲ ਦਾ ਐ।'' ਇਹ ਮੰਡਾ ਏ, ਜਿਹੜਾ ਉਹਨੂੰ ਅੰਕਲ ਕਹਿੰਦਿਆਂ ਨਾਲ ਨਾਉਂ ਨਹੀਂ ਲੈਂਦਾ। ਇਹਦਾ ਜਨਮ ਮੰਗਲ ਬੋਧੀ ਦੇ ਘਰ ਤਿਆਗਣ ਤੇ ਵੈਦ ਦੀ ਦਵਾਈ ਖਾਣ ਤੋਂ ਬਾਅਦ ਹੋਇਆ ਸੀ। ਬਰਖਾ ਵੈਦ ਨੂੰ ਕਿਸੇ ਖਾਸ ਪਲ 'ਚ ਇਹ ਗੱਲ ਦੱਸਦੀ ਹੁੰਦੀ ਏ—ਸ਼ਾਇਦ ਭੁਲੇਖੇ ਕਰਕੇ।
'ਹਾਂ ਜੀ।'' ਅਚਾਨਕ ਬਰਖਾ ਦੀ ਆਵਾਜ਼ ਆਉਂਦੀ ਏ। ਫੇਰ ਉਹ ਵੈਦ ਦੇ ਹਰੇਕ ਸਵਾਲ ਦਾ ਜਵਾਬ ''ਹਾਂ ਜੀ, ਹਾਂ ਜੀ''—ਦੇਈ ਜਾਂਦੀ ਏ। ਸ਼ਾਇਦ ਉਹਦੇ ਆਲੇ-ਦੁਆਲੇ ਟੱਬਰ ਦੇ ਸਾਰੇ ਜੀਅ ਹੋਣ।
''ਕੀ ਹਾਲੈ ਜਨਾਬ ਦਾ?'' ਵੈਦ ਬੜੀ ਨਰਮੀ ਨਾਲ ਪੁੱਛਦਾ ਏ। ਜਵਾਬ 'ਚ ਆਵਾਜ਼ ਨਹੀਂ, ਉੱਚਾ ਨੀਵਾਂ ਸਾਹ ਸੁਣਦਾ ਏ। ਫੇਰ ਰੁੱਖੀ ਜਿਹੀ ਆਵਾਜ਼ – ''ਕੀ ਹੋਇਆ ਮੈਨੂੰ? ਹਾਲ.....ਹਾਲ.....ਹਾਲ.....।'' ਬੰਦ ਕਰ ਦੇਂਦੀ ਏ।
ਵੈਦ ਰਾਮਜੀ ਦਾਸ ਰਿਸੀਵਰ ਰਖ ਕੇ ਬੁੜਬੁੜ ਕਰਦਾ ਏ—'ਬੇਵਕੂਫ ਔਰਤ'। ਆਖ ਕੇ ਲੇਟ ਜਾਂਦਾ ਏ। ਦਿਲ ਧੜਕਦਾ ਮਹਿਸੂਸ ਕਰਦਾ ਏ। ਨਬਜ਼ ਠੀਕ ਨਹੀਂ ਲੱਗਦੀ। ਫੇਰ ਚਾਨਣੇ 'ਚ ਲਿਖਣ ਲੱਗਦਾ ਏ...''ਫੋਨ ਤੇ ਬਰਖਾ ਨਾਲ ਜੋ ਗੱਲ ਹੋਈ ਉਹ ਲਿਖੀ ਨਹੀਂ ਜਾ ਸਕਦੀ। ਲੱਗਦੈ, ਉਹ ਨੂੰਹ ਨਾਲ ਲੜ ਕੇ ਹਟੀ ਹੋਣੀ ਐ। ਖਬਰੇ ਨੂੰਹ ਨੂੰ ਰਾਜਧਾਨੀ ਵਾਲੀ ਘਟਨਾ ਦੀ ਸੂਹ ਲੱਗ ਗਈ ਹੋਵੇ। ਖਬਰੇ ਬਰਖਾ ਨੂੰ ਘਟਨਾ ਦੀ ਕੋਈ ਰੜਕ ਹਾਲੇ ਵੀ ਪਈ ਜਾਂਦੀ ਹੋਵੇ। ਉਸ ਸਮੇਂ ਵੀ ਜਦ ਮੈਂ ਫੋਨ ਕੀਤਾ। ਉਹ ਆਪ ਕੁਝ ਦੱਸਦੀ ਵੀ ਤਾਂ ਨਹੀਂ। ਸ਼ੁਰੂ-ਸ਼ੁਰੂ 'ਚ ਜਦ ਮੈਂ ਪੁੱਛਦਾ ਤਾਂ ਕੁਝ ਨੀਂ 'ਕੁਝ ਨੀਂ' ਕਹਿ ਕੇ ਚੁੱਪ ਕਰ ਜਾਂਦੀ। ਜਾਂ ਰੋ ਪੈਂਦੀ ਸੀ। ਰਿਸੀਵਰ ਰੱਖ ਦੇਂਦੀ ਸੀ। ਜੇ ਮੈਂ ਆਪ ਉਹਦੇ ਘਰ ਚਲਿਆ ਜਾਂਦਾ ਤਾਂ ਵੀ ਉਹੀ ਹਾਲ। ਇਕੋ ਜਵਾਬ, 'ਠੀਕ ਐ'...। ਚੁੱਪ ਨਾਲ ਮਾਹੌਲ ਮਾਤਮੀ ਜਿਹਾ ਹੋ ਜਾਂਦਾ। ਮੈਂ ਉਠ ਕੇ ਆ ਜਾਂਦਾ। ਸ਼ਾਮ ਨੂੰ ਫੋਨ ਕਰਦਾ। ਨੂੰਹ ਚੁੱਕਦੀ, ਕਹਿ ਦੇਂਦੀ, ਉਹ ਘਰ ਨਹੀਂ। ਕਿਤੇ ਗਏ ਨੇ...। ਇਕ ਸ਼ਾਮ ਮੈਂ ਉਧਰੋਂ ਲੰਘਿਆ। ਬਰਖਾ ਛੱਤ 'ਤੇ ਖੜ੍ਹੀ ਸੀ। ਮੈਂ ਬੂਹਾ ਖੜਕਾਇਆ। ਨੂੰਹ ਨੇ ਆ ਕੇ ਦੱਸਿਆ– 'ਉਹ ਤਾਂ ਗਏ ਹੋਏ ਨੇ।...ਚੰਡੀਗੜ੍ਹ।'
ਇਹ ਝੂਠ ਬੋਲਣਾ ਔਰਤ ਦੀ ਮਜਬੂਰੀ ਵੀ ਹੋਵੇ ਸ਼ਾਇਦ। ਹੁਣ ਤਾਂ ਹਾਲਾਤ ਵਿਗੜੇ ਹੋਏ ਨੇ। ਜਦ ਐਨ ਠੀਕ ਸੀ, ਸਭ ਕੁਛ। ਅਸੀਂ ਮੌਕਾ ਲੱਭ ਕੇ ਕੱਠੇ ਹੋ ਜਾਂਦੇ ਸੀ। ਗੱਲਾਂ ਕਰਦਿਆਂ ਮੈਂ ਉਠ ਕੇ ਖਿੜਕੀ-ਬੰਦ ਕਰ ਦੇਂਦਾ ਸੀ। ਇਹ ਮਾੜੀ ਜਿਹੀ ਖੋਲ੍ਹ ਕੇ ਦੇਖਦੀ ਸੀ। ਫੇਰ ਬੰਦ ਕਰ ਦੇਂਦੀ ਸੀ। ਫੇਰ ਪਰਦਾ ਤਾਣ ਆਉਂਦੀ ਸੀ। ਜਦ ਇਹ ਕਹਿੰਦੀ—ਨਹੀਂ..ਐਕਣ ਨਹੀਂ...ਛੱਡ ਦੇ...ਕੋਈ ਆ ਨਾ ਜਾਵੇ...। ਜਾਂ ਹੋਰ ਜੋ ਵੀ ਸ਼ਬਦ ਬੋਲਦੀ ਸੀ, ਉਹਦਾ ਅਰਥ ਉਹ ਨਹੀਂ ਸੀ ਹੁੰਦਾ, ਜਿਹੜਾ ਆਮ ਸਮਝਿਆ ਜਾਂਦੈ।
ਕਦੇ ਮੈਂ ਸੋਚਦਾ ਬਈ—ਇੱਕ ਤਾਂ ਇਹ ਔਰਤ ਐ, ਦੂਜੇ ਰਾਜ ਨੇਤਾਗਿਰੀ ਕਰਨ ਵਾਲੀ। ਮੈਂ ਵੀ ਸਿੱਧੜ ਨਹੀਂ। ਅਸੀਂ ਸੱਚ ਨੂੰ ਉਹਲੇ 'ਚ ਰੱਖਣ ਤੇ ਝੂਠ ਨੂੰ ਜ਼ਾਹਰ ਨਾ ਹੋਣ ਦੇਣਾ ਹੁੰਦੈ।...ਉਦੋਂ ਬੋਧੀ ਸਨਿਆਸੀ ਨਹੀਂ ਸੀ ਹੋਇਆ। ਮਧੂਸੂਦਨ ਨੇ ਮੈਨੂੰ ਮਖੌਲ ਮਖੌਲ 'ਚ ਮਿਉਂਸਪਲ ਕਮੇਟੀ ਦੀ ਚੋਣ 'ਚ ਬਰਖਾ ਦੇ ਵਾਰਡ ਤੋਂ ਖੜ੍ਹਾ ਕਰ ਦਿੱਤਾ ਸੀ। ਮੈਂ ਤਾਂ ਹਰਨਾਂ ਈ ਸੀ। ਪਰ ਐਨ ਮੌਕੇ 'ਤੇ ਇਸ ਸਮੇਂ ਦੀ ਕੇਕਈ ਨੇ ਰੱਬ ਦੇ ਪਹੀਏ ਦੀ ਨਾਭ 'ਚ ਧੁਰੇ ਦੇ ਥਾਉਂ ਬਾਂਹ ਦੇਣ ਵਾਂਗੂੰ ਆਪ ਮੇਰੇ ਹੱਕ 'ਚ ਬਹਿਣ ਦਾ ਐਲਾਨ ਕਰ ਦਿੱਤਾ ਸੀ।
ਆਮ ਜੀਵਨ 'ਚ ਜਦ ਇਹਨੂੰ ਪਤਾ ਲੱਗਦੈ ਬਈ ਕੋਈ ਝੂਠ ਬੋਲਦੈ ਤਾਂ ਬਹੁਤ ਦੁਖੀ ਹੁੰਦੀ ਐ। ਅਫਸੋਸ ਕਰਦੀ ਅੱਖਾਂ 'ਚ ਇੰਝੂ ਭਰ ਲੈਂਦੀ ਐ। ਤਦੇ ਮੈਨੂੰ ਮੰਗਲ ਬੋਧੀ ਯਾਦ ਆਉਂਦੈ। ਉਹ ਝੂਠ ਸੱਚ ਦੀ ਪਰਵਾਹ ਨਹੀਂ ਸੀ ਕਰਦਾ। ਇਹਨੂੰ ਪੁੱਛਦਾ ਈ ਨਹੀਂ ਸੀ ਕਿ ਕਿਥੋਂ ਆਈ ਐ। ਕਿਥੇ ਜਾਣੈ? ਇਕ ਵਾਰ ਕਿਸੇ ਖਾਸ ਮੌਕੇ ਤੇ ਬਰਖਾ ਨੇ ਮੈਨੂੰ ਦੱਸਿਆ ਸੀ ਕਿ ਬੋਧੀ ਨਪੁੰਸਕ ਐ। ਉਹਨੂੰ ਔਰਤਾਂ 'ਚ ਕੋਈ ਦਿਲਚਸਪੀ ਨਹੀਂ...ਪਰ ਬੋਧੀ ਨੇ ਮੇਰੇ ਕੋਲੋਂ ਦਵਾਈ ਲੈਣ ਦੀ ਕਦੇ ਸੈਨਤ ਨਹੀਂ ਸੀ ਕੀਤੀ। ਉਹਦੇ ਸਾਹਮਣੇ ਲੋਕ ਦਵਾਈ ਲਿਜਾਂਦੇ ਸੀ। ਬਰਖਾ ਨੂੰ ਭੁਲੇਖਾ ਵੀ ਐ ਬਈ ਮੈਂ ਵੀ ਦਵਾਈ ਖਾਂਦੈਂ। ਏਸ ਜਾਂ ਹੋਰ ਕਈ ਭੁਲੇਖਿਆਂ ਕਰਕੇ ਉਹ ਮੇਰੇ ਨਾਲ ਪਹਿਲਾਂ ਬਹਿਸ ਕਰਦੀ ਐ, ਫੇਰ ਲੜ ਪੈਂਦੀ ਐ। ਉਹ ਪਹਿਲਾਂ ਸਮਾਜਵਾਦੀ ਬਣਦੀ ਐ। ਫੇਰ ਨਾਰੀ ਸੁਤੰਤਰਤਾ ਦੀ ਨੇਤਾ। ਫੇਰ ਦਲਿਤਾਂ ਦੇ ਹੱਕ 'ਚ ਬੋਲਦੀ ਏਨੀ ਭਾਵੁਕ ਹੋ ਜਾਂਦੀ ਐ ਬਈ ਬ੍ਰਾਹਮਣਵਾਦ ਦੇ ਨਾਲ ਬ੍ਰਾਹਮਣਾਂ ਨੂੰ ਗਾਹਲਾਂ ਕੱਢ ਦੇਂਦੀ ਐ। ਮੈਨੂੰ ਵੀ ਮਨੂਵਾਦੀ ਕਹਿੰਦੀ ਕਾਲੀਆਂ ਅੱਖਾਂ ਲਾਲ ਕਰ ਲੈਂਦੀ ਐ।
ਇਕ ਗੱਲੋਂ ਇਹ ਵੀ ਠੀਕ ਐ। ਮੈਂ ਕਿੰਨਾ ਈ ਸਮਾਜਵਾਦੀ ਬਣਾਂ, ਮੇਰੇ ਅੰਦਰ ਕੋਈ ਉੱਚ ਕੋਟੀ ਦਾ ਨੀਚ ਬ੍ਰਾਹਮਣ ਬੈਠਾ ਰਹਿੰਦੈ। ਮੈਂ ਬਰਖਾ ਨਾਲ ਦਲਿਤਾਂ ਦੀਆਂ ਸੰਸਥਾਵਾਂ 'ਚ ਵੀ ਜਾਂਦਾ ਹਾਂ। ਮਨੂਵਾਦੀਆਂ ਦਾ ਵਿਰੋਧ ਵੀ ਕਰਦਾ ਹਾਂ। ਪਰ ਜਦੋਂ ਮੈਂ ਬੋਧੀ ਨਾਲ ਧਰੋਹ ਕਮਾਉਂਦਾ ਹੁੰਦੈਂ ਤਾਂ ਮੈਨੂੰ ਤਾਇਆ ਦਾ ਮਨੂ ਸਮ੍ਰਿਤੀ 'ਚੋਂ ਦਿੱਤਾ ਇਹ ਹਵਾਲਾ ਯਾਦ ਆ ਜਾਂਦੈ ਬਈ ਬ੍ਰਾਹਮਣ ਭਾਵੇਂ ਮੂਰਖ ਤੇ ਅਗਿਆਨੀ ਹੋਵੇ ਤਾਂ ਵੀ ਪੂਜਨੀਕ ਹੁੰਦੈ।...ਪਰ ਤਾਇਆ ਜੀ ਨੂੰ ਕੀ ਪਤਾ ਸੀ ਕਿ ਸਮਾਂ ਏਨਾ ਬਦਲ ਜਾਊਗਾ ਬਈ ਵੈਦ ਰਾਮਜੀ ਦਾਸ ਤੇ ਮੰਗਲ ਬੋਧੀ ਇਕੋ ਥਾਲੀ 'ਚ ਖਾਣਗੇ। ਬਰਖਾ ਦੇ ਪਸੀਨੇ ਦੀ ਮਹਿਕ ਸ਼ੁਦਾਈ ਕਰਨ ਵਾਲੀ ਹੋਵੇਗੀ। ਉਹਦੇ ਝੰਡੀ ਵਾਲੀ ਕਾਰ 'ਚ ਬਹਿਣ ਦੀ ਸੰਭਾਵਨਾ ਹੋਵੇਗੀ।
ਇਹ ਸੋਚਦਿਆਂ ਕਦੇ-ਕਦੇ ਮੈਂ ਬਰਖਾ ਦੇ ਏਨਾ ਅਧੀਨ ਹੋ ਜਾਂਦਾ ਤੇ ਐਸੀਆਂ ਹਰਕਤਾਂ ਕਰ ਬਹਿੰਦਾ ਕਿ ਪਿਛੋਂ ਪਛਤਾਣਾ ਪੈਂਦੈ। ਤਦ ਮੇਰੇ ਅੰਦਰ ਇਕ ਸ਼ਬਦ ਜਨਮ ਲੈਂਦਾ—ਚੰਡਾਲਣੀ। ਮਨ ਕਰਦੈ ਕਿ ਉਹਦੇ ਸਾਂਵਲੇ ਪਿੰਡੇ ਨੂੰ ਛਾਂਟਿਆ ਨਾਲ ਵਿਹੜ ਦਿਆਂ।
ਪਰ ਇਹ ਸੋਚ ਉਦੋਂ ਉਡ ਜਾਂਦੀ ਐ, ਜਦ ਉਹ ਮੈਨੂੰ ਪਿਛੋਂ ਫੜ ਕੇ ਸਿਰ ਚੁੰਮਦੀ ਕਹਿ ਦੇਂਦੀ ਐ, ''ਤੂੰ ਤਾਂ ਮੈਨੂੰ ਫੀਮ-ਵਾਂਗੂੰ ਲੱਗ ਗਿਐਂ। ਐਡਿਕਸ਼ਨ ਹੋ ਗਈ ਐ ਮੈਨੂੰ ਤੇਰੀ।...ਤੂੰ ਜੁਆਨਾ ਨਾਲੋਂ ਵੱਧ ਹੈਂ।''
ਪਰ ਬਾਅਦ 'ਚ ਉਹਦੀ ਏਸ ਗੱਲ ਨੂੰ ਵੀ ਮੈਂ ਉਹੋ ਜਿਹਾ ਹੀ ਝੂਠ ਸਮਝਦਾ ਹਾਂ, ਜਿਵੇਂ ਇਹਨੇ ਪਹਿਲੀ ਚੋਰੀ ਦੀ ਮੁਲਾਕਾਤ 'ਚ ਨਿਰਵਸਤਰ ਹੁੰਦਿਆਂ ਕਿਹਾ ਸੀ, ''ਮੇਰੇ ਸਰੀਰ ਦਾ ਇਹ ਚਮਤਕਾਰ ਸਿਰਫ ਬੋਧੀ ਨੇ ਦੇਖਿਐ।...ਹੁਣ ਤੂੰ ਦੇਖ ਰਿਹੈਂ।''
ਬਰਖਾ ਦੇ ਸਰੀਰ ਦਾ 'ਚਮਤਕਾਰ' ਵੀ ਉਹਦੇ ਲੁਕੇ ਦੁੱਖ ਵਰਗਾ ਈ ਰਹੱਸ ਭਰਿਆ ਐ। ਸ਼ੁਰੂ-ਸ਼ੁਰੂ 'ਚ ਜਦ ਮੈਂ ਬੋਧੀ ਨਾਲ ਧਰੋਹ ਕਰ ਰਿਹਾ ਹੁੰਦਾ ਸੀ।...ਸਾਡੀ ਅਵਾਜ਼ 'ਚੋਂ ਬੋਲ ਮੁੱਕ ਜਾਂਦੇ। ਸੋਚ ਤੇ ਅੰਗ ਆਪਹੁਦਰੇ ਹੋ ਜਾਂਦੇ। ਮੇਰੀ ਨਜ਼ਰ ਸਾਂਵਲੇ ਸਰੀਰ ਤੇ ਤੁਰਦੀ-ਤੁਰਦੀ ਰੁਕ ਜਾਂਦੀ। ਤੇ ਉਥੇ ਟਿਕ ਜਾਂਦੀ, ਜਿਥੇ ਦੋਫਾੜ ਕੀਤੇ ਅਖਰੋਟ ਦੇ ਦੋਵੇਂ ਹਿੱਸੇ ਮੂਧੇ ਪਏ ਉਭਰਦੇ। ਤੇ ਦੇਖਦਿਆਂ-ਦੇਖਦਿਆਂ ਉਹਨਾਂ ਉੱਤੇ ਧਰੇ ਜਾਂਦੇ ਦੋ ਮੁਨੱਕੇ।...ਮੈ ਉਹਦੀ ਗੱਲ ਮੰਨ ਲੈਂਦਾ ਕਿ ਏਸ 'ਚਮਤਕਾਰ' ਨੂੰ ਵੇਖਣ ਵਾਲਾ ਮੈਂ ਦੂਜਾ ਮਰਦ ਹਾਂ। ਪਰ ਕਦੇ-ਕਦੇ ਕੋਈ ਹੋਰ ਸੋਨੇ ਵਾਲਾ ਕੋਰਸ ਲੈਣ ਆਇਆ ਮੁਨੱਕੇ ਦੀ ਗੱਲ ਕਰਦਾ ਤਾਂ ਮੈਂ ਸੱਚ ਦੇ ਝੂਠ ਹੋਣ ਤੋਂ ਡਰ ਜਾਂਦਾ।
ਕਿਸੇ ਨੇ ਇਹ ਗੱਲ ਬਰਖਾ ਦਾ ਨਾਉਂ ਲਏ ਬਿਨਾਂ ਕਹੀ ਸੀ ਬਈ ਜੇ ਉਹਦਾ ਮੂੰਹ ਸਿਰ ਲਕੋ ਦਿੱਤਾ ਜਾਵੇ ਤਾਂ ਸਰੀਰ ਤੀਹ ਕੁ ਸਾਲ ਦੀ ਤੀਵੀਂ ਦਾ ਲੱਗਦੈ। ਪਰ ਜੇ ਸਰੀਰ ਲਕੋ ਦਿੱਤਾ ਜਾਵੇ ਤਾਂ ਚਿਹਰਾ ਪੰਜਾਹਾਂ ਨੂੰ ਢੁੱਕੀਦਾ। ਬੱਤੀ ਗੁਲ...।''
'ਚੰਗਾ ਹੋਇਆ। ਖੜਕਾ ਕਰੀ ਜਾਂਦੈ।'' ਅੰਦਰੋਂ ਮਾਲਕਣ ਬੋਲੀ ਏ। ਵੈਦ ਉਠ ਕੇ ਫੇਰ ਬਾਹਰ ਆ ਗਿਆ ਏ। ਚੌਕੀਦਾਰ ਸਰੀਆ ਖੜਕਾਉਂਦਾ ਲੰਘਦਾ ਏ। ਚੰਦ ਦਾ ਮਟਕ ਚਾਨਣ ਏ। ਉਹਨੇ ਵਿਹੜੇ ਦਾ ਚੱਕਰ ਲਾਇਆ। ਚੰਗਾ ਲਗਿਆ। ਸਬੱਬ ਦੀ ਗੱਲ ਏ ਕਿ ਨਾ ਬਤੌਰੀ ਬੋਲੀ ਨਾ ਬੁੱਢਾ ਕਬੂਤਰ।....
ਬੱਤੀ ਆ ਗਈ ਏ। ਉਹ ਛੇਤੀ ਦੇਣੀ ਫੇਰ ਲਿਖਣ ਬਹਿ ਜਾਂਦਾ ਏ, ਜਿਵੇਂ ਸੁਆਦ ਆਓਣ ਲੱਗ ਪਿਆ ਹੋਵੇ। ਵੈਦ ਦਾ ਦਿਲ ਕਦੇ ਕਦੇ ਕਿੰਨਾ ਈ ਚਿਰ ਖਿੜਿਆ ਰਹਿੰਦਾ ਏ ਤੇ ਕਦੇ ਏਨਾ ਖਰਾਬ ਕਿ ਲੱਗਦਾ ਏ ਕਿ ਬੂਹੇ ਦੇ ਬਾਹਰ ਕਿਤੇ ਮੌਤ ਲੁਕੀ ਬੈਠੀ ਏ।...ਉਹ ਜਦ ਡਾਕਟਰ ਨਰੇਸ਼ ਨੂੰ ਦੱਸਦਾ ਏ ਤਾਂ ਉਹ ਕਹਿੰਦਾ ਏ, ''ਇਹ ਹਾਈਪੋਕੌਂਡਰੀਆ ਏ। ਵਹਿਮ ਏ, ਬੀਮਾਰੀ ਨਹੀਂ। ਗੋਲੀਆਂ ਖਾਣ ਦੀ ਥਾਂ ਸ਼ਾਮ ਨੂੰ ਦੋ ਪੈਗ ਲਾਇਆ ਕਰ। ਟੀ.ਵੀ. ਤੇ ਅੰਗਰੇਜ਼ੀ ਫਿਲਮਾਂ ਦੇਖਦਾ ਸੌਂ ਜਾਇਆ ਕਰ।''...
ਉਹ ਫੇਰ ਲਿਖਦਾ ਏ...''ਅਸਲੀ ਗੱਲ ਜਿਹੜੀ ਰੋਗ ਦੀ ਜੜ੍ਹ ਹੁੰਦੀ ਐ, ਸ਼ਾਇਦ ਹਰੇਕ ਰੋਗੀ ਡਾਕਟਰਾਂ ਨੂੰ ਠੀਕ ਨਹੀਂ ਦੱਸਦਾ। ਮੈਂ ਤਾਂ ਡਾਕਟਰ ਨਰੇਸ਼ ਨੂੰ ਜਾਣ ਕੇ ਨਹੀਂ ਦੱਸਦਾ, ਕਿ ਕਦੇ ਸ਼ਾਮ ਨੂੰ ਲੱਗਦੈ ਕਿ ਮੈਂ ਬਹੁਤ ਥੱਕ ਗਿਆ ਹਾਂ ਰਾਜਨੀਤੀ ਕਰਦਾ, ਦੋਸਤੀਆਂ ਦੁਸ਼ਮਣੀਆਂ ਪਾਲਦਾ, ਸੋਚਦਾ, ਸਮਝਦਾ...ਏਥੇ ਤੱਕ ਕਿ ਖਾਂਦਾ ਪੀਂਦਾ ਤੇ ਸਾਹ ਲੈਂਦਾ ਵੀ।
ਫੋਨ ਦੀ ਬੈੱਲ ਇਕ ਵਾਰ ਵੱਜ ਕੇ ਬੰਦ ਹੋ ਗਈ ਐ। ਸ਼ਾਇਦ ਵਿਕਾਸ ਅਮਰੀਕਾ ਤੋਂ ਮਿਲਾ ਰਿਹਾ ਹੋਵੇ।...ਹੁਣ ਜੇ ਉਹਦਾ ਫੋਨ ਆਇਆ ਤਾਂ ਮੈਂ ਅੱਗੇ ਵਾਂਗ ਝੂਠ ਨਹੀਂ ਬੋਲਣਾ ਕਿ ਮੈਂ ਚੜ੍ਹਦੀ ਕਲਾ 'ਚ ਹਾਂ। ਸੱਚ ਦਸ ਦੇਣੈ, ਬਈ ਢਹਿੰਦੀ ਕਲਾ 'ਚ ਹਾਂ। ਕਦੇ ਕਦੇ ਅਚਾਨਕ ਬੈਟਰੀ ਡਾਊਨ ਹੋ ਜਾਂਦੀ ਐ। ਫੇਰ ਵਿਹੜੇ 'ਚ ਵੀ ਜਾਣ ਨੂੰ ਦਿਲ ਨਹੀਂ ਕਰਦਾ। ਨਾ ਜਾਣੀਏ ਦੇਹਲੀਓਂ ਬਾਹਰ ਧਰਮਰਾਜ ਖੜ੍ਹਾ ਹੋਵੇ।...ਹੁਣ ਇਹ ਵੀ ਦੱਸ ਦੇਣੈ ਬਈ ਇਹਦਾ ਕਾਰਨ ਮੇਰੇ ਤੇਰੀ ਆਂਟੀ ਬਰਖਾ ਬੋਧੀ ਤੇ ਮਹੰਤ ਮੱਘਰ ਦਾਸ ਵਿਚਕਾਰ ਘਟੀ ਇਕ ਘਟਨਾ ਐ। ਉਹ ਆਪਣੇ ਆਪ ਨੂੰ ਬਚਾਉਣ ਲਈ ਧਿਆਨ ਯੋਗ ਕਰਦੀ ਐ। ਜੀਹਦੇ ਨਾਲ ਉਹਨੂੰ ਆਪਣੇ ਅੰਦਰ ਦੈਵੀ ਸ਼ਕਤੀਆਂ ਮਹਿਸੂਸ ਹੁੰਦੀਆਂ ਨੇ। ਉਹ ਤਰਕਸ਼ੀਲ ਔਰਤ ਅਜ ਕੱਲ ਰੋਗੀਆਂ ਨੂੰ ਥਾਪੜੇ ਦੇ ਕੇ ਠੀਕ ਕਰਨ ਦੇ ਦਾਅਵੇ ਕਰਦੀ ਐ।...ਉਹ ਸ਼ਾਇਦ ਬਚ ਜਾਵੇ ਏਸ ਜੁਗਤ ਨਾਲ। ਪਰ ਮੈਂ ਆਪਣੇ ਆਪ ਨੂੰ ਇਹ ਧੋਖਾ ਨਹੀਂ ਦੇ ਸਕਦਾ।
ਬੈੱਲ ਫੇਰ ਵੱਜੀ ਏ। ਲਗਾਤਾਰ।...ਇਹ ਤਾਂ ਮਧੂਸੂਦਨ ਸੀ। ਹੱਸਦਾ ਗੱਲਾਂ ਕਰਦਾ ਸੁਮਰੋ-ਸੁਮਰੋ ਕਰਦਾ ਰਿਹਾ। ਹੁਣ ਰਾਜੀ ਹੋ ਕੇ ਇਹਨੂੰ ਗੱਲਾਂ ਫੁਰਦੀਆਂ ਨੇ। ਮੈਂ ਫੋਨ ਬੰਦ ਕਰ ਦਿੱਤਾ ਹੈ।…
ਅਸਲ 'ਚ ਸੁਮਰੋ ਬੇਗਮ ਕਿਸੇ ਇਸਤਰੀ ਦਾ ਨਾਉਂ ਨਹੀਂ। ਇਹ ਇਤਿਹਾਸ 'ਚੋਂ ਉਹਨੂੰ ਆਪਣੀ ਬਿਮਾਰੀ ਵੇਲੇ ਮਿਲਿਆ ਪਾਤਰ ਐ। ਜਿਹੜਾ ਉਹਨੇ ਪਹਿਲਾਂ ਆਪਣੀ  ਉਸ ਗਾਓਣ ਵਾਲੀ ਦੋਸਤ ਔਰਤ ਨੂੰ ਦਿੱਤਾ ਸੀ, ਜਿਹੜੀ ਗਾਉਣ ਵਾਲੇ ਸਾਥੀ ਬਦਲਦੀ ਸੀ ਤਾਂ ਇਹ ਉਹਨੂੰ 'ਯਾਰ ਬਦਲਣਾ' ਕਹਿੰਦਾ ਹੁੰਦਾ ਸੀ। ਹੁਣ ਇਹੀ ਨਾਉਂ ਇਹਨੇ ਬਰਖਾ ਨੂੰ ਦੇ ਦਿੱਤਾ ਐ।...। ਪੁੱਛਣ ਤੇ ਬੋਧੀ ਨੇ ਦੱਸਿਆ ਸੀ ਕਿ ਜਦ ਦਿੱਲੀ 'ਚ ਮੁਗਲ ਰਾਜ ਮੁੱਕਣ ਲਗਿਆ ਤਾਂ ਥਾਉਂ-ਥਾਈਂ ਜਗੀਰਦਾਰ ਤੇ ਧਾੜਵੀ ਕਲਗੀਆਂ ਲਾ ਕੇ ਬਹਿ ਗਏ ਸੀ। ਸਮਰੂ ਬੇਗਮ ਨਾਂ ਦੀ ਇੱਕ ਦਲਿਤ ਤੇ ਦੋਗਲੀ ਨਸਲ ਦੀ ਪਰ ਸੁੰਦਰ ਤੇ ਬਹਾਦਰ ਇਸਤਰੀ ਨੇ ਮੇਰਠ ਕੋਲ ਆਪਣਾ ਰਾਜ ਆਪਣੇ-ਪ੍ਰੇਮੀ ਜਰਮਨ ਜਰਨੈਲ ਦੀ ਸਹਾਇਤਾ ਨਾਲ ਕਾਇਮ ਕਰ ਲਿਆ ਸੀ। ਜਰਮਨ ਜਰਨੈਲ ਦਰਬਾਰ ਦੀ ਇਕ ਨਾਚੀ 'ਚ ਦਿਲਚਸਪੀ ਲੈਣ ਲੱਗ ਪਿਆ ਸੀ। ਸਮਰੂ ਬੇਗਮ ਨੇ ਮਰਾਠਿਆਂ ਦੇ ਹੱਲੇ ਦਾ ਬਹਾਨਾ ਪਾ ਕੇ ਜਰਨੈਲ ਨੂੰ ਸੀਮਾ 'ਤੇ ਭੇਜ ਦਿੱਤਾ ਸੀ ਤੇ ਆਪ ਪਾਲਕੀ 'ਚ ਬਹਿ ਕੇ ਕਿਸੇ ਹੋਰ ਪਾਸੇ ਨਿਕਲ ਗਈ ਸੀ। ਰਾਹ 'ਚ ਉਹਨੇ ਆਪਣੇ ਬੰਦਿਆਂ ਤੋਂ ਈ ਗੋਲੀਆਂ ਚਲਵਾ ਕੇ ਜਰਮਨ ਨੂੰ ਸੁਨੇਹਾ ਭੇਜ ਦਿੱਤਾ ਕਿ ਤੇਰੀ ਬੇਗਮ ਮਰਾਠਿਆਂ ਦੇ ਹੱਲੇ 'ਚ ਗੋਲੀ ਨਾਲ ਜ਼ਖਮੀ ਹੋ ਗਈ ਐ। ਕਹਿੰਦੇ...ਜਰਮਨ ਪ੍ਰੇਮੀ ਤੋਂ ਇਹ ਖਬਰ ਨਾ ਝੱਲੀ ਗਈ। ਉਸ ਨੇ ਆਪਣੀ ਪੁੜਪੁੜੀ 'ਚ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਸੀ।...ਜਦ ਬੇਗਮ ਉੱਕਾ ਖੁਦ ਮੁਖਤਿਆਰ ਹੋ ਗਈ ਤਾਂ ਉਸ ਨੇ ਪਹਿਲੇ ਹੀ ਦਿਨ ਉਸ ਨਾਚੀ ਨੂੰ ਜਿਉਂਦੇ ਜੀ ਧਰਤੀ 'ਚ ਗਡਵਾ ਦਿੱਤਾ ਸੀ। ਆਪ ਉਸ ਦੀ ਗਿੱਲੀ ਮਿੱਟੀ ਵਾਲੀ ਕਬਰ 'ਤੇ ਬਹਿ ਕੇ ਹੁੱਕਾ ਪੀਤਾ ਸੀ।...
ਵੈਦ ਨੇ ਪੈੱਨ ਰੇੱਖ ਦਿੱਤਾ। ਉਬਾਸੀ ਲਈ। ਸਰੀਰ ਅਕੜਾ ਕੇ ਤੇ ਢਿੱਲਾ ਛੱਡ ਕੇ ਅੱਖਾਂ ਮੀਟ ਲਈਆਂ। ਕੁਝ ਚਿਰ ਪੈਰਾਂ ਦੀਆਂ ਉਂਗਲਾਂ ਹਿਲਾਉਂਦੇ ਨੂੰ ਫੇਰ ਬਰਖਾ ਦਾ ਖਿਆਲ ਆਉਣ ਲੱਗ ਪਿਆ। ਉਹ ਜਦ ਵੀ ਕਲਪਨਾ ਕਰਦਾ, ਵਿੱਚ ਮਹੰਤ ਮੱਘਰ ਦਾਸ ਆ ਵੜਦਾ।...ਵੈਦ ਫੇਰ ਲਿਖਣ ਲੱਗ ਪਿਆ...। ''ਮਹੰਤ ਮੱਘਰ ਦਾਸ  ਬੜੀਆਂ ਸ਼ਕਤੀਆਂ ਵਾਲਾ ਐ। ਉਹ ਜੀਹਨੂੰ ਚਾਹੇ ਝੰਡੀ ਵਾਲੀ ਕਾਰ 'ਚ ਬਹਾ ਕੇ ਤੋਰ ਸਕਦੈ। ਵੱਡੇ ਵੱਡੇ ਨੇਤਾ ਉਸ ਦੇ ਡੇਰੇ ਜਾਂਦੇ ਨੇ। ਉਹ ਮਾੜੇ ਗ੍ਰਹਿਆਂ ਨੂੰ ਸ਼ਾਂਤ ਕਰਨ ਲਈ ਪਾਠ ਜਾਂ ਜਾਪ ਵੀ ਕਰਦੈ। ਕੁਝ ਮਹੀਨੇ ਪਹਿਲਾਂ ਉਹ ਬਰਖਾ ਦੇ ਘਰ ਆਪ ਆਇਆ ਸੀ। ਅਸੀਂ ਦੋਵੇਂ ਮਿਲ ਕੇ ਖੁਸ਼ ਹੋਏ ਸੀ। ਉਹਨੇ ਮੈਨੂੰ ਜਿਓਤਿਸ਼ ਦੇ ਤੇ ਮੈਂ ਉਹਨੂੰ ਚਰਕ ਸੰਘਿਤਾ ਦੇ ਕੁਝ ਚਮਤਕਾਰ ਦੱਸੇ ਸੀ।...ਜਾਂਦਾ ਹੋਇਆ ਉਹ ਬਰਖਾ ਬੋਧੀ ਦੀ ਜਨਮ ਪੱਤਰੀ ਦੇਖ ਕੇ ਝੰਡੀ ਵਾਲੀ ਕਾਰ ਮਿਲਣ ਦਾ ਯੋਗ ਦੱਸ ਗਿਆ ਸੀ। ਮੈਨੂੰ ਵੀ ਮਾੜੀ ਮੋਟੀ ਕੁਰਸੀ ਦੀ ਆਸ ਲਾਈ ਸੀ।
ਸਭ ਕੁਝ ਹੋ ਹਵਾ ਜਾਣ ਪਿਛੋਂ ਮੈਨੂੰ ਪਤਾ ਲਗਿਆ ਸੀ ਕਿ ਮਹੰਤ ਮੱਘਰ ਦਾਸ ਕੋਲ ਜਾਣ ਤੇ ਉਹਦੀ ਬਖਸ਼ਿਸ਼ ਨਾਲ ਕੁਝ ਪ੍ਰਾਪਤ ਕਰਨ ਦਾ ਸਾਰਾ ਪ੍ਰੋਗਰਾਮ ਬਰਖਾ ਦਾ ਪਹਿਲਾਂ ਹੀ ਤੈਅ ਸੀ। ਮੈਂ ਤਾਂ ਠੁੰਮਣਾ ਸੀ, ਜੀਹਨੂੰ ਉਹਨੇ ਨਾਲ ਰੱਖਣਾ ਸੀ। ਆਪਣੀ ਸੁਰੱਖਿਆ ਖਾਤਰ, ਆਪਣੀ ਟਹਿਲ ਸੇਵਾ ਖਾਤਰ ਜਾਂ ਫੇਰ ਕਿਸੇ ਦੁਖ ਦੀ ਘੜੀ 'ਚ ਮੋਢੇ 'ਤੇ ਸਿਰ ਰੱਖ ਕੇ ਰੋਣ ਵਾਸਤੇ।
ਜਾਣ ਨੂੰ ਸੁਵਖਤੇ ਜਾਣਾ ਚਾਹੀਦਾ ਸੀ, ਸ਼ਾਮ ਨੂੰ ਮੁੜਨਾ ਜੋ ਸੀ। ਪਰ ਉਹਨੇ ਮੁੜਨਾ ਨਹੀਂ ਸੀ। ਦੁਪਹਿਰ ਤੋਂ ਬਾਅਦ ਤੁਰੀ ਸੀ, ਕੋਈ ਓਪਰੀ ਜਿਹੀ ਟੈਕਸੀ ਲੈ ਕੇ। ਪਹੁੰਚੇ ਸੀ ਤਾਂ ਸੂਰਜ ਡੁੱਬ ਚਲਿਆ ਸੀ। ਉੱਚੇ ਮੰਦਰ ਵਾਲੀ ਪੁਰਾਣੀ ਇਮਾਰਤ ਵਿਚੀਂ ਲੰਘ ਕੇ ਨਵੀਂ ਆਲੀਸ਼ਾਨ ਕੋਠੀ 'ਚ ਗਏ ਸੀ। ਕੋਈ ਸੇਵਕ ਪੁੱਛ ਕੇ ਆਇਆ ਸੀ, ਤਦ ਮਹੰਤ ਦੇ ਕਮਰੇ 'ਚ ਗਏ ਸੀ। ਚਮਕਦੇ ਤੇ ਤਿਲਕਧਾਰੀ ਚਿਹਰੇ ਵਾਲੇ ਮਹੰਤ ਨੇ ਮੈਨੂੰ ਹੱਥ ਫੜ ਕੇ ਆਪਣੀ ਗੱਦੀ 'ਤੇ ਆਪਣੇ ਕੋਲ ਬਿਠਾਇਆ ਸੀ। ਬਰਖਾ ਦੂਜੇ ਗੱਦੇ 'ਤੇ। ਅੱਗਰਬਤੀ ਤੇ ਚੰਦਨ ਦੀ ਸੁੰਗਧ ਨਾਲ ਭਰੇ ਉਸ ਕਮਰੇ 'ਚ ਕੋਈ ਕੁਰਸੀ ਨਹੀਂ ਸੀ। ਕਾਲੀਨ ਬਹੁਤ ਕੀਮਤੀ ਵਿਛਿਆ ਹੋਇਆ ਸੀ। ਹਰੇਕ ਨੂੰ ਜੁੱਤੀ ਬਾਹਰ ਲਾਹ ਕੇ ਵੜਨਾ ਪੈਂਦਾ ਸੀ।
ਮੈਥੋਂ ਮਖਮਲ ਮੜ੍ਹੀ ਡੱਬੀ 'ਚ ਬੰਦ ਸੋਨੇ ਵਾਲਾ ਕੋਰਸ ਫੜਕੇ ਆਪਣੀ ਗੱਦੀ ਹੇਠ ਲੁਕਾ ਕੇ ਮਹੰਤ ਨੇ ਦੋ ਫੋਨ ਕਰਕੇ ਬਰਖਾ ਨੂੰ ਦੱਸਿਆ ਸੀ, ''ਸ਼ਾਇਦ ਕੰਮ ਅੱਜ ਬਣ ਜਾਵੇ। ਮੁਖ ਮੰਤਰੀ ਏਥੇ ਈ ਨੇ। ਡੂਢ ਦੋ ਘੰਟਿਆਂ ਤੱਕ ਚੱਲਾਂਗੇ। ਗ੍ਰਹਿ ਦਸ਼ਾ ਠੀਕ ਲੱਗਦੀ ਐ।...ਚੰਗਾ ਹੁਣ ਆਰਾਮ ਕਰੋ।''
ਸੇਵਕ ਨੇ ਸਾਨੂੰ ਦੋ ਕਮਰਿਆਂ 'ਚ ਠਹਿਰਾਇਆ ਸੀ। ਮੇਰਾ ਕਮਰਾ ਜ਼ਰਾ ਹਟਵਾ ਸੀ। ਪਰ ਬੂਹੇ ਤੋਂ ਬੂਹਾ ਦਿਖਦਾ ਸੀ।
ਮੈਂ ਨ੍ਹਾ ਕੇ ਸੌਂ ਗਿਆ। ਜਾਗਿਆ ਤਾਂ ਸਰ੍ਹਾਣੇ ਬਰਖਾ ਖੜ੍ਹੀ ਸੀ। ਉਹਨੇ ਗੂਹੜਾ ਮੇਕਅਪ ਕੀਤਾ ਹੋਇਆ ਸੀ। ਮੈਂ ਉਹਦਾ ਹੱਥ ਫੜ ਕੇ ਨਾਲ ਬਹਾਣਾ ਚਾਹਿਆ ਤਾਂ ਉਹ ਡਰ ਕੇ ਬੂਹੇ ਕੰਨੀ ਝਾਕਣ ਲੱਗੀ। ਮੈਂ ਕਾਹਲ ਨਾਲ ਉਠ ਕੇ ਬੋਲਟ ਬੰਦ ਕਰਨ ਲੱਗਿਆ ਤਾਂ ਉਹਨੇ ਮੇਰਾ ਹੱਥ ਫੜ ਲਿਆ ਸੀ। ਉਹ ਮੇਰੇ ਹੱਥਾਂ ਨੂੰ ਫੜ-ਫੜ ਰੋਕਦੀ ਰਹੀ ਸੀ। ਏਸੇ ਖਿਚ ਧੂਹ 'ਚ ਉਹਦੇ ਬਲਾਊਜ਼ ਦਾ ਬਟਨ ਟੁੱਟ ਗਿਆ ਸੀ। ਆਪਣੇ ਆਪ ਨੂੰ ਮੈਥੋਂ ਤੋੜਦੀ ਉਹ ਕਹਿੰਦੀ ਤੁਰ ਗਈ ਸੀ, ''ਅਸੀਂ ਕਿਸੇ ਮੰਤਰੀ ਕੋਲ ਜਾ ਰਹੇ ਹਾਂ। ਡਿਨਰ ਕਰ ਕੇ ਆਵਾਂਗੇ।...ਤੁਸੀਂ ਖਾਣਾ ਮੰਗਾ ਕੇ ਖਾ ਲੈਣਾ...ਜ਼ਰੂਰ।'' ਉਹਦੀ ਜਾਂਦੀ ਦੀ ਸਾੜ੍ਹੀ ਚਮਕਦੀ ਸੀ ਤੇ ਸੈਂਡਲ ਦੀ ਅੱਡੀ ਫਰਸ਼ 'ਤੇ ਖੜਕਦੀ ਸੀ।
ਮੈਂ ਅੱਧ ਖੁੱਲ੍ਹੇ ਦਰਾਂ ਵਿੱਚ ਖੜ੍ਹਾ ਉਹਦੀ ਪਿੱਠ ਦੇਖਦਾ ਰਿਹਾ। ਇਹ ਅਬਲਾ ਐ? ਮਰਦ ਦੀ ਦੱਬੀ ਕੁਚਲੀ? ਏਸੇ ਬਾਰੇ ਕਿਹਾ ਗਿਆ ਐ—ਛਾਤੀ 'ਚ ਦੁੱਧ ਅੱਖਾਂ 'ਚ ਪਾਣੀ।...ਮੈਨੂੰ ਕੁਛ ਕੁਛ ਸਮਝ 'ਚ ਆਉਣ ਲੱਗਿਆ ਸੀ ਕਿ ਮੰਗਲ ਬੋਧੀ ਸਨਿਆਸੀ ਕਿਉਂ ਹੋ ਗਿਆ ਸੀ। ਅਚਾਨਕ ਮੇਰੇ ਅੰਦਰ ਕੁਛ ਭੜਕਣ ਲੱਗ ਪਿਆ ਸੀ। ਮੈਂ ਮਨ ਨੂੰ ਸਮਝਾਉਂਦਾ ਰਿਹਾ ਸੀ।...ਉਂਝ ਠੀਕ ਹੀ ਰਿਹਾ ਸੀ। ਪਰ ਖਾਣਾ ਨਹੀਂ ਸੀ ਖਾਧਾ। ਬੈੱਡ 'ਤੇ ਲੇਟਿਆ ਨਹੀਂ, ਕੁਰਸੀ 'ਤੇ ਬੈਠਾ ਰਿਹਾ ਸੀ, ਸੋਚਦਾ ਕੁੜ੍ਹਦਾ।
ਜਾਂਦਿਆਂ ਟੈਕਸੀ 'ਚ ਬੈਠੇ ਅਸੀਂ ਬਹੁਤ ਘੱਟ ਬੋਲੇ ਸੀ। ਹੌਲੀ ਬੋਲਦੇ ਕਿ ਡਰਾਈਵਰ ਨੂੰ ਨਾ ਸੁਣੇ। ਬਹੁਤਾ ਚੁਪ ਹੀ ਰਹੇ ਸੀ। ਬਰਖਾ ਸ਼ਾਇਦ ਉਨ੍ਹਾਂ ਕੁਰਸੀਆਂ ਜਾਂ ਕਾਰਾਂ ਦੀ ਕਲਪਨਾ ਕਰਦੀ ਰਹੀ ਹੋਵੇ, ਜਿਨ੍ਹਾਂ ਦੇ ਮਿਲਣ ਦੀ ਆਸ ਮਹੰਤ ਨੇ ਬਨ੍ਹਾਈ ਸੀ। ਮੇਰੀ ਕਲਪਨਾ 'ਚ ਤਾਂ ਇਕ ਕਮਰਾ ਸੀ। ਜਿਥੇ ਗੱਲਬਾਤ ਮੁਕਾ ਕੇ ਸਿਰਫ ਅਸੀਂ ਦੋਹਾਂ ਨੇ ਹੋਣਾ ਸੀ। ਜਿਥੇ ਅਸੀਂ ਚੋਰਾਂ ਵਾਂਗ ਨਹੀਂ ਸੀ ਮਿਲਣਾ।
ਪਰ ਪਾਸਾ ਪੁੱਠਾ ਪੈ ਗਿਆ ਸੀ। ਮੇਰੀ ਮੱਤ ਮਾਰੀ ਜਿਹੀ ਗਈ ਸੀ। ਅਸਲ 'ਚ ਮੇਰੀ ਇਹ ਹਾਲਤ ਉਦੋਂ ਤੋਂ ਹੋਣ ਲੱਗ ਪਈ ਸੀ, ਜਦ ਵਿਕਾਸ ਚੋਰੀ ਅਮਰੀਕਾ ਚਲਿਆ ਗਿਆ ਸੀ। ਕਈ ਮਹੀਨੇ ਉਹਦੀ ਖਬਰ ਬਗਾਨੇ ਮੂੰਹਾਂ ਤੋਂ ਸੁਨਣ ਨੂੰ ਮਿਲਦੀ ਸੀ। ਘਰ 'ਚ ਤੰਗੀ ਸੀ। ਮੈਂ ਤੇ ਮੇਰੀ ਪਹਿਰੇਦਾਰਨੀ ਚੁਪ ਬੈਠੇ ਰਹਿੰਦੇ ਸੀ। ਮੈਨੂੰ ਰੋਣਾ ਘੁਟਣਾ ਪੈਂਦਾ ਸੀ। ਉਹਨੀਂ ਦਿਨੀਂ ਮੇਰੇ ਵਾਲ ਚਿੱਟੇ ਹੋ ਗਏ ਸੀ। ਠੋਡੀ ਥੱਲੇ ਮਾਸ ਲਟਕ ਗਿਆ ਸੀ। ਸ਼ੇਵ ਕਰਨ ਵੇਲੇ ਮਾਸ ਫੜ ਕੇ ਖਿੱਚਣਾ ਪੈਂਦਾ ਸੀ।
ਮਹੰਤ ਦੀ ਉਸ ਸ਼ਾਨਦਾਰ ਬਿਲਡਿੰਗ 'ਚ ਰਾਤ ਗਿਆਰਾਂ ਵਜੇ ਵਰਾਂਡੇ 'ਚ ਬਿੜਕ ਹੋਈ ਸੀ। ਮੈਂ ਉਠ ਖੜ੍ਹਿਆ। ਲੱਗਿਆ ਕਿ ਸੈਂਡਲ ਦੀ ਅੱਡੀ ਖੜਕੀ ਐ। ਮੈਂ ਬੂਹੇ ਦੀ ਦਰਜ ਵਿਚੀਂ ਦੇਖਿਆ। ਉਹੀ ਸੀ। ਨਾਲ ਮਹੰਤ। ਉਹ ਦੋਵੇਂ ਸੁਗੰਧੀ ਵਾਲੇ ਕਮਰੇ ਵਿੱਚ ਚਲੇ ਗਏ। ਮੈਂ ਆ ਕੇ ਫੇਰ ਕੁਰਸੀ 'ਤੇ ਬਹਿ ਗਿਆ।...ਕੁਛ ਚਿਰ ਬਾਅਦ ਉਠਿਆ। ਬਰਖਾ ਦੇ ਕਮਰੇ ਦਾ ਬੂਹਾ ਠਕੋਰਿਆ। ਧੱਕ ਕੇ ਖੋਹਲਿਆ। ਉਹ ਅੰਦਰ ਨਹੀਂ ਸੀ। ਮੈਂ ਆ ਕੇ ਫੇਰ ਕੁਰਸੀ 'ਤੇ ਬਹਿ ਗਿਆ।
ਬਾਰਾਂ ਕੁ ਵਜੇ ਖੜਕਾ ਹੋਇਆ। ਬੇਸੁਰਤੀ 'ਚ ਮੈਂ ਮੂਰਖਾਂ ਵਾਂਗ ਬਾਹਰ ਨਿਕਲਿਆ। ਉਹ ਮਹੰਤ ਦੇ ਕਮਰੇ 'ਚੋਂ ਨਿਕਲੀ। ਮੈਨੂੰ ਸਾਹਮਣੇ ਖੜ੍ਹੇ ਨੂੰ ਦੇਖਦੀ ਰਹੀ। ਫੇਰ ਅਚਾਨਕ ਉਹਦੇ ਮੂੰਹੋਂ ਚੀਕ ਜਿਹੀ ਨਿਕਲੀ। ਉਹ ਚੀਕ ਤੇ ਰੋਣਾ ਘੁੱਟਦੀ ਆਪਣੇ ਕਮਰੇ 'ਚ ਵੜ ਗਈ ਤੇ ਅੰਦਰੋਂ ਚਿਟਕਣੀ ਬੰਦ ਕਰ ਲਈ।
ਮੈਂ ਕਈ ਵਾਰ ਤਖਤੇ 'ਤੇ ਠੋਲੇ ਮਾਰ ਆਇਆ। ਅੰਤ ਨੂੰ ਆਪਣੇ ਕਮਰੇ 'ਚ ਆ ਕੇ ਲੇਟ ਗਿਆ ਤੇ ਦੋ ਗੋਲੀਆਂ ਖਾ ਕੇ ਸੌਣ ਦੀ ਕੋਸ਼ਿਸ਼ ਕਰਦਾ ਰਿਹਾ।...ਮੈਨੂੰ ਸਮਝ ਨਾ ਆਵੇ ਬਈ ਬਰਖਾ ਨਾਲ ਕੀ ਬੀਤੀ ਐ। ਉਹ ਕਿਉਂ ਰੋਈ? ਅੰਦਰ ਬੰਦ ਕਿਉਂ ਹੋਈ?
ਆਪਣੇ ਕਮਰੇ ਵਿੱਚ ਬੈਠਿਆਂ ਮੇਰੇ ਅੰਦਰ ਇਕਦਮ ਕੁਛ ਭੜਕ ਪਿਆ ਜਿਵੇਂ। ਮੈਂ ਬੈਗ ਚੁਕਿਆ ਤੇ ਵਰਾਂਡੇ ਵਿੱਚੀਂ ਹੁੰਦਾ ਪੁਰਾਣੀ ਇਮਾਰਤ ਕੰਨੀ ਚਲਿਆ ਗਿਆ। ਹਵਾ ਤੇਜ਼ ਸੀ। ਕਦੇ-ਕਦੇ ਪਿੱਪਲ ਵਿੱਚੀਂ ਨ੍ਹੇਰੀ ਵਾਂਗ ਸ਼ੂਕਦੀ। ਬਾਹਰ ਸੜਕ 'ਤੇ ਆਇਆ ਤਾਂ ਏਨੀ ਤੇਜ਼ ਨ੍ਹੇਰੀ ਆਈ ਕਿ ਰੇਤ, ਨਿੱਕੇ ਰੋੜ, ਟਾਹਣੀਆਂ ਮੇਰੇ ਨਾਲ ਟਕਰਾਂਦੀਆਂ ਲੰਘਣ। ਸੜਕ ਸਿਰਫ ਬਿਜਲੀ ਚਮਕਣ ਵੇਲੇ ਹੀ ਦਿੱਸਦੀ। ਵਿਚ ਵਿਚ ਕਣੀਆਂ ਪੈ ਜਾਂਦੀਆਂ।
ਕਿੰਨੇ ਚਿਰ ਬਾਅਦ ਮੈਂ ਇਕ ਦਰਖਤ ਹੇਠਾਂ ਖੜ੍ਹਾ ਸੀ। ਮੀਂਹ ਤੇ ਨ੍ਹੇਰੀ ਤੋਂ ਬਚਣ ਨੂੰ। ਅਚਾਨਕ ਪਤਾ ਨਹੀਂ, ਕਿਥੋਂ ਕੋਈ ਬੰਦਾ ਆਇਆ। 'ਮਰ ਜੈਂਗਾ' ਕਹਿ ਕੇ ਮੇਰੀ ਬਾਂਹ ਫੜ ਕੇ ਇਕ ਪੁਲੀ ਹੇਠ ਲੈ ਗਿਆ। ਅਸੀਂ ਗੋਡਿਆਂ 'ਚ ਮੂੰਹ ਦੇਈ, ਕੰਧ ਨਾਲ ਢਾਸਣਾ ਲਾ ਕੇ ਬੈਠੇ ਰਹੇ।
ਮੀਂਹ ਹਟਿਆ ਤਾਂ ਮੈਂ ਕੱਲਾ ਸੀ। ਮੈਂ ਉਠ ਕੇ ਸੜਕ 'ਤੇ ਆ ਗਿਆ। ਚਾਨਣ ਹੋਣ ਲੱਗ ਪਿਆ ਸੀ। ਲੰਘਦੇ ਟਰੈਕਟਰ ਟਰਾਲੀ ਵਾਲਿਆਂ ਨੇ ਮੈਨੂੰ ਬੋਰੀਆਂ 'ਤੇ ਬਹਾ ਲਿਆ ਸੀ। ਉਤਾਰਿਆ ਤਾਂ ਸਾਹਮਣੇ ਬੱਸ ਅੱਡਾ ਸੀ...। ਮੇਰੇ ਕੋਲ ਬੈਗ ਸੀ ਪਰ ਮੇਰੀ ਗੁਰਗਾਬੀ ਦਾ ਇੱਕ ਪੈਰ ਨਹੀਂ ਸੀ। ਮੈਨੂੰ ਕਦੇ ਕਦੇ ਭੁਖ ਪਿਆਸ ਦਾ ਅਹਿਸਾਸ ਹੁੰਦਾ। ਯਾਦ ਆਉਣ ਲੱਗਾ ਕਿ ਮੈਂ ਇਥੇ ਕਦ ਤੋਂ ਹਾਂ। ਕਿਉਂ ਹਾਂ। ਖੱਬੇ ਮੋਢੇ ਤੇ ਗੋਡੇ 'ਚ ਸੱਟ ਰੜਕਣ ਤੋਂ ਲਗਿਆ ਕਿ ਮੈਂ ਕਿਤੇ ਡਿਗਿਆ ਹੋਵਾਂਗਾ। ਇਹ ਦੁਕਾਨ ਐ, ਚਾਹ ਦੀ। ਇਹ ਬਸ ਵਾਲਾ ਵਾਜਾਂ ਮਾਰਦੈ—ਖੰਨੇ ਦੀਆਂ।
ਬੱਸ 'ਚ ਬੈਠ ਕੇ ਮੈਨੂੰ ਬਹੁਤ ਸਾਰੀਆਂ ਘਟਨਾਵਾਂ ਟੁਕੜੇ ਟੁਕੜੇ ਕਰਕੇ ਸਾਹਮਣੇ ਆਉਂਦੀਆਂ ਰਹੀਆਂ। ਇਹ ਵੀ ਕਿ ਅਸੀਂ ਦੋ ਜਣੇ ਆਏ ਸੀ। ਹੁਣ ਮੈਂ ਕੱਲਾ ਜਾ ਰਿਹਾਂ।
ਘਰ ਪਹੁੰਚਿਆ ਤਾਂ ਮੇਰੀ ਪਤਨੀ ਮੈਨੂੰ ਦੇਖ ਕੇ ਘੱਟ ਮੇਰੇ ਦੋਵੇਂ ਨੰਗੇ ਪੈਰਾਂ ਨੂੰ ਦੇਖ ਕੇ ਵੱਧ ਹੈਰਾਨ ਹੋਈ ਸੀ। ਉਹ ਆਪਣੀ ਹਾਕਮਾਂ ਵਾਲੀ ਆਵਾਜ਼ 'ਚ ਪੁੱਛਦੀ ਤੇ ਖਲਾਂਦੀ ਰਹੀ ਸੀ। ਮੈਂ ਖਾ ਕੇ ਸੌਂ ਗਿਆ ਸੀ।
ਜਾਗਿਆ ਤਾਂ ਪੁਛਿਆ, ''ਤੂੰ ਕਬੂਤਰਾਂ ਨੂੰ ਦਾਣਾ ਪਾਇਆ ਸੀ?''
'ਆਹੋ.. ਨਾਲ ਏ ਲੈ ਜਾਂਦੇ ਉਨ੍ਹਾਂ ਨੂੰ...'' ਆਖ ਉਹ ਰਸੋਈ ਜਾ ਵੜੀ ਸੀ। ਮੈਂ ਕਬੂਤਰ ਛੱਡ ਦਾਣਾ ਪਾਣੀ ਪਾਇਆ। ਨਿੰਮ ਹੇਠ ਬੈਠਾ ਉਨ੍ਹਾਂ ਨੂੰ ਖੇਡਦਿਆਂ ਦੇਖਦਾ ਰਿਹਾ। ਉਹ ਖਾਂਦੇ ਖੇਲ੍ਹਦੇ ਮੇਰੇ ਦੁੱਖ ਚੁਗਦੇ ਨੇ। ਅਮਰੀਕਾ ਭੱਜੇ ਪੁੱਤ ਦਾ ਦੁੱਖ, ਏਡੇ ਘਰ 'ਚ ਕੱਲੇ ਹੋਣ ਦਾ ਦੁੱਖ...ਤੇ ਖੁਰਦੇ ਜਾਂਦੇ ਸਰੀਰਾਂ ਦਾ।...ਬੁੱਢਾ ਚਿੱਟਾ ਕਬੂਤਰ ਵਾਰ-ਵਾਰ ਅੰਦਰ ਜਾ ਕੇ ਬੱਚਿਆਂ ਨੂੰ ਚੋਗਾ ਦੇਂਦਾ ਦੇਖ ਕੇ ਮੈਨੂੰ ਮਧੂਸੂਦਨ ਯਾਦ ਆਇਆ। ਉਹਦੀਆਂ ਗੱਲਾਂ ਤੇ ਹਰਕਤਾਂ ਦੇ ਜਾਇਜ਼ ਹੋਣ ਦਾ ਅਹਿਸਾਸ ਹੋਣ ਲੱਗਾ। ਉਹ ਜਦ ਵੀ ਦਵਾਈ ਲੈਣ ਆਉਂਦਾ ਹੁੰਦਾ ਸੀ, ਉਹਦਾ ਖੱਬਾ ਮੋਢਾ ਚੁਕਿਆ ਹੋਇਆ ਹੁੰਦਾ ਸੀ। ਉਹ ਕਹਿੰਦਾ ਹੁੰਦਾ ਸੀ ਕਿ ਉਹਦੇ ਮੋਢੇ 'ਤੇ ਉਹਦੀ ਸੁਮਰੋ ਦਾ ਮੁਰਦਾ ਰੱਖਿਆ ਹੋਇਐ। ਜਿਵੇਂ ਸ਼ਿਵ ਜੀ ਦੇ ਮੋਢੇ 'ਤੇ ਪਾਰਵਤੀ ਦਾ ਮੁਰਦਾ ਸੀ।
ਫੇਰ ਉਹ ਕਥਾ ਸੁਣਾ ਦੇਂਦਾ ਸੀ ਕਿ ਪਾਰਵਤੀ ਦਾ ਦੇਹਾਂਤ ਹੋਇਆ ਤਾਂ ਮਹਾਂਦੇਵ ਏਨੇ ਸ਼ੋਕਾਤੁਰ ਹੋ ਗਏ ਕਿ ਮੁਰਦਾ ਖੱਬੇ ਮੋਢੇ 'ਤੇ ਚੁੱਕ ਕੇ ਤਿੰਨ ਲੋਕ ਗਾਹ ਮਾਰੇ। ਵਿਸ਼ਣੂ ਜੀ ਨੇ ਬਥੇਰਾ ਸਮਝਾਇਆ ਬਈ ਇਹ ਲੀਲਾ ਸੀ। ਮੁੱਕ ਗਈ। ਲੋਥ ਦਾ ਖਹਿੜਾ ਛਡੋ। ਉਹ ਨਾ ਮੰਨੇ। ਅੰਤ ਨੂੰ ਵਿਸ਼ਣੂ ਨੇ ਆਪਣੇ ਸੁਦਰਸ਼ਨ ਚੱਕਰ ਨਾਲ ਬੋ ਮਾਰਦੀ ਲੋਥ ਦੇ ਟੋਟੇ ਕਰ ਕੇ ਲਾਹ ਸਿਟੇ। ਪਰ ਸ਼ਰੀਰ ਦਾ ਵਿਚਕਾਰਲਾ ਹਿੱਸਾ ਮਹਾਂਦੇਵ ਦੇ ਮੋਢੇ 'ਤੇ ਹੀ ਰਿਹਾ। ਉਹਦੇ ਦੁਆਲੇ ਉਨ੍ਹਾਂ ਦੀ ਬਾਂਹ ਸੀ। ਜਿਹੜੀ ਵੱਢੀ ਨਹੀਂ ਸੀ ਜਾ ਸਕਦੀ।
ਮਧੂਸੂਦਨ ਨੇ ਇਹ ਕਥਾ ਪਤਾ ਨਹੀਂ ਕਿਥੋਂ ਪੜ੍ਹੀ ਸੀ। ਜਾਂ ਘੜੀ ਸੀ। ਉਹ ਹਵਾਲਾ ਇਕ ਗ੍ਰੰਥ ਦਾ ਜ਼ਰੂਰ ਦੇਂਦਾ ਸੀ। ਜਿਵੇਂ ਮੇਰੇ ਤਾਇਆ ਜੀ ਆਪਣੀ ਗੱਲ ਮੁਕਾਉਣ ਵਾਸਤੇ ਜਿਹੜਾ ਯਾਦ ਆਇਆ, ਉਸੇ ਧਰਮ ਗ੍ਰੰਥ ਦਾ ਹਵਾਲਾ ਦੇ ਦੇਂਦੇ ਸੀ।
ਅੰਦਰ ਬਿੜਕ ਹੋਈ ਐ। ਮੇਰੀ ਠਾਣੇਦਾਰਨੀ ਬਾਥਰੂਮ ਗਈ ਐ। ਚੌਕੀਦਾਰ ਚੌਥਾ ਗੇੜਾ ਮਾਰ ਗਿਐ। ਨਿੰਮ 'ਤੇ ਬਤੌਰੀ ਫੇਰ ਬੋਲੀ ਐ। ਇਨ੍ਹਾਂ ਦਾ ਮੈਂ ਕੀ ਇਲਾਜ ਕਰਾਂ? ਬੁਢੇ ਕਬੂਤਰ ਨੂੰ ਤਾਂ ਮੈਂ ਉਡਾ ਕੇ ਖਲਾਸੀ ਕਰਾ ਸਕਦਾਂ।....
ਮੈਂ ਵੀ ਸੌਂ ਨਾ ਜਾਵਾਂ ਹੁਣ। ਉਂਘ ਆਉਣ ਲੱਗ ਗਈ ਐ। ਤਾਇਆ ਜੀ ਕਹਿੰਦੇ ਹੁੰਦੇ ਸੀ, ਰਾਤ ਨੂੰ ਦੇਰ ਤੱਕ ਜਾਗਣ ਵਾਲੇ ਰੋਗੀ, ਕੁਕਰਮੀ ਤੇ ਨੀਚ ਹੁੰਦੇ ਨੇ। ਇਹ ਵੀ ਸ਼ਾਇਦ ਉਸੇ 'ਜੋਗ ਧਿਆਨ ਉਪਨਿਸ਼ਦ' 'ਚ ਲਿਖਿਆ ਹੋਵੇ।
                 —ਜੁਲਾਈ 1999