Sunday, 24 April 2011
ਮੀਂਗਣਾਂ ਗਿਣਨ ਵਾਲਾ ਪੰਡਤ : ਰਾਮ ਸਰੂਪ ਅਣਖੀ :: ਪ੍ਰੇਮ ਪ੍ਰਕਾਸ਼
ਮੀਂਗਣਾਂ ਗਿਣਨ ਵਾਲਾ ਪੰਡਤ : ਰਾਮ ਸਰੂਪ ਅਣਖੀ :: ਪ੍ਰੇਮ ਪ੍ਰਕਾਸ਼
ਪ੍ਰੇਮ ਪ੍ਰਕਾਸ਼
ਪੋਸਟਿੰਗ : ਮਹਿੰਦਰ ਬੇਦੀ ਜੈਤੋ
ਪੰਜਾਬੀ ਦਾ ਬਹੁਤੇ ਪਾਠਕਾਂ ਵਾਲਾ ਨਾਵਲਕਾਰ ਰਾਮ ਸਰੂਪ ਅਣਖੀ ਮੇਰੇ ਦੋਸਤਾਂ ਦੇ ਘੇਰੇ 'ਚ ਦੂਰ ਦੇ ਦਾਇਰੇ 'ਚ ਸੀ। ਨੇੜੇ ਤਾਂ ਨਾ ਹੋ ਸਕਿਆ ਕਿ ਮੇਰੇ ਤੇ ਉਹਦੇ ਸੁਭਾਵਾਂ ਤੇ ਸੋਚਾਂ 'ਚ ਕਾਫੀ ਫਾਸਲਾ ਸੀ। ਸਾਹਿਤਕਾਰੀ ਦੇ ਸ਼ੁਰੂ ਦੇ ਦਿਨਾਂ 'ਚ ਮੇਰੇ ਮਨ 'ਚ ਅਣਖੀ ਦੀ ਸ਼ਖਸੀਅਤ ਨਾ ਚੰਗੀ ਸੀ ਤੇ ਨਾ ਮਾੜੀ। ਅਸਲ 'ਚ ਮੈਨੂੰ ਉਹ ਗੌਲ਼ਿਆ ਜਾਣ ਵਾਲਾ ਲੇਖਕ ਲੱਗਦਾ ਹੀ ਨਹੀਂ ਸੀ। ਅਸੀਂ ਆਮ ਜਿਹੇ ਦੋਸਤਾਂ ਵਾਂਗ ਮਿਲਦੇ ਸੀ, ਜਿਵੇਂ ਪੰਜਾਬੀ ਦੇ ਏਸ ਨਿੱਕੇ ਜਿਹੇ ਘੇਰੇ 'ਚ ਅਸੀਂ ਥੋੜੇ ਜਿਹੇ ਤਾਂ ਹਾਂ।
ਅਣਖੀ ਦੇ ਤੁਰ ਜਾਣ ਤੋਂ ਪਹਿਲਾਂ ਦੇ ਕੁਝ ਸਾਲਾਂ 'ਚ ਸਾਡੇ ਵਿਚਕਾਰ ਕਾਫੀ ਨੇੜਤਾ ਆ ਗਈ ਸੀ। ਅਸੀਂ ਇਕ ਦੂਜੇ ਨੂੰ ਜਾਨਣ ਲੱਗ ਪਏ ਸੀ। ਤੇ ਹੁਣ ਉਹਦੇ ਤੁਰ ਜਾਣ ਦੇ ਮਹੀਨਾ ਕੁ ਬਾਅਦ ਮੈਂ ਉਹਦਾ ਵਿਅਕਤੀ ਚਿਤਰ ਲਿਖਣ ਲੱਗਿਆ ਤਾਂ ਮੇਰੇ ਸਾਹਮਣੇ ਉਹਦੇ ਮਾੜੇ ਪਹਿਲੂ ਬਹੁਤੇ ਉਜਾਗਰ ਹੋਏ। ਮੈਂ ਲਿਖਣੋਂ ਰੁਕ ਗਿਆ। ਸੋਚਾਂ ਕਿ ਮੈਂ ਪਿਛਲੇ ਛੇ ਕੁ ਵਰ੍ਹਿਆਂ ਤੋਂ ਕਿਸੇ ਵੀ ਲੇਖਕ ਤੇ ਉਹਦੀ ਰਚਨਾ ਨੂੰ ਮਾੜਾ ਨਾ ਲਿਖਣ ਦਾ ਫੈਸਲਾ ਕੀਤਾ ਹੋਇਆ ਏ। ਫੇਰ ਮੈਂ ਅਣਖੀ ਨੂੰ ਮਾੜਾ ਕਿਉਂ ਲਿਖਾਂ?
ਫੇਰ ਪੰਦਰਾਂ ਕੁ ਦਿਨਾਂ ਬਾਅਦ ਖਿਆਲ ਆਇਆ ਕਿ ਜੇ ਅਣਖੀ ਹਜ਼ਾਰਾਂ ਪਾਠਕਾਂ ਦਾ ਨਾਇਕ ਏ ਤੇ ਜੇ ਉਹ ਸਿਰਫ ਘਰਦਿਆਂ ਦਾ ਹੀ ਨਹੀਂ, ਸਗੋਂ ਸਾਰੇ ਪੰਜਾਬੀਆਂ ਦਾ ਏ ਤਾਂ ਉਹਦਾ ਨਿੱਜ ਵੀ ਸਭ ਲਈ ਏ। ਸਾਰੇ ਪੰਜਾਬੀ ਭਾਈਚਾਰੇ ਦਾ ਏ। ਉਹਦੇ ਬਾਰੇ ਚੰਗੀਆਂ ਮਾੜੀਆਂ ਸਾਰੀਆਂ ਗੱਲਾਂ ਦੱਸਣੀਆਂ ਤੇ ਲਿਖਣੀਆਂ ਚਾਹੀਦੀਆਂ ਨੇ।
1970 'ਚ ਜਦ ਮੈਂ 'ਲਕੀਰ' ਕੱਢਿਆ ਤਾਂ ਰਾਮ ਸਰੂਪ ਅਣਖੀ ਇਕ ਸ਼ਾਮ ਮੇਰੇ ਆਦਰਸ਼ ਨਗਰ ਵਾਲੇ ਕਿਰਾਏ ਦੇ ਘਰ 'ਚ ਆ ਗਿਆ। ਆਪਣੇ ਸੰਸਕਾਰਾਂ ਦੇ ਹਿਸਾਬ ਨਾਲ ਮੈਂ ਉਹਨੂੰ ਆਦਰ ਮਾਣ ਨਾਲ ਰਾਤ ਰੱਖ ਲਿਆ। ਰਾਤ ਨੂੰ ਦੇਰ ਤਕ ਗੱਲਾਂ ਕਰਦਿਆਂ ਮੈਨੂੰ ਲੱਗਿਆ ਕਿ ਬਰਨਾਲੇ ਦੇ ਪੇਂਡੂ ਮਾਹੌਲ ਦੀ ਸੋਚ ਵਾਲਾ ਇਹ ਸਿੱਧਾ ਤੇ ਸਧਾਰਨ ਜਿਹਾ ਬੰਦਾ ਏ। ਮੈਂ ਉਹਨਾਂ ਦਿਨਾਂ 'ਚ ਨਕਸਲੀ ਲਹਿਰ 'ਚ ਹਮਦਰਦਾਂ ਵਾਂਗ ਸਰਗਰਮ ਸੀ। ਬਹੁਤੇ ਨੌਜਵਾਨ ਕ੍ਰਾਂਤੀ ਦੀ ਅੱਗ 'ਚ ਮੱਚ ਰਹੇ ਸੀ। ਮੈਂ ਸਾਹਿਤਕਾਰਾਂ ਦੀ ਵਿੰਗੀ ਜਿਹੀ ਹਓਮੈ ਕਰ ਕੇ ਆਪਣੇ ਵਰਗਾ ਕਹਾਣੀਕਾਰ ਕਿਸੇ ਨੂੰ ਸਮਝਦਾ ਹੀ ਨਹੀਂ ਸੀ। ਜਦ ਮੈਂ ਅਣਖੀ ਨੂੰ ਪੁੱਛਿਆ ਕਿ ਤੂੰ ਕਿਉਂ ਲਿਖਦੈਂ, ਤਾਂ ਉਹ ਕਹਿੰਦਾ, ''ਬਸ, ਮਾੜੀ ਮੋਟੀ ਸ਼ੁਹਰਤ ਹੋ ਜਾਂਦੀ ਐ। ਚਾਰ ਪੈਸੇ ਮਿਲ ਜਾਂਦੇ ਨੇ।''
ਅਣਖੀ ਦੀ ਗੱਲ ਸੁਣ ਕੇ ਮੈਨੂੰ ਕਹਾਣੀਕਾਰ ਦੇਵਿੰਦਰ ਯਾਦ ਆ ਗਿਆ। ਉਹ ਉਹਨਾਂ ਦਿਨਾਂ 'ਚ ਰੇਡਿਓ ਸਟੇਸ਼ਨ, ਜਲੰਧਰ 'ਤੇ ਪ੍ਰੋਡਿਓਸਰ ਜਾਂ ਪੈਕਸ ਸੀ। ਉਹ ਜਦ ਵੀ ਮਿਲਦਾ, ਮੈਨੂੰ ਕਹਿੰਦਾ, ''ਖੰਨਵੀ ਯਾਰ ਰੇਡਿਓ ਵਾਸਤੇ ਵੀ ਕੁਝ ਲਿਖ ਦਿਆ ਕਰ। ਚਾਰ ਪੈਸੇ ਈ ਮਿਲ ਜਾਂਦੇ ਨੇ। ਬੱਚਿਆਂ ਦੇ ਬੂਟ ਸ਼ੂਟ ਆ ਜਾਂਦੇ ਨੇ।''...ਮੈਂ ਉਹਦੀ ਏਸ ਬੂਟ ਸ਼ੂਟ ਵਾਲੀ ਗੱਲ ਦਾ ਮਖੌਲ ਉਡਾਇਆ ਕਰਦਾ ਸੀ। ਸੋ, ਮੈਨੂੰ ਅਣਖੀ ਤੇ ਦੇਵਿੰਦਰ ਇੱਕੋ ਜਿਹੀ ਸੋਚ ਵਾਲੇ ਗਰੀਬੜੇ ਤੇ ਹੌਲੇ ਲੇਖਕ ਲੱਗੇ। ਉਹਨਾਂ ਦਿਨਾਂ 'ਚ ਅਣਖੀ ਆਮ ਜਿਹੇ ਅਖਬਾਰਾਂ ਤੇ ਆਮ ਜਿਹੇ ਰਸਾਲਿਆਂ 'ਚ ਛਪਦਾ ਹੁੰਦਾ ਸੀ। ਮੈਨੂੰ ਉਹਦੀ ਲਿਖਤ ਸਧਾਰਨ ਸੋਚ ਤੇ ਸ਼ੈਲੀ ਵਾਲੀ ਲੱਗਦੀ। ਕਿਤੇ ਗਹਿਰਾਈ ਨਹੀਂ ਸੀ ਲੱਭਦੀ। ਉਹ ਕਵਿਤਾ ਵੀ ਲਿਖਦਾ ਸੀ। ਉਹ ਵੀ ਆਮ ਜਿਹੀ।
ਮੈਂ ਵੀ ਖੰਨੇ ਵਰਗੇ ਛੋਟੇ ਸ਼ਹਿਰ ਦਾ ਬੰਦਾ ਸੀ। ਮੈਨੂੰ ਵੀ ਮਹਿਮਾਨ ਨਵਾਜ਼ੀ ਦਾ ਖਿਆਲ ਸੀ। ਏਸ ਲਈ ਮੈਂ ਅਣਖੀ ਦੀ ਕਿਸੇ ਵੀ ਗੱਲ ਦਾ ਚੁਭਵਾਂ ਜਵਾਬ ਨਹੀਂ ਦਿੱਤਾ। ਜੇ ਕੋਈ ਸ਼ਹਿਰ ਦਾ ਬੰਦਾ ਹੁੰਦਾ ਤਾਂ ਮੈਂ ਚੋਭਾਂ ਮਾਰ ਕੇ ਈ ਭਜਾ ਦੇਂਦਾ।
ਮੈਨੂੰ ਅਣਖੀ ਦੇ ਕਵੀ ਹੋਣ ਬਾਰੇ ਉਦੋਂ ਪਤਾ ਲੱਗਿਆ, ਜਦ ਉਹ ਬਹੁਤ ਸ਼ੁਰੂ ਦੇ ਦਿਨਾਂ 'ਚ ਪਟਿਆਲੇ ਦੀ ਸਰਕਾਰੀ ਲਾਇਬ੍ਰੇਰੀ 'ਚ ਹੋਏ ਸਾਹਿਤਕ ਸਮਾਗਮ ਦੇ ਵਿਚਕਾਰ ਬਾਹਰ ਲਾਅਨ 'ਚ ਮੇਰੇ ਕੋਲ ਆ ਬੈਠਿਆ ਸੀ। ਉਹਨੇ ਮੈਨੂੰ ਆਪਣੀ ਕਵਿਤਾ ਸੁਣਾਈ। ਫੇਰ ਅਸੀਂ ਲੁੱਚੀਆਂ ਬੋਲੀਆਂ ਦੀਆਂ ਗੱਲਾਂ ਕਰਨ ਲੱਗੇ ਤਾਂ ਉਹਨੇ ਖਜ਼ਾਨਾ ਈ ਲੁਟਾਓਣਾ ਸ਼ੁਰੂ ਕਰ ਦਿੱਤਾ। ਇਕ ਲੰਮੀ ਬੋਲੀ...'ਪਤੀਲਾ ਭਰਿਆ… ...ਵਿਚ ਸਿੱਟੀ ਨੂਣ ਦੀ ਡਲੀ'...ਵਾਲੀ ਮੈਂ ਉਹਦੇ ਹੱਥੋਂ ਆਪਣੀ ਡਾਇਰੀ 'ਚ ਲਿਖਵਾ ਲਈ।
ਉਹਦੀਆਂ ਕਈ ਕਿਤਾਬਾਂ ਛਪ ਚੁੱਕੀਆਂ ਸਨ, ਪਰ ਉਹਦੀ ਪਛਾਣ ਨਹੀਂ ਸੀ ਬਣੀ। ਪਛਾਣ ਉਦੋਂ ਬਣੀ ਜਦ ਕਿੰਨੇ ਈ ਵਰ੍ਹਿਆਂ ਬਾਅਦ ਜਸਵੰਤ ਸਿੰਘ ਵਿਰਦੀ ਤੇ ਰਾਮ ਸਰੂਪ ਅਣਖੀ ਹਿੰਦੀ ਦੇ ਨਵੀਂ ਕਹਾਣੀ ਦੇ ਇਕ ਚੰਗੇ ਗਰੁੱਪ ਦੇ ਲੀਡਰ ਕਮਲੇਸ਼ਵਰ ਦੀ ਸਮਾਨਾਂਤਰ ਕਹਾਣੀ ਨਾਂ ਦੇ ਕਿਸੇ ਗਰੁੱਪ 'ਚ ਸ਼ਾਮਲ ਹੋ ਗਏ। ਜੀਹਦੇ ਨਾਲ ਇਹਨਾਂ ਦੋਹਾਂ ਲੇਖਕਾਂ ਦੀਆਂ ਕਹਾਣੀਆਂ ਦੇ ਹਿੰਦੀ ਅਨੁਵਾਦ ਧੜਾਧੜ ਹਿੰਦੀ ਦੇ ਉਹਨਾਂ ਪਰਚਿਆਂ 'ਚ ਛਪਣ ਲੱਗੇ, ਜਿਨਾਂ ਦੇ ਸੰਪਾਦਕ ਕਮਲੇਸ਼ਵਰ ਆਪ ਤੇ ਜਾਂ ਉਹਦੇ ਗਰੁੱਪ ਦਾ ਕੋਈ ਕਹਾਣੀਕਾਰ ਸੀ। ਨੌਂ ਦਸ ਕੁ ਸਾਲ ਚੱਲੇ ਏਸ ਸਿਲਸਿਲੇ ਤੋਂ ਹਿੰਦੀ ਵਾਲਿਆਂ ਅਤੇ ਵਿਰਦੀ ਤੇ ਅਣਖੀ ਨੂੰ ਆਪਣੇ ਆਪ ਨੂੰ ਇਹ ਲੱਗਣ ਲੱਗ ਪਿਆ ਸੀ ਕਿ ਉਹੀ ਦੋ ਜਣੇ ਸਾਰੇ ਭਾਰਤ ਵਾਸਤੇ ਪੰਜਾਬੀ ਕਹਾਣੀ ਦੀ ਨੁਮਾਇੰਦਗੀ ਕਰਦੇ ਨੇ। ਹਿੰਦੀ ਵਾਲੇ ਵੀ ਇਹੀ ਸਮਝਦੇ ਰਹੇ ਕਿ ਪੰਜਾਬੀ ਕਹਾਣੀ ਇਹੋ ਈ ਏ। ਜਦਕਿ ਸਚਾਈ ਇਹ ਸੀ ਕਿ ਵਿਰਦੀ ਦੀ ਪੁੱਛ ਪੰਜ ਛੇ ਕਹਾਣੀਆਂ ਕਰ ਕੇ ਥੋੜੀ ਜਿਹੀ ਪਈ ਹੋਈ ਸੀ, ਪਰ ਅਣਖੀ ਸਿਰਫ ਆਪਣੇ ਬਰਨਾਲੇ ਦੇ ਇਲਾਕੇ ਤਕ ਸੀਮਤ ਸੀ।
ਅਣਖੀ ਆਪਣੀ ਹੈਸੀਅਤ ਨੂੰ ਪੰਜਾਬੀ 'ਚ ਫੈਲਾਓਣ ਵਾਸਤੇ ਅਖ਼ਬਾਰਾਂ ਤੇ ਸਾਹਿਤਕ ਪਰਚਿਆਂ ਦੇ ਸੰਪਾਦਕਾਂ ਨੂੰ ਮਿਲਦਾ ਰਹਿੰਦਾ ਸੀ। ਏਸ ਸੰਪਰਕ ਲਈ ਉਹ ਅਖਬਾਰਾਂ 'ਚ ਲੇਖ ਵੀ ਲਿਖਦਾ ਸੀ। ਉਹ ਆਪਣੇ ਅਖਬਾਰਾਂ ਦੇ ਏਸ ਸਿਲਸਿਲੇ 'ਚ 'ਮੈਂ ਤਾਂ ਬੋਲੂੰਗੀ' ਨਾਂ ਦੇ ਕਾਲਮ ਲਈ ਸਾਹਿਤਕਾਰਾਂ ਦੀਆਂ ਪਤਨੀਆਂ ਨਾਲ ਇੰਟਰਵਿਊ ਕਰਦਾ ਰਹਿੰਦਾ ਸੀ। ਉਹ ਮੇਰੇ ਘਰ ਵੀ ਆਇਆ, ਜਦ ਮੈਂ ਦਫਤਰ ਗਿਆ ਹੋਇਆ ਸੀ। ਫੇਰ ਉਹ 'ਸਾਡੇ ਕਹਾਣੀਕਾਰ' ਨਾਂ ਦੇ ਕਾਲਮ ਲਈ ਲੇਖਕਾਂ ਬਾਰੇ ਲਿਖਦਾ ਰਹਿੰਦਾ ਸੀ। ਜਦ ਉਹਨੇ ਮੇਰੇ ਬਾਰੇ ਲਿਖਿਆ ਤਾਂ ਮੈਨੂੰ ਲੱਗਿਆ ਕਿ ਏਸ ਬੰਦੇ ਨੇ ਨਾ ਮੇਰੀਆਂ ਕਹਾਣੀਆਂ ਪੜ੍ਹੀਆਂ ਨੇ ਤੇ ਨਾ ਈ ਉਹਨਾਂ ਨੂੰ ਸਮਝਿਆ ਏ। ਬਸ ਵਿਸ਼ੇਸ਼ਣਾਂ ਦੇ ਆਸਰੇ ਤੇ ਇੰਟਰਵਿਊ ਕਰ ਕੇ ਏਡਾ ਲੇਖ ਲਿਖ ਦਿੱਤਾ ਏ। ਅਜਿਹੇ ਲੇਖਾਂ ਤੋਂ ਉਹਨੂੰ ਉਦੋਂ ਪੰਜਾਹ ਜਾਂ ਸੱਠ ਰੁਪਏ ਮਿਲਦੇ ਹੋਣਗੇ। ਜਿਨ੍ਹਾਂ ਨਾਲ ਉਹਦੀ ਸ਼ੁਹਰਤ ਤੇ ਚਾਰ ਪੈਸਿਆਂ ਦੀ ਭੁੱਖ ਜ਼ਰੂਰ ਪੂਰੀ ਹੁੰਦੀ ਹੋਵੇਗੀ।
ਫੇਰ ਜਦ ਅਣਖੀ ਨੂੰ ਉਹਦੇ ਨਾਵਲ 'ਕੋਠੇ ਖੜਕ ਸਿੰਘ' 'ਤੇ ਸਾਹਿਤ ਅਕਾਦਮੀ ਦਾ ਐਵਾਰਡ ਮਿਲਿਆ ਤਾਂ ਮੈਨੂੰ ਬੜੀ ਜਲਣ ਹੋਈ। ਪਰ ਮੈਂ ਇਹ ਮੰਨਦਾ ਸੀ ਕਿ ਅਣਖੀ ਏਨਾ ਜੁਗਾੜੀ ਨਹੀਂ ਕਿ ਦਿੱਲੀ ਦੇ ਸਾਹਿਤਕ ਲੀਡਰਾਂ ਤਕ ਪਹੁੰਚ ਕਰ ਸਕਿਆ ਹੋਵੇ। ਇਹਦੇ ਪਿੱਛੇ ਉਹਦੇ ਨਾਵਲ ਦੇ ਗੁਣ ਵੀ ਹੋ ਸਕਦੇ ਨੇ ਤੇ ਤੀਰ ਤੁੱਕਾ ਵੀ। ਫੇਰ ਉਹਨੇ ਅੱਗਾ ਪਿੱਛਾ ਦੇਖੇ ਬਿਨਾਂ ਨਾਵਲ ਤੇ ਨਾਵਲ ਲਿਖਣੇ ਸ਼ੁਰੂ ਕਰ ਦਿੱਤੇ। ਜਿਹੜੇ ਪੜ੍ਹੇ ਤੇ ਵਿਕਣ ਲੱਗ ਪਏ। ਫੇਰ ਉਹਨੂੰ ਸ਼ੁਹਰਤ ਵੀ ਬੜੀ ਮਿਲੀ ਤੇ ਪੈਸਾ ਵੀ। ਉਹ ਰਿਟਾਇਰ ਹੋਇਆ ਤਾਂ ਬਰਨਾਲੇ ਵੱਡਾ ਫੰਕਸ਼ਨ ਹੋਇਆ। ਉਹ ਸੱਤਰਾਂ ਜਾਂ ਪੰਝੱਤਰਾਂ ਦਾ ਹੋਇਆ ਤਾਂ ਵੀ ਫੰਕਸ਼ਨ ਕੀਤਾ ਬਰਨਾਲੇ ਵਾਲਿਆਂ ਨੇ। ਇਹ ਪਿੰਡਾਂ ਦੇ ਇਲਾਕੇ ਦੀ ਚੰਗੀ ਰੀਤ ਏ ਕਿ ਜਦ ਵੀ ਉਥੋਂ ਕੋਈ ਭਲਵਾਨ ਉੱਠਦਾ ਏ ਤਾਂ ਉਹਨੂੰ ਆਪਣਾ ਸਮਝ ਕੇ ਵਡਿਆਉਂਦੇ ਤੇ ਸਹਾਇਤਾ ਦੇ ਥਾਪੜੇ ਦੇਂਦੇ ਨੇ।
ਏਸ ਦੌਰਾਨ 'ਚ ਜਸਵੰਤ ਸਿੰਘ ਵਿਰਦੀ ਨੇ ਛੇ ਸੌ ਕਹਾਣੀਆਂ ਲਿਖੀਆਂ ਤੇ ਅਣਖੀ ਨੇ ਲੱਗਭਗ ਚਾਰ ਸੌ। ਜਿਨ੍ਹਾਂ ਵਿਚੋਂ ਢਾਈ ਸੌ ਹਿੰਦੀ ਦੇ ਪਰਚਿਆਂ 'ਚ ਛਪ ਚੁੱਕੀਆਂ ਨੇ। ਪਰ ਪੰਜਾਬੀ 'ਚ ਇਹਨਾਂ ਦੋਹਾਂ ਕਹਾਣੀਕਾਰਾਂ ਨੂੰ ਕਹਾਣੀ ਦੀ ਵਿਧਾ 'ਚ ਏਨੀ ਵਡਿਆਈ ਨਹੀਂ ਮਿਲੀ।
ਮੈਂ ਅਣਖੀ ਦੀਆਂ ਕੁਝ ਕਹਾਣੀਆਂ ਪੜ੍ਹੀਆਂ ਸਨ। ਮੈਨੂੰ ਲੱਗਦਾ ਕਿ ਇਹਦੇ 'ਚ ਇਕ ਵੱਡਾ ਗੁਣ ਸਾਦਗੀ ਏ। ਉਹ ਆਮ ਜਿਹੇ ਸੁਣੇ ਕਿੱਸਿਆਂ ਨੂੰ ਲਿਖ ਦੇਂਦਾ ਏ। ਪਰ ਮੈਂ ਉਹਦਾ ਕੋਈ ਨਾਵਲ ਨਹੀਂ ਸੀ ਪੜ੍ਹਿਆ। ਜਦ ਮੈਂ ਲੋਕਗੀਤ ਪ੍ਰਕਾਸ਼ਨ ਲਈ ਪ੍ਰਤੀਨਿਧ ਕਹਾਣੀਆਂ ਦਾ ਸੰਗ੍ਰਹਿ ਤਿਆਰ ਕਰ ਰਿਹਾ ਸੀ ਤਾਂ ਮੈਨੂੰ ਅਣਖੀ ਦਾ ਖਿਆਲ ਆਇਆ। ਮੈਂ ਉਹਨੂੰ ਉਹਦੀਆਂ ਕੁਝ ਚੰਗੀਆਂ ਕਹਾਣੀਆਂ ਦੇ ਨਾਂ ਪੁੱਛੇ। ਉਹਨੇ ਆਪਣੀਆਂ ਚੋਣਵੀਆਂ ਕਹਾਣੀਆਂ ਦੀ ਪੁਸਤਕ 'ਚਿੱਟੀ ਕਬੂਤਰੀ' ਭੇਜ ਦਿੱਤੀ। ਮੈਂ ਸੱਠ ਕੁ ਕਹਾਣੀਆਂ ਪੜ੍ਹੀਆਂ, ਪਰ ਕੋਈ ਜਚੀ ਨਾ। ਅੰਤ ਨੂੰ ਸਾਢੇ ਚਾਰ ਸੌ ਕਹਾਣੀ ਲਿਖਣ ਵਾਲੇ ਤੇ ਆਪਣੇ ਨਾਵਲ 'ਕੋਠੇ ਖੜਕ ਸਿੰਘ' 'ਤੇ ਸਾਹਿਤਯ ਅਕਾਦਮੀ ਐਵਾਰਡ ਲੈਣ ਵਾਲੇ ਲੇਖਕ ਦੀ ਉਹ ਕਹਾਣੀ ਲੈ ਲਈ, ਜਿਹੜੀ ਉਹਨੇ ਆਪਣੀ ਪਤਨੀ ਦੇ ਗੁਜ਼ਰਨ 'ਤੇ 'ਔਰਤ ਦੇ ਵਿਗੋਚੇ ਦੇ ਦਰਦ' ਬਾਰੇ ਲਿਖੀ ਸੀ।
ਉਹਦੀਆਂ ਕਹਾਣੀਆਂ ਪੜ੍ਹ ਕੇ ਮੈਨੂੰ ਏਸ ਗੱਲ ਨੇ ਹੈਰਾਨ ਕੀਤਾ ਕਿ ਉਹਦਾ ਇਕ ਵੀ ਪਾਤਰ ਬ੍ਰਾਹਮਣ ਨਹੀਂ ਸੀ, ਜਿਹੜਾ ਹਿੰਦੂ ਸੰਸਕਾਰਾਂ ਤੇ ਸ਼ਾਸਤਰਾਂ ਬਾਰੇ ਥੋੜ੍ਹਾ ਬਹੁਤਾ ਵੀ ਜਾਣਦਾ ਹੁੰਦਾ। ਕਿਸੇ ਕਰਮਕਾਂਡੀ ਬ੍ਰਾਹਮਣ ਪਾਤਰ ਦੇ ਹੋਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਹਾਂ, ਉਂਜ ਅਜਿਹੇ ਪਾਤਰ ਮਿਲੇ, ਜਿਨ੍ਹਾਂ ਨੂੰ ਪਿੰਡ ਦੇ ਲੋਕ 'ਬਾਹਮਣ' ਕਹਿੰਦੇ ਨੇ ਤੇ ਜਿਹੜੇ ਜੱਟਾਂ ਤੇ ਹੋਰ ਖੱਤਰੀਆਂ ਬਾਣੀਆਂ ਦੇ ਘਰੋਂ ਹੰਧੇ ਲੈਂਦੇ ਤੇ ਸ਼ਰਾਧ ਖਾਂਦੇ ਨੇ। ਉਹ ਪਾਤਰ ਗਰੀਬ ਜੱਟਾਂ ਵਰਗੇ ਨੇ। ਉਂਜ ਵੀ ਪੰਜਾਬ 'ਚ ਸਿੱਖ ਧਰਮ ਤੇ ਆਰੀਆ ਸਮਾਜ ਦੇ ਪਰਚਾਰ ਕਰ ਕੇ ਬ੍ਰਾਹਮਣ ਉੱਚੀ ਜਾਤ ਨਹੀਂ ਰਹੀ। ਉਹਨੂੰ ਜੱਟ ਜ਼ਲੀਲ ਕਰਨ ਲਈ 'ਮੰਗ-ਖਾਣੀ ਜਾਤ' ਕਹਿਣ ਲੱਗ ਪਏ ਨੇ। ਮੈਂ ਕਿਸੇ ਨੂੰ ਕਹਿ ਕੇ ਇੰਟਰਵਿਊ 'ਚ ਅਣਖੀ ਕੋਲੋਂ ਇਹ ਸਵਾਲ ਪੁੱਛਿਆ ਤਾਂ ਉਹ ਕਹਿੰਦਾ ਕਿ ਉਹਦੇ ਬ੍ਰਾਹਮਣ ਪਾਤਰ ਵੀ ਜੱਟ ਸੱਭਿਆਚਾਰ ਵਾਲੇ ਨੇ। ਉਹਨਾਂ ਦਾ ਆਪਣਾ ਕੋਈ ਜੁਦਾ ਸੱਭਿਆਚਾਰ ਨਹੀਂ। ਮੈਂ ਅਣਖੀ ਦੇ ਬਾਪ ਦੀ ਫੋਟੋ ਦੇਖੀ ਤਾਂ ਉਹ ਬੇਹੱਦ ਗਰੀਬੜਾ ਜਿਹਾ ਬ੍ਰਾਹਮਣ ਦਿਸਦਾ ਸੀ। ਮਾਲਵੇ ਦੇ ਇਲਾਕੇ 'ਚ ਬਹੁਤੀਆਂ ਜ਼ਮੀਨਾਂ ਵਾਲੇ ਜੱਟ ਮਾਮਲਾ ਤਾਰਨ ਤੋਂ ਡਰਦੇ ਬਰਾਨੀ ਜ਼ਮੀਨ ਬ੍ਰਾਹਮਣ ਨੂੰ ਦਾਨ ਕਰ ਦੇਂਦੇ ਸੀ। ਜਿਸ 'ਤੇ ਮਾਮਲਾ ਨਹੀਂ ਸੀ ਲੱਗਦਾ।
ਇਕ ਟੀ. ਵੀ. ਇੰਟਰਵਿਊ 'ਚ ਅਣਖੀ ਆਤਮ ਵਿਸ਼ਵਾਸ ਨਾਲ ਭਰਿਆ ਆਪਣੇ ਪੂਰੇ ਜਲੌਅ 'ਚ ਬੋਲਦਾ ਸੀ। ਉਹ ਬੋਲਣ ਵੇਲੇ ਝਿਜਕਦਾ ਨਹੀਂ ਸੀ। ਏਸੇ ਲਈ ਉਹਨੇ ਕਿਹਾ ਸੀ ਕਿ ਆਦਮੀ ਤੀਵੀਂ ਦੇ ਵਿਚਕਾਰ ਸਿਰਫ ਸੈਕਸ ਦਾ ਰਿਸ਼ਤਾ ਹੁੰਦਾ ਏ। ਇਹ ਪਿਆਰ ਪਿਊਰ ਕੁਝ ਨਹੀਂ ਹੁੰਦਾ। ਮਾਨਾਂ ਸਨਮਾਨਾਂ ਬਾਰੇ ਬੋਲਦਿਆਂ ਉਹਨੇ ਲੋਈ ਦੇਣ ਵਾਲਿਆਂ ਦੀ ਨਿੰਦਿਆ ਕਰਦਿਆਂ ਕਿਹਾ ਸੀ ਕਿ ਮੇਰਾ ਘਰ ਭਰ ਗਿਐ ਲੋਈਆਂ ਨਾਲ। ਹੁਣ ਮੇਰਾ ਦਿਲ ਕਰਦੈ ਬਈ ਇਹ ਲੋਈਆਂ ਦੇਣ ਵਾਲਿਆਂ ਦੀ ਮੌਤ ਵੇਲੇ ਉੱਤੇ ਪਾ ਆਇਆ ਕਰਾਂ। ਇਹ ਸ਼ੀਲਡਾਂ, ਟਊਏ ਜਿਹੇ ਮੈਂ ਚੁਲ੍ਹੇ 'ਚ ਪਾ ਕੇ ਫੂਕ ਦੇਂਦਾ ਹਾਂ। ਮੈਨੂੰ ਤਾਂ ਪੈਸਿਆਂ ਵਾਲਾ ਸਨਮਾਨ ਹੀ ਚੰਗਾ ਲੱਗਦਾ ਹੈ।
ਆਪਣੀ ਏਸੇ ਭੁੱਖ ਦੀ ਪੂਰਤੀ ਲਈ ਉਹਨੇ ਪਹਿਲਾਂ ਆਪਣੀ ਰਿਟਾਇਰਮੈਂਟ ਦਾ ਦਿਨ ਤੇ ਫੇਰ ਆਪਣਾ 75ਵਾਂ ਜਨਮ ਦਿਨ ਬਹੁਤ ਭਾਰੀ ਕੱਠ ਕਰਾ ਕੇ ਮਨਾਇਆ। ਉਹ ਆਪਣੇ ਪਰਚੇ ਵਾਸਤੇ ਏਨੇ ਪੈਸੇ ਕੱਠੇ ਕਰ ਲੈਂਦਾ ਸੀ ਕਿ ਉਹਦਾ ਮੋਟੇ ਵਿਆਜ 'ਤੇ ਦਿੱਤਾ ਸਵਾ ਦੋ ਲੱਖ ਰੁਪਿਆ ਲੈ ਕੇ ਕੋਈ ਬੰਦਾ ਨੱਠ ਗਿਆ ਸੀ। ਉਹ ਸਾਧਾਂ ਤੇ ਮਹੰਤਾਂ ਕੋਲੋਂ ਵੀ ਪੈਸਾ ਮੰਗ ਲਿਆਉਂਦਾ ਸੀ। ਉਹ ਪੈਸੇ ਮੰਗਣ ਲੱਗਿਆਂ ਕਿਸੇ ਤੋਂ ਸ਼ਰਮ ਨਹੀਂ ਸੀ ਕਰਦਾ। ਮੈਨੂੰ ਮੋਹਨ ਭੰਡਾਰੀ ਨੇ ਦੱਸਿਆ ਕਿ ਇਕ ਵਾਰ ਮੈਂ ਉਹਦਾ ਪਰਚਾ ਨਾ ਮਿਲਣ ਦੀ ਸ਼ਿਕਾਇਤ ਕੀਤੀ ਤਾਂ ਕਹਿੰਦਾ ਕਿ ਚੰਦਾ ਭੇਜ ਦਿਓ, ਪਰਚਾ ਮਿਲ ਜਾਊਗਾ। ਅਸਲ 'ਚ ਅਣਖੀ ਸਾਡੀ ਓਸ ਪੁਰਾਣੀ ਪੀੜ੍ਹੀ ਦੀ ਮਾਨਸਿਕਤਾ ਵਾਲਾ ਬੰਦਾ ਸੀ, ਜਿਹੜੀ ਸਾਰੀ ਉਮਰ ਭੁੱਖ ਨੰਗ ਨਾਲ ਹੀ ਲੜਦੀ ਰਹੀ। ਹਾਲਾਂ ਕਿ ਉਹਨੇ ਨਵੀਂ ਕਾਰ ਲੈ ਲਈ ਸੀ, ਪਰ ਦਿਲ ਦੀ ਗਰੀਬੀ ਨਹੀਂ ਸੀ ਗਈ।
ਅਣਖੀ ਅਖੀਰਲੀ ਉਮਰ 'ਚ ਮੇਰੇ ਘਰ ਦੋ ਰਾਤਾਂ ਰਹਿ ਕੇ ਗਿਆ। ਜਨਾਨੀਆਂ ਦੀਆਂ ਗੱਲਾਂ ਕਰਨ 'ਚ ਬਦਨਾਮ ਹੋਣ ਕਰ ਕੇ ਉਹ ਰਾਤ ਨੂੰ ਮੇਰੇ ਨਾਲ ਇਹ ਗੱਲਾਂ ਕਰਦਾ ਰਿਹਾ। ਮੈਂ ਉਹਨੂੰ ਬਲਿਊ ਫਿਲਮ ਵਿਖਾਈ। ਉਹ ਬਾਗੋ ਬਾਗ ਹੋ ਗਿਆ। ਜਾ ਕੇ ਉਹਨੇ ਮੈਨੂੰ ਫੋਨ ਕੀਤਾ, ''ਤੈਂ ਇਕ ਰਾਤ 'ਚ ਹੀ ਮੈਨੂੰ ਜਵਾਨ ਕਰ 'ਤਾ। ਹੁਣ ਤਾਂ ਜਦ ਕਮਜ਼ੋਰੀ ਮਹਿਸੂਸ ਹੋਈ ਤਾਂ ਮੈਂ ਤੇਰੇ ਕੋਲ ਆ ਜਾਇਆ ਕਰੂੰਗਾ।''
ਉਹ ਮੈਨੂੰ ਮਿਲਣ ਹਿੰਦ ਸਮਾਚਾਰ ਦੇ ਦਫਤਰ 'ਚ ਕਈ ਵਾਰ ਆਇਆ। ਮੈਨੂੰ ਕਿਸੇ ਸਾਹਿਤਕਾਰ ਦਾ ਅਖਬਾਰ ਦੇ ਦਫਤਰ 'ਚ ਆਓਣਾ ਚੰਗਾ ਨਹੀਂ ਸੀ ਲੱਗਦਾ। ਮੈਂ ਇਕ ਵਾਰ ਉਹਨੂੰ ਖੁਸ਼ ਕਰਨ ਨੂੰ ਇਕ ਲਿਫਾਫਾ ਫੜਾ ਕੇ ਕਿਹਾ, ''ਇਹਨੂੰ ਝੋਲੇ 'ਚ ਲਕੋ ਲੈ। ਇਹ ਬੜੇ ਸਿਆਣੇ ਹਕੀਮ ਦਾ ਤਿਆਰ ਕੀਤਾ ਨੁਸਖਾ ਏ।...ਅਸਲ 'ਚ ਇਕ ਇਸ਼ਤਿਹਾਰ ਮਾਲਵੇ ਦੇ ਇਲਾਕੇ ਤੋਂ ਕਿਸੇ ਹਕੀਮ ਜੀ ਦਾ ਛਪਦਾ ਸੀ। ਉਹ ਹਕੀਮ ਦੂਜੇ ਤੀਜੇ ਮਹੀਨੇ ਹਿੰਦ ਸਮਾਚਾਰ ਦੇ ਦਫਤਰ 'ਚ ਆ ਕੇ ਉਰਦੂ ਡੈਸਕ ਦੇ ਪਿਛਲੇ ਪਾਸੇ ਕਾਤਿਬ ਸਾਹਿਬਾਨ ਦੇ ਨਾਲ ਬੈਠ ਕੇ ਗੱਲਾਂ ਕਰਦਾ ਰਹਿੰਦਾ ਸੀ। ਉਰਦੂ ਦੇ ਸਾਰੇ ਐਡੀਟਰ ਤੇ ਕਾਤਿਬ ਪੰਜਾਹੋਂ ਟੱਪੇ ਹੋਏ ਸਨ। ਸਭ ਨੂੰ ਉਹਦੀ ਦਵਾਈ ਦੀ ਲੋੜ ਸੀ। ਓਸ ਹਕੀਮ ਦੇ ਇਸ਼ਤਿਹਾਰ 'ਚ ਤਿੰਨ ਕੋਰਸਾਂ ਦਾ ਜ਼ਿਕਰ ਹੁੰਦਾ ਸੀ। ਚਾਂਦੀ ਵਾਲਾ, ਸੋਨੇ ਵਾਲਾ ਤੇ ਹੀਰੇ ਮੋਤੀਆਂ ਵਾਲਾ। ਅਸੀਂ ਮਖੌਲ 'ਚ ਪੁੱਛਦੇ ਕਿ ਇਹਨਾਂ ਦੇ ਕੰਮ 'ਚ ਕੀ ਫਰਕ ਏ? ਹਕੀਮ ਵੀ ਮਖੌਲ 'ਚ ਗੱਲਾਂ ਕਰਦਾ ਰਹਿੰਦਾ। ਇਕ ਵਾਰ ਉਹ ਸੱਚੀਂ ਮੁੱਚੀਂ ਆਪਣੇ ਝੋਲੇ 'ਚ ਕੋਰਸਾਂ ਦੀਆਂ ਪੁੜੀਆਂ ਲੈ ਆਇਆ ਤੇ ਪ੍ਰਸ਼ਾਦ ਵਜੋਂ ਸਭ ਨੂੰ ਇਕ-ਇਕ ਪੁੜੀ ਚਾਂਦੀ ਜਾਂ ਸੋਨੇ ਵਾਲੇ ਕੋਰਸ ਦੀ ਦਿੱਤੀ। ਅਣਖੀ ਨੂੰ ਮੈਂ ਉਹੀ ਸੋਨੇ ਵਾਲਾ ਕੋਰਸ ਦੇ ਦਿੱਤਾ ਸੀ। ਉਹਨੇ ਮਲਕ ਦੇਣੀ ਆਪਣੇ ਝੋਲੇ 'ਚ ਪਾ ਲਿਆ। ਹੁਣ ਸਾਡੇ ਵਿਚਕਾਰ ਓਸ ਕੋਰਸ ਦੇ ਅਸਰ ਬਾਰੇ ਮਖੌਲ ਕਈ ਸਾਲ ਚੱਲਦਾ ਰਿਹਾ।
ਉਹਨੂੰ ਆਪਣੇ ਨਵੇਂ ਵਿਆਹ ਦੇ ਸੁਖ ਦਾ ਵੀ ਅਹਿਸਾਸ ਸੀ ਤੇ ਪਛਤਾਵਾ ਵੀ ਸੀ। ਉਹਨੂੰ ਲੱਗਾ ਸੀ ਕਿ ਐਵੇਂ ਪੰਗਾ ਲੈ ਹੋ ਗਿਆ। ਸ਼ਾਇਦ ਉਹ ਧੀਆਂ ਦੀ ਕਬੀਲਦਾਰੀ ਤੋਂ ਦੁਖੀ ਸੀ। ਇਕ ਵਾਰੀ ਮੈਂ ਉਹਦੇ ਘਰ ਫੋਨ ਕੀਤਾ ਤਾਂ ਉਹਦੀ ਬੇਟੀ ਨੇ ਰਿਸੀਵਰ ਚੱਕ ਲਿਆ। ਉਹ ਐਮ.ਏ. ਤੇ ਮਾਸ ਕਮਿਊਨੀਕੇਸ਼ਨ ਦਾ ਕੋਰਸ ਤੇ ਬੀਐਡ ਕਰ ਕੇ ਘਰ ਹੀ ਬੈਠੀ ਸੀ। ਜਦ ਮੈਂ ਪੁੱਛਿਆ ਕਿ ਕੋਈ ਕੰਮ ਕਿਉਂ ਨਹੀਂ ਕਰਦੀ ਤਾਂ ਉਹਦਾ ਜਵਾਬ ਸੀ ਕਿ ਭਾਪਾ ਜੀ ਕਰਨ ਨਹੀਂ ਦੇਂਦੇ। ਮੈਂ ਉਹਨੂੰ ਜਲੰਧਰ ਬੁਲਾ ਕੇ ਕਿਸੇ ਅਖਬਾਰ ਦੇ ਨਿਊਜ਼ ਡੈਸਕ 'ਤੇ ਬਹਾਣਾ ਚਾਹੁੰਦਾ ਸੀ। ਜਿਥੇ ਕੰਮ ਕਰ ਕੇ ਭਾਵੇਂ ਬਹੁਤਾ ਪੈਸਾ ਨਾ ਮਿਲੇ, ਪਰ ਜ਼ਿੰਦਗੀ ਦਾ ਤਜਰਬਾ ਜ਼ਰੂਰ ਮਿਲੇ। ਇਹ ਬੜੀ ਕੀਮਤੀ ਚੀਜ਼ ਹੁੰਦੀ ਏ। ਉਹਦਾ ਉਹੀ ਇਕ ਜਵਾਬ ਕਿ ਭਾਪਾ ਜੀ ਕੁਸ਼ ਕਰਨ ਏ ਨਹੀਂ ਦੇਂਦੇ। ਮੈਂ ਕਿਹਾ ਕਿ ਤੂੰ ਬਰਨਾਲੇ ਬੂਟਾ ਸਿੰਘ ਚੌਹਾਨ ਦੇ ਅਖਬਾਰੀ ਦਫਤਰ ਜਾ ਕੇ ਖਬਰਾਂ ਠੀਕ ਕਰਨ ਦਾ ਕੰਮ ਹੀ ਕਰਨ ਲੱਗ ਜਾਹ। ਤਾਂ ਉਹ ਚੁੱਪ ਹੀ ਕਰ ਗਈ। ਪੁੱਛਣ ਤੇ ਫੇਰ ਕਿਹਾ ਕਿ ਭਾਪਾ ਜੀ ਘਰੋਂ ਹੀ ਨਹੀਂ ਜਾਣ ਦੇਂਦੇ।
ਅਸਲ 'ਚ ਅਣਖੀ ਪੱਛੜੇ ਇਲਾਕੇ ਦਾ ਪੱਛੜੀ ਸੋਚ ਵਾਲਾ ਬੰਦਾ ਈ ਸੀ। ਉਹਦਾ ਹਰੇਕ ਵਿਹਾਰ ਪੇਂਡੂ ਤੇ ਅਣਪੜ੍ਹਾਂ ਵਾਲਾ ਸੀ। ਜਦ ਉਹਨੇ ਮੈਨੂੰ ਪੇਸ਼ਾਬ 'ਚ ਰੁਕਾਵਟ ਦੀ ਗੱਲ ਦੱਸੀ ਤਾਂ ਮੈਂ ਉਹਨੂੰ ਪ੍ਰੋਸਟ੍ਰੇਟ ਗਲੈਂਡ ਦਾ ਔਪ੍ਰੇਸ਼ਨ ਕਰਾਓਣ ਦਾ ਆਪਣਾ ਅਨੁਭਵ ਦੱਸਿਆ। ਉਹ ਬਰਨਾਲੇ ਦੇ ਹਕੀਮਾਂ ਤੇ ਡਾਕਟਰਾਂ ਤੋਂ ਗੋਲੀਆਂ ਲੈ ਕੇ ਵਕਤ ਟਪਾਉਂਦਾ ਰਿਹਾ। ਜਦ ਹਾਲਤ ਜ਼ਿਆਦਾ ਖਰਾਬ ਹੋ ਗਈ ਤਾਂ ਮੇਰੇ ਕਹਿਣ 'ਤੇ ਔਪ੍ਰੇਸ਼ਨ ਕਰਾਓਣ ਨੂੰ ਤਿਆਰ ਹੋ ਗਿਆ। ਮੈਂ ਕਿਹਾ ਕਿ ਅਪ੍ਰੇਸ਼ਨ ਲੁਧਿਆਣੇ ਜਾਂ ਪਟਿਆਲੇ ਤੋਂ ਕਰਾਈਂ। ਪਰ ਉਹ ਇਹ ਕਹਿ ਕੇ ਬਰਨਾਲੇ ਦੇ ਹਸਪਤਾਲ ਚਲਿਆ ਗਿਆ ਕਿ ਏਥੇ ਵੀ ਡਾਕਟਰ ਲੁਧਿਆਣੇ ਤੋਂ ਈ ਆਉਂਦਾ ਹੈ। ਜਿਸ ਦਾ ਨਤੀਜਾ ਇਹ ਹੋਇਆ ਕਿ ਉਹਨੂੰ ਤਿੰਨ ਮਹੀਨੇ ਪੇਸ਼ਾਬ ਜਲਣ ਨਾਲ ਆਉਂਦਾ ਰਿਹਾ। ਉਹ ਪਹਿਲਾਂ ਅੰਗ੍ਰੇਜ਼ੀ ਦਵਾਈਆਂ ਤੇ ਫੇਰ ਦੇਸੀ ਤੇ ਹੋਮਿਓਪੈਥੀ ਦੀਆਂ ਗੋਲੀਆਂ ਖਾ ਕੇ ਗੁਜ਼ਾਰਾ ਕਰਦਾ ਰਿਹਾ। ਤਕਲੀਫ ਫੇਰ ਵੀ ਰਹੀ।
ਫੇਰ ਉਹਨੇ ਮੈਨੂੰ ਦੱਸਿਆ ਕਿ ਉਹਦੇ ਦਰਦ ਜਿਹਾ ਹੁੰਦਾ ਰਹਿੰਦਾ ਏ, ਕਦੇ ਪੇਟ 'ਚ ਤੇ ਕਦੇ ਵੱਖੀ ਵਿਚ ਨੂੰ। ਇਹ ਪਤਾ ਨਹੀਂ ਕਾਹਦਾ ਏ। ਮੈਂ ਕਿਹਾ ਕਿ ਇਹਦੇ ਲਈ ਤਾਂ ਸੀ. ਟੀ. ਸਕੈਨ ਕਰਾਓਣਾ ਪੈਂਦਾ ਏ। ਕਰਾ ਕੇ ਪਤਾ ਕਰ ਲੈ। ਪਰ ਏਸ ਤੋਂ ਮੈਂ ਵੀ ਡਰਦਾ ਹਾਂ। ਪਤਾ ਨਹੀਂ ਇਹ ਕਿਥੇ-ਕਿਥੇ ਕਿਸੇ ਬਿਮਾਰੀ ਦੀ ਸੂਚਨਾ ਦੇ ਦੇਵੇ। ਮੈਂ ਉਹਨੂੰ ਕਿਹਾ ਕਿ ਇਹ ਟੈਸਟ ਤਾਂ ਬੇਸ਼ਕ ਨਾ ਕਰਾ, ਪਰ ਕਿਸੇ ਸਿਆਣੇ ਡਾਕਟਰ ਤੋਂ ਚੈਕ-ਅੱਪ ਜ਼ਰੂਰ ਕਰਾ ਲੈ। ਪਰ ਉਹ ਪੇਂਡੂ ਮਾਨਸਿਕਤਾ ਦਾ ਬੰਦਾ ਕਿਸੇ ਡਾਕਟਰ ਕੋਲ ਜਾਣ ਦੀ ਬਜਾਏ ਬਰਨਾਲੇ ਦੇ ਕਿਸੇ ਹਕੀਮ ਜਾਂ ਹੋਮਿਓਪੈਥ ਦੀਆਂ ਸਸਤੀਆਂ ਗੋਲੀਆਂ ਖਾਣਾ ਪਸੰਦ ਕਰਦਾ ਸੀ।
ਅਣਖੀ ਨੇ ਮੈਨੂੰ ਇਕ ਵਾਰ ਰਾਤ ਨੂੰ ਗੱਲਾਂ ਕਰਦੇ ਨੇ ਦੱਸਿਆ ਕਿ ਉਹਤੋਂ ਕਿਸੇ ਦੀ ਚੁਭਵੀਂ ਕਹੀ ਗੱਲ ਭੁੱਲਦੀ ਹੀ ਨਹੀਂ। ਉਹ ਕਦੇ ਨਾ ਕਦੇ ਬਦਲਾ ਲੈਣ ਦਾ ਮੌਕਾ ਲੱਭਦਾ ਏ।...ਉਹ ਆਪਣੇ ਪਰਚੇ 'ਕਹਾਣੀ ਪੰਜਾਬ' 'ਚ ਅਜਿਹੀਆਂ ਚਿੱਠੀਆਂ ਛਾਪਦਾ ਰਹਿੰਦਾ ਸੀ, ਜਿਨ੍ਹਾਂ ਦਾ ਪਰਚੇ ਦੇ ਮੈਟਰ ਨਾਲ ਕੋਈ ਸੰਬੰਧ ਹੀ ਨਹੀਂ ਸੀ ਹੁੰਦਾ। ਜਿਵੇਂ ਉਹਦੇ ਨਾਵਲ ਪੜ੍ਹ ਕੇ ਆਈ ਕਿਸੇ ਪਾਠਕ ਦੀ ਚਿੱਠੀ। ਜਦ ਉਹਦੇ ਨਾਲ ਗੁਰਬਚਨ ਸਿੰਘ ਭੁੱਲਰ ਕੰਮ ਕਰਦਾ ਸੀ ਤਾਂ ਉਹ ਵੀ ਅਜਿਹੀਆਂ ਚਿੱਠੀਆਂ ਛਪਵਾਂਦਾ ਰਹਿੰਦਾ ਸੀ। ਇਕ ਵਾਰ ਉਹਨੇ ਮੇਰੀ ਇਕ ਚਿੱਠੀ ਛਪਵਾ ਲਈ, ਜਿਹੜੀ ਕੋਈ ਵੀਹ ਪੱਚੀ ਸਾਲ ਪਹਿਲਾਂ ਮੈਂ ਉਹਦੀ ਕਹਾਣੀ ਦੀ ਤਾਰੀਫ 'ਚ ਲਿਖੀ ਸੀ।
ਇਵੇਂ ਅਣਖੀ ਨੇ ਇਕ ਵਾਰ ਸਾਡੇ ਹਾਣ ਦੇ ਇਕ ਲੇਖਕ, ਜਿਹੜਾ ਕਦੇ ਮੇਰਾ ਵੀ ਦੋਸਤ ਸੀ ਪਰ ਹੁਣ ਵਿੱਟਰਿਆ ਹੋਇਆ ਸੀ, ਦੀ ਚਿੱਠੀ ਛਾਪ ਦਿੱਤੀ। ਜਿਹੜੀ ਉਹਨੇ ਸੜ ਕੇ ਮੇਰੇ ਖਿਲਾਫ ਲਿਖੀ ਸੀ। ਜਦ ਮੈਂ ਅਣਖੀ ਨੂੰ ਫੋਨ ਕੀਤਾ ਤਾਂ ਉਹ ਮੇਰੇ ਪੁੱਛਣ ਤੋਂ ਪਹਿਲਾਂ ਆਪ ਈ ਕਹਿਣ ਲੱਗ ਪਿਆ, ''ਪ੍ਰੇਮ ਪ੍ਰਕਾਸ਼ ਤੂੰ ਵੱਡਾ ਸਾਹਿਤਕਾਰ ਹੈਂ। ਗੁੱਸਾ ਨਾ ਕਰੀਂ। ਕੁੱਤੇ ਭੌਂਕਦੇ ਈ ਰਹਿੰਦੇ ਨੇ, ਹਾਥੀ ਚੱਲਦੇ ਰਹਿੰਦੇ ਨੇ।''
ਮੈਨੂੰ ਬੜਾ ਬੁਰਾ ਲੱਗਿਆ ਕਿ ਉਹਨੇ ਮੇਰੀ ਤਾਂ ਨਿੰਦਿਆ ਕਰ ਦਿੱਤੀ, ਹੁਣ ਆਪਣੇ ਦੋਸਤ ਨੂੰ ਕੁੱਤਾ ਕਹਿੰਦਾ ਏ। ਮੈਂ ਕਿਹਾ,'' ਪਰ ਇਹ ਕੁੱਤਾ ਤੇਰੇ ਵਿਹੜੇ 'ਚ ਖੜ੍ਹ ਕੇ ਕਾਹਤੇ ਭੌਂਕਦੈ?''
ਫੇਰ ਉਹਨੇ 'ਗੁਸਤਾਖੀ ਮੁਆਫ' 'ਚ ਮੇਰੇ ਬਾਰੇ ਕੋਈ ਲਤੀਫਾ ਛਾਪ ਦਿੱਤਾ। ਮੈਨੂੰ ਅਜਿਹੀਆਂ ਗੱਲਾਂ ਬੁਰੀਆਂ ਨਹੀਂ ਲੱਗਦੀਆਂ। ਮੈਂ ਕਹਿੰਦਾ ਹੁੰਦਾ ਹਾਂ ਕਿ ਇਹ ਨੋਕ ਝੋਂਕ ਸਾਹਿਤਕਾਰਾਂ 'ਚ ਚੱਲਦੀ ਰਹਿਣੀ ਚਾਹੀਦੀ ਏ। ਇਹ ਜ਼ਿੰਦਗੀ ਦਾ ਨੂਣ ਮਿਰਚ ਏ। ਓਸ ਲਤੀਫੇ ਦੇ ਬਾਅਦ ਮੈਂ ਐਂਵੇਂ ਹਾਲ ਚਾਲ ਪੁੱਛਣ ਲਈ ਅਣਖੀ ਨੂੰ ਫੋਨ ਕੀਤਾ ਤਾਂ ਉਹ ਫੇਰ ਆਪ ਈ ਬੋਲ ਪਿਆ। ਕਹਿੰਦਾ, ''ਇਹ ਜਿਹੜਾ ਚੁਟਕਲਾ ਜਿਹਾ ਮੈਂ ਛਾਪਿਆ ਏ। ਉਹ ਮੈਨੂੰ ਜਿੰਦਰ ਨੇ ਲਿਖਾਇਆ ਸੀ।''
ਉਹਦੀ ਗੱਲ 'ਤੇ ਮੈਂ ਦਿਲ 'ਚ ਹੱਸਿਆ ਕਿ ਦੇਖੋ, ਉਹ ਪਹਿਲਾਂ ਬੜ੍ਹਕ ਮਾਰਦਾ ਏ ਕਿ ਉਹ ਢੱਠਾ ਏ। ਫੇਰ ਮੋਕ ਮਾਰਦਾ ਏ ਕਿ ਗਊ ਦਾ ਜਾਇਆ ਏ। ਇਹ ਪੱਤਰਕਾਰ ਬਣੀ ਫਿਰਦਾ ਏ, ਪਰ ਇਹਨੂੰ ਏਨਾ ਨਹੀਂ ਪਤਾ ਕਿ ਪੱਤਰਕਾਰ ਦੀ ਖਬਰ ਦਾ ਸਰੋਤ ਤਾਂ ਸੁਪਰੀਮ ਕੋਰਟ ਵੀ ਨਹੀਂ ਪੁੱਛ ਸਕਦੀ।...ਮੈਨੂੰ ਲੱਗਿਆ ਕਿ ਉਹ ਮੈਥੋਂ ਆਪਣੇ ਖਿਲਾਫ 'ਲਕੀਰ' 'ਚ ਛਪੀਆਂ ਟਿੱਚਰਾਂ ਦਾ ਬਦਲਾ ਲੈ ਰਿਹਾ ਏ। ਏਸ ਲਤੀਫੇ ਨਾਲ ਉਹ ਆਪ ਤਾਂ ਬੇਕਸੂਰਾ ਬਣਦਾ ਏ ਤੇ ਇਹ ਵੀ ਚਾਹੁੰਦਾ ਏ ਕਿ ਮੈਂ ਜਿੰਦਰ ਨੂੰ ਘੂਰਾਂ। ਸਾਡੇ ਵਿਚਕਾਰ ਦੁਸ਼ਮਣੀ ਪੈਦਾ ਹੋ ਜਾਵੇ।...ਇਹ ਬੰਦੇ ਦੇ ਕਪਟੀ ਹੋਣ ਦੀ ਨਿਸ਼ਾਨੀ ਸੀ। ਜਿਹੜੀ ਮੈਂ ਆਈ ਗਈ ਕਰ ਦਿੱਤੀ। ਮੈਂ ਉਹਨੂੰ ਕਹਿੰਦਾ ਹੁੰਦਾ ਸੀ ਕਿ ਬ੍ਰਾਹਮਣ ਚਾਹੇ ਅਣਪੜ੍ਹ ਮੀਂਗਣਾਂ ਗਿਣਨ ਵਾਲਾ ਹੋਵੇ, ਕਾਲਾ ਹੋਵੇ, ਅਸੀਂ ਤਾਂ ਵੀ ਉਹਦੇ ਪੈਰੀਂ ਹੱਥ ਲਾਓਣਾ ਏ। ਇਹ ਸੁਣ ਕੇ ਪਤਾ ਨਹੀਂ ਉਹ ਮੀਸਣਾ ਖੁਸ਼ ਹੁੰਦਾ ਜਾਂ ਦੁਖੀ!
ਕਈ ਸਾਲ ਪਹਿਲਾਂ ਮੈਨੂੰ ਬੂਟਾ ਸਿੰਘ ਚੌਹਾਨ ਨੇ ਬਰਨਾਲੇ ਰੂਬਰੂ ਲਈ ਸੱਦਿਆ। ਜਾ ਕੇ ਪਤਾ ਲੱਗਿਆ ਕਿ ਉਥੇ ਵੀ ਹੋਰਾਂ ਸ਼ਹਿਰਾਂ ਵਾਂਗੂੰ ਲੇਖਕ ਦੋ ਧੜਿਆਂ 'ਚ ਵੰਡੇ ਹੋਏ ਨੇ। ਅਣਖੀ ਮੇਰੇ ਫੰਕਸ਼ਨ 'ਚ ਆਇਆ। ਸ਼ਾਮ ਤਕ ਉਹ ਚੌਹਾਨ ਦੇ ਦਫਤਰ ਵਾਲੇ ਚੁਬਾਰੇ 'ਚ ਬੈਠਾ ਸ਼ਰਾਬ ਪੀਂਦਾ ਰਿਹਾ। ਜਾਣ ਲੱਗਿਆ ਤਾਂ ਕਹਿੰਦਾ, ''ਸਵੇਰ ਨੂੰ ਪ੍ਰੇਮ ਨਾਸ਼ਤਾ ਸਾਡੇ ਘਰ ਖਾ ਲਈਂ।...ਮੈਂ ਰਾਤ ਚੌਹਾਨ ਦੇ ਘਰ ਰਿਹਾ। ਸਵੇਰੇ ਤਿਆਰ ਹੋ ਕੇ ਚੌਹਾਨ ਕਹਿੰਦਾ, ''ਚਲੋ, ਆਪਾਂ ਨਾਸ਼ਤਾ ਅਣਖੀ ਦੇ ਕਰ ਕੇ ਉਧਰੋਂ ਉਧਰੀਂ ਚਲੇ ਜਾਵਾਂਗੇ ਜਲੰਧਰ ਨੂੰ।''
ਰਾਹ 'ਚ ਉਹਨੇ ਅਣਖੀ ਦੇ ਘਰ ਫੋਨ ਕਰ ਕੇ ਕਿਹਾ ਕਿ ਚਾਹ ਧਰ ਲਓ, ਅਸੀਂ ਆ ਰਹੇ ਹਾਂ। ਉਧਰੋਂ ਅਣਖੀ ਦੀ ਤੀਵੀਂ ਦਾ ਜਵਾਬ ਆਇਆ ਕਿ ਉਹ ਤਾਂ ਸਵੇਰੇ ਈ ਚੰਡੀਗੜ੍ਹ ਨੂੰ ਚਲੇ ਗਏ ਨੇ।...ਇਹ ਗੱਲ ਸੁਣ ਕੇ ਮੈਨੂੰ ਕੋਈ ਹੈਰਾਨੀ ਨਾ ਹੋਈ। ਮੈਨੂੰ ਜਸਵੰਤ ਸਿੰਘ ਵਿਰਦੀ ਦੀ ਯਾਦ ਆਈ, ਜਿਹੜਾ ਘਰ ਬੈਠਾ ਹੁੰਦਾ ਸੀ ਤੇ ਉਹ ਆਪਣੇ ਛੋਟੇ ਭਾਈ ਤੋਂ ਕਹਾ ਦੇਂਦਾ ਸੀ ਕਿ ਭਾਅ ਜੀ ਤਾਂ ਘਰ ਨਹੀਂ। ਅਸੀਂ ਤਾਕੀ ਵਿਚੀਂ ਵਿਰਦੀ ਨੂੰ ਦੇਖ ਲੈਂਦੇ ਸੀ।
ਮੀਂਗਣਾਂ ਗਿਣਨ ਵਾਲਾ ਓਸ ਪੰਡਤ ਨੂੰ ਕਹਿੰਦੇ ਨੇ, ਜਿਹੜਾ ਕੋਰਾ ਅਣਪੜ੍ਹ ਹੋਵੇ ਤੇ ਪਿੰਡ ਦੇ ਲੋਕਾਂ ਨੂੰ ਤਿਥਾਂ ਆਪਣੀ ਬੱਕਰੀ ਦੀਆਂ ਮੀਂਗਣਾਂ ਗਿਣ ਕੇ ਦੱਸਦਾ ਹੋਵੇ। ਕਹਿੰਦੇ ਨੇ ਇਕ ਵਾਰੀ ਉਹਦੇ ਘੜੇ ਦਾ ਚੱਪਣ ਲਹਿ ਗਿਆ। ਬੱਕਰੀ ਨੇ ਘੜੇ 'ਚ ਮੀਂਗਣਾਂ ਦੀ ਬੁੱਕ ਭਰ ਦਿੱਤੀ। ਜਦ ਕਿਸੇ ਨੇ ਆ ਕੇ ਪੰਡਤ ਜੀ ਤੋਂ ਤਿਥ ਪੁੱਛੀ ਤਾਂ ਉਹ ਮੀਂਗਣਾ ਦਾ ਬੁੱਕ ਭਰ ਕੇ ਕਹਿੰਦਾ ਕਿ ਜਜਮਾਨ, ਅੱਜ ਤਾਂ ਤਿਥ ਬੇਅੰਤ ਐ।
ਮੈਂ ਅਣਖੀ ਕੋਲੋਂ ਅਕਸਰ ਫੋਨ ਕਰ ਕੇ ਉਹਦੀ ਸਿਹਤ ਬਾਰੇ ਪੁੱਛਦਾ ਰਹਿੰਦਾ ਸੀ। ਇਕ ਤਾਂ ਉਹਨੂੰ ਪਿਸ਼ਾਬ ਕਰਦਿਆਂ ਜਲਣ ਦੀ ਸ਼ਿਕਾਇਤ ਪੂਰੀ ਤਰ੍ਹਾਂ ਖਤਮ ਨਹੀਂ ਸੀ ਹੋਈ। ਫੇਰ ਉਹਨੇ ਇਕ ਦਿਨ ਮੈਨੂੰ ਦੱਸਿਆ, ''ਯਾਰ, ਮੇਰੇ ਦਰਦ ਜਿਹਾ ਹੁੰਦਾ ਰਹਿੰਦਾ ਐ। ਕਦੇ ਉਹ ਢਿੱਡ ਦੇ ਖੱਬੇ ਸੱਜੇ ਹੁੰਦਾ ਏ ਤੇ ਕਦੇ ਬੱਖੀ 'ਚ ਨੂੰ।''
ਅਜਿਹੀਆਂ ਸ਼ਿਕਾਇਤਾਂ ਸਭ ਬੁੜ੍ਹਿਆਂ ਨੂੰ ਹੁੰਦੀਆਂ ਰਹਿੰਦੀਆਂ ਨੇ। ਉਹ ਇਹਨੂੰ ਭਾਣਾ ਮੰਨ ਕੇ ਤੇ ਫੱਕੀ ਫੁੱਕੀ ਲੈ ਕੇ ਸਾਰੀ ਜਾਂਦੇ ਨੇ। ਜਦ ਅਣਖੀ ਏਸ ਜਹਾਨੋਂ ਤੁਰ ਗਿਆ ਤਾਂ ਹੈਰਾਨੀ ਹੋਈ ਕਿ ਏਡੀ ਛੇਤੀ ਤੇ ਕਾਹਲ ਨਾਲ ਕਿਉਂ ਚਲਿਆ ਗਿਆ।
ਅਣਖੀ ਦੇ ਗੁਜ਼ਰਨ 'ਤੇ ਜਿਹੜੀਆਂ ਖਬਰਾਂ ਤੇ ਇਸ਼ਤਿਹਾਰ ਛਪੇ, ਉਹਨਾਂ ਤੋਂ ਲੱਗਦਾ ਸੀ ਕਿ ਮਰਨ ਵਾਲਾ ਆਪਣੀਆਂ ਰਸਮਾਂ 'ਤੇ ਪੈਸਾ ਖਰਚ ਕਰਨਾ ਨਹੀਂ ਸੀ ਚਾਹੁੰਦਾ। ਬਲਕਿ ਇਹ ਚਾਹੁੰਦਾ ਸੀ ਕਿ ਉਹਦੇ ਮਰਨ 'ਤੇ ਲੋਕਾਂ ਦਾ ਭਾਰੀ ਕੱਠ ਹੋਵੇ ਤੇ ਉਹਦੇ ਗੁਣ ਗਾਏ ਜਾਣ। ਏਸ ਨਾਲ ਮੈਨੂੰ ਲਾਲ ਸਿੰਘ ਦਿਲ ਦੀ ਆਖਰੀ ਸਮੇਂ ਦੀ ਗੱਲ ਯਾਦ ਆ ਗਈ। ਉਹ ਕਹਿੰਦਾ ਹੁੰਦਾ ਸੀ ਕਿ ਉਹਦੇ ਮਰਨ 'ਤੇ ਉਹਨੂੰ ਏਸ ਘਰ ਦੇ ਵਿਹੜੇ 'ਚ ਦਫਨ ਕੀਤਾ ਜਾਵੇ। ਹਰ ਸਾਲ ਉਹਦੇ ਮਜ਼ਾਰ 'ਤੇ ਮੇਲਾ ਲੱਗੇ। ਕੱਵਾਲੀਆਂ ਹੋਣ।
ਇਹ ਅਮਰ ਹੋਣ ਦੀ ਖਾਹਿਸ਼ ਸਾਹਿਤਕਾਰ ਦਾ ਮਰਨ 'ਤੇ ਵੀ ਖਹਿੜਾ ਨਹੀਂ ਛੱਡਦੀ।
ਅਪ੍ਰੈਲ, 2010
* * * *
Saturday, 16 April 2011
ਸਮਕਾਲੀ ਕਵੀ ਜਗਤਾਰ :: ਹਰਿਭਜਨ ਸਿੰਘ ਹੁੰਦਲ
ਸਮਕਾਲੀ ਕਵੀ ਜਗਤਾਰ
(ਕੁਝ ਖੱਟੀਆਂ-ਮਿੱਠੀਆਂ ਯਾਦਾਂ)
ਲੇਖਕ : ਹਰਿਭਜਨ ਸਿੰਘ ਹੁੰਦਲ
ਸੰਪਾਦਕ : ਚਿਰਾਗ਼, ਫ਼ੋਨ : 01822273188 ; 9915042242
ਪੋਸਟਿੰਗ : ਮਹਿੰਦਰ ਬੇਦੀ, ਜੈਤੋ
1.
ਜਗਤਾਰ ਮੇਰਾ ਸਮਕਾਲੀ ਸੀ ਤੇ ਹਮ-ਉਮਰ। ਸਾਡੀ ਉਮਰ ਵਿੱਚ ਕੋਈ ਸਾਲ ਛੇ ਮਹੀਨੇ ਦਾ ਫ਼ਰਕ ਹੋਵੇਗਾ। ਸਾਡੀ ਦੋਹਾਂ ਦੀ ਕਵਿਤਾ ਦਾ ਸਫ਼ਰ ਸਮਾਂਤਰ ਚੱਲਦਾ ਰਿਹਾ ਹੈ। ਸ਼ੁਰੂ ਦੇ ਸਾਲਾਂ ਵਿੱਚ, ਜਦੋਂ ਅਸੀਂ ਅਜੇ ਸਾਹਿਤ ਵਿੱਚ ਸਥਾਪਤ ਨਹੀਂ ਸੀ ਹੋਏ ਤਾਂ ਕਦੇ-ਕਦਾਈਂ ਆਪੋ ਵਿਚ ਇੱਟ-ਖੜਿੱਕਾ ਲੈਂਦੇ ਰਹੇ। ਸਾਡਾ ਆਰੰਭ ਵੱਖੋ-ਵੱਖਰੇ ਪ੍ਰੇਰਨਾ ਸ਼੍ਰੋਤਾਂ ਤੋਂ ਹੋਇਆ ਸੀ। ਉਸਦਾ ਮੁੱਢਲਾ ਪ੍ਰੇਰਨਾ ਸ੍ਰੋਤ ਲੋਕ-ਗੀਤ ਸਨ ਤੇ ਮੇਰਾ ਪੰਜਾਬੀ ਦੀ ਪ੍ਰਗਤੀਵਾਦੀ ਰਾਜਸੀ ਕਵਿਤਾ। ਮੇਰੇ ਵਾਂਗ ਉਸਦਾ ਕਾਵਿ-ਵਿਕਾਸ ਹੌਲੀ-ਹੌਲੀ ਹੋਇਆ ਸੀ। ਉਸਦਾ ਉਰਦੂ ਦਾ ਪਿਛੋਕੜ ਮੇਰੇ ਨਾਲੋਂ ਵਧੇਰੇ ਪਰਪੱਕ ਸੀ। ਜਦੋਂ ਉਹ ਆਧੁਨਿਕ ਪ੍ਰਯੋਗਵਾਦੀ ਕਵਿਤਾ ਦੇ ਨਾਲ-ਨਾਲ ਗ਼ਜ਼ਲ ਲਿਖਣ ਵੱਲ ਪੱਕੇ ਤੌਰ 'ਤੇ ਪਰਤ ਗਿਆ ਤਾਂ ਉਹ ਨਿਰਸੰਕੋਚ ਵਧੇਰੇ ਮਾਨਤਾ ਤੇ ਸਵੀਕ੍ਰਿਤੀ ਪ੍ਰਾਪਤ ਕਰ ਗਿਆ। ਗ਼ਜ਼ਲ ਦੇ ਖੇਤਰ ਵਿਚ ਉਸ ਦਾ ਕੋਈ ਟਾਕਰਾ ਨਹੀਂ ਸੀ। ਉਸਨੂੰ ਪੰਜਾਬੀ ਕਵਿਤਾ ਦੇ ਖੇਤਰ ਵਿੱਚ, ਜੋ ਪ੍ਰਸਿੱਧਤਾ ਗ਼ਜ਼ਲ ਨੇ ਦਿਵਾਈ ਉਹ ਕਮਾਲ ਦੀ ਸੀ। ਉਸਨੇ ਰਾਜਨੀਤਿਕ ਅਨੁਭਵਾਂ ਨਾਲ ਲਬਰੇਜ਼ ਡੂੰਘੇ ਅਰਥਾਂ ਵਾਲੀਆਂ ਗ਼ਜ਼ਲਾਂ ਲਿਖਣ ਦੇ ਨਾਲ-ਨਾਲ ਵਿਛੋੜੇ-ਮਿਲਾਪ, ਇਕੱਲਤਾ, ਮਾਯੂਸੀ ਤੇ ਹੋਰ ਅਨੇਕ ਭਾਂਤ ਦੇ ਮਨੁੱਖੀ ਅਨੁਭਵਾਂ ਨੂੰ ਬੜੀ ਪੁਖ਼ਤਾ ਜ਼ਬਾਨ ਤੇ ਨਵੇਂ ਕਾਵਿ-ਮਹਾਵਰੇ ਵਿੱਚ ਪੇਸ਼ ਕੀਤਾ।
ਪੰਜਾਬੀ ਵਿੱਚ ਅੱਜ ਜੇ ਕੋਈ ਗ਼ਜ਼ਲ ਦੇ ਖੇਤਰ ਵਿਚ ਜਗਤਾਰ ਦੇ ਬਰਾਬਰ ਤੇ ਕਈ ਵਾਰ ਉਸ ਤੋਂ ਵੀ ਕੁਝ ਵੱਧ ਡੂੰਘੇ ਅਰਥਾਂ ਤੇ ਅਨੇਕ ਤੈਹਾਂ ਵਾਲੀ ਭਰਪੂਰ ਰਾਜਸੀ ਗ਼ਜ਼ਲ ਕਹਿ ਰਿਹ ਹੈ ਤਾਂ ਉਹ ਗੁਰਦੀਪ ਡੇਅਰਾਦੂਨ ਹੈ। ਬੌਧਿਕ ਡੂੰਘਿਆਈ ਤੇ ਦਾਰਸ਼ਨਿਕ ਅਰਥਾਂ ਵਾਲੀਆਂ ਗ਼ਜ਼ਲਾਂ ਲਿਖਣ ਵਿੱਚ ਬਹੁਤ ਵਾਰ ਗੁਰਦੀਪ, ਜਗਤਾਰ ਨੂੰ ਕਦੇ-ਕਦੇ ਪਿੱਛੇ ਛੱਡ ਜਾਂਦਾ ਹੈ।
ਪਰ ਗੁਰਦੀਪ ਦੇ ਟਾਕਰੇ ਉੱਤੇ ਜਗਤਾਰ ਨੇ ਗ਼ਜ਼ਲ ਲਿਖ ਕੇ ਵਧੇਰੇ ਸਵੀਕ੍ਰਿਤੀ ਤੇ ਮਾਨਤਾ ਪ੍ਰਾਪਤ ਕੀਤੀ ਹੈ। ਆਖ਼ਰ ਕਿਵੇਂ? ਗੁਰਦੀਪ ਦਾ ਪੰਜਾਬ ਤੋਂ ਦੂਰ ਚਲੇ ਜਾਣਾ, ਦਰਵੇਸ਼ਾਂ ਵਰਗੀ ਨਿਰਲੇਪਤਾ ਧਾਰਨ ਕਰ ਲੈਣਾ ਤੇ ਉਸਦੀ ਜ਼ਬਾਨ ਵਿੱਚ ਉਰਦੂ ਫਾਰਸੀ ਦੇ ਸ਼ਬਦਾਂ ਤੇ ਇਸ਼ਤਿਆਰਿਆਂ ਦਾ ਭਾਰੂ ਹੋ ਜਾਣਾ ਉਹ ਜਦ ਵੀ ਤੇ ਜਿੱਥੇ ਵੀ, ਪੰਜਾਬੀ ਮੁਹਾਵਰੇ ਵਿੱਚ ਗੱਲ ਕਰਦਾ ਹੈ, ਉੱਥੇ ਉਹ ਜਗਤਾਰ ਨਾਲੋਂ ਬਹੁਤ ਉੱਚਾ ਉੱਠ ਜਾਂਦਾ ਹੈ। ਜਗਤਾਰ ਦੀ ਸਮੁੱਚੀ ਗ਼ਜ਼ਲ ਤੇ ਨਜ਼ਮ ਦੋਹਾਂ ਨੂੰ ਮੈਂ ਦੁਬਾਰਾ ਪੜ੍ਹਿਆ ਹੈ ਤੇ ਕਿਸੇ ਹੱਦ ਤੀਕ ਵਿਚਾਰਿਆ ਵੀ ਹੈ। ਮੈਂ ਨਿੱਜੀ ਤੌਰ 'ਤੇ ਇਹ ਅਨੁਭਵ ਕੀਤਾ ਹੈ ਕਿ ਜੋ ਪ੍ਰਾਪਤੀ ਤੇ ਸਵਕ੍ਰਿਤੀ ਉਸਨੇ ਗ਼ਜ਼ਲ ਦੇ ਖੇਤਰ ਵਿੱਚ ਪ੍ਰਾਪਤ ਕੀਤੀ ਹੈ, ਉਹ ਨਜ਼ਮ ਵਿੱਚ ਨਹੀਂ ਕੀਤੀ। ਉਂਝ 'ਲਹੂ ਦੇ ਨਕਸ਼' ਅਤੇ ਮਗਰਲੇ ਤਿੰਨ ਕਾਵਿ-ਸੰਗ੍ਰਹਿਆਂ ('ਪ੍ਰਵੇਜ਼ ਦੁਆਰ', 'ਚਨੁਕਰੀ ਸ਼ਾਮ' ਅਤੇ 'ਜਜ਼ੀਰਿਆਂ ਵਿਚ ਘਿਰਿਆ ਸਮੁੰਦਰ') ਵਿੱਚ ਉਸਦੀ ਨਜ਼ਮ ਦੇ ਕ੍ਰਿਸ਼ਮੇ ਤੇ ਪ੍ਰਾਪਤੀ ਅਣਡਿੱਠ ਨਹੀਂ ਕੀਤੀ ਜਾ ਸਕਦੀ।
2.
1955-56 ਦੇ ਆਰੰਭਕ ਸਾਲਾਂ ਵਿੱਚ ਜਲੰਧਰ ਜਿੱਥੇ ਪੱਤਰਕਾਰੀ ਦੇ ਕੇਂਦਰ ਵਜੋਂ ਸਥਾਪਤ ਹੋ ਚੁੱਕਾ ਸੀ, ਉੱਥੇ ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਸਰਗਰਮੀਆਂ ਕਾਰਨ ਵੀ ਪ੍ਰਸਿੱਧ ਸੀ। ਇਸ ਉੱਤੇ ਵਾਧਾ ਇਹ ਕਿ ਜਲੰਧਰ ਵਿੱਚ ਰੂਸੀ ਕਿਤਾਬਾਂ ਦੀ ਦੁਕਾਨ 'ਪੰਜਾਬ ਬੁੱਕ ਸੈਂਟਰ' ਵੀ ਸੀ। ਹਰ ਉੱਠਦਾ ਉਭਰਦਾ ਲੇਖਕ ਬੱਸੋਂ ਉਤਰ ਕੇ, ਪਹਿਲਾਂ ਸਿੱਧਾ 'ਪੰਜਾਬ ਬੁੱਕ ਸੈਂਟਰ' ਜਾਂਦਾ ਸੀ ਤੇ ਨਵੀਆਂ ਰੂਸੀ ਕਿਤਾਬਾਂ ਖਰੀਦ ਕੇ ਕੱਛੇ ਮਾਰ, ਫਿਰ ਕੰਪਨੀ ਬਾਗ ਦੇ ਸਾਹਮਣੇ ਵਾਲੇ ਚੁਬਾਰਿਆਂ ਵਿੱਚ ਬਣੇ 'ਇੰਡੀਅਨ ਕਾਫੀ ਹਾਊਸ' ਦੀਆਂ ਪੌੜੀਆਂ ਚੜ੍ਹ ਕੁਰਸੀ 'ਤੇ ਜਾ ਬੈਠਦਾ ਸੀ। ਜਾਂਦਿਆਂ ਨੂੰ ਦੋ ਚਾਰ ਲੇਖਕ ਜਾਂ ਪੱਤਰਕਾਰ ਪਹਿਲਾਂ ਹੀ ਨਵੇਂ ਆਉਣ ਵਾਲੇ ਦੀ ਉਡੀਕ ਕਰ ਰਹੇ ਹੁੰਦੇ ਸਨ ਤੇ ਸ਼ਨੀਚਰਵਾਰ ਉਹ ਦੁਪਹਿਰੋਂ ਬਾਅਦ ਕਾਫੀ ਹਾਊਸ ਪਹੁੰਚ ਜਾਂਦੇ। ਦੋ-ਚਾਰ ਘੰਟੇ ਕਾਫੀ ਪੀ, ਚੁੰਝ ਲੜਾ, ਅਗਲੇ ਦਿਨ ਐਤਵਾਰ ਜਾਂ ਫਿਰ ਸੋਮਵਾਰ ਸਵੱਖਤੇ, ਆਪਣੇ ਆਪਣੇ ਸਕੂਲਾਂ ਨੂੰ ਭੱਜ ਉਠਦੇ ਸੀ।
ਇਸੇ ਹੀ ਕਾਫੀ ਹਾਊਸ ਵਿੱਚ ਮੇਰੀ ਜਗਤਾਰ ਨਾਲ ਪਹਿਲੀ ਝੜਪ ਹੋਈ ਸੀ। ਜਿਸ ਦਾ ਅਸਰ ਕਈ ਦਹਾਕੇ ਤੀਕ ਚੱਲਦਾ ਰਿਹਾ। ਇਹ ਛੇਵੇਂ ਦਹਾਕੇ ਦੇ ਅੰਤਲੇ ਕਿਸੇ ਸਾਲ ਦੇ ਨੇੜੇ-ਤੇੜੇ ਦੀ ਗੱਲ ਸੀ। ਜਸਬੀਰ ਸਿੰਘ ਆਹਲੂਵਾਲੀਆ ਜਲੰਧਰ ਵਿੱਚ ਮੈਜਿਸਟਰੇਟ ਆ ਲੱਗਾ ਸੀ। ਉਸਨੇ ਪ੍ਰੀਤਮ ਸਿੰਘ ਪੀ.ਸੀ.ਐਸ. ਨਾਲ ਰਲਕੇ ਪੰਜਾਬੀ ਕਵਿਤਾ ਵਿੱਚ ਨਵੇਂ ਪ੍ਰਯੋਗਾਂ ਦੀ ਗੱਲ ਚਲਾ ਦਿੱਤੀ ਸੀ। ਪ੍ਰੋ. ਮੋਹਨ ਸਿੰਘ ਨੇ ਆਪਣੀ ਪੱਤ੍ਰਿਕਾ 'ਪੰਜ ਦਰਿਆ' ਡਾ. ਆਹਲੂਵਾਲੀਆ ਨੂੰ ਵੇਚ ਦਿੱਤੀ ਸੀ। ਪੰਜ ਦਰਿਆ ਦੀ ਨਵੀਂ ਮਾਲਕੀ ਅਧੀਨ ਛਪਦੇ ਇਸ ਦੇ ਇਕ ਅੰਕ ਵਿੱਚ ਨਾਟਕਕਾਰ ਸੁਰਜੀਤ ਸਿੰਘ ਸੇਠੀ ਨੇ ਇਕ ਖੁੱਲ੍ਹਾ ਖ਼ਤ ਛਾਪਿਆ ਸੀ, ਜਿਸ ਵਿੱਚ ਮੋਹਨ ਸਿੰਘ ਤੇ ਅੰਮ੍ਰਿਤਾ ਪ੍ਰੀਤਮ ਦੇ ਸੂਖਮ ਪਿਆਰ-ਸੰਬੰਧਾਂ ਦਾ ਵਿਅੰਗਾਤਮਿਕ ਜ਼ਿਕਰ ਚਟਖਾਰੇ ਨਾਲ ਬਿਆਨ ਕੀਤਾ ਗਿਆ ਸੀ। ਇਸ ਚਿੱਠੀ ਦੇ ਛਪਣ ਨਾਲ ਸਾਹਿਤਕ ਹਲਕਿਆਂ ਵਿੱਚ ਤਿੱਖੀ ਚਰਚਾ ਛਿੜ ਪਈ ਸੀ। ਪ੍ਰੀਤਲੜੀ ਵਿੱਚ ਸਵਰਗੀ ਨਵਤੇਜ ਸਿੰਘ ਨੇ ਆਪਣੇ ਮਹੀਨੇਵਾਰ ਕਾਲਮ 'ਮੇਰੀ ਧਰਤੀ-ਮੇਰੇ ਲੋਕ' ਵਿੱਚ ਸੁਰਜੀਤ ਸਿੰਘ ਸੇਠੀ ਦੀ ਇਸ ਲਿਖਤ ਦੇ ਅੰਦਾਜ਼ ਦਾ ਨੋਟਿਸ ਲਿਆ ਸੀ।
ਕਾਫ਼ੀ ਹਾਊਸ ਵਿੱਚ ਉਸ ਦਿਨ ਇਕ ਮੇਜ਼ ਦੁਆਲੇ ਜਗਤਾਰ, ਮੈਂ ਤੇ ਇਕ ਦੋ ਜਣੇ ਹੋਰ ਬੈਠੇ ਹੋਏ ਸਨ। ਉਹ ਨਵਤੇਜ ਦੇ ਲਿਖੇ ਕਾਲਮ ਦੀ ਨਿੰਦਿਆ ਕਰ ਰਿਹਾ ਸੀ ਮੈਂ ਪ੍ਰਸ਼ੰਸਾ। ਅਚਾਨਕ ਹੀ ਉਹ ਤੈਸ਼ ਵਿੱਚ ਆ ਗਿਆ ਤੇ ਆਖਣ ਲੱਗਾ,
“ਤੂੰ ਨਵਤੇਜ ਦਾ ਸਾਲਾ ਲੱਗਦੈਂ?” ਮੇਰੇ ਲਈ ਇਹ ਵੱਡੀ ਚੁਣੌਤੀ ਸੀ। ਮੈਂ ਆਪਣੀ ਗੁਰਗਾਬੀ ਦਾ ਇਕ ਛਿੱਤਰ ਲਾਹਿਆ ਤੇ ਮੇਜ਼ ਉੱਤੇ ਰੱਖ ਦਿੱਤਾ। “ਇਕ ਵਾਰੀ ਇਹ ਗਾਲ੍ਹ ਫਿਰ ਕੱਢ।” ਮੈਂ ਆਖਿਆ। ਪਰ ਉਹ ਚੁੱਪ ਸੀ। ਦੋ-ਚਾਰ ਮਿੰਟ ਮੈਂ ਉਡੀਕਿਆ, ਛਿੱਤਰ ਫੜ ਕੇ ਪੈਰੀਂ ਪਾਇਆ ਤੇ ਉੱਥੋਂ ਉੱਠ ਕੇ ਕਾਫ਼ੀ ਹਾਊਸ ਤੋਂ ਬਾਹਰ ਨਿਕਲ ਆਇਆ।
ਉਹ ਦਿਨ ਜਾਵੇ ਤੇ ਆਹ ਦਿਨ ਆਵੇ, ਉਹ ਨਹੀਂ ਫਿਰ ਮੇਰੇ ਨਾਲ ਸਿੱਧੇ ਮੂੰਹ ਬੋਲਿਆ। ਇੰਜ ਸਾਡੇ ਵਿਰੋਧ ਦਾ ਮੁੱਢ ਬੱਝ ਗਿਆ ਤੇ ਜੋ ਦੇਰ ਤੀਕ ਚੱਲਦਾ ਰਿਹਾ।
3.
ਇਹਨਾਂ ਹੀ ਦਿਨਾਂ ਵਿੱਚ ਆਹਲੂਵਾਲੀਏ ਦੇ ਪ੍ਰਯੋਗਵਾਦ ਦੀ ਬੜੀ ਚਰਚਾ ਚੱਲ ਪਈ ਸੀ। ਪ੍ਰਗਤੀਵਾਦੀ ਸਹਿਤ ਸਿਧਾਂਤਾਂ ਉੱਤੇ ਹਮਲੇ-ਦਰ ਹਮਲੇ ਹੋਣ ਲੱਗੇ। ਵੇਖਦੇ ਹੀ ਵੇਖਦੇ ਅਜਾਇਬ ਕਮਲ, ਰਵਿੰਦਰ ਰਵੀ ਤੇ ਜਗਤਾਰ ਪ੍ਰਯੋਗਵਾਦੀ ਕਵਿਤਾਵਾਂ ਲਿਖਣ ਲੱਗੇ। ਪੰਡਿਤ ਨਹਿਰੂ ਦੇ ਅਖੌਤੀ ਸਮਾਜਵਾਦ ਦੀ ਪ੍ਰਸ਼ੰਸਾ ਹੋਣ ਲੱਗੀ ਤੇ ਪ੍ਰਗਤੀਵਾਦੀ ਲੇਖਕ/ਪ੍ਰਗਟਾਅ ਢੰਗਾਂ ਨੂੰ ਰਵਾਇਤੀ ਤੇ ਸਮੇਂ ਤੋਂ ਪਛੜਿਆ ਹੋਇਆ ਕਿਹਾ ਜਾਣਾ ਆਮ ਗੱਲ ਬਣ ਗਿਆ ਸੀ।
ਜਗਤਾਰ ਤੇ ਰਣਜੀਤ ਸਿੰਘ ਚੰਦ ਨੇ ਵੀ ਆਪਦੀ ਧਿਰ ਦਾ ਪ੍ਰਚਾਰ ਕਰਨ ਲਈ 'ਸੁਰਤਾਲ' ਪੱਤ੍ਰਿਕਾ ਛਾਪਣੀ ਸ਼ੁਰੂ ਕੀਤੀ। ਟੀ.ਐਸ. ਈਲੀਅਟ ਦੀਆਂ ਚੋਣਵੀਆਂ ਵਾਰਤਕ ਲਿਖਤਾਂ ਦੇ ਹਵਾਲੇ ਦਿੱਤੇ ਜਾਣ ਲੱਗੇ। ਆਹਲੂਵਾਲੀਏ ਦੀ ਰੀਸੇ ਜਗਤਾਰ ਨੇ ਵੀ ਸੈਕਸ ਦਾ ਨਿਸੰਗ ਵਰਣਨ ਕਰਦਿਆਂ ਕਵਿਤਾਵਾਂ ਲਿਖਣੀਆਂ ਆਰੰਭ ਕਰ ਦਿੱਤੀਆਂ...:
ਮੇਰੇ ਲਈ ਫਿਰ
ਖੂਬਸੂਰਤ ਕੁੜੀਆਂ ਦਾ ਨੰਗਾ ਬਦਨ
ਬੰਦ ਕਮਰੇ ਵਿੱਚ ਬਣ ਜਾਵੇ ਖੁਦਾ
ਜਿਸਮ ਦੀ ਲੱਜ਼ਤ, ਗੁਲਾਈਆਂ
ਨਿੱਘ ਦੀ ਗੱਲ ਛੱਡ ਕੇ
ਰੂਹ ਦੇ ਜੋ ਪਿਆਰ ਦੀ ਗੱਲ ਕਰਦਾ
ਉਹ ਨਿਪੁੰਸਕ ਹੈ, ਨਿਰਾਸ਼ਾਵਾਦੀ ਹੈ।
ਜਾਂ ਫਿਰ 'ਸੁਰਤਾਲ' ਵਿੱਚ ਉਸਦੀ ਇਕ ਹੋਰ ਕਵਿਤਾ ਛਪੀ। ਜਿਸ ਵਿਚ ਉਪਰਲੀ ਗੱਲ ਨੂੰ ਹੋਰ ਅੱਗੇ ਤੋਰਦੇ ਹੋਏ ਉਸਨੇ ਕਿਹਾ...:
'ਸਾਨੂੰ ਨੇਰ੍ਹ 'ਚ ਇਕ ਦੂਜੇ ਨੂੰ
ਜਾਨਣ ਦੀ ਆਦਤ ਪੈ ਗਈ
ਅੰਗ ਅੰਗਾਂ ਦੇ ਵਾਕਿਫ਼ ਹੋ ਗਏ
ਮਗਰਮੱਛ ਵਾਂਗ ਮੈਂ ਉਸ ਨੂੰ
ਰਾਤ ਰਾਤ ਵਿੱਚ
ਕਿੰਨੀ ਵਾਰ ਨਿਗਲ ਜਾਂਦਾ ਸਾਂ।
ਹੁਣ ਕੁਝ ਚਿਰ ਤੋਂ ਮੈਂ
ਪਤਨੀ ਦੇ ਪੇਟ ਵਿੱਚ ਹਾਂ
ਸ਼ੱਕ ਗ੍ਰਸਿਆ ਸੋਚਣ ਲੱਗਦਾ
ਮੈਂ ਹੀ ਉਸਦੇ ਪੇਟ 'ਚ ਹਾਂ
ਜਾਂ ਕੋਈ ਹੋਰ ਹੈ।' (ਸੁਰਤਾਲ ਜੂਨ 66)
ਮੈਂ ਤੇ ਮੇਰੇ ਵਰਗੇ ਹੋਰ ਨਵੇਂ ਉਠਦੇ ਕਵੀ ਇਹ ਕਵਿਤਾਵਾਂ ਪੜ੍ਹਕੇ ਡੂੰਘੀਆਂ ਸੋਚਾਂ ਵਿੱਚ, ਉਲਝ ਜਾਂਦੇ ਕਿ ਇਹ ਕੈਸੇ ਨਵੇਂ ਪ੍ਰਯੋਗ ਹਨ, ਜਿਨ੍ਹਾਂ ਦੀ ਵਕਾਲਤ ਇਹ ਸਿਧਾਂਤਕਾਰ ਕਰ ਰਹੇ ਹਨ। ਖੁਦ ਮੈਂ ਵੀ ਪ੍ਰਯੋਗਾਂ ਬਾਰੇ ਨਿਰੰਤਰ ਸੋਚਦਾ ਰਹਿੰਦਾ ਸੀ।
ਨਿਰਸੰਕੋਚ ਹਰ ਸਮੇਂ ਸਾਹਿਤ ਵਿੱਚ ਨਵੇਂ ਤਜਰਬੇ ਤੇ ਨਵੇਂ ਪ੍ਰਯੋਗ ਹੁੰਦੇ ਰਹਿੰਦੇ ਹਨ ਤੇ ਇਹਨਾਂ ਦੀ ਅਵੱਸ਼ਕਤਾ ਵੀ ਬਣੀ ਰਹਿੰਦੀ ਹੈ। ਪਰ ਸਮਾਜਿਕ ਯਥਾਰਥ ਨੂੰ ਪ੍ਰਗਟ ਕਰਨ ਵੇਲੇ, ਲੇਖਕ ਦੀ ਪਹੁੰਚ ਤੇ ਵਤੀਰਾ ਕੀ ਹੋਣਾ ਚਾਹੀਦਾ ਹੈ। ਇਕ ਪ੍ਰਗਤੀਵਾਦੀ ਲੇਖਕ ਇਸ ਸਥਿਤੀ ਵਿੱਚ ਕੀ ਕਰੇ? ਇਹਨਾਂ ਹੀ ਸਮੱਸਿਆਵਾਂ ਨੂੰ ਸਾਂਝੇ ਤੌਰ 'ਤੇ ਨਜਿੱਠਣ ਲਈ 1965 ਵਿੱਚ ਤ੍ਰੈ-ਮਾਸਿਕ 'ਸਿਰਜਣਾ' ਦੀ ਸਾਡੇ ਮਿੱਤਰਾਂ ਵੱਲੋਂ ਪ੍ਰਕਾਸ਼ਨਾ ਆਰੰਭ ਹੋਈ।
ਪਰ ਡਾ. ਜਗਤਾਰ ਲਈ ਨਵੇਂ ਪ੍ਰਯੋਗ ਸ਼ੁਰੂ ਕਰਨ ਵੇਲੇ, ਮੇਰੇ ਵਰਗੀ ਕੋਈ ਦੁਬਿਧਾ ਸ਼ਾਇਦ ਨਹੀਂ ਸੀ। ਇਹ ਗੱਲ ਵੀ ਨਹੀਂ ਸੀ ਕਿ ਉਸ ਦੇ ਸਾਰੇ ਹੀ ਕਾਵਿ-ਪ੍ਰਯੋਗ ਸਾਰਥਕ ਨਹੀਂ ਸਨ। ਐਪਰ ਮੈਂ ਅਨੁਭਵ ਕਰਦਾ ਸੀ ਕਿ ਇਹ ਕਵਿ-ਪ੍ਰਯੋਗ ਪਾਠਕ ਲਈ ਕੋਈ ਅਰਥ ਨਹੀਂ ਸੀ ਰੱਖਦੇ ਤੇ ਇਸ ਨਾਲ ਸਗੋਂ ਸਾਧਾਰਨ ਪਾਠਕ ਕਵਿਤਾ ਨਾਲੋਂ ਟੁੱਟਦਾ ਗਿਆ ਸੀ। ਪਰ ਮੈਂ ਖੁਦ ਨਵੇਂ ਪ੍ਰਯੋਗਾਂ ਦੇ ਰਾਹ ਤਲਾਸ਼ ਕਰਨ ਵੇਲੇ ਬੜੀ ਦੁਬਿਧਾ ਵਿੱਚ ਸੀ। ਮੇਰੀ ਇਹ ਦੁਬਿਧਾ, ਅਚਾਨਕ ਹੀ ਉਸ ਵੇਲੇ ਖ਼ਤਮ ਹੋਈ , ਜਦੋਂ ਸੰਪਾਦਕ ਪ੍ਰੀਤ-ਲੜੀ ਸ਼੍ਰੀ ਨਵਤੇਜ ਸਿੰਘ ਦੇ ਦੱਸਣ ਉੱਤੇ ਮੈਂ ਕਾਫੀ ਹਾਊਸ ਜਲੰਧਰ ਵਿੱਚ ਬੈਠੇ ਨੂੰ, ਅਰਨੈਸਟ ਵਿਸ਼ਰ ਦੀ ਕਿਤਾਬ (“he Neesith of Art) ਦੀ ਦੱਸ ਪਈ ਤੇ ਮੇਰੇ ਲਈ ਇਹ ਕਿਤਾਬ ਕਾਵਿ-ਪ੍ਰਸੰਗਾਂ ਬਾਰੇ ਕਪਾਟ ਖੋਲ੍ਹਣ ਵਾਲੀ ਸਾਬਤ ਹੋਈ।
ਉਸ ਵਿੱਚ ਲਿਖਿਆ ਸੀ, “ਇਹ ਸਪੱਸ਼ਟ ਹੈ ਕਿ ਉਸ ਸਮੇਂ ਖੋਟੇ (Spurious) ਪ੍ਰਯੋਗਾਂ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ, ਜਦੋਂ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੁੰਦੀ ਹੈ ਕਿ ਮਨੁੱਖਤਾ ਨੂੰ ਉਹ ਘੱਟਾ ਆਪਣੀਆਂ ਅੱਖਾਂ ਵਿਚੋਂ ਮਲ ਕੇ ਬਾਹਰ ਕੱਢਣ ਦੀ ਲੋੜ ਹੈ, ਜਿਹੜਾ ਉਸ ਦੀਆਂ ਅੱਖਾਂ ਵਿੱਚ ਪਾਇਆ ਜਾ ਰਿਹਾ ਹੈ। ਇਹ ਵੀ ਬਰਾਬਰ ਦਾ ਸੱਚ ਹੈ ਕਿ ਅਸੀਂ ਬੀਤੇ ਦੀਆਂ ਗੱਲਾਂ ਵੱਲ ਨਹੀਂ ਪਰਤ ਸਕਦੇ। ਸਾਨੂੰ ਸੱਚੇ ਪ੍ਰਯੋਗਾਂ ਵੱਲ ਵਧਣਾ ਚਾਹੀਦਾ ਹੈ। ਸਾਡੇ ਆਲੇ-ਦੁਆਲੇ ਕਿੰਨੀਆਂ ਵੱਡੀਆਂ ਖੋਜਾਂ ਹੋ ਰਹੀਆਂ ਹਨ—ਪੁਰਾਣੇ ਸਾਧਨਾਂ ਨਾਲ ਕਲਾਕਾਰ ਇਹਨਾਂ ਨੂੰ ਕਿਵੇਂ ਪੇਸ਼ ਕਰ ਸਕਦੇ ਹਨ।” (ਪੰਨਾ 113-114)
ਇਸ ਪੁਸਤਕ ਦੇ ਅਧਿਐਨ ਨਾਲ ਕਾਵਿ-ਪ੍ਰਯੋਗਾਂ ਬਾਰੇ ਮੇਰੇ ਸਾਰੇ ਸ਼ੰਕੇ ਨਵਿਰਤ ਹੋ ਗਏ ਸਨ। ਸਿੱਟੇ ਵਜੋਂ ਮੈਂ 1965 ਵਿੱਚ ਛਪੇ ਆਪਣੇ ਪਹਿਲੇ ਕਾਵਿ ਸੰਗ੍ਰਹਿ 'ਮਾਰਗ' ਦੇ ਅੰਤਲੇ ਪੰਨਿਆਂ ਵਿੱਚ ਤਿੰਨ-ਚਾਰ ਅਜਿਹੀਆਂ ਕਵਿਤਾਵਾਂ ਛਾਪੀਆਂ, ਜੋ ਮੇਰੇ ਲਈ ਨਵੇਂ ਕਾਵਿ-ਤਜਰਬਿਆਂ ਦੀਆਂ ਲਖਾਇਕ ਸਨ..:
ਤਿੰਨ ਕਵਿਤਾਵਾਂ ਲਿਖ ਕੇ ਗੋਰੀ ਘਰ ਮੁੜਿਆ ਹਾਂ
ਇਕ ਕਵਿਤਾ ਹੈ ਮੇਰੇ ਪਿੰਡ ਦੇ ਸੋਹਣ ਸਿੰਘ ਦੀ
ਜਿਸ ਨੂੰ ਵਿਰਸੇ ਵਿੱਚੋਂ ਗੋਰੀ
ਇਕ ਫ਼ਿਕਰਾਂ ਦੀ ਪੰਡ ਮਿਲੀ ਹੈ
ਏਸ ਪੰਡ ਵਿੱਚ ਬੱਝਾ ਹੋਇਆ
ਕੁਝ ਕਰਜਾ ਹੈ। (1962)
4.
ਕਵਿਤਾ ਵਿੱਚ ਨਵੇਂ ਪ੍ਰਯੋਗ ਕਰਨ ਦੀ ਗੱਲ ਸਪੱਸ਼ਟ ਹੋਈ ਤਾਂ ਹੋਰ ਨਵੇਂ ਮਸਲੇ ਉੱਠ ਖੜੇ ਹੋਏ। 1962 ਵਿੱਚ ਭਾਰਤ-ਚੀਨ ਸਰਹੱਦੀ ਝੜਪਾਂ ਨੇ ਭਾਰਤ ਭਰ ਦੇ ਸਭ ਭਾਂਤ ਦੇ ਲੇਖਾਂ ਨੂੰ ਫਿਰ ਇਕ ਨਵੀਂ ਦੁਬਿਧਾ ਵਿੱਚ ਪਾ ਦਿੱਤਾ। ਉਦੋਂ ਤੀਕ ਅਜੇ ਨੈਵਲ ਮੈਕਸਵੈੱਲ ਦੀ ਕਿਤਾਬ 'ਭਾਰਤ ਦੀ ਚੀਨ ਜੰਗ' ਛਪ ਕੇ ਨਹੀਂ ਸੀ ਆਈ। ਸਾਰੇ ਦੇਸ਼ ਵਿੱਚ ਚੀਨ ਵਿਰੋਧੀ ਪ੍ਰਚਾਰ ਜ਼ੋਰਾਂ ਉੱਤੇ ਹੋ ਰਿਹਾ ਸੀ। ਅਲੀ ਸਰਦਾਰ ਜਾਫ਼ਰੀ ਵਰਗੇ ਉਰਦੂ ਦੇ ਪ੍ਰਮੁੱਖ ਕਵੀਆਂ ਨੇ ਚੀਨੀ ਇਨਕਲਾਬ ਦੀ ਜਿੱਤ ਉੱਤੇ ਲਿਖੀਆਂ ਆਪਣੀਆਂ ਪ੍ਰਸ਼ੰਸਾਮਈ ਕਵਿਤਾਵਾਂ ਨੂੰ ਨਸ਼ਟ ਕਰਨ ਦਾ ਐਲਾਨ ਕਰ ਦਿੱਤਾ। ਪੰਜਾਬੀ ਕਵੀਆਂ ਲਈ ਫਿਰ ਇਕ ਨਵੀਂ ਚੁਣੋਤੀ ਗੰਭੀਰ ਤੇ ਗੁੰਝਲਦਾਰ ਵੀ। ਭਾਰਤ ਦੇ ਚੀਨ ਦੋਵੇਂ ਦੇਸ਼ ਨਵੇਂ-ਨਵੇਂ ਆਜ਼ਾਦ ਹੋਏ ਸਨ। ਉਹਨਾਂ ਦੀਆਂ ਸਰਹੱਦਾਂ ਦੀ ਸਹੀ ਨਿਸ਼ਾਨਦੇਹੀ ਕਦੇ ਨਹੀਂ ਹੋਈ ਸੀ। ਅੰਗਰੇਜ਼ ਸਾਮਰਾਜ ਨੇ ਇਸ ਨਿਸ਼ਾਨਦੇਹੀ ਨੂੰ ਆਪਣੇ ਹਿੱਤਾਂ ਲਈ ਹੋਰ ਵਧੇਰੇ ਉਲਝਾ ਦਿੱਤਾ ਸੀ।
ਮੈਂ ਉਹਨਾਂ ਦਿਨਾਂ ਵਿੱਚ ਲੱਕ ਦੀ ਡਿਸਕ ਹਿੱਲ ਜਾਣ ਕਰਕੇ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਸੀ, ਜਿੱਥੇ ਸ਼ਾਮ ਨੂੰ ਮੇਰੇ ਰਾਜਸੀ ਤੇ ਸਾਹਿਤਕ ਮਿੱਤਰ ਕਾ. ਸੁਹੇਲ ਤੇ ਡਾ. ਰਘਬੀਰ ਸਿੰਘ ਮਿਲਣ-ਗਿਲਣ ਆਉਂਦੇ ਤੇ ਭਾਰਤ-ਚੀਨ ਸਰਹੱਦੀ ਘਟਨਾਵਾਂ ਦੀ ਚਰਚਾ ਕਰਦੇ ਹੁੰਦੇ ਸਨ। ਇਸ ਕਾਰਨ ਮੈਂ ਕਾਫੀ ਹੱਦ ਤੀਕ ਉਸ ਦੁਬਿਧਾ ਤੋਂ ਬਚਿਆ ਰਿਹਾ, ਜਿਸਦਾ ਇਕ ਹੋਰ ਕਵੀ ਸਮੇਤ ਜਗਤਾਰ ਵੀ ਸ਼ਿਕਾਰ ਹੋ ਰਿਹਾ ਸੀ। ਹਸਪਤਾਲੋਂ ਛੁੱਟੀ ਮਿਲਣ ਉੱਤੇ ਮੈਂ ਆਪਣੇ ਪਿੰਡ ਆ ਗਿਆ, ਪਰ ਸਰਹੱਦੀ ਘਟਨਾਵਾਂ ਮੇਰੀਆਂ ਸੋਚਾਂ ਉੱਤੇ ਛਾਈਆਂ ਰਹਿੰਦੀਆਂ। ਮੈਂ ਉਹਨੀਂ ਦਿਨੀਂ ਚੰਗੇਜ਼ ਐਤਮਾਤੋਵ ਦਾ ਇਕ ਨਾਵਲ ਪੜ੍ਹ ਰਿਹਾ ਸੀ, ਜਿਸ ਵਿੱਚ ਇਕ ਪਰਿਵਾਰ ਦਾ ਪਿਤਾ ਤੇ ਤਿੰਨ ਪੁੱਤਰ ਦੂਜੀ ਜੰਗ ਵਿਚ ਮਾਰੇ ਗਏ ਸਨ। ਮੈਂ ਇਸ ਨਾਵਲ ਨੂੰ ਆਧਾਰ ਬਣਾ ਕੇ ਭਾਰਤ ਚੀਨ ਸਰਹੱਦੀ ਝੜਵਾਂ ਬਾਰੇ ਇਕ ਨਵੀਂ ਕਵਿਤਾ ਲਿਖੀ ਜੋ ਇਸ ਪ੍ਰਕਾਰ ਸੀ...:
ਦੱਸੋ, ਦੱਸੋ
ਮੇਰੇ ਪਿੰਡ ਦੇ ਬੀਬੇ ਲੋਕੋ, ਮੈਨੂੰ ਦੱਸੋ?
ਜਿਸ ਬਰਫੀਲੀ ਤੇ ਪਥਰੀਲੀ ਧਰਤੀ ਖ਼ਾਤਰ
ਮੇਰਾ ਪਤੀ ਤੇ ਤਿੰਨੇ ਪੁੱਤਰ ਮਾਰੇ ਗਏ ਨੇ
ਉਸ ਧਰਤੀ ਦੇ ਟੋਟੇ ਨਾਲੋਂ
ਮੇਰੇ ਦਿਲ ਦੇ ਟੋਟੇ ਕੀ ਏਨੇ ਹੀ ਸਸਤੇ ਸੀ?
ਕੀ ਮੈਂ ਤਿੰਨੇ ਪੁੱਤਰ ਇਸ ਮਿੱਟੀ ਦਾ
ਮੁੱਲ ਤਾਰਨ ਲਈ ਹੀ ਪਾਲੇ ਸੀ? (1963)
ਪਰ ਜਗਤਾਰ ਦਾ ਇਸ ਜੰਗ ਬਾਰੇ ਵਤੀਰਾ ਕੁਝ ਵੱਖਰਾ ਸੀ। ਸੰਭਵ ਹੈ ਤੇਜ਼ੀ ਨਾਲ ਵਾਪਰਦੀਆਂ ਘਟਨਾਵਾਂ ਨੇ ਉਸ ਲਈ ਕੋਈ ਮੁਸ਼ਕਲ ਖੜ੍ਹੀ ਕਰ ਦਿੱਤੀ ਹੋਵੇ। ਚੀਨ ਬਾਰੇ ਉਸਦੀ ਹੇਠ ਲਿਖੀ ਕਵਿਤਾ, ਈਸ਼ਰ ਸਿੰਘ ਅਟਾਰੀ ਵੱਲੋਂ ਸੰਪਾਦਤ ਪੁਸਤਕ 'ਰਾਸ਼ਟਰੀ-ਨਾਦ' ਵਿੱਚੋਂ ਲਈ ਗਈ ਹੈ। ਇਹ ਕਵਿਤਾ ਡਾ. ਜਗਤਾਰ ਨੇ ਬਾਅਦ ਵਿੱਚ ਆਪਣੇ ਕਿਸੇ ਕਾਵਿ-ਸੰਗ੍ਰਹਿ ਵਿੱਚ ਸ਼ਾਮਿਲ ਨਹੀਂ ਕੀਤੀ। ਸੰਭਵ ਹੈ, ਵਕਤ ਬੀਤਣ ਨਾਲ ਇਹ ਕਵਿਤਾ ਉਸਨੂੰ ਵੀ ਗ਼ਲਤ ਪ੍ਰਤੀਤ ਹੁੰਦੀ ਹੋਵੇ...:
ਮਿੱਤਰਤਾ ਦੇ ਫੁੱਲਾਂ ਨੂੰ ਕੁਚਲਣ ਤੋਂ ਪਹਿਲਾਂ
ਮੰਦਰ ਦੇ ਵਿੱਚ ਜਾ ਕੇ
ਗੌਤਮ ਦੇ ਬੁੱਤ ਸਾਵ੍ਹੇਂ
ਫੁੱਲਾਂ ਦੀ ਥਾਂ ਰਾਈਫਲ ਧਰ ਕੇ
ਜਿੱਤਾਂ ਜਿੱਤਣ, ਵੈਰੀ ਮਾਰਨ
ਦੀ ਅਰਦਾਸ ਪਿਆ ਕਰਦਾ ਹੈ
ਅਮਨ ਦਾ ਰਾਖਾ
ਚੀਨ ਦਾ ਇਕ ਸਿਪਾਈ (ਰਾਸ਼ਟਰੀ ਨਾਦ ਪੰਨਾ, 67, 1962-63)
5.
ਸੰਵੇਦਨਸ਼ੀਨ ਲੇਖਕਾਂ ਲਈ ਸਿਰਜਨਾਤਮਿਕ ਚੁਣੌਤੀਆਂ ਤਾਂ ਹਰ ਪੜਾਅ ਉੱਤੇ ਹਾਜ਼ਰ ਹੁੰਦੀਆਂ ਹਨ। ਪ੍ਰਯੋਗਵਾਦ ਤੇ ਹਿੰਦ-ਚੀਨ ਝਗੜੇ ਦੀ ਧੂੜ ਹਾਲੀਂ ਬੈਠੀ ਨਹੀਂ ਸੀ ਕਿ ਨਕਸਵਾੜੀ ਕਿਸਾਨੀ ਅੰਦੋਲਨ ਦੇ ਚਰਚੇ ਹੋਣ ਲੱਗੇ। ਪੰਜਾਬ ਉੱਤੇ ਵੀ ਇਸਦਾ ਬੜਾ ਅਸਰ ਪਿਆ। ਸਿਆਸੀ ਕਤਲਾਂ ਦੀ ਲਹਿਰ ਤਾਂ ਭਾਵੇਂ ਛੇਤੀ ਹੀ ਕਮਜ਼ੋਰ ਹੋ ਗਈ, ਪਰ ਪੰਜਾਬੀ ਕਵੀਆਂ, ਖਾਸ ਤੌਰ 'ਤੇ ਨਵੇਂ ਲੇਖਕਾਂ ਉੱਤੇ ਇਸਦਾ ਡੂੰਘਾ ਤੇ ਚਿਰ-ਸਥਾਈ ਅਸਰ ਪਿਆ। ਨਵੇਂ ਕਵੀਆਂ ਦੀ ਇਕ ਢਾਣੀ ਉਭਰ ਕੇ ਸਾਹਮਣੇ ਆਈ। ਇਸ ਢਾਣੀ ਵਿੱਚ ਜਗਤਾਰ ਸਭ ਤੋਂ ਵੱਡਾ ਤੇ ਪ੍ਰਭਾਵਸ਼ਾਲੀ ਕਵੀ ਸੀ, ਜਿਸ ਨੇ ਕ੍ਰਾਂਤੀਕਾਰੀ ਰੰਗ ਵਿੱਚ ਚਿਰ-ਸਥਾਈ ਤੇ ਪ੍ਰਭਾਵਸ਼ਾਲੀ ਕਵਿਤਾਵਾਂ ਲਿਖ ਕੇ ਆਪਣੀ ਪੈਂਠ ਜਮਾਈ।
“ਲਹੂ ਦੇ ਨਕਸ਼” (1973) ਦੇ ਛਪਣ ਨਾਲ ਜਗਤਾਰ ਦੀ ਸ਼ਾਇਰੀ ਦਾ ਇਕ ਨਵਾਂ ਰੰਗ ਉਜਾਗਰ ਹੁੰਦਾ ਹੈ। ਭਾਵੇਂ “ਦੁਧ ਪੱਥਰੀ” ਦੀ ਪ੍ਰਕਾਸ਼ਨਾ ਨਾਲ ਜਗਤਾਰ ਦੀ ਕਵਿਤਾ ਇਕ ਨਵਾਂ ਕਾਵਿ-ਮੁਹਾਵਰਾ ਸਿਰਜਦੀ ਵਿਖਾਲੀ ਦਿੰਦੀ ਹੈ, ਪਰ ਇਸ ਕਵਿਤਾ ਵਿੱਚ ਕ੍ਰਾਂਤੀਕਾਰੀ ਰੰਗ, ਨਕਸਲਵਾੜੀ ਕਿਸਾਨ ਅੰਦੋਲਨ ਕਾਰਨ ਹੀ ਆਈ ਸੀ...:
ਤੇ ਫਿਰ ਇਕ ਰਾਤ
ਮੈਂ ਉਹਨਾਂ 'ਚ ਸ਼ਾਮਿਲ ਹੋ ਗਿਆ
ਜਿਨ੍ਹਾਂ ਖੇਤਾਂ ਦੀ ਮਿੱਟੀ ਚੁੰਮ ਕੇ ਤੇ
ਕਸਮ ਸੀ ਖਾਧੀ
ਇਹ ਸਭ ਕੁਝ ਰਹਿਣ ਨਹੀਂ ਦੇਣਾ (ਲਹੂ ਦੇ ਨਕਸ਼)
ਤੇ
ਮੈਂ ਉਹਨਾਂ ਵਿੱਚ ਸ਼ਾਮਿਲ ਹਾਂ
ਜਿਨ੍ਹਾਂ ਨੇ ਹੋਣੀਆਂ ਦੇ ਅਰਥ ਬਦਲੇ ਨੇ
ਤੇ ਬੁਝ ਰਹੀ ਜ਼ਿੰਦਗੀ ਵਿੱਚ
ਫੇਰ ਨੇ ਚੰਗਿਆੜੀਆਂ ਧਰੀਆਂ।
ਇਸ ਪੜਾਅ ਉੱਤੇ ਆ ਕੇ ਮੇਰੇ ਤੇ ਉਸਦੇ ਖੇਤਰ ਵਿੱਚ ਬੁਨਿਆਦੀ ਵਿਚਾਰਧਾਰਕ ਰਾਜਸੀ ਵਖਰੇਵੇਂ ਉਭਰ ਕੇ ਸਾਹਮਣੇ ਆ ਗਏ। ਪਹਿਲਾਂ ਸਾਡੇ ਵਿਰੋਧ ਵਧੇਰੇ ਕਰਕੇ ਨਿੱਜੀ ਭਾਂਤ ਦੇ ਸਨ। ਮੈਂ ਸੀ.ਪੀ.ਆਈ (ਐਮ.) ਦਾ ਸਮਰਥਕ ਸੀ ਤੇ ਉਹ ਨਕਸਲਵਾੜੀ ਵਿਚਾਰਧਾਰਾ ਦਾ। ਮੈਨੂੰ ਨਹੀਂ ਪਤਾ ਕਿ ਉਹ ਐਮ.ਐਲ. ਦੇ ਕਿਹੜੇ ਗਰੁੱਪ ਨਾਲ ਸੀ। ਹੈ ਵੀ ਸੀ ਜਾਂ ਸਿਰਫ ਭਾਵਕ ਹਮਦਰਦੀ ਹੀ ਸੀ। ਪਰ ਉਹ ਹਥਿਆਰਬੰਦ ਕ੍ਰਾਂਤੀ ਦਾ ਹਾਮੀ ਸੀ ਤੇ ਮੈਂ ਜੰਤਕ ਸੰਘਰਸ਼ ਦਾ।
ਫਿਰ ਪਤਾ ਲੱਗਾ ਕਿ ਉਸਨੇ ਆਪਣੀ ਸੁਰੱਖਿਆ ਲਈ ਸਰਕਾਰੀ ਤੌਰ 'ਤੇ ਰਿਵਾਲਵਰ ਦਾ ਲਾਇਸੈਂਸ ਲੈ ਲਿਆ ਸੀ। ਮੈਨੂੰ ਇਹ ਸੁਣ ਕੇ ਹੈਰਾਨੀ ਹੋਈ। ਇਸ ਬਾਰੇ ਮੈਂ ਗ਼ਜ਼ਲ ਦੇ ਕੁਝ ਸ਼ਿਅਰ ਵਿਅੰਗਾਤਮਕ ਸੁਰ ਵਿੱਚ ਲਿਖੇ, ਜੋ ਸੰਤ ਸੰਧੂ ਮੇਰੇ ਪਿੱਛੋਂ ਆ ਕੇ ਲੈ ਗਿਆ ਤੇ ਆਪਣੇ ਪਰਚੇ ਵਿੱਚ ਛਾਪ ਦਿੱਤੇ। ਇਕ ਸ਼ਿਅਰ ਇੰਜ ਸੀ...:
ਅੱਜ ਵਿਚਾਰਾ ਡਰਦਾ ਮਾਰਾ, ਪਿਸਟਲ ਪਾਈ ਫਿਰਦਾ ਹੈ,
ਕੱਲ ਜਿਹੜਾ ਸੀ ਹੋਕਾ ਦਿੰਦਾ, ਹਥਿਆਰਾਂ ਦੀ ਵਾਰੀ ਦਾ।
6.
ਕੁਝ ਸਾਲਾਂ ਪਿੱਛੋਂ ਡਾ. ਜਗਤਾਰ ਐਮ.ਏ. ਪੰਜਾਬੀ ਕਰਕੇ ਸਰਕਾਰੀ ਕਾਲਜ ਹੁਸ਼ਿਆਰਪੁਰ ਵਿੱਚ ਲੈਕਚਰਾਰ ਲੱਗ ਗਿਆ। ਉੱਥੇ ਸਾਡੇ ਸਟੇਟ ਪੱਧਰ ਦੇ ਟੀਚਰ ਆਗੂ ਸ਼੍ਰੀ ਹਰਕੰਵਲ ਸਿੰਘ ਰਹਿੰਦੇ ਸਨ। ਦੋਹਾਂ ਦਾ ਆਪੋ ਵਿੱਚ ਕਾਫੀ ਮੇਲ ਮਿਲਾਪ ਹੋ ਗਿਆ। ਤੇ ਉਹ ਡਾਕਟਰ ਦੀ ਕਵਿਤਾ ਦੇ ਵੱਡੇ ਪ੍ਰਸ਼ੰਸਕ ਬਣ ਗਏ। ਮੈਨੂੰ ਉਹ ਅਕਸਰ ਹੀ ਟੀਚਰ ਮਸਲਿਆਂ ਬਾਰੇ ਮਿਲਦੇ ਰਹਿੰਦੇ ਸਨ। ਇਕ ਵਾਰੀ ਮਿਲਣ ਉੱਤੇ ਆਖਣ ਲੱਗੇ,
“ਤੁਸੀਂ ਅਕਸਰ ਆਪੋ ਵਿੱਚ ਟਕਰਾਉਂਦੇ ਰਹਿੰਦੇ ਹੋ। ਆਖ਼ਰ ਇਸ ਦਾ ਕਰਨ ਕੀ ਹੈ? ਡਾਕਟਰ ਜਗਤਾਰ ਉੱਚ-ਪਾਏ ਦਾ ਕਵੀ ਹੈ ਤੇ ਤੇਰਾ ਵੀ ਆਪਣਾ ਮੁਕਾਮ ਹੈ, ਤੁਸੀਂ ਇੰਝ ਪਬਲਿਕ ਤੌਰ 'ਤੇ ਟਕਰਾਉਣਾ ਛੱਡ ਕੇ, ਇਕ ਦੂਜੇ ਦੀ ਹੋਂਦ ਨੂੰ ਪ੍ਰਵਾਨ ਕਰ ਲਵੋ।”
ਮੈਂ ਉਹਨਾਂ ਨੂੰ ਆਪਣਾ ਪੱਖ ਦੱਸਿਆ। ਆਖਣ ਲੱਗੇ, “ਤੂੰ ਤਾਂ ਕਮਿਊਨਿਸਟ ਟੀਚਰ ਆਗੂ ਹੈਂ। ਤੇ ਕਿਸੇ ਅਨੁਸ਼ਾਸ਼ਨ ਦਾ ਪਾਬੰਦ ਹੈਂ। ਉਹ ਪ੍ਰਗਤੀਵਾਦੀ-ਜਨਵਾਦੀ ਕਵੀ ਹੈ। ਤੁਹਾਡਾ ਮਾਰਗ ਇਕੋ ਹੈ। ਸਿਰਫ ਸੁਭਾਅ ਟਕਰਾਉਂਦੇ ਹਨ। ਇਸ ਕਾਰਨ ਤੇਰੀ ਜ਼ਿੰਮੇਵਾਰੀ ਉਸ ਨਾਲੋਂ ਕੁਝ ਵਧੇਰੇ ਹੈ।”
ਇਸ ਤੋਂ ਬਾਅਦ ਮੈਂ ਉਸ ਪ੍ਰਤੀ ਈਰਖਾ ਤੇ ਤਲਖ਼ੀ ਪ੍ਰਗਟ ਕਰਨੀ ਬੰਦ ਕਰ ਦਿੱਤੀ। ਪਰ ਉਸ ਨੂੰ ਮੇਰੇ ਇਸ ਫੈਸਲੇ ਦਾ ਪਤਾ ਨਹੀਂ ਸੀ। ਮੇਰੇ ਪ੍ਰਤੀ ਉਸਦਾ ਵਿਹਾਰ ਪਹਿਲਾਂ ਵਾਲਾ ਹੀ ਰਿਹਾ। ਅਸਲ ਵਿਚ ਕਿਸੇ ਦੂਸਰੇ ਸਥਾਪਤ ਕਵੀ ਨੂੰ ਬਰਦਾਸ਼ਤ ਹੀ ਨਹੀਂ ਸੀ ਕਰਦਾ ਹੁੰਦਾ।
ਉਸਦੀ ਹਾਲਤ ਹੇਠ ਲਿਖੇ ਉਰਦੂ ਦੇ ਸ਼ਿਅਰ ਵਾਲੀ ਬਣੀ ਹੋਈ ਸੀ...:
ਜਿਨ੍ਹੇ ਖੁਦ ਆਪਣੇ ਸਿਵਾ ਕੁਛ ਨਜ਼ਰ ਨਹੀਂ ਆਤਾ,
ਮੇਰੀ ਨਿਗ੍ਹਾ ਮੇਂ ਐਸੇ ਭੀ ਦੀਦਾਵਰ ਹੈਂ ਬਹੁਤ।
ਉਹ ਆਪਣਿਆਂ ਤੋਂ ਛੋਟੇ ਲੇਖਕਾਂ ਵਿੱਚ ਵਿਚਰ ਕੇ ਖੁਸ਼ ਰਹਿੰਦਾ ਸੀ। ਮੈਂ ਇਕ ਵਾਰੀ ਡਾ. ਰਘਬੀਰ ਸਿੰਘ ਸਿਰਜਣਾ ਨਾਲ ਉਸ ਬਾਰੇ ਗੱਲ ਕੀਤੀ। ਰਘਬੀਰ ਆਖਣ ਲੱਗਾ, “ਜਗਤਾਰ ਵੱਡਾ ਕਵੀ ਹੈ, ਪਰ ਜਦੋਂ ਮਿਲੀਏ ਤਾਂ ਬੰਦਾ ਬੜਾ ਛੋਟਾ ਪ੍ਰਤੀਤ ਹੁੰਦਾ ਹੈ।”
ਫਿਰ ਕਹਿਣ ਲੱਗਾ, “ਮੈਂ ਵੀ ਇਸ ਗੱਲ ਦਾ ਠੀਕ ਨਿਰਣਾ ਨਹੀਂ ਕਰ ਸਕਦਾ ਕਿ ਛੋਟਾ ਮਨੁੱਖ ਵੱਡਾ ਕਵੀ ਕਿਵੇਂ ਬਣ ਜਾਂਦਾ ਹੈ? ਤੂੰ ਇਹ ਸਵਾਲ ਕਿਸੇ ਮਨੋਵਿਗਿਆਨੀ ਨੂੰ ਪੁੱਛੀਂ। ਮੈਂ ਇਸਦਾ ਕੋਈ ਠੀਕ ਹੱਲ ਨਹੀਂ ਦੱਸ ਸਕਦਾ।”
7.
ਸਿਰਜਣਾ ਕੇਂਦਰ ਕਪੂਰਥਲਾ ਵੱਲੋਂ ਹਰਪ੍ਰੀਤ ਕੌਰ ਦੇ ਨਾਵਲ ਉੱਤੇ ਗੋਸ਼ਟੀ ਸੀ। ਉਹ ਮੇਜ਼ਰ ਮਹਿੰਦਰ ਸਿੰਘ ਦੀ ਪਤਨੀ ਹੈ, ਜੋ ਭੰਡਾਲ ਬੇਟ ਵਿਖੇ ਮਿਡਲ ਸਕੂਲ ਵਿੱਚ ਮੇਰਾ ਵਿਦਿਆਰਥੀ ਹੁੰਦਾ ਸੀ। ਮੈਂ ਭਾਵੇਂ ਨਾਵਲ ਬਾਰੇ ਕਦੀ ਕੋਈ ਟਿੱਪਣੀ ਨਹੀਂ ਕੀਤੀ। ਪਰ ਮਹਿੰਦਰ ਸਿੰਘ ਨੇ ਨਾਵਲ ਦਿੰਦਿਆਂ ਪੱਕੀ ਕੀਤੀ ਸੀ ਕਿ ਤੁਸੀਂ ਇਸ ਬਾਰੇ ਗੋਸ਼ਟੀ ਵਿੱਚ ਬੋਲਦਾ ਹੈ। ਮੈਂ ਨਾਵਲ ਗਹੁ ਨਾਲ ਪੜ੍ਹਿਆ ਅਤੇ ਗੋਸ਼ਟੀ ਵਿੱਚ ਸ਼ਾਮਲ ਹੋਣ ਲਈ ਕਪੂਰਥਲੇ ਗਿਆ। ਡਾ.ਜਗਤਾਰ ਪ੍ਰਧਾਨਗੀ ਮੰਡਲ ਵਿੱਚ ਬੈਠਾ ਸੀ। ਮੈਂ ਆਖ਼ਰੀ ਕਤਾਰ ਵਿੱਚ ਬਹੁਤ ਪਿੱਛੇ। ਮੇਰੇ ਬੋਲਦਿਆਂ ਡਾਕਟਰ ਨੇ ਮੈਨੂੰ ਆਦਤ ਅਨੁਸਾਰ ਦੋ-ਤਿੰਨ ਵਾਰ ਟੋਕਿਆ। ਸਰੋਤਿਆਂ ਨੇ ਇਤਰਾਜ਼ ਕੀਤਾ ਤੇ ਡਾਕਟਰ ਬੜੀ ਮੁਸ਼ਕਿਲ ਨਾਲ ਚੁੱਪ ਕੀਤਾ।
ਗੋਸ਼ਟੀ ਦੀ ਸਮਾਪਤੀ ਤੋਂ ਬਾਅਦ ਮਹਿੰਦਰ ਸਿੰਘ ਨੇ ਮੈਨੂੰ ਹੋਰਨਾਂ ਦੇ ਨਾਲ ਆਪਣੇ ਘਰ ਰੋਟੀ ਲਈ ਵੀ ਸੱਦਿਆ। ਉਸਦੇ ਘਰ ਪਹੁੰਚਣ ਉੱਤੇ ਮੈਂ ਵੇਖਿਆ ਕਿ ਡਾਕਟਰ ਸਾਹਬ ਸ਼ਰਾਬ ਪੀ ਰਿਹਾ ਸੀ। ਮੈਂ ਸੋਚਿਆ, ਹੁਣ ਇਹ ਫਿਰ ਝਗੜਾ ਕਰੇਗਾ। ਉਸ ਉੱਤੇ ਮੇਰੇ ਪਹੁੰਚਣ ਤੱਕ, ਨਸ਼ੇ ਦਾ ਅਸਰ ਹੋ ਚੁੱਕਾ ਸੀ। ਉਸਨੇ ਅੱਗੇ ਨਾਲੋਂ ਵੀ ਉੱਚੀ ਸੁਰ ਵਿੱਚ ਮੇਰੇ ਵਿਰੁੱਧ ਬੇਵਜ਼੍ਹਾ ਬੋਲਣਾ ਸ਼ੁਰੂ ਕਰ ਦਿੱਤਾ। ਮੈਂ ਉਸਨੂੰ ਹਰਕੰਵਲ ਸਿੰਘ ਹੁਰਾਂ ਵਾਲੀ ਗੱਲ ਸੁਣਾਈ। ਸ਼ਰਮਿੰਦਾ ਹੋਇਆ ਆਖਣ ਲੱਗਾ, “ਯਾਰ, ਇਹ ਗੱਲ ਮੈਨੂੰ ਵੀ ਦੱਸ ਦੇਣੀ ਸੀ।” ਮੈਂ ਕਿਹਾ, “ਮੈਂ ਤੈਨੂੰ ਕੀ ਦੱਸਦਾ। ਜੇ ਤੂੰ ਮੇਰੇ ਪ੍ਰਤੀ ਗਲਤੀਆਂ ਕਰੀ ਜਾਣੀਆਂ ਹਨ ਤਾਂ ਮੈਂ ਤੈਨੂੰ ਕਿੱਥੋਂ-ਕਿੱਥੋਂ ਵਰਜਾਂ ਜਾਂ ਟੋਕਾਂਗਾ।”
ਮੇਰੀਆਂ ਤੇ ਉਸਦੀਆਂ ਕਿਤਾਬਾਂ ਅਕਸਰ ਹੀ ਛਪਦੀਆਂ ਰਹਿੰਦੀਆਂ ਸਨ। ਪਰ ਆਪਸੀ ਤਲਖ਼ੀ ਕਾਰਨ ਅਸੀਂ ਕਦੇ ਇਕ ਦੂਸਰੇ ਨੂੰ ਪੁਸਤਕ ਭੇਂਟ ਨਹੀਂ ਸੀ ਕੀਤੀ। ਕੇਂਦਰੀ ਸਭਾ ਦੇ ਕਿਸੇ ਸਮਾਗਮ ਉੱਤੇ ਉਸਨੇ ਪਹਿਲੀ ਵਾਰ ਮੈਨੂੰ ਆਪਣੀਆਂ ਸਮੁੱਚੀਆਂ ਗ਼ਜ਼ਲਾਂ ਦਾ ਸੰਗ੍ਰਹਿ ਆਪਣੇ ਦਸਤਖ਼ਤ ਕਰਕੇ ਭੇਂਟ ਕੀਤਾ। ਮੈਂ ਖੁਸ਼ ਹੋਇਆ। ਚਾਈਂ ਚਾਈਂ ਮੈਂ ਇਸਦਾ ਪਾਠ ਆਰੰਭ ਕੀਤਾ। ਪਰ ਮੈਂ ਅਨੁਭਵ ਕੀਤਾ ਕਿ ਇਕ ਬੈਠਕ ਵਿੱਚ ਗ਼ਜ਼ਲਾਂ ਦੀ ਉਤਮਤਾ ਕਾਰਨ, ਪੰਜ ਜਾਂ ਛੇ ਗ਼ਜ਼ਲਾਂ ਹੀ ਪੜ੍ਹੀਆਂ ਤੇ ਚੰਗੀ ਤਰ੍ਹਾਂ ਮਾਣੀਆਂ ਜਾ ਸਕਦੀਆਂ ਸਨ। ਅਚਾਨਕ ਯੂ.ਕੇ. ਵਾਸੀ ਮਿੱਤਰ ਕਵੀ ਗੁਰਨਾਮ ਢਿੱਲੋਂ ਨੇ ਇਹ ਗ੍ਰੰਥ ਪੜ੍ਹਨ ਲਈ ਲੈ ਲਿਆ ਤੇ ਫਿਰ ਵਾਪਸ ਨਹੀਂ ਕੀਤਾ। ਮੈਂ ਉਸਨੂੰ ਵਾਰ-ਵਾਰ ਯਾਦ ਕਰਵਾਇਆ ਪਰ ਨਿਸਫਲ। ਮੈਂ ਇਹ ਵੀ ਕਿਹਾ ਕਿ ਜਗਤਾਰ ਦੀ ਮੈਨੂੰ ਭੇਂਟ ਕੀਤੀ ਇਹ ਸਦੀਵੀਂ ਨਿਸ਼ਾਨੀ ਹੈ, ਤੂੰ ਇਹ ਮੈਨੂੰ ਵਾਪਸ ਕਰ ਦੇ। ਪਰ ਉਸਨੇ ਮੇਰੀ ਇਕ ਨਾ ਸੁਣੀ ਤੇ ਘੇਸਲ ਮਾਰੀ ਰੱਖੀ। ਅੱਜ ਤੱਕ ਮੈਨੂੰ ਉਸ ਕਿਤਾਬ ਦੀ ਅਣਹੋਂਦ ਚੁੱਭਦੀ ਹੈ।
8.
1993 ਦੀ ਸਰਦ ਰੁੱਤ ਦੀ ਸ਼ਾਮ ਮੈਨੂੰ ਅਕਸਰ ਚੇਤੇ ਆਉਂਦੀ ਰਹਿੰਦੀ ਹੈ। ਅੱਤਵਾਦ ਦੀ ਹਨ੍ਹੇਰੀ ਕੁਝ ਮੱਠੀ ਪੈ ਗਈ ਸੀ। ਪੰਜਾਬ ਕਲਾ ਅਕਾਦਮੀ ਚੰਡੀਗੜ੍ਹ ਵੱਲੋਂ ਡਾ. ਰਘਬੀਰ ਸਿੰਘ ਸਿਰਜਣਾ ਦੇ ਉਦਮ ਨਾਲ ਰੈੱਡ ਕਰਾਸ ਹਾਲ ਜਲੰਧਰ ਵਿੱਚ ਪੰਜਾਬੀ ਕਵੀ ਦਰਬਾਰ ਰੱਖਿਆ ਗਿਆ ਸੀ। ਡਾ. ਜਗਤਾਰ ਤੇ ਮੈਂ ਵੀ ਉਸ ਕਵੀ ਦਰਬਾਰ ਵਿੱਚ ਸੱਦੇ ਗਏ ਸਾਂ। ਸਾਡੇ ਲੋਕ ਲਹਿਰ ਵਾਲੇ ਸਾਥੀ ਤੇ ਹੋਰ ਵਾਕਿਫ ਸਾਹਿਤਕਾਰ ਹਾਲ ਵਿੱਚ ਬੈਠੇ ਹੋਏ ਸਨ। ਪਰ ਹਾਲੀ ਸਰੋਤਿਆਂ ਅਤੇ ਸੱਦੇ ਗਏ ਕਵੀਆਂ ਦੀ ਉਡੀਕ ਹੋ ਰਹੀ ਸੀ।
ਮੈਂ ਆਦਤ ਅਨੁਸਾਰ ਪੰਜ-ਸੱਤ ਕਤਾਰਾਂ ਛੱਡ ਕੇ ਪਿੱਛੇ ਬੈਠਿਆ ਹੋਇਆ ਸੀ। ਡਾਕਟਰ ਜਗਤਾਰ ਅੰਦਰ ਆਇਆ। ਸਾਰੇ ਹਾਲ ਦਾ ਜਾਇਜ਼ਾ ਲਿਆ ਤੇ ਮੈਨੂੰ ਸੰਬੋਧਨ ਕਰਕੇ ਊਲ-ਜਲੂਲ ਬੋਲਣ ਲੱਗਾ। ਪਹਿਲੀ ਵਾਰੀ ਕਿਸੇ ਨੇ ਗੋਲਿਆ ਨਾ। ਦੂਜੀ ਵਾਰੀ ਉਹ ਖੁੱਲ੍ਹੇਆਮ ਮੇਰਾ ਨਾਂ ਲੈ ਕੇ ਅਬਾ-ਤਬਾ ਬੋਲਣ ਲੱਗਾ। ਦੋਸਤਾਂ-ਮਿੱਤਰਾਂ ਨੇ ਉਸਨੂੰ ਹਟਾਇਆ। ਘੜੀ ਪਲ ਉਹ ਚੁੱਪ ਕਰ ਗਿਆ।
ਤੀਜੀ ਵਾਰ ਉਹ ਫਿਰ ਮੇਰੀ ਸ਼ਾਨ ਤੇ ਜਾਤ ਦੇ ਖ਼ਿਲਾਫ਼ ਬੋਲਣ ਲੱਗਾ। ਮੈਂ ਉਸਨੂੰ ਹਟਾਇਆ ਤੇ ਕਿਹਾ, “ਜੇ ਤੂੰ ਮੇਰੇ ਵਿਰੁੱਧ ਨਹੀਂ ਬੋਲਣੋ ਹਟਣਾ ਤਾਂ ਮੈਂ ਆ ਰਿਹਾ ਹਾਂ।” ਉਹ ਸਟੇਜ 'ਤੇ ਕੁਰਸੀਆਂ ਵਿੱਚ ਖਾਲੀ ਜਗ੍ਹਾ ਵਿੱਚ ਖਲੋਤਾ ਸ਼ਰਾਬੀ ਹੋਇਆ ਬੋਲ ਰਿਹਾ ਸੀ। ਗੱਲ ਵਧਦੀ ਵੇਖ ਸਾਰਿਆਂ ਨੇ ਉਸਨੂੰ ਟੋਕਿਆ। ਡਾ. ਵਰਿਆਮ ਸੰਧੂ ਨੇ ਉਸ ਨੂੰ ਡੌਲਿਆਂ ਤੋਂ ਫੜਿਆ ਤੇ ਹਾਲ ਵਿਚੋਂ ਬਾਹਰ ਛੱਡ ਆਏ। ਹਾਲ ਵਿੱਚ ਸ਼ਾਂਤੀ ਵਰਤ ਗਈ। ਡਾਕਟਰ ਜਗਤਾਰ ਬਿਨਾਂ ਕਵਿਤਾ ਪੜ੍ਹੇ ਉੱਥੋਂ ਚਲੇ ਗਏ।
9.
1999 ਦੇ ਆਖ਼ੀਰ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਦੋ ਸਾਲਾ ਚੋਣ ਹੋਣ ਵਾਲੀ ਸੀ। ਇਕ ਧਿਰ ਵੱਲੋਂ ਸਾਰੀ ਸਥਿਤੀ ਵਿਚਾਰੀ ਗਈ। ਸਾਡੀ ਰਾਏ ਸੀ ਕਿ ਨਿਰਸੰਦੇਹ ਉਹ ਵੱਡਾ ਕਵੀ ਹੈ ਪਰ ਉਸਨੇ ਕਦੇ ਕਿਸੇ ਜਥੇਬੰਦੀ ਵਿੱਚ ਲਗਨ ਤੇ ਉਤਸਾਹ ਨਾਲ ਕੰਮ ਨਹੀਂ ਕੀਤਾ। ਨਾ ਹੀ ਉਸ ਨੂੰ ਜਥੇਬੰਦੀ ਨੂੰ ਲੋਕ-ਰਾਜੀ ਢੰਗ ਨਾਲ ਚਲਾਉਣ ਦਾ ਕੋਈ ਤਜਰਬਾ ਹੈ। ਨਾਲ ਹੀ ਇਹ ਗੱਲ ਵੀ ਧਿਆਨ ਵਿੱਚ ਰੱਖਣ ਵਾਲੀ ਹੈ ਕਿ ਉਹ ਅਤਿ ਦਾ ਸਵੈ-ਕੇਂਦਰਤ ਮਨੁੱਖ ਹੈ। ਅਜਿਹਾ ਮਨੁੱਖ ਜਥੇਬੰਦੀ ਨੂੰ ਤਕੜਾ ਨਹੀਂ ਕਮਜ਼ੋਰ ਹੀ ਕਰੇਗਾ। ਪਰ ਸਾਡੀ ਧਿਰ ਦੀ ਰਾਏ ਨਾ ਮੰਨੀ ਗਈ। ਡਾ. ਜਗਤਾਰ ਦੋ ਸਾਲ ਲਈ ਪ੍ਰਧਾਨ ਬਣ ਗਿਆ।
ਕੇਂਦਰੀ ਸਭਾ ਦੀ ਪਹਿਲੀ ਮੀਟਿੰਗ ਵਿੱਚ ਇੱਕੀ ਮੈਂਬਰੀ ਕਮੇਟੀ ਦੇ ਮੈਂਬਰ ਨਾਮਜ਼ਦ ਕੀਤੇ ਜਾਂਦੇ ਸਨ। ਉਸ ਨੇ ਸਾਰੀਆਂ ਧਿਰਾਂ ਦੀ ਰਾਏ ਲੈਣ ਦੀ ਥਾਂ, ਆਪਣੀ ਮਰਜ਼ੀ ਨਾਲ ਮੈਂਬਰ ਨਾਮਜ਼ਦ ਕੀਤੇ। ਜਿਨ੍ਹਾਂ ਵਿੱਚ ਉਸਦੇ ਯਾਰ-ਬਾਸ਼ ਤੇ ਪ੍ਰਸ਼ੰਸਕ ਵਧੇਰੇ ਸਨ ਤੇ ਇਕ ਉਸਦੀ ਭਤੀਜੀ ਦਾ ਪਤੀ ਸੀ। ਇਸ ਵਿਅਕਤੀ ਉੱਤੇ ਕਾਫੀ ਤਿੱਖੀ ਬਹਿਸ ਹੋਈ ਤੇ ਪੁੱਛਿਆ ਗਿਆ ਕਿ ਇਹ ਵਿਅਕਤੀ ਲੇਖਕ ਹੈ? ਡਾ. ਜਗਤਾਰ ਦਾ ਉੱਤਰ ਸੀ, 'ਉਹ ਓਵਰ-ਸੀਅਰਾਂ ਦਾ ਉੱਘਾ ਆਗੂ ਤੇ ਉਹਨਾਂ ਦੀ ਜਥੇਬੰਦੀ ਦਾ ਸਟੇਟ ਪੱਧਰ ਦਾ ਲੀਡਰ ਹੈ।'
ਪਰ ਇਹ ਤਾਂ ਅਜੇ ਆਰੰਭ ਹੀ ਸੀ, ਅਜੇ ਤਾਂ ਹੋਰ ਕਈ ਚੰਦ ਚੜ੍ਹਨੇ ਸਨ। ਛੇਤੀ ਹੀ ਡਾਕਟਰ ਦੀ ਪ੍ਰਬੰਧਕੀ ਯੋਗਤਾ ਦੀ ਪਰਖ ਦੀ ਘੜੀ ਆਣ ਪਹੁੰਚੀ। ਹੋਇਆ ਇੰਜ ਕਿ ਜਾਹਲੀ ਅਨੁਵਾਦ ਕਰਵਾਉਣ ਦੇ ਦੁਸ਼ਣ ਹੇਠ ਭਾਸ਼ਾ ਵਿਭਾਗ ਦੇ ਉਸ ਵੇਲੇ ਦੇ ਡਾਇਰੈਕਟਰ ਦੇ ਵਿਰੁੱਧ ਸਰਕਾਰ ਵੱਲੋਂ ਪੜਤਾਲ ਚੱਲ ਰਹੀ ਸੀ। ਉਸ ਡਾਇਰੈਕਟਰ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਨੂੰ ਕਿਹਾ ਕਿ ਮੇਰੇ ਹੱਕ ਵਿਚ ਕੁਝ ਕਰੋ। ਜਨਰਲ ਸਕੱਤਰ ਨੇ ਡਾ. ਜਗਤਾਰ ਤੇ ਕਾਰਜਕਾਰਨੀ ਤੋਂ ਚੋਰੀ, ਪੰਜਾਬ ਸਰਕਾਰ ਨੂੰ ਲਿਖਿਆ ਕਿ ਡਾਇਰੈਕਟਰ ਬੜਾ ਹੀ ਇਮਾਨਦਾਰ ਅਫ਼ਸਰ ਹੈ। ਇਸਨੂੰ ਜਾਣ ਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ। ਸਿੱਟੇ ਵਜੋਂ ਪੜਤਾਲ ਰੁਕ ਗਈ ਤੇ ਇਸਦੇ ਬਦਲੇ ਵਿੱਚ ਜਨਰਲ ਸਕੱਤਰ ਨੂੰ 'ਸ਼੍ਰੋਮਣੀ ਸਾਹਿਤਕਾਰ' ਦਾ ਸਵਾ ਲੱਖ ਦਾ ਪੁਰਸਕਾਰ ਦਿੱਤਾ ਗਿਆ। ਸਾਹਿਤ ਜਗਤ ਵਿੱਚ ਰੌਲਾ ਪੈ ਗਿਆ।
ਜਦੋਂ ਲੇਖਕ ਸਭਾ ਦੀ ਕਾਰਜ-ਕਾਰਨੀ ਦੇ ਮੈਂਬਰਾਂ ਨੂੰ ਇਸ ਸਕੈਂਡਲ ਦਾ ਪਤਾ ਲੱਗਾ ਤਾਂ ਮੀਟਿੰਗ ਵਿੱਚ ਹੀ ਪ੍ਰਸ਼ਨ ਉੱਠੇ ਕਿ ਲਿਖੀ ਚਿੱਠੀ ਦੀ ਕਾਪੀ ਮੈਂਬਰਾਂ ਨੂੰ ਵੀ ਵਿਖਾਲੀ ਜਾਵੇ। ਡਾ. ਜਗਤਾਰ ਨੇ ਕੇਂਦਰੀ ਲੇਖਕ ਸਭਾ ਦੇ ਪ੍ਰਧਾਨ ਹੋਣ ਦੇ ਨਾਤੇ ਆਪਣੇ ਜਨਰਲ ਸਕੱਤਰ ਦੀ ਪੂਰੀ ਸਹਾਇਤਾ ਕੀਤੀ। ਪਹਿਲਾਂ ਤਾਂ ਬਹਿਸ ਦੀ ਆਗਿਆ ਦੇਣ ਤੋਂ ਇਨਕਾਰ ਕੀਤਾ ਗਿਆ। ਫਿਰ ਜਨਰਲ ਸਕੱਤਰ ਵੱਲੋਂ ਕੀਤੀ ਕਰਤੂਤ ਦੀ ਮਾਫ਼ੀ ਵੀ ਨਾ ਮੰਗਵਾਈ ਗਈ ਤੇ ਉਸਨੂੰ ਸਾਫ ਬਰੀ ਕਰ ਦਿੱਤਾ।
ਜਦੋਂ ਦੋ ਸਾਲ ਬਾਅਦ ਅਗਲੇ ਚੋਣ ਅਜਲਾਸ ਵਿੱਚ ਇਹ ਸਵਾਲ ਉਠਾਇਆ ਗਿਆ ਤਾਂ ਉਸ ਵੱਲੋਂ ਘਬਰਾ ਕੇ, ਮੇਰੇ ਉੱਤੇ ਬੇ-ਬੁਨਿਆਦ ਦੁਸ਼ਣ ਲਾਏ ਤੇ ਮੇਰੇ ਛੋਟੇ ਭਰਾ ਦੀ ਮੌਤ ਦਾ ਮਿਹਣਾ ਵੀ ਮਾਰਿਆ ਗਿਆ। ਇੰਜ ਕਵੀ ਨੇ ਆਪਣੀ ਜਥੇਬੰਦਕ ਯੋਗਤਾ ਦੇ ਸੋਹਣੇ ਪ੍ਰਮਾਣ ਦੇ ਦਿੱਤੇ ਸਨ।
10.
ਪਰ ਉਮਰ ਬੀਤਣ ਨਾਲ ਤੇ ਪ੍ਰਪੱਕਤਾ ਵਧਣ ਨਾਲ ਸਾਡੇ ਸਬੰਧ ਕੁਝ ਸੁਧਰ ਗਏ। ਆਖ਼ਰੀ ਵਰ੍ਹਿਆਂ ਵਿੱਚ ਡਾਕਟਰ ਜਗਤਾਰ ਦੀ ਸਿਹਤ ਅਕਸਰ ਹੀ ਢਿੱਲੀ ਰਹਿੰਦੀ ਸੀ। ਅੱਖਾਂ ਵਿੱਚ ਨੁਕਸ ਵਧਣ ਕਰਕੇ ਨਜ਼ਰ ਵੀ ਕਮਜ਼ੋਰ ਹੋ ਗਈ ਸੀ। ਉਸਦਾ ਦਮਾ ਵੀ ਪੁਰਾਣਾ ਸੀ। ਦਿਲ ਦੇ ਰੋਗ ਦਾ ਵੀ ਹਲਕਾ ਹਮਲਾ ਹੋਇਆ ਸੀ। ਐਪਰ ਉਹ ਅਕਸਰ ਚੜ੍ਹਦੀ ਕਲਾ ਵਿੱਚ ਰਿਹਾ। ਇਹਨੀਂ ਦਿਨੀਂ ਉਸਦੇ ਪਾਕਿਸਤਾਨੀ ਪੰਜਾਬੀ ਕਵਿਤਾ ਬਾਰੇ ਲਿਖੇ ਥੀਸਿਸ ਨੂੰ ਸੋਧ ਕੇ ਦੁਬਾਰਾ ਛਾਪਿਆ ਤਾਂ ਮੈਂ ਇਸ ਦੀ ਇਕ ਕਾਪੀ ਭੇਜਣ ਦੀ ਮੰਗ ਕੀਤੀ। ਪਰ ਇਹ ਪੁਸਤਕ ਡਾਕਖਾਨੇ ਦੇ ਕਰਮਚਾਰੀਆਂ ਦੀ ਈਮਾਨਦਾਰੀ ਦੇ ਭੇਂਟ ਚੜ੍ਹ ਗਈ। ਕਹਿਣ ਲੱਗੇ, “ਮੈਂ ਦੋਬਾਰਾ ਭੇਜ ਦਿੰਦਾ ਹਾਂ।”
ਮੈਂ ਆਖਿਆ, “ਨਹੀਂ, ਮੈਂ ਕਿਸੇ ਦੇ ਹੱਥ ਦਸਤੀ ਮੰਗਵਾ ਲਵਾਂਗਾ।”
ਜਦੋਂ ਚਿਰਾਗ਼ ਦਾ ਵਿਸ਼ੇਸ਼ ਅੰਕ 'ਦੁਖਾਂਤ ਸੰਨ-ਸੰਤਾਲੀ' (ਜਨਵਰੀ-ਜੂਨ 2010) ਉਸਨੂੰ ਮਿਲਿਆ ਤਾਂ ਉਹਨੇ ਫੋਨ ਕੀਤਾ। ਆਖਣ ਲੱਗਾ, 'ਅੰਕ ਵਧੀਆ ਦਸਤਾਵੇਜ ਹੈ। ਮੈਂ ਇਸ ਬਾਰੇ ਆਪਣੇ ਪਰਚੇ 'ਕਲਾ ਸਿਰਜਕ' ਵਿੱਚ ਲਿਖਾਂਗਾ।'
ਨਾਲ ਹੀ ਕਹਿਣ ਲੱਗਾ, 'ਅੰਕ ਵਿੱਚ ਇਸ਼ਤਿਹਾਰ ਦੇ ਰੂਪ ਵਿਚ ਛਪੀ ਸੂਚਨਾ ਅਨੁਸਾਰ ਮੈਨੂੰ 'ਦੇਸ਼-ਦੇਸ਼ ਦੇ ਕਵੀ' ਪੁਸਤਕ ਭੇਜ ਦੇ। ਮੈਂ ਆਖਿਆ ਕਿ ਇਸ ਦੀ ਅਜੇ ਛਪਾਈ ਮੁਕੰਮਲ ਨਹੀਂ ਹੋਈ। ਜੇ ਕਹੋ ਤਾਂ 'ਪੰਜ ਵਿਸ਼ਵ ਕਵੀ' ਦੀ ਕਾਪੀ ਭੇਜ ਦਿੰਦਾ ਹਾਂ। ਜਦੋਂ ਇਹ ਪੁਸਤਕ ਮਿਲੀ ਤਾਂ ਫੋਨ ਆਇਆ, ਮੈਂ ਇਸ ਬਾਰੇ ਅਗਲੇ ਅੰਕ ਵਿੱਚ ਰਿਵਿਊ ਕਰਾਂਗਾ।'
ਪਰ ਉਸਦੀਆਂ ਬੀਮਾਰੀਆਂ ਭਾਰੂ ਹੋ ਗਈਆਂ ਸਨ। ਅਖ਼ੀਰ ਪੰਜਾਬੀ ਦਾ ਵੱਡਾ ਕਵੀ ਤੇ ਗ਼ਜ਼ਲ-ਗੋ ਸਦੀਵੀਂ ਯਾਤਰਾ ਉੱਤੇ ਤੁਰ ਗਿਆ ਸੀ।
ਨਿਰਸੰਦੇਹ ਉਹ ਚੰਗਾ ਕਵੀ ਹੀ ਨਹੀਂ, ਉਸਤਾਦ ਗ਼ਜ਼ਲ-ਗੋ ਵੀ ਸੀ।
ਕਦੇ ਕਿਸੇ ਪ੍ਰਸ਼ੰਸ਼ਕ ਨੇ ਟਿੱਪਣੀ ਕੀਤੀ ਸੀ ਕਿ ਜੇ ਉਹ ਕੰਧ ਉੱਤੇ ਚਾਰ ਅੱਖਰ ਲਿਖ ਦੇਵੇ ਤਾਂ ਉਹ ਗ਼ਜ਼ਲ ਦਾ ਸ਼ਿਅਰ ਬਣ ਜਾਂਦਾ ਹੈ। ਇਹ ਟਿੱਪਣੀ ਸੱਚੀ ਸੀ।
ਅੰਤਿਕਾ-11.
ਪਿਛਲੇ ਪੰਜਾਹ ਸਾਲ ਦੀਆਂ ਇਹਨਾ ਖੱਟੀਆਂ-ਮਿੱਠੀਆਂ ਯਾਦਾਂ ਨੂੰ ਅੰਕਿਤ ਕਰਨਾ ਮੇਰੇ ਲਈ ਕੋਈ ਖੁਸ਼ਗਵਾਰ ਕਾਰਜ ਨਹੀਂ ਸੀ। ਮੈਂ ਬੜਾ ਸੁੰਘ-ਸੁੰਘ ਕੇ ਤੁਰਦਿਆਂ ਇਹਨਾਂ ਨੂੰ ਅੰਕਿਤ ਕੀਤਾ ਹੈ। ਖਦਸਾ ਸੀ ਕਿ ਕਿਤੇ ਮੈਂ ਉਲਾਰ ਜਾਂ ਅੰਤਰਮੁਖੀ ਨਾ ਹੋ ਜਾਵਾਂ। ਸ਼ਾਇਦ ਵੱਧ ਜਾਂ ਘੱਟ ਸਾਡੇ ਵਿਰੋਧ ਸਾਡੀ ਦੋਹਾਂ ਦੀ ਹਉਮੈ ਦਾ ਹੀ ਪ੍ਰਗਟਾਵਾ ਹੋਣ। ਪਰ ਕੌਣ ਵੱਧ ਉਲਾਰ ਸੀ ਤੇ ਕੌਣ ਘੱਟ, ਇਸਦਾ ਨਿਰਣਾ ਕੋਈ ਤੀਸਰਾ ਵਿਅਕਤੀ ਹੀ ਕਰ ਸਕਦਾ ਹੈ, ਜੋ ਸਾਡਾ ਹਾਣੀ ਹੋਵੇ ਤੇ ਦੋਹਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੋਵੇ।
ਉਸਦੀ ਮੌਤ ਤੋਂ ਬਾਅਦ ਮੈਂ ਉਸਦੀਆਂ ਗ਼ਜ਼ਲਾਂ ਤੇ ਕਵਿਤਾਵਾਂ ਦੇ ਦੋਵੇਂ ਗ੍ਰੰਥ ਫਿਰ ਪੜ੍ਹੇ ਹਨ। ਉਸਦੀ ਸਮੁੱਚੀ ਕਾਵਿ-ਰਚਨਾ ਸਾਡੇ ਸਭਿਆਚਾਰ ਤੇ ਸਾਹਿਤ ਦੀ ਕੀਮਤੀ ਵਿਰਾਸਤ ਹੈ। ਜਿਸਦਾ ਡੂੰਘਾ ਅਧਿਐਨ ਤੇ ਮੁਲਾਂਕਣ ਜ਼ਰੂਰੀ ਹੈ।
ਲੇਖਕ ਖਾਸ ਤੌਰ 'ਤੇ ਭਵਿੱਖ ਦੇ ਪਾਠਕ ਉਸਦੇ ਸੁਭਾਅ ਤੇ ਸ਼ਖਸੀਅਤ ਦੀਆਂ ਘਾਟਾਂ ਅਤੇ ਕਮਜ਼ੋਰੀਆਂ ਨੂੰ ਭੁੱਲ ਜਾਣਗੇ ਤੇ ਉਸਦੀ ਸਮੁੱਚੀ ਦੇਣ ਦੀ ਕਦਰ ਕਰਨਗੇ। ਪਰ ਇਹ ਵੀ ਸੱਚ ਹੈ ਕਿ ਕਿਸੇ ਵੀ ਕਵੀ ਦੀ ਰਚਨਾ ਨੂੰ ਸਮਝਣ ਲਈ, ਉਸਦਾ ਸਮਾਂ। ਮਾਨਸਿਕਤਾ, ਪਰਿਵਾਰਕ ਪਿਛੋਕੜ ਤੇ ਸ਼ਖਸੀਅਤ ਦਾ ਡੂੰਘਾ ਅਧਿਐਨ ਤੇ ਵਿਸ਼ਲੇਸ਼ਣ ਆਵੱਸ਼ਕ ਹੁੰਦਾ ਹੈ।
ਜਗਤਾਰ ਦੀ ਸ਼ਾਇਰੀ ਖਾਸ ਤੌਰ 'ਤੇ ਉਸਦੀ ਗ਼ਜ਼ਲ ਦੀਆਂ ਅਨੇਕ ਪਰਤਾਂ ਤੇ ਵਿਸ਼ੇਸ਼ਤਾਈਆਂ ਹਨ। ਭਵਿੱਖ ਦੇ ਪਾਠਕ, ਕਲਾ ਪ੍ਰੇਮੀ ਤੇ ਖੋਜੀ ਬਦਲਦੇ ਪ੍ਰਸੰਗਾਂ ਵਿੱਚ ਇਸਦਾ ਆਪਣੇ ਆਪਣੇ ਢੰਗ ਨਾਲ ਤੇ ਅੰਤਰ ਦ੍ਰਿਸ਼ਟੀਆਂ ਅਨੁਸਾਰ ਮੁਲਾਂਕਣ ਕਰਨਗੇ।
ਜ਼ਮਾਨਾ ਆਏਗਾ ਜਗਤਾਰ ਜਦ ਕੁਝ ਲੋਕ ਸਮਝਣਗੇ,
ਬੁਲੰਦੀ ਤੇਰੇ ਸ਼ਿਅਰਾਂ ਦੀ, ਤੇਰੇ ਸ਼ਿਅਰਾਂ ਦੀ ਗਹਿਰਾਈ।
ਕੌਣ ਮੇਰੇ ਬਾਅਦ ਪਾਲੇਗਾ ਹੁਨਰ ਮੁਸ਼ਕਿਲ, ਪਸੰਦ,
ਕੌਣ ਸ਼ਬਦਾਂ ਦੇ ਨਗੀਨੇ ਹਰ ਗ਼ਜ਼ਲ ਅੰਦਰ ਜੜੇਗਾ।
ਕਿਉਂਕਿ
ਗ਼ਜ਼ਲਾਂ ਦੇ ਸ਼ਿਅਰ ਕਹਿਣਾ, ਕੁਝ ਇਸ ਤਰ੍ਹਾਂ ਹੈ ਜੀਕੂੰ,
ਪਾਣੀ 'ਚ ਮੇਖ ਗੱਡਣੀ, ਪੌਣਾਂ 'ਚ ਰੰਗ ਭਰਨਾ।
--- --- ---
ਲਕੀਰ ਅੰਕ 113 ਵਿਚ ਪੜ੍ਹਨ ਪਿੱਛੋਂ, ਧੰਨਵਾਦ ਸਹਿਤ, ਲੇਖਕ ਤੇ ਸੰਪਾਦਕ ਦੀ ਆਗਿਆ ਨਾਲ ਇਹ ਲੇਖ ਤੁਹਾਡੀ ਨਜ਼ਰ ਕੀਤਾ ਜਾ ਰਿਹਾ ਹੈ…
Subscribe to:
Posts (Atom)