Wednesday 9 February 2011

ਚੱਲ ਮਨਾ, ਜਲੰਧਰ ਮਰੀਏ / ਪ੍ਰੇਮ ਪ੍ਰਕਾਸ਼



ਚੱਲ ਮਨਾ, ਜਲੰਧਰ ਮਰੀਏ
ਲੇਖਕ : ਪ੍ਰੇਮ ਪ੍ਰਕਾਸ਼
ਪੋਸਟਿੰਗ : ਮਹਿੰਦਰ ਬੇਦੀ ਜੈਤੋ


ਜਦ ਮੈਂ ਪਚਵੰਜਾ ਸਾਲਾਂ ਦਾ ਹੋਇਆ ਤਾਂ ਮੈਨੂੰ ਡਰ ਦੀ ਕਸਰ ਬਹੁਤ ਵਧ ਗਈ ਸੀ। ਏਸ ਡਰ ਨੂੰ ਸੁਣ ਕੇ ਮੇਰਾ ਡਾਕਟਰ ਦਰਸ਼ਨ ਸਿੰਘ ਹੱਸਦਾ ਹੋਇਆ ਕਹਿੰਦਾ, 'ਕਿਉਂ ਡਰ ਲਗਦੈ ਮੌਤ ਤੋਂ?'...ਮੈਂ ਐਵੇਂ ਕਹਿ ਦੇਂਦਾ, “ਨਹੀਂ, ਏਨਾ ਤਾਂ ਨਹੀਂ।”...ਅਸਲੀ ਗੱਲ ਉਹਨੂੰ ਦੱਸਣ ਲਈ ਮੈਂ ਕਹਿੰਦਾ, “ਅਸਲ 'ਚ ਮੈਂ ਕਲ੍ਹ ਚੰਡੀਗੜ੍ਹ ਜਾਣੈ। ਬਸ ਤੁਸੀਂ ਮੇਰੀ ਬਾਂਹ ਫੜ ਕੇ ਪਲੋ ਦਿਓ। ਬਸ ਚੜ੍ਹਨ ਲੱਗਿਆਂ ਤਾਂ ਮੈਂ ਗੋਲੀ ਖਾ ਈ ਲੈਣੀ ਐ।”
ਖ਼ੈਰ ਕਦੇ ਮੈਂ ਉਹਨੂੰ ਸੱਚੀ ਗੱਲ ਦੱਸ ਦੇਂਦਾ ਕਿ ਜਦ ਬਸ 'ਚ ਮੈਂ 'ਕੱਲਾ ਹੁੰਦਾ ਹਾਂ ਤਾਂ ਮੈਨੂੰ ਡਰ ਲੱਗਣ ਲੱਗ ਪੈਂਦਾ ਏ ਕਿ ਮੈਨੂੰ ਰਾਹ 'ਚ ਕੋਈ ਬਿਮਰੀ ਨਾ ਹੋ ਜਾਵੇ। ਜੇ ਹੋ ਗਈ ਫੇਰ ਮੈਨੂੰ ਕੌਣ ਸਾਂਭੂ? ਪਰ ਜੇ ਮੇਰੇ ਨਾਲ ਕੋਈ ਬੰਦਾ ਹੋਵੇ, ਭਾਵੇਂ ਉਹ ਬੱਚਾ ਈ ਹੋਵੇ ਤਾਂ ਮੇਰਾ ਧਿਆਨ ਆਪਣੇ ਡਰ ਵੱਲ ਨਹੀਂ ਜਾਂਦਾ। ਬੱਚੇ ਨੂੰ ਸੰਭਾਲਣ ਵੱਲ ਲੱਗਿਆ ਰਹਿੰਦਾ ਏ।
ਡਾਕਟਰ ਦਰਸ਼ਨ ਸਿੰਘ ਨੇ ਮੈਨੂੰ ਸਮਝਾਇਆ ਕਿ ਏਸ ਬਿਮਾਰੀ ਨੂੰ 'ਹਾਈਪੋਕੌਂਡਰੀਆ' ਆਖਦੇ ਨੇ। ਜਿਸ ਦਾ ਮਤਲਬ ਏ ਕਿ ਬੰਦੇ 'ਤੇ ਵੇਲੇ ਕੁਵੇਲੇ ਰੋਗਾਂ ਤੇ ਮੌਤਾਂ ਦੇ ਝੂਠੇ ਡਰ ਆਉਂਦੇ ਰਹਿੰਦੇ ਨੇ। ਉਹ ਦੇਖੀਆਂ ਸੁਣੀਆਂ ਬਿਮਾਰੀਆਂ ਆਪਣੇ ਨਾਲ ਜੋੜਦਾ ਰਹਿੰਦਾ ਏ...ਤਦੇ ਤੁਸੀਂ ਏਨੀਆਂ ਗੋਲੀਆਂ ਖਾਂਦੇ ਹੋ। ਛੱਡੋ ਪਰ੍ਹਾਂ ਇਹਨਾਂ ਗੋਲੀਆਂ ਨੂੰ। ਰਾਤ ਨੂੰ ਦੋ ਪੈੱਗ ਵਿਸਕੀ ਦੇ ਪੀਆ ਕਰੋ। ਫੇਰ  ਮੌਜ ਨਾਲ ਸੌਂ ਜਾਇਆ ਕਰੋ।
ਮੈਨੂੰ ਵੀ ਉਦੋਂ ਮੌਤ ਦਾ ਜ਼ਿਕਰ ਕਰਨਾ ਤੇ ਪੜ੍ਹਨਾ ਜਾਂ ਸੁਨਣਾ ਭਿਆਨਕ ਜਿਹਾ ਵਿਸ਼ਾ ਲਗਦਾ ਸੀ। ਪਰ ਹੁਣ ਨਹੀਂ ਲਗਦਾ। ਇਹ ਗੱਲ ਸੱਤਰੋਂ ਟੱਪੇ ਬੰਦੇ ਲਈ ਅਜਿਹੀ ਭਿਆਨਕ ਨਹੀਂ ਰਹਿੰਦੀ। ਫੇਰ ਜਿਉਂ-ਜਿਉਂ ਉਮਰ ਵਧਦੀ ਜਾਂਦੀ ਏ, ਬੰਦਾ ਏਸ ਵਿਸ਼ੇ ਨੂੰ ਵੱਧ ਗੰਭੀਰਤਾ ਨਾਲ ਸੋਚਣ ਸਮਝਣ ਤੇ ਘੋਖਣ ਲੱਗ ਪੈਂਦਾ ਏ। ਸਿੱਖ-ਅੱਤਵਾਦ ਦੇ ਦਿਨਾਂ 'ਚ ਦਿਲਚਸਪ ਹਾਲਤ ਇਹੋ ਜਿਹੀ ਹੋ ਗਈ ਸੀ ਕਿ ਮਰਨ ਦੇ ਸਮੇਂ ਤੇ ਥਾਵਾਂ ਸੈਂਕੜੇ ਹੋ ਗਈਆਂ ਸਨ। ਪਤਾ ਨਹੀਂ ਸੀ ਰਿਹਾ ਕਿ ਗੋਲੀ ਕਿਸ ਖੇਤ 'ਚ ਮੈਦਾਨ ਮਾਰਦੇ ਨੂੰ ਆ ਲੱਗੇ ਜਾਂ ਰਾਹ 'ਚ ਕਿਤੇ ਜਾਂਦੇ ਆਉਂਦੇ ਨੂੰ। ਜਾਂ ਸੁੱਤੇ ਪਏ ਨੂੰ। ਮੈਨੂੰ ਤਾਂ ਆਪਣੀ ਲੋਥ 'ਹਿੰਦ ਸਮਾਚਾਰ' ਦਫ਼ਤਰ ਤੋਂ ਰਾਤ ਨੂੰ ਮੋਤਾ ਸਿੰਘ ਨਗਰ 'ਚ ਆਪਣੇ ਘਰ ਨੂੰ ਮੁੜਣ ਵਾਲੀ ਸੜਕ 'ਤੇ ਜਾਂ ਆਪਣੇ ਘਰ ਪਹੁੰਚ ਕੇ ਰੋਟੀ ਖਾਂਦੇ ਜਾਂ ਗਊਆਂ ਨੂੰ ਅੰਦਰ ਬਾਹਰ ਕਰਦੇ ਦੀ ਡਿਗਦੀ ਲਗਦੀ ਸੀ। ਪਰ ਮੈਨੂੰ ਇਹ ਘਰ ਨਾਲੋਂ ਵੱਧ ਸੜਕ 'ਤੇ ਹੋਣਾ ਠੀਕ ਲਗਦਾ ਸੀ। ਮੈਂ ਨਹੀਂ ਚਾਹੁੰਦਾ ਕਿ ਮੈਨੂੰ ਮਰਦੇ ਨੂੰ ਮੇਰੇ ਘਰ ਵਾਲੇ ਦੇਖਣ।
ਮੈਨੂੰ ਇਹ ਵਿਸ਼ਾ ਅੱਜਕਲ੍ਹ ਕਾਫੀ ਦਿਲਚਸਪ ਲੱਗਦਾ ਏ। ਕਦੇ ਇਹਦੇ 'ਚ ਕੋਈ ਦੁੱਖ ਵਾਲੀ ਗੱਲ ਹੀ ਨਹੀਂ ਲਗਦੀ। ਕਦੇ ਕਦੇ ਤਾਂ ਇਹ ਮੌਤ ਮਾਸੀ ਸੁਖ ਤੇ ਰਾਹਤਾਂ ਦਾ ਵਰਦਾਨ ਦੇਣ ਵਾਲੀ ਲਗਦੀ ਏ। ਫੇਰ ਮੈਂ ਸੋਚਣ ਲੱਗ ਪੈਂਦਾ ਹਾਂ ਕਿ ਕਿਉਂ ਵਈ ਮਨਾਂ, ਦੱਸ ਕਿੱਥੇ ਮਰਨੈ? ਉਹ ਜਵਾਬ ਦੇਂਦਾ ਏ ਕਿ ਇਹ ਕੋਈ ਤੇਰੇ ਵੱਸ 'ਚ ਥੋੜ੍ਹਾ ਏ? ਨਾ ਥਾਂ, ਨਾ ਸਮਾਂ ਤੇ ਨਾ ਤਰੀਕਾ, ਤੇਰੇ ਕੁਝ ਵੀ ਵੱਸ 'ਚ ਤਾਂ ਨਹੀਂ। ਫੇਰ ਉਹ ਮੈਨੂੰ ਟਿੱਚਰ ਕਰਦਾ ਕਹਿੰਦਾ ਏ, “ਬੁੱਢਾ ਹੋ ਕੇ ਬੰਦਾ ਆਪ ਸਮਾਨ ਬਣ ਜਾਂਦਾ ਏ। ਉਹਦਾ ਪੁੱਤ ਜਾਂ ਪੋਤਾ ਜਿੱਥੇ ਵੀ ਵੱਸਣ ਲਈ ਜਾਂਦਾ ਏ, ਉਹ ਬੁੱਢੇ ਨੂੰ ਓਸ ਟਰੱਕ ਦੀ ਮੂਹਰਲੀ ਸੀਟ 'ਤੇ ਬਹਾ ਕੇ ਫਿੱਟ ਕਰ ਦੇਂਦਾ ਏ, ਜਿਸ 'ਤੇ ਸਮਾਨ ਜਾ ਰਿਹਾ ਹੁੰਦਾ ਏ।
ਤੈਨੂੰ ਪਤੈ ਬਈ ਪਟਿਆਲੇ ਵਾਲਾ ਪੰਜਾਬ ਦਾ ਸੁਕਰਾਤ 'ਲਾਲੀ' ਕਿੱਥੇ ਏ? ਉਹ ਸਾਰੀ ਉਮਰ ਪਟਿਆਲੇ ਗੰਦੇ ਨਾਲੇ 'ਤੇ ਬਣਾਏ ਆਪਣੇ ਮਕਾਨ 'ਚ ਸ਼ਾਹੀ ਠਾਠ ਨਾਲ ਰਹਿੰਦਾ ਰਿਹਾ। ਨਾ ਜ਼ਮੀਨ ਦਾ ਫ਼ਿਕਰ ਤੇ ਨਾ ਜੋਰੂ ਦਾ। ਨਾ ਬੱਚਿਆਂ ਦੀ ਚਿੰਤਾ। ਸਾਇਕਲ ਚੱਕਿਆ ਤੇ ਜਾ ਵੜਿਆ ਯੂਨੀਵਰਸਿਟੀ ਦੇ ਕੌਫ਼ੀ ਹਾਉਸ 'ਚ। ਜਿਹੜਾ ਚੇਲਾ ਆਉਂਦਾ, ਉਹਨੂੰ ਸੁਕਰਾਤ ਵਾਂਗੂੰ ਲੈਕਚਰ ਦੇਂਦਾ ਤੇ ਨਾਸ਼ਤਾ ਕੌਫ਼ੀ ਮਿਲ ਜਾਂਦੀ। ਇਵੇਂ ਦੁਪਹਿਰ ਦਾ ਖਾਣਾ। ਸ਼ਾਮ ਨੂੰ ਫੇਰ ਕਿਸੇ ਕੱਚੇ ਪੱਕੇ ਸਾਹਿਤਕਾਰ ਦੇ ਘਰੇ ਸੁਕਰਾਤ ਵੱਲੋਂ ਵਰ੍ਹਿਆਂ ਤੋਂ ਸੁਣਾਏ ਜਾ ਰਹੇ ਲੈਕਚਰ ਸੁਣਾਂਦਾ ਤੇ ਦਾਰੂ ਚੱਲ ਪੈਂਦੀ। ਫੇਰ ਖਾਣਾ ਖਾ ਕੇ ਰਾਤ ਦੇ ਕਿੰਨੇ ਵਜ ਵੀ ਘਰ ਜਾ ਵੜਦਾ।
ਜਦ ਮੁੰਡਾ ਜਵਾਨ ਹੋਇਆ ਤਾਂ ਉਹਨੇ ਘਰ ਦੀ ਕਮਾਨ ਸੰਭਾਲ ਲਈ। ਲਾਲੀ ਨੂੰ ਤਦੇ ਸੁਨਣਾ, ਬੋਲਣਾ ਤੇ ਤੁਰਨਾ ਭੁੱਲ ਗਿਆ। ਮੁੰਡੇ ਨੇ ਪਟਿਆਲੇ ਵਾਲਾ ਮਕਾਨ ਵੇਚਿਆ ਤੇ ਮੁਹਾਲੀ ਨਵਾਂ ਖਰੀਦ ਲਿਆ। ਲਾਲੀ ਨੂੰ ਸਮਾਨ ਵਾਲੇ ਟਰੱਕ 'ਤੇ ਬਹਾ ਕੇ ਮੁਹਾਲੀ ਲੈ ਜਾਇਆ ਗਿਆ। ਫੇਰ ਮੁੜ ਕੇ ਆ ਕੇ ਪਟਿਆਲੇ ਕੋਠੀ ਹੋਰ ਖਰੀਦ ਲਈ। ਆਬਾਦੀ ਤੋਂ ਹਟਵੀਂ। ਲਾਲੀ ਫੇਰ ਪਟਿਆਲੇ ਆ ਗਿਆ। ਹੁਣ ਉਹ ਕਿਤੇ ਜਾਣ ਜੋਗਾ ਨਾ ਰਿਹਾ। ਫੇਰ ਪਤਾ ਨਹੀਂ ਮੁੰਡਾ ਕਿਥੇ ਚਲਿਆ ਗਿਆ। ਜਿਥੇ ਮੁੰਡਾ ਗਿਆ ਹੋਵੇਗਾ, ਉੱਥੇ ਹੀ ਲਾਲੀ ਹੋਵੇਗਾ।
ਇਹ ਹਾਲ ਮੇਰਾ ਏ। ਸੱਤ ਸਾਲ ਪਹਿਲਾਂ ਮੈਂ ਮੁੰਡੇ ਨੂੰ ਕਿਹਾ, “ਚੱਲ ਆਪਾਂ ਚੰਡੀਗੜ੍ਹ ਜਾ ਵਸੀਏ। ਇਹ ਮਕਾਨ ਵੇਚ ਕੇ ਉੱਥੇ ਜਾ ਕੇ ਹੋਰ ਲੈ ਲਵਾਂਗੇ। ਮੁੱਲ ਇੱਕੋ ਜਿਹਾ ਐ।”
ਉਹ ਕਹਿੰਦਾ, “ਮੈਂ ਤਾਂ ਜਲੰਧਰ ਛੱਡ ਕੇ ਕਿਤੇ ਜਾਣਾ ਨਹੀਂ। ਤੁਸੀਂ ਜਾਣੈ ਤਾਂ ਚਲੇ ਜਾਓ ਮਕਾਨ ਵੇਚ ਕੇ। ਮੈਂ ਤਾਂ ਦੁਕਾਨ 'ਤੇ ਦੋ ਚੁਬਾਰੇ ਹੋਰ ਪਾ ਕੇ ਉਥੇ ਰਹਿਣ ਲੱਗ ਪੈਣੈ।”
ਉਹਦੀ ਗੱਲ ਠੀਕ ਏ। ਮੇਰੀ ਜਨਮ ਭੂਮੀ ਖੰਨਾ ਏ ਤੇ ਉਹਦੀ ਜਲੰਧਰ। ਏਸੇ ਲਈ ਮੈਂ ਹੁਣ ਦੁਆਬੀਆਂ ਨੂੰ ਮਾੜਾ ਨਹੀਂ ਕਹਿੰਦਾ। ਮੇਰੇ ਨਿਆਣੇ ਸਾਰੇ ਦੁਆਬੀਏ ਨੇ।...ਪਰ ਮੇਰਾ ਸੰਕਟ ਸਿਰਫ ਮਾਲਵੇ ਜਾਂ ਦੁਆਬੇ ਦਾ ਨਹੀਂ। ਆਪਣੇ ਘਰ ਦਾ ਮੇਰਾ ਮੋਹ ਕਈ ਥਾਂਈਂ ਵੰਡਿਆ ਹੋਇਆ ਏ। ਮੈਨੂੰ ਆਪਣੇ ਜੱਦੀ ਪਿੰਡ ਬਦੀਨਪੁਰ ਵਾਲਾ ਘਰ ਵੀ ਯਾਦ ਆਉਂਦਾ ਏ। ਬਡਗੁੱਜਰਾਂ ਵਾਲਾ ਘਰ ਤੇ ਖੂਹ ਮੈਨੂੰ ਖਿੱਚਦੇ ਨੇ। ਪਰ ਮੇਰਾ ਉਹਨਾਂ ਨਾਲ ਕੋਈ ਸੀਰ ਨਹੀਂ ਰਿਹਾ। ਏਸੇ ਲਈ ਮੈਂ ਪਿਛਲੇ ਪੱਚੀ ਸਾਲਾਂ ਤੋਂ ਉਥੇ ਗਿਆ ਈ ਨਹੀਂ। ਮੈਨੂੰ ਉਹਨਾਂ ਥਾਵਾਂ ਦੀ ਨਵੀਂ ਤਸਵੀਰ ਤੋਂ ਭੈਅ ਆਉਂਦਾ ਏ। ਮੈਂ ਆਪਣੇ ਜ਼ਿਹਨ 'ਚ ਵਸੀ ਪੁਰਾਣੀ ਤਸਵੀਰ ਨੂੰ ਬਚਾ ਕੇ ਰੱਖਣਾ ਚਾਹੁੰਦਾ ਹਾਂ।
ਹਾਂ, ਖੰਨੇ ਵਾਲਾ ਜੱਦੀ ਮਕਾਨ ਸਭ ਤੋਂ ਛੋਟੇ ਭਾਈ ਅਸ਼ੋਕ ਦੇ ਹਿੱਸੇ ਆਇਆ ਸੀ। ਉਹਨੇ ਉਹਨੂੰ ਸ਼ਾਨਦਾਰ ਪੱਥਰਾਂ ਦੇ ਫਰਸ਼ਾਂ ਵਾਲਾ ਬਣਾ ਲਿਆ ਸੀ। ਹੁਣ ਉਹਦੀ ਬਖਤਾਵਰੀ ਵੱਡੀ ਹੋ ਗਈ ਏ। ਉਹ ਆਪਣੀ ਬਹੁਤ ਵੱਡੀ ਆਲੀਸ਼ਾਨ ਕੋਠੀ 'ਚ ਰਹਿੰਦਾ ਏ। ਉਹਨੇ ਪੁਰਾਣਾ ਘਰ ਵੇਚਿਆ ਨਹੀਂ ਤੇ ਨਾ ਈ ਕਿਰਾਏ 'ਤੇ ਦਿੱਤਾ ਏ। ਬਸ ਜਿੰਦਾ ਲਾ ਕੇ ਰੱਖਿਆ ਹੋਇਆ ਏ। ਓਸ ਘਰ 'ਚ ਸਭ ਕੁਝ ਬਦਲ ਗਿਆ ਏ। ਮੈਨੂੰ ਖਿੱਚਣ ਲਈ ਸਿਰਫ ਦੋ ਨਿਸ਼ਾਨੀਆਂ ਬਚੀਆਂ ਨੇ। ਇਕ ਸਾਹਮਣੇ ਦਲਾਨ ਵਾਲੀ ਅਲਮਾਰੀ ਤੇ ਦੂਜੀ ਵੱਡੇ ਚੁਬਾਰੇ ਵਾਲੀ ਅਲਮਾਰੀ। ਉਹਨਾਂ ਦੇ ਲੱਕੜ ਦੇ ਦਰਵਾਜੇ ਵੀ ਉਹੀ ਪੁਰਾਣੇ ਨੇ। ਉਹ ਦੋਵੇਂ ਅਲਮਾਰੀਆਂ ਮੇਰੇ ਸਕੂਲ 'ਚ ਪੜ੍ਹਨ ਵੇਲੇ ਮੇਰੀਆਂ ਸਨ। ਸਤਵੀਂ ਤਕ ਹੇਠਲੀ ਮੇਰੀ ਸੀ ਤੇ ਫੇਰ ਦਸਵੀਂ ਤਕ ਚੁਬਾਰੇ ਵਾਲੀ ਮੇਰੀ ਹੋ ਗਈ ਸੀ। ਹੁਣ ਵੀ ਮੈਂ ਜਦ ਕਦੇ ਓਸ ਮਕਾਨ 'ਚ ਜਾਂਦਾ ਹਾਂ ਤਾਂ ਅਲਮਾਰੀਆਂ ਵਾਰੀ-ਵਾਰੀ ਖੋਲ੍ਹ ਕੇ ਦੇਖਦਾ ਹਾਂ। ਬੰਦ ਹੋਣ ਤਾਂ ਵੀ ਉਹਨਾਂ ਦੇ ਸਾਹਮਣੇ ਖੜ੍ਹਾ ਰਹਿੰਦਾ ਹਾਂ।
ਇਕ ਵਾਰੀ ਮੇਰੇ ਅੰਦਰ ਖਿੱਚਾਂ ਜਿਹੀਆਂ ਪਈਆਂ ਖੰਨੇ ਵਾਲੇ ਘਰ ਦੀਆਂ। ਮੇਰਾ ਮੁੰਡਾ ਬਾਹਰ ਜਾਣ ਦੀ ਸੋਚਣ ਲੱਗ ਪਿਆ ਸੀ। ਮੈਂ ਛੋਟੇ ਭਾਈ ਨੂੰ ਪੁੱਛਿਆ ਕਿ ਇਹ ਮਕਾਨ ਜੇ ਤੂੰ ਵੇਚਣਾ ਹੋਵੇ ਤਾਂ ਮੈਨੂੰ ਪਹਿਲਾਂ ਪੁੱਛ ਲਵੀਂ। ਉਹ ਕਹਿੰਦਾ, “ਜਦ ਮਰਜੀ ਜਿੰਦਾ ਖੋਲ੍ਹ ਕੇ ਅੰਦਰ ਵੜ ਜਾਹ!”...ਕਦੇ ਮੈਂ ਖੰਨੇ ਉਹਦੇ ਨਵੇਂ ਘਰ ਹੁੰਦਾ ਤੇ ਪੁਰਾਣੇ ਘਰ ਦੀ ਗੱਲ ਛਿੜਦੀ ਤਾਂ ਉਹ ਮੈਨੂੰ ਪੁੱਛ ਲੈਂਦਾ, “ਜੇ ਏਧਰ ਨੀਂਦ ਨੀ ਆਉਂਦੀ ਤਾਂ ਓਧਰ ਜਾ ਕੇ ਸੌਂ ਜਾਹ। ਮੈਂ ਸਵੇਰੇ ਸਵੇਰੇ ਚਾਹ ਲੈ ਕੇ ਆ ਜਾਉਂਗਾ।”...ਹਨ ਤਾਂ ਇਹ ਗੱਲਾਂ ਆਮ ਜਿਹੀਆਂ। ਬਹੁਤੇ ਪਾਠਕਾਂ ਨੂੰ ਸ਼ਾਇਦ ਮੂਰਖਾਂ ਵਾਲੀਆਂ ਹੀ ਲੱਗਣ। ਪਰ ਮੈਂ ਆਪਣੀ ਕਲਪਨਾ 'ਚ ਓਸ ਘਰ 'ਚ ਆਪਣਾ ਸਮਾਨ ਹੀ ਟਿਕਾਉਣ ਨੂੰ ਛੇ ਮਹੀਨੇ ਲਾ ਦਿੱਤੇ ਸਨ। ਇਹ ਕੰਮ ਮੈਂ ਰੋਜ਼ ਰਾਤ ਨੂੰ ਸੌਣ ਵੇਲੇ ਕਰਦਾ ਸੀ। ਸੋਚਦਿਆਂ ਨੀਂਦ ਚੰਗੀ ਆਉਂਦੀ ਸੀ। ਜੇ ਕੋਈ ਕਹੇ ਬਈ 'ਸੂਤ ਨਾ ਕਤਾਨ, ਜੁਲਾਹੇ ਨਾਲ ਠੈਂਗਾ ਠੈਂਗੀ' ਤਾਂ ਮੈਂ ਸੁਰਜੀਤ ਹਾਂਸ ਦੇ ਫੁੱਫੜ ਵਾਂਗ ਕਹਾਂਗਾ, “ਸਹੁਰਿਓ ਏਸ ਚਿੰਤਾ ਨੇ ਤਾਂ ਮਰੀਆਂ ਕਿੰਨੀਆਂ ਈ ਰਾਤਾਂ ਲੰਘਾ ਦਿੱਤੀਆਂ।”
ਖ਼ੈਰ, ਮਨ ਸੋਚਦਾ ਏ ਕਿ ਇਹ ਸੋਚ ਕੀ ਹੋਈ ਕਿ ਕਿੱਥੇ ਜਾ ਕੇ ਮਰਨਾ ਏ? ਕਿੱਥੇ ਬਹੁਤੇ ਲੋਕ ਨੜੋਏ ਜਾਣਗੇ? ਕਿੱਥੇ ਕਿਰਿਆ ਦਾ ਜਸ਼ਨ ਚੰਗਾ ਹੋਵੇਗਾ ਤੇ ਸ਼ਰਧਾਂਜਲੀਆਂ ਸੁਹਣੀਆਂ ਦਿੱਤੀਆਂ ਜਾਣਗੀਆਂ?...ਬੰਦੇ ਨੂੰ ਮਿੱਟੀ ਹੋਏ ਨੂੰ ਕੀ ਖ਼ਬਰ ਕਿ ਕੀ ਹੋਇਆ ਏ।...ਪਰ ਇਕ ਸਚਾਈ ਮੈਂ ਆਪਣੇ ਆਪ ਨੂੰ ਆਪਣੀ ਵੀ ਦੱਸੀ ਜਾਂਦਾ ਹਾਂ ਕਿ ਉੱਤੋਂ ਤਾਂ ਮੈਂ ਇਹੀ ਕਹਿੰਦਾ ਹਾਂ ਕਿ ਮੈਨੂੰ ਕਿਸੇ ਸ਼ਹਿਰ, ਥਾਂ, ਮਕਾਨ ਜਾਂ ਬੰਦੇ ਨਾਲ ਕੋਈ ਮੋਹ ਨਹੀਂ। ਪਰ ਹੁੰਦਾ ਕੁਝ ਨਾ ਕੁਝ ਜ਼ਰੂਰ ਏ। ਜੇ ਨਾ ਹੋਵੇ ਤਾਂ ਮੈਂ ਗੱਲ ਹੀ ਕਿਉਂ ਕਰਾਂ?
ਜਦ ਮੇਰੇ ਕੱਟੜ ਆਰੀਆ ਸਮਾਜੀ ਬਾਈ ਜੀ ਗੁਜ਼ਰੇ ਤਾਂ ਉਹਨਾਂ ਨੂੰ ਕੀ ਪਤਾ ਸੀ ਕਿ ਉਹਨਾਂ ਦੇ ਮਰਨ ਬਾਅਦ ਉਹਨਾਂ 'ਤੇ ਕੀ ਬੀਤਣੀ ਏ। ਉਹਨਾਂ ਨੇ ਜਿਉਂਦਿਆਂ ਜੀਅ ਕਿਸੇ ਬ੍ਰਾਹਮਣ ਨੂੰ ਘਰ ਨਹੀਂ ਸੀ ਵੜਨ ਦਿੱਤਾ। ਮੁੰਡੇ ਕੁੜੀਆਂ ਦੇ ਵਿਆਹ ਇਕ ਖੱਤਰੀ ਆਰੀਆ ਸਮਾਜੀ ਡਾਕਟਰ ਕਰਾਉਂਦਾ ਹੁੰਦਾ ਸੀ। ਪਰ ਜਦ ਬਾਈ ਜੀ ਗੁਜ਼ਰੇ ਤਾਂ ਉਹ ਜਿਹੜੇ ਪੁੱਤ ਦੇ ਘਰ 'ਚ ਪਏ ਸੀ, ਉਹਦੀ ਪਤਨੀ ਨੇ ਜਦੇ ਅਚਾਰੀਆ ਜੀ ਨੂੰ ਬੁਲਾ ਲਿਆ। ਫੇਰ ਜਿਵੇਂ ਉਹ ਕਰਾਈ ਗਿਆ, ਅਸੀਂ ਕਰੀ ਗਏ। ਜਦ ਨ੍ਹਾਈ ਥੋਈ ਦੇ ਬਾਅਦ ਅਚਾਰੀਆ ਨੇ ਮੁੰਡਿਆਂ ਤੋਂ ਅਰਥੀ ਚੁਕਵਾਈ ਤਾਂ ਜਿਹੜੇ ਬੰਦੇ ਨੇ ਸਾਰੀ ਉਮਰ ਨਾ ਕਦੇ ਗੁਰਦਵਾਰੇ ਤੇ ਨਾ ਈ ਮੰਦਰ 'ਚ ਮੱਥਾ ਟੇਕਿਆ ਸੀ, ਉਸਦੀ ਅਰਥੀ ਪਹਿਲਾਂ ਗੁਰਦਵਾਰੇ ਅੱਗੇ ਤੇ ਫੇਰ ਦੇਵੀ ਦਵਾਰੇ ਅੱਗੇ ਝੁਕਾ ਕੇ ਤੇ ਹਰੇਕ ਚੁਰਸਤੇ 'ਚ ਪਿੰਡ-ਛੁਡਾਈ ਕਰਾ ਕੇ ਸ਼ਮਸ਼ਾਨ ਘਾਟ ਲਿਜਾਈ ਗਈ। ਘੜਾ ਭੰਨਿਆ ਗਿਆ।...ਇਹ ਸੋਚਾਂ ਸੋਚਦਿਆਂ ਮੈਂ ਹੱਸਦਾ ਹਾਂ। ਆਪਣੇ ਬਾਰੇ ਸੋਚਦਾ ਹਾਂ ਕਿ ਪਤਾ ਨਹੀਂ ਅਗਲਿਆਂ ਮੇਰੀ ਮਿੱਟੀ ਨਾਲ ਕੀ ਕਰਨਾ ਏ।
ਫੇਰ ਮੈਂ ਗਿਆਨ ਨਾਲ ਮਨ ਨੂੰ ਸਮਝਾਉਣ ਲੱਗ ਪੈਂਦਾ ਹਾਂ ਕਿ ਹਿੰਦੂ ਦਰਸ਼ਨ ਮੌਤ ਨੂੰ ਜੀਵਨ ਦਾ ਅੰਤ ਨਹੀਂ, ਮੁੱਢ ਮੰਨਦਾ ਏ। ਜਨਮ ਤੋਂ ਮਰਨ ਤੇ ਮਰਨ ਤੋਂ ਜਨਮ ਕਿਸੇ ਧਾਗੇ ਦੇ ਇਕ ਜਾਂ ਦੂਜੇ ਸਿਰੇ 'ਤੇ ਨਹੀਂ ਬਲਕਿ ਇਕ ਦਾਇਰੇ 'ਚ ਨੇ। ਜਿਸ ਦੇ ਸਿਰੇ ਆਪਣੀ ਗੋਲਾਈ ਪੂਰੀ ਕਰ ਕੇ ਇਕ ਦੂਜੇ ਨਾਲ ਮਿਲ ਜਾਂਦੇ ਨੇ। ਜੀਵ 'ਚ ਜਿੰਨੀ ਤਾਂਘ ਏਸ ਜਨਮ ਤੋਂ ਮੋਕਸ਼ ਪ੍ਰਾਪਤ ਕਰਨ ਦੀ ਹੁੰਦੀ ਏ, ਓਨੀ ਹੀ ਮੁੜ ਜਨਮ ਲੈਣ ਜਾਂ ਨਵਾਂ ਚੋਲਾ ਧਾਰਨ ਕਰਨ ਦੀ ਹੁੰਦੀ ਏ। ਜਿਹੜਾ ਏਸ ਸੱਚ ਨੂੰ ਜਿੰਨਾ ਮਨੋਂ ਮੰਨ ਲੈਂਦਾ ਏ, ਓਨਾ ਹੀ ਸੌਖਾ ਹੋ ਜਾਂਦਾ ਏ।
ਉਂਜ ਹਰੇਕ ਬੰਦਾ ਸੋਚਦਾ ਏ ਕਿ ਉਹਦੇ ਮਰਨ ਤੋਂ ਬਾਅਦ ਉਹਦਾ ਕੀ ਕੀਤਾ ਜਾਵੇਗਾ? ਉਹਦੇ ਅੰਤਮ ਸੰਸਕਾਰ ਕਿਵੇਂ ਕੀਤੇ ਜਾਣਗੇ?...ਮੈਨੂੰ ਇਹ ਸੋਚ ਹਾਸੋਹੀਣੀ ਲਗਦੀ ਏ। ਮੈਂ ਸੋਚਦਾ ਹਾਂ ਕਿ ਜਦ ਬੰਦੇ ਦੀ ਚੇਤਨਾ ਹੀ ਨਹੀਂ ਰਹਿਣੀ, ਫੇਰ ਉਹਦੀ ਮਿੱਟੀ ਹੋਈ ਦੇਹ ਨਾਲ ਕੋਈ ਕੀ ਸਲੂਕ ਕਰਦਾ ਏ, ਇਹਦੇ ਨਾਲ ਉਹਨੂੰ ਕੀ ਫਰਕ ਪੈਂਦਾ ਏ। ਅਸਲ 'ਚ ਬੰਦੇ ਦੇ ਮਨ ਦੇ ਡਰ ਅਖੀਰ ਤਕ ਵੀ ਉਹਦਾ ਖਹਿੜਾ ਨਹੀਂ ਛੱਡਦੇ। ਜਿਵੇਂ ਉਰਦੂ ਦੀ ਸ਼ਾਨਦਾਰ ਗਲਪਕਾਰ ਇਸਮਤ ਚੁਗ਼ਤਾਈ ਨੂੰ ਅੰਤ ਵੇਲੇ ਤਕ ਇਹੀ ਡਰ ਤੰਗ ਕਰਦਾ ਰਿਹਾ ਕਿ ਮਰਨ ਬਾਅਦ ਉਹਨੂੰ ਕਬਰ 'ਚ ਦੱਬ ਦਿੱਤਾ ਜਾਵੇਗਾ ਤਾਂ ਉਹਦੀ ਦੇਹ ਨੂੰ ਖਾਣ ਵਾਸਤੇ ਸੁੰਡੀਆਂ ਤੇ ਕੀੜੇ ਆ ਜਾਣਗੇ। ਉਹਨੂੰ ਉਹਨਾਂ ਕੀੜਿਆਂ ਤੋਂ ਬਹੁਤ ਡਰ ਲਗਦਾ ਸੀ। ਏਸੇ ਲਈ ਉਹਨੇ ਵਸੀਅਤ ਕੀਤੀ ਸੀ ਕਿ ਉਹਨੂੰ ਮਰਨ ਬਾਅਦ ਸਾੜ ਦਿੱਤਾ ਜਾਵੇ, ਦਫ਼ਨ ਨਾ ਕੀਤਾ ਜਾਵੇ। ਪਰ ਮੁਸਲਮਾਨ ਮੁਰਦੇ ਨੂੰ ਸਾੜ ਕੇ ਬੰਬਈ 'ਚ ਹਿੰਦੂ-ਮੁਲਸਮ ਫਸਾਦ ਥੋੜ੍ਹਾ ਕਰਾਉਣਾ ਸੀ, ਉਹਦੀ 'ਨਾਜਾਇਜ਼ ਔਲਾਲ' ਨੇ। ਇਹ 'ਨਾਜਾਇਜ਼ ਔਲਾਦ' ਲੁਕਵੀਂ ਕਹਾਣੀ ਏ ਕਿ ਇਸਮਤ ਚੁਗ਼ਤਾਈ ਨੇ ਕੁਆਰੀ ਨੇ ਇਕ ਕੁੜੀ ਨੂੰ ਜਨਮ ਦਿੱਤਾ ਸੀ। ਜਦ ਇਸਮਤ 'ਕੱਲੀ ਤੇ ਬੁੱਢੀ ਹੋ ਗਈ ਤਾਂ ਉਹੀ ਕੁੜੀ ਉਹਨੂੰ ਆਪਣੇ ਘਰ ਲੈ ਗਈ ਸੀ। ਉਹਨੂੰ ਇਸਮਤ ਨੇ ਉਹਦੇ ਨਾਲ ਪਿਆਰ ਦਾ ਭੇਦ ਦੱਸ ਦਿੱਤਾ ਸੀ। ਓਸ ਹਿੰਦੂ ਘਰ 'ਚ ਪਲੀ ਉਹਦੀ ਕੁੜੀ ਸੀਮਾ ਨੇ ਆਪਣੀ ਮਾਂ ਦੀ ਵਸੀਅਤ ਨੂੰ ਲਾਂਭੇ ਰੱਖ ਕੇ ਮੌਲਵੀ ਨੂੰ ਬੁਲਾ ਕੇ ਆਪਣੀ ਮਾਂ ਨੂੰ ਕੀੜਿਆਂ ਦੇ ਖਾਣ ਲਈ ਦਫ਼ਨ ਕਰਾ ਦਿੱਤਾ ਸੀ।
ਏਸੇ ਤਰ੍ਹਾਂ ਏਸ਼ੀਆ ਦੇ ਵੱਡੇ ਕਹਾਣੀਕਾਰ ਦੇ ਤੌਰ 'ਤੇ ਮਸ਼ਹੂਰ ਕ੍ਰਿਸ਼ਨ ਚੰਦਰ ਨੂੰ ਉਹਦੇ ਧਰਮ ਦੇ ਉਲਟ ਮੜ੍ਹੀਆਂ 'ਚ ਸਾੜਿਆ ਗਿਆ ਸੀ। ਕੋਈ 54 ਜਾਂ 55 ਸਾਲ ਦੀ ਉਮਰ 'ਚ ਉਹਨੇ ਇਸਲਾਮ ਕਬੂਲ ਕਰ ਕੇ ਸਲਮਾ ਨਾਂ ਦੀ ਇਕ ਔਰਤ ਨਾਲ ਨਿਕਾਹ ਕਰ ਲਿਆ ਸੀ। ਸਾਹਿਤਕ ਸ਼ੌਕ ਵਾਲੀ ਉਹ ਸ਼ਾਇਰਾ ਔਰਤ ਬਹੁਤ ਸਿਆਣੀ ਸੀ। ਉਹਨਾਂ ਦਾ ਪ੍ਰੇਮ ਨਾਟਕ ਪਤਾ ਨਹੀਂ ਕਦ ਤੋਂ ਚਲ ਰਿਹਾ ਸੀ। ਨਿਕਾਹ ਹੋਣ 'ਤੇ ਈ ਸਭ ਨੂੰ ਪਤਾ ਲੱਗਿਆ। ਕ੍ਰਿਸ਼ਨ ਚੰਦਰ ਨੂੰ ਮੁਸਲਮਾਨ ਏਸ ਲਈ ਵੀ ਹੋਣਾ ਪਿਆ ਕਿ ਉਹਦੀ ਹਿੰਦੂ ਪਤਨੀ ਸਰਲਾ ਹਾਲੇ ਚੰਗੀ ਭਲੀ ਸੀ। ਪਰ ਉਹ ਰਹਿੰਦੀ ਵੱਖਰੀ ਸੀ। ਖਰਚਾ ਕ੍ਰਿਸ਼ਨ ਚੰਦਰ ਹੀ ਦੇਂਦਾ ਸੀ।
ਜਦ ਕ੍ਰਿਸ਼ਨ ਚੰਦਰ ਗੁਜ਼ਰਿਆ ਤਾਂ ਰਾਜਿੰਦਰ ਸਿੰਘ ਬੇਦੀ ਵਗ਼ੈਰਾ ਪੰਜਾਬੀ ਦੋਸਤ 'ਕੱਠੇ ਹੋ ਗਏ। ਜਿਨ੍ਹਾਂ 'ਚ ਬਹੁਤੇ ਹਿੰਦੂ ਸਨ ਤੇ ਸਭ ਨੂੰ ਕ੍ਰਿਸ਼ਨ ਚੰਦਰ ਦੀ ਪਹਿਲੀ ਪਤਨੀ ਦਾ ਪਤਾ ਸੀ। ਸਲਮਾ ਨੂੰ ਪੁੱਛਿਆ ਗਿਆ ਕਿ ਬੀਬੀ, ਹੁਣ ਇਹਦਾ ਕੀ ਕਰੀਏ?...ਸਲਮਾ ਕਹਿੰਦੀ, ਹੁਣ ਏਸ ਮਿੱਟੀ ਦਾ ਕੀ ਏ? ਜੋ ਮਰਜ਼ੀ ਕਰ ਲਓ।...ਤਦ ਨੂੰ ਸਰਲਾ ਨੂੰ ਖਬਰ ਹੋ ਗਈ। ਉਹ ਆ ਗਈ ਵੰਗਾਂ ਭੰਨ ਕੇ ਰੋਂਦੀ, ਕੁਰਲਾਂਦੀ। ਜਦ ਉਹਨੂੰ ਦਫ਼ਨ ਕਰਨ ਦੀ ਗੱਲ ਦਾ ਪਤਾ ਲੱਗਿਆ ਤਾਂ ਉਹਨੇ ਪਿੱਟ ਪੱਟੂਆ ਪਾ ਲਿਆ। ਕ੍ਰਿਸ਼ਨ ਚੋਪੜਾ ਖੱਤਰੀ ਸੀ। ਫੇਰ ਸਾਰਿਆਂ ਨੇ ਸਲਾਹ ਕਰ ਕੇ ਅਰਥੀ ਮੜ੍ਹੀਆਂ 'ਚ ਲਿਜਾ ਕੇ ਦਾਹ ਸੰਸਕਾਰ ਕਰ ਦਿੱਤਾ। ਸਲਮਾ ਕਿਤੇ ਵੀ ਇਕ ਸ਼ਬਦ ਤਕ ਨਹੀਂ ਬੋਲੀ।
ਸਾਡੇ ਪਿੰਡਾਂ 'ਚ ਕਈ ਬੁੱਢੇ ਆਪਣੇ ਸੰਸਕਾਰ ਦੀ ਤਿਆਰੀ ਪਹਿਲਾਂ ਆਪ ਈ ਕਰਨ ਲੱਗ ਪੈਂਦੇ ਨੇ। ਸਾਡੇ ਪਿੰਡ ਗਲਾਸੀ ਹੋਰਾਂ ਦਾ ਬੁੜ੍ਹਾ ਸੀ। ਉਹ ਆਪਣੀ ਮੌਤ ਤੋਂ ਪਹਿਲਾਂ ਲੱਕੜਾਂ ਦੇ ਖੁੰਢ 'ਕੱਠੇ ਕਰਨ ਲੱਗ ਪਿਆ ਸੀ। ਮੇਰੇ ਪੁੱਛਣ 'ਤੇ ਕਹਿੰਦਾ, “ਮਾਸਟਰ, ਤੈਨੂੰ ਨੀਂ ਪਤਾ, ਇਹਨਾਂ ਮੁੰਡਿਆਂ ਨੂੰ ਨਹੀਂ ਪਤਾ ਬਈ ਮੁਰਦੇ ਦੇ ਸੀਨੇ 'ਤੇ ਕਹੇਜੀ ਲੱਕੜੀ ਦਾ ਖੁੰਢ ਰੱਖੀਦੈ।” ਫੇਰ ਉਹਨੇ ਆਪਣੀ ਕੌਡੀ 'ਤੇ ਹੱਥ ਧਰ ਕੇ ਦੱਸਿਆ 'ਬਈ ਇਹ ਕੌਡੀ ਛੇਤੀ ਨੀ ਜਲਦੀ।
ਜਿਹੜੇ ਬੁੜ੍ਹਿਆਂ ਨੂੰ ਇਹ ਵਸਾਹ ਨਹੀਂ ਹੁੰਦਾ ਕਿ ਉਹਦੀ ਜਾਇਦਾਦ ਸਾਂਭਣ ਵਾਲੇ ਮੁੰਡਿਆਂ ਨੇ ਉਹਦਾ ਹੰਗਾਮਾ ਕਰਨਾ ਏ ਜਾਂ ਨਹੀਂ ਤਾਂ ਉਹ ਆਪ ਈ ਕੱਫਨ ਖਰੀਦ ਕੇ ਰੱਖਦੇ ਸੀ। ਕਈ ਤਾਂ ਆਪਣਾ ਬਾਰ੍ਹਾਂ ਤੇਰ੍ਹਾਂ ਵੀ ਕਰਾ ਲੈਂਦੇ ਨੇ। ਸਾਡੇ ਪਿੰਡ ਦੇ ਮਹਿਦ ਪੁਰੀਆਂ ਦਾ ਬੁੜ੍ਹਾ ਆਪਣਾ ਭਾਰ ਏਸ ਲਈ ਘਟਾਉਂਦਾ ਰਿਹਾ ਸੀ ਕਿ ਮੁੰਡਿਆਂ ਦੇ ਮੋਢੇ 'ਤੇ ਭਾਰ ਘੱਟ ਪਵੇ।...ਸਾਡੇ ਪੁਰਾਣੇ ਪਿੰਡ ਬਦੀਨਪੁਰ ਦਾ ਇਕ ਬ੍ਰਾਹਮਣ ਬੁੜ੍ਹਾ ਹਰਦੁਆਰ ਤੇ ਪਹੋਏ ਜਾ ਕੇ ਆਪਣੀ ਗਤੀ ਵੀ ਕਰਾ ਆਇਆ ਸੀ। ਉਹਦੇ ਘਰ 'ਚ ਨਾ ਤੀਵੀਂ ਤੇ ਨਾ ਨਿਆਣੇ, ਕੋਈ ਵੀ ਨਹੀਂ ਸੀ। ਉਹਨੂੰ ਵਿਸ਼ਵਾਸ ਹੋ ਗਿਆ ਸੀ ਕਿ ਉਹਦੇ ਮਰਨ ਬਾਅਦ ਕਿਸੇ ਨੇ ਉਹਦੀ ਗਤੀ ਨਹੀਂ ਕਰਾਉਣੀ। ਮਰਨਾ ਉਹਨੇ 'ਕੱਲੇ ਨੇ ਮੰਜੇ 'ਤੇ ਏ। ਪੈਣਾ ਉਹਨੇ ਪ੍ਰੇਤ ਜੂਨ 'ਚ ਐ। ਰਹਿਣਾ ਉਹਨੇ ਬਦੀਨਪੁਰ ਦਿਆਂ ਇਨ੍ਹਾਂ ਬਰੋਟਿਆਂ, ਪਿੱਪਲਾਂ ਤੇ ਨਿੰਮਾਂ 'ਤੇ ਈ ਐ।
ਜਦੋਂ ਮੌਤ ਬਾਰੇ ਸੋਚਦਿਆਂ ਤੇ ਭੂਸ਼ਨ ਨਾਲ ਗੱਲਾਂ ਕਰਦਿਆਂ ਪਤਾ ਲੱਗਿਆ ਸੀ ਕਿ ਬ੍ਰਾਹਮਣਾਂ ਦੇ ਕਿਰਿਆ ਗਿਆਰਾਂ ਦਿਨਾਂ ਬਾਅਦ ਹੁੰਦੀ ਏ। ਖੱਤਰੀਆਂ ਤੇ ਹੋਰ ਸਾਰੀਆਂ ਹਿੰਦੂ ਜਾਤਾਂ ਦੇ ਕਿਰਿਆ ਬਾਰ੍ਹਵੇਂ ਤੇਰ੍ਹਵੇਂ ਦਿਨ ਹੁੰਦੀ ਏ। ਆਰੀਆ ਸਮਾਜੀ ਚੌਥੇ ਦਿਨ ਈ ਅੰਤਿਮ ਸ਼ੋਕ ਦਿਵਸ ਕਰ ਕੇ ਉਠਾਲਾ ਕਰ ਲੈਂਦੇ ਨੇ। ਕਾਰੋਬਾਰੀ ਸਨਾਤਨੀ ਵੀ ਚੌਥੇ ਦਿਨ ਈ ਉਠਾਲਾ ਕਰ ਕੇ ਆਪਣੀਆਂ ਹੱਟੀਆਂ ਖੋਲ੍ਹ ਲੈਂਦੇ ਨੇ। ਪਿੱਛੋਂ ਤਾਂ ਉਹੀ ਕੁਝ ਹੁੰਦਾ ਏ, ਜੋ ਪਿਛਲਿਆਂ ਦੀ ਮਰਜ਼ੀ ਹੋਵੇ। ਮੀਸ਼ੇ ਦੇ ਸੰਸਕਾਰ ਵੇਲੇ ਉਹਦੇ ਸਰ੍ਹਾਣੇ ਘੜਾ ਭੰਨਿਆ ਗਿਆ ਸੀ ਤੇ ਭੈਣਾਂ ਨੇ ਵੈਣ ਪਾਏ ਸੀ 'ਬਦਾਮ ਤੇ ਹੋਰ ਪਤਾ ਨਹੀਂ ਕੀ ਕੀ ਖਾਣੇ' ਦੇ। ਪਰ ਸੁਰਜੀਤ ਕੌਰ ਦੇ ਪਤੀ ਦੇ ਮਰਨੇ 'ਤੇ ਅਜਿਹਾ ਕੁਝ ਵੀ ਨਹੀਂ ਸੀ ਕੀਤਾ ਗਿਆ। ਸੁਰਜੀਤ ਕੌਰ ਨੇ ਭੋਗ ਵਾਲੇ ਦਿਨ ਗੁਰਦਵਾਰੇ 'ਚ ਆ ਕੇ ਮੱਥਾ ਵੀ ਨਹੀਂ ਸੀ ਟੇਕਿਆ। ਚੁੱਪ ਕਰ ਕੇ ਇਕ ਪਾਸੇ ਨੂੰ ਹੋ ਕੇ ਬਹਿ ਗਈ ਸੀ।
ਮੈਂ ਏਸ ਮਾਮਲੇ ਕੋਈ ਵਸੀਅਤ ਨਹੀਂ ਕਰਨਾ ਚਾਹੁੰਦਾ, ਪਤਾ ਨਹੀਂ ਕਾਰਜ ਕਰਨ ਵਾਲਿਆਂ ਨੂੰ ਕੀ ਤਮਾਸ਼ਾ ਕਰ ਕੇ ਸੁਖ ਮਿਲੇ। ਮੈਨੂੰ ਕੀ ਕਿਸੇ ਅਗਲੇ ਪਿਛਲੇ ਜਨਮ ਨੂੰ ਤਾਂ ਮੰਨਦਾ ਹੀ ਨਹੀਂ। ਉਂਜ ਮੈਨੂੰ ਪ੍ਰੇਤ ਜੂਨ ਚੰਗੀ ਲਗਦੀ ਏ। ਦੇਹ ਦੇ ਸੌ ਦੁੱਖ ਨੇ। ਪ੍ਰੇਤ ਆਪਣੀ ਮਰਜ਼ੀ ਨਾਲ ਦੁਨੀਆ ਭਰ ਦੀਆਂ ਸੈਰਾਂ ਕਰ ਸਕਦਾ ਏ। ਮੇਰਾ ਜਦ ਦਿਲ ਕਰਿਆ ਮੈਂ ਜਲੰਧਰ ਦੇ ਦੋਸਤਾਂ ਦੇ ਬਨੇਰਿਆਂ 'ਤੇ ਬਹਿ ਕੇ ਉਹਨਾਂ ਦੇ ਨਾਟਕ ਦੇਖਾਂਗਾ। ਜਦ ਦਿਲ ਕਰੇਗਾ ਖੰਨੇ ਚਲਿਆ ਜਾਵਾਂਗਾ। ਨਹੀਂ ਚੰਡੀਗੜ੍ਹ ਤਾਂ ਜਾਵਾਂਗਾ ਈ, ਜਿਥੇ ਦੇਖਣ ਤੇ ਮਾਨਣ ਨੂੰ ਬੜੇ ਤਮਾਸ਼ੇ ਨੇ।...ਦੇਖਿਆ, ਬੰਦੇ ਦੀ ਗੱਲ ਮੁੱਕੀ ਨਾ ਫੇਰ ਤਮਾਸ਼ਿਆਂ 'ਤੇ!
0
ਸਤਿਕਾਰਤ ਲੇਖਕ ਪ੍ਰੇਮ ਪ੍ਰਕਾਸ਼ ਦੀ ਇਜਾਜ਼ਤ ਨਾਲ ਮੁਹਾਂਦਰਾ, ਜਨਵਰੀ-ਮਾਰਚ 2010 ਅੰਕ 28 ਵਿਚੋਂ ਧੰਨਵਾਦ ਸਹਿਤ : ਮਹਿੰਦਰ ਬੇਦੀ ਜੈਤੋ।

Tuesday 8 February 2011

ਸੁਮਰੋ ਬੇਗਮ / ਪ੍ਰੇਮ ਪ੍ਰਕਾਸ਼




ਸੁਮਰੋ ਬੇਗਮ / ਪ੍ਰੇਮ ਪ੍ਰਕਾਸ਼

ਪੋਸਟਿੰਗ : ਮਹਿੰਦਰ ਬੇਦੀ ਜੈਤੋ


ਵੈਦ ਰਾਮ ਜੀ ਦਾਸ ਦੇ ਟੁੱਟਣ ਦੇ ਕਾਰਨ ਬੁਢੇਪਾ, ਅਕੇਵਾਂ ਤੇ ਵਲੈਤ 'ਚ ਪੁੱਤਰ ਦਾ ਜਾ ਵਸਣਾ ਤਾਂ ਪੱਕੇ ਸਨ, ਪਰ ਤੁਰਤ ਕਾਰਨ ਉਹਦੇ, ਬਰਖਾ ਬੋਧੀ ਤੇ ਮਹੰਤ ਮਘਰ ਦਾਸ ਵਿਚਕਾਰ ਬੀਤੀ ਇਕ ਰਾਤ ਦੀ ਘਟਨਾ ਸੀ। ਜਦ ਉਹਨੂੰ ਸਵੇਰੇ ਨੰਗੇ ਪੈਰੀਂ ਰਾਜਧਾਨੀ ਤੋਂ ਘਰ ਪਰਤਣਾ ਪਿਆ ਸੀ।
ਬੇਚੈਨੀ 'ਚ ਉਸ ਨੇ ਸ਼ਵ ਆਸਨ ਕੀਤਾ। ਸਾਰੇ ਅੰਗਾਂ ਵਿੱਚੀਂ ਸੁਰਤ ਘੁਮਾਈ। ਕਿਸੇ ਬੇਵਜੂਦੀ ਸ਼ੈਅ ਨੂੰ ਪੈਰਾਂ ਦੇ ਗੂਠਿਆਂ ਤੋਂ ਤੋਰ ਕੇ ਸਿਰ ਤਕ ਲਿਆਂਦਾ। ਸ਼ਕਤੀ ਕੇਂਦਰਾਂ 'ਚ ਵੰਡਿਆ। ਬਿਰਤੀ ਇਕਾਗਰ ਹੁੰਦੀ-ਹੁੰਦੀ ਚੌਕੀਦਾਰ ਦੀ ਸੀਟੀ ਦੀ ਆਵਾਜ਼ ਨਾਲ ਟੁੱਟ ਗਈ। ਉਹਨੂੰ ਹਨੇਰੇ 'ਚ ਸਾਹ ਘੁਟ ਹੁੰਦਾ ਲੱਗਿਆ।
ਉਹਨੇ ਸਰ੍ਹਾਣੇ ਵਲ ਖੂੰਜੇ 'ਚ ਟੰਗੀ ਸ਼ੇਡ ਵਾਲੀ ਬੱਤੀ ਬਾਲ ਲਈ। ਰੋਸ਼ਨੀ ਦੇ ਘੇਰੇ 'ਚ ਲਿਖਣ ਲੱਗ ਪਿਆ...' ਓਮ ਗਣੇਸ਼ਾਇ ਨਮਹਿ। ਲਿਖਤੁਮ ਵੈਦ ਰਾਮ ਜੀ ਦਾਸ' ਚੇਲਾ ਤਾਇਆ ਵੈਦ ਜੋਗ ਧਿਆਨ, ਵਾਸੀ ਮੁਹੱਲਾ ਮਾਤਾ ਰਾਣੀ, ਖੰਨਾ, ਜ਼ਿਲ੍ਹਾ ਲੁਧਿਆਣਾ। ਉਮਰ ਸਠੋਂ ਪਾਰ।...ਕਲਿਜੁਗ ਦੀ ਛਪੰਜਵੀਂ ਸ਼ਤਾਬਦੀ। ਰਾਤ ਦਾ ਪਹਿਲਾ ਪਹਿਰ। 'ਮੈਂ ਜੋ ਕੁਛ ਲਿਖ ਰਿਹਾਂ, ਉਹਦੇ 'ਚ ਕੁਛ ਵੀ ਸੱਚ ਨਹੀਂ।'—ਇਹ ਮੈਂ ਕਹਿੰਦੈਂ, ਪਰ ਮੇਰੇ ਇਲਾਜ ਨਾਲ ਰਾਜੀ ਹੋਏ ਮੇਰੇ ਦੋਸਤ ਮਧੂਸੂਦਨ ਦਾ ਕਹਿਣੈ—'ਸਭ ਸੱਚ ਐ'। ਏਸੇ ਲਈ ਮੈਂ ਰਾਤ ਨੂੰ ਜੋ ਕੁਛ ਲਿਖਦੈਂ, ਸਵੇਰੇ ਉਠ ਕੇ ਪਾੜ ਦੇਂਦੈਂ। ਡਰਦੈਂ ਕਿ ਕੋਈ ਪੜ੍ਹ ਨਾ ਲਵੇ ਇਹ ਸੱਚ ਜਾਂ ਝੂਠ। ਏਸ ਛੋਟੇ ਸ਼ਹਿਰ 'ਚ ਅਫਵਾਹ ਸ਼ਾਮ ਨੂੰ ਮੜ੍ਹੀਆਂ ਤਕ ਫੈਲ ਜਾਂਦੀ ਐ।...ਨਾਲ ਦੇ ਕਮਰੇ 'ਚ ਮੇਰੀ ਠਾਣੇਦਾਰਨੀ ਸੁੱਤੀ ਪਈ ਐ। ਮੈਂ ਖੁਲ੍ਹੀ ਬੱਤੀ ਨਹੀਂ ਬਾਲ ਸਕਦਾ। ਉਹ ਜਾਗ ਪਈ ਤਾਂ ਮੈਨੂੰ ਬਰਖਾ ਬੋਧੀ ਦਾ ਨਾਓਂ ਲਏ ਬਗੈਰ ਮਿਹਣੇ ਮਾਰੂਗੀ। ਜਾਂ ਵਲੈਤ ਵਸਦੇ ਆਪਣੇ ਪੁੱਤ ਨੂੰ ਯਾਦ ਕਰਕੇ ਰੋਊਗੀ।
ਇਹ ਲਿਖਣਾ ਮੇਰਾ ਸ਼ੌਕ ਨਹੀਂ, ਮਜਬੂਰੀ ਐ। ਰਾਜਧਾਨੀ ਦੀ ਉਸ ਘਟਨਾ ਤੋਂ ਦੋ ਕੁ ਮਹੀਨੇ ਬਾਅਦ ਵੀ ਕਦੇਲੂ–ਕਦੇ ਮਨ ਬੇਚੈਨ ਹੋ ਜਾਂਦੈ। ਫੇਰ ਅੰਗ-ਅੰਗ ਟੁੱਟਦੈ। ਨੀਂਦ ਨਹੀਂ ਆਉਂਦੀ। ਪਹਿਲਾਂ ਆਪਣੀ ਦਵਾਈ ਨਾਲ ਠੀਕ ਹੋ ਜਾਂਦਾ ਸੀ। ਹੁਣ ਡਾਕਟਰ ਨਰੇਸ਼ ਦੀ ਦਿੱਤੀ ਹੋਈ ਲੈਂਦੈਂ। ਇਹ ਵੀ ੳਸੇ ਦਾ ਨੁਸਖੈ ਬਈ ਉਦੋਂ ਤੱਕ ਕੁਛ ਨਾ ਕੁਛ ਲਿਖੀ ਜਾਵਾਂ ਜਦੋਂ ਤਕ ਨੀਂਦ ਆ ਕੇ ਢਾਅ ਨਹੀਂ ਲੈਂਦੀ।
ਸ਼ੁਰੂ 'ਚ ਫੈਸਲਾ ਕੀਤਾ ਸੀ ਕਿ ਦਲਿਤ ਨੇਤਾ ਬਰਖਾ ਬੋਧੀ ਤੇ ਉਚੀਆਂ ਕੁਰਸੀਆਂ ਦਿਵਾੳਣ ਵਾਲਾ ਮਹੰਤ ਮਘਰ ਦਾਸ ਦੀ ਰਾਜਧਾਨੀ ਵਾਲੀ ਉਸ ਘਟਨਾ ਬਾਰੇ ਕੁਛ ਨਹੀਂ ਲਿਖਣਾ। ਜੀਹਨੇ ਏਨੇ ਚਿਰ ਤੋਂ ਸਾਨੂੰ ਦੋਹਾਂ ਨੂੰ ਤੰਗ ਕੀਤਾ ਹੋਇਆ ਐ। ਮੈਂ ਕਦੇ ਤਾਇਆ ਜੀ ਬਾਰੇ ਲਿਖਦਾ, ਕਦੇ ਅਮਰੀਕਾ ਰਹਿੰਦੇ ਬੇਟੇ ਵਿਕਾਸ ਬਾਰੇ ਤੇ ਕਦੇ ਅੰਦਰ ਪਈ ਠਾਣੇਦਾਰਨੀ ਬਾਰੇ।...ਕਿਸੇ ਬਾਰੇ ਲਿਖਦਾ ਹੁੰਦਾ, ਵਿੱਚ ਬਰਖਾ ਬੋਧੀ  ਆ ਵੜਦੀ। ਮੈਂ ਡਰ ਜਾਂਦਾ, ਅਪਣੀ ਪਤਨੀ ਤੋਂ। ਫੇਰ ਏਸ ਗਲੋਂ ਕਿ ਬਰਖਾ ਦਾ ਵੱਡਾ ਪੁੱਤਰ ਤੇ ਨੂੰਹ ਕੀ ਸੋਚਣਗੇ?...''
ਵੈਦ ਨੂੰ ਅਚਾਨਕ ਮਹਿਸੂਸ ਹੋਇਆ ਕਿ ਉਹਦੇ ਸਿਰ 'ਚ ਸਾਂ-ਸਾਂ ਹੋਣ ਲੱਗ ਪਈ ਏ। ਸ਼ਾਇਦ ਬਲੱਡ ਪ੍ਰੈਸ਼ਰ ਵੱਧ ਗਿਆ ਏ। ਉਹਨੇ ਜੰਤਰ ਲਾ ਕੇ ਚੈਕਅਪ ਕੀਤਾ। ਥੋੜ੍ਹਾ ਜਿਹਾ ਵਧਿਆ ਸੀ। ਘਬਰਾਹਟ ਠੀਕ ਕਰਨ ਲਈ ਤਾਜ਼ਾ ਹਵਾ ਲੈਣ ਉਹ ਉਠ ਕੇ ਵਿਹੜੇ 'ਚ ਨਿੰਮ ਹੇਠ ਡਠੇ ਤਖ਼ਤ ਪੋਸ਼ 'ਤੇ ਬਹਿ ਗਿਆ। ਕੁਝ ਸੁਖ ਮਿਲਿਆ।...ਪਰ ਜਦੇ ਕਿਸੇ ਟਾਹਣੀ ਤੇ ਬੈਠੀ ਬਤੌਰੀ ਬੋਲ ਪਈ। ਉਹਨੂੰ ਲਗਿਆ ਬਈ ਉਹ ਬੋਲੀ ਨਹੀਂ, ਰੋਈ ਏ। ਜਿਵੇਂ ਆਕਾਸ਼ 'ਚ ਜਾਂਦੀਆਂ ਰੂਹਾਂ ਨੂੰ ਦੇਖ ਕੇ ਕੁੱਤੇ ਰੋਂਦੇ ਨੇ।...ਜਿਵੇਂ  ਖੁਡੇ 'ਚ ਬੰਦ ਬੁੱਢਾ ਕਬੂਤਰ ਹੂੰਘਦਾ ਏ। ਪਹਿਲਾਂ-ਪਹਿਲਾਂ ਉਹਦੀ ਆਵਾਜ਼ ਤੋਂ ਲੱਗਦਾ ਸੀ ਕਿ ਵਿਚਾਰਾ ਬੱਚਿਆਂ ਨੂੰ ਪਾਲਣ ਤੋਂ ਡਰਦੀ ਉੱਡ ਕੇ ਕਿਤੇ ਗਈ ਕਬੂਤਰੀ ਨੂੰ ਯਾਦ ਕਰਦਾ ਏ। ਪਰ ਟੀ.ਵੀ. 'ਤੇ ਜਿੱਦਣ ਬੁੱਢੇ ਸ਼ੇਰ ਦੀ ਬੇਪਰਤੀਤੀ ਅਤੇ ਮੌਤ ਦੇਖੀ, ਉਦਣ ਤੋਂ ਲੱਗਣ ਲੱਗ ਪਿਆ ਏ ਕਿ ਉਹ ਬੁਢੇਪੇ ਦੇ ਦੁਖ 'ਚ ਹੂੰਘਦਾ ਏ।...
ਉਹ ਝਟ ਦੇਣੀ ਅੰਦਰ ਆਇਆ। ਡਾ. ਨਰੇਸ਼ ਦੀ ਦਿੱਤੀ ਗੋਲੀ ਖਾ ਲਈ ।...ਇਵੇਂ ਹੁੰਦਾ ਏ। ਘਬਰਾਹਟ ਵਧਦੀ ਏ ਤਾਂ ਹੱਥ ਗੋਲੀ ਤੇ ਜਾਂਦਾ ਏ। ਤਿੰਨ ਟੈਲੀਫੋਨ ਨੰਬਰ ਯਾਦ ਆਉਂਦੇ ਨੇ—ਡਾਕਟਰ ਨਰੇਸ਼ ਦਾ, ਬਰਖਾ ਬੋਧੀ ਦਾ ਤੇ ਮਧੂਸੂਦਨ ਦਾ। ਉਹ ਬਰਖਾ ਦਾ ਨੰਬਰ ਡਾਇਲ ਕਰਦਾ ਏ। ਇਕ ਬੈੱਲ ਵੱਜਣ 'ਤੇ ਬੰਦ ਕਰ ਦਿੰਦਾ ਏ।...ਫੇਰ ਪੈੱਨ ਚੁੱਕ ਕੇ ਲਿਖਦਾ ਏ, ''...ਲੂਲੂ' ਮਨ ਤਾਂ ਕਰਦੈ ਕਿ ਏਸ ਦਰਦ ਨਾਲ ਖੇਲ੍ਹਾਂ। ਗੱਲਾਂ ਕਰਾਂ। ਮਜ਼ਾਕ ਉਡਾਵਾਂ ਆਪਣਾ, ਇਹਦਾ ਤੇ ਸਾਰੇ ਰੋਂਦੂ ਬੁੱਢੇ ਪ੍ਰੇਮੀਆਂ ਦਾ ਪਰ...
'ਸੌਂ ਜਾਓ ਹੁਣ...।'' ਅੰਦਰੋਂ ਠਾਣੇਦਾਰਨੀ ਦੀ ਕੁਰਖ਼ਤ ਆਵਾਜ਼ ਆਈ ਐ, ਜਿਵੇਂ ਮੈਂ ਸ਼ੌਕ ਨਾਲ ਹੀ ਜਾਗਦਾ ਹੋਵਾਂ। ਉਸ ਘਟਨਾ ਤੋਂ ਬਾਅਦ ਬਰਖਾ ਸਾਡੇ ਘਰ ਨਹੀਂ ਆਈ। ਤੀਵੀਆਂ 'ਚ ਜਿਵੇਂ ਇਕ ਰਗ ਵਾਧੂ ਹੁੰਦੀ ਹੋਵੇ। ਇਹ ਆਪੇ ਸਵਾਲ ਕਰਕੇ ਤੇ ਆਪੇ ਜੁਆਬ ਦੇ ਕੇ ਬਰਖਾ ਬਾਰੇ ਕੁਝ ਸਚਾਈਆਂ ਲੱਭ ਲੈਂਦੀ ਐ। ਫੇਰ 'ਚੰਦਰੀ ਫਫੇਕੁਟਨੀ' ਕਹਿ ਕੇ 'ਆਖ-ਥੂਹ' ਕਰ ਦੇਂਦੀ ਐ।...ਤਦ ਮੈਨੂੰ ਤਾਇਆ ਯਾਦ ਆਉਂਦੈ। ਉਹ ਗੁਸੈਲ ਬ੍ਰਾਹਮਣ ਜੋ ਹੱਥ ਆਉਂਦਾ ਸੀ, ਠਾਹ ਮੇਰੇ ਮਾਰ ਦੇਂਦਾ ਸੀ। ਕਹਿੰਦਾ ਸੀ—'ਤੀਵੀਂ ਦੇ ਥੱਲੇ ਲੱਗ ਕੇ ਕਟੇਂਗਾ, ਸਾਰੀ ਉਮਰ।'...ਨਸੀਹਤਾਂ ਕਰਦਾ ਸੀ—ਅਖੇ ਸਜਾਤੀ (ਆਪਣੀ ਜਾਤ ਵਾਲੇ) ਪਿੰਡ ਦੀ ਧੀ ਤੋਂ ਪੈਸੇ ਨਹੀਂ ਲੈਣੇ, ਦਵਾਈ ਦੇ। ਰੋਗਣ ਨੂੰ ਮਾਤਾ, ਭੈਣ ਤੇ ਧੀ ਜਾਨਣਾ।...ਜੀਹਦੇ ਨਾਲ ਬਹਿ ਕੇ ਰੋਟੀ ਖਾਈਏ, ਉਹਦੀ ਲੱਜ ਪਾਲੀਏ।—
ਤਾਏ ਨੂੰ ਕੀ ਪਤਾ ਸੀ ਕਿ ਉਹਦੇ ਤੁਰਨ ਮਗਰੋਂ ਮੇਰਾ ਹਾਲ ਕੀ ਹੋਣਾ ਸੀ। ਬਸ ਚੂਰਨ ਵੇਚਣ ਜੋਗਾ ਰਹਿ ਗਿਆ ਸੀ। ਰੋਟੀ ਪੱਕਣੀ ਔਖੀ ਹੋਈ ਤਾਂ ਮੁੰਡਾ ਵਿਕਾਸ ਘਰੋਂ ਭੱਜ ਗਿਆ ਸੀ। ਫੇਰ ਵਲੈਤੋਂ ਚਿੱਠੀ ਆ ਗਈ ਸੀ। ਇਹ ਤਾਂ ਤਿੰਨ ਸਾਲਾਂ ਮਗਰੋਂ ਉਹਨੇ ਵਲੈਤੋਂ ਆ ਕੇ ਸਾਨੂੰ ਪਿੰਡੋਂ ਕੱਢ ਕੇ ਸ਼ਹਿਰ ਦੇ ਏਸ ਮਕਾਨ 'ਚ ਬਹਾ ਦਿੱਤਾ ਸੀ।...ਪਹਿਲਾ ਦੋਸਤ ਅੱਧਾ ਸਾਧੂ ਮੰਗਲ ਬੋਧੀ ਬਣਿਆ ਸੀ। ਕੋਈ ਰੋਗੀ ਤਾਂ ਆਉਂਦਾ ਨਹੀਂ ਸੀ। ਬੋਧੀ ਬੈਠਾ ਤਾਏ ਦੀਆਂ ਪੁਸਤਕਾਂ 'ਚੋਂ ਨੁਸਖੇ ਲਿਖਦਾ ਮੇਰਾ ਦਿਲ ਲਾਈ ਰੱਖਦਾ ਸੀ। ਮੈਂ ਉਹਦੇ ਨਾਲ ਇਕ ਪੱਗ ਨਹੀਂ ਸੀ ਵਟਾਈ। ਖਾਂਦੇ ਇਕ ਥਾਲੀ 'ਚ ਸੀ। ਉਹ ਬੋਲਦਾ ਘੱਟ ਸੀ। ਮੁਸਕਰਾਂਦੇ ਦੀਆਂ ਮੁੱਛਾਂ ਹਿੱਲਣੀਆਂ ਤਾਂ ਨਿੱਕੀ ਜਿਹੀ ਦਾਹੜੀ ਹੱਥ 'ਚ ਫੜ ਕੇ ਸੋਚਣ ਲੱਗ ਪੈਂਦਾ ਸੀ। ਉਹਨੂੰ ਆਪਣੇ ਘਰ ਤੇ ਮਨਿਆਰੀ ਦੀ ਹੱਟੀ ਨਾਲ ਕੋਈ ਲਗਾਓ ਨਹੀਂ ਸੀ ਲੱਗਦਾ। ਹੱਟੀ ਬਰਖਾ ਦੇ ਰਸੂਖ ਨਾਲ ਉਹਦਾ ਵੱਡਾ ਪੁੱਤਰ ਤੇ ਨੂੰਹ ਚਲਾਉਂਦੇ ਸੀ। ਬਰਖਾ ਕਈ ਸਮਾਜ ਸੇਵੀ, ਗਰੀਬ ਤੇ ਦਲਿਤ ਭਲਾਈ ਸੰਸਥਾਵਾਂ ਦੀ ਅਹੁਦੇਦਾਰ ਐ। ਅਫ਼ਸਰ ਤੇ ਨੇਤਾ ਲੋਕ ਕੋਈ ਮੀਟਿੰਗ ਬੁਲਾਂਦੇ ਨੇ ਤਾਂ ਬਰਖਾ ਨੂੰ ਨਾਲ ਕੁਰਸੀ 'ਤੇ ਬਠਾਂਦੇ ਨੇ।
ਮੰਗਲ ਬੋਧੀ ਅਚਾਨਕ ਲਾਪਤਾ ਹੋ ਗਿਆ ਸੀ। ਕਿਸੇ ਨੇ ਉਹਨੂੰ ਸਨਿਆਸੀ ਦੇ ਰੂਪ 'ਚ ਦੇਖਿਆ ਸੀ। ਮੇਰੀ ਹੱਟੀ ਚੱਲਣ ਪਿੱਛੇ ਖਬਰੇ ਮੇਰੇ ਭਾਗ ਜਾਗੇ ਸੀ ਜਾਂ ਬੋਧੀ ਤੇ ਬਰਖਾ ਦੇ ਚਰਨਾਂ ਦਾ ਪ੍ਰਤਾਪ ਸੇ। ਇਹ ਗੱਲ ਸੋਚ ਕੇ ਹੀ ਮੇਰੀ ਆਤਮਾ ਮੇਰੇ 'ਤੇ ਲਾਹਣਤਾਂ ਪਾਉਂਦੀ ਐ ਕਿ ਮੈਂ ਯਾਰ ਮਾਰੀ ਕੀਤੀ ਐ। ਉਸੇ ਥਾਲੀ 'ਚ ਛੇਕ ਕੀਤੇ, ਜੀਹਦੇ 'ਚ ਖਾਧਾ। ਯਾਰ ਦੀ ਪਤਨੀ ਨਾਲ ਆਤਮਾ ਜੋੜੀ ਤੇ ਫੇਰ ਸ਼ਰੀਰ ਜੋੜਿਆ।...ਮੈਂ ਗੱਲ ਉਲਟਾ ਕੇ ਕਹਾਂ ਤਾਂ ਇਹ ਵੀ ਕਹਿ ਸਕਦਾ ਹਾਂ ਕਿ ਥਾਲੀ ਆਪ ਮੇਰੇ ਅੱਗੇ ਪਰੋਸੀ ਗਈ ਜਾਂ ਪਰੋਸ ਹੋ ਗਈ ਸੀ। ਛੇਕ ਹੋਣ ਲੱਗ ਪਏ ਸੀ। ਕਦੇ ਇਹ ਲੱਗਦਾ ਕਿ ਨਾ ਕੁਝ ਮੇਰੇ ਵਸ ਸੀ ਤੇ ਨਾ ਉਹਦੇ। ਮੈਂ ਤਾਂ ਕਿਸੇ ਵੀ ਗੱਲੋਂ ਬਰਖਾ ਵਰਗਾ ਨਹੀਂ ਸੀ।
ਕਦੇ-ਕਦੇ ਹੈਰਾਨੀ ਹੁੰਦੀ ਐ ਕਿ ਤਾਏ ਨੇ ਮੈਨੂੰ ਜਿਹੜੀਆਂ ਗੱਲਾਂ ਤੋਂ ਵਰਜਿਆ, ਮੈਥੋਂ ਉਹ ਸਾਰੇ ਘਤੁੱਤ ਹੋਈ ਗਏ। ਤਾਇਆ ਕਹਿੰਦਾ ਹੁੰਦਾ ਸੀ ਕਿ ਮਨੂ ਸਮ੍ਰਿਤੀ 'ਚ ਲਿਖਿਆ ਵਿਐ ਕਿ ਜਿਹੜਾ ਬਾ੍ਰਹਮਣ ਸ਼ੂਦਰ ਇਸਤਰੀ ਦੇ ਸਾਹ ਨਾਲ ਸਾਹ, ਮੂੰਹ ਨਾਲ ਮੂੰਹ ਤੇ ਪਸੀਨੇ ਨਾਲ ਪਸੀਨਾ ਰਲਾਉਂਦਾ ਐ, ਉਹਦਾ ਸੱਤ ਜਨਮਾਂ ਉੱਧਾਰ ਨਹੀਂ ਹੁੰਦਾ।...ਮੈਂ ਤਾਏ ਨੂੰ ਕਦੇ ਕੋਈ ਸ਼ਾਸਤਰ ਪੜ੍ਹਦਿਆਂ ਨਹੀਂ ਦੇਖਿਆ। ਉਹ ਮੈਨੂੰ ਝਾੜਨ ਝੰਬਣ ਲਈ ਆਪ ਘੜੀ ਹੋਈ ਗੱਲ ਕਿਸੇ ਧਰਮ ਪੁਸਤਕ ਦੇ ਹਵਾਲੇ ਨਾਲ ਕਹਿ ਕੇ ਮੇਰੇ 'ਤੇ ਮੜ੍ਹ ਦੇਂਦਾ ਸੀ। ਹੱਅੀ 'ਚ ਬੈਠੇ ਰੋਗੀਆਂ 'ਤੇ ਵੀ ਪ੍ਰਭਾਵ ਪੈਂਦਾ ਸੀ ਬਈ ਵੈਦ ਪੰਡਤ ਐ।...ਪਰ ਮੈਂ ਪੱਲਾ ਝਾੜ ਕੇ ਤੁਰ ਜਾਂਦਾ ਸੀ। ਹੁਣ ਕਦੇ ਮੌਤ ਡਰਾਉਂਦੀ ਐ। ਮੈਂ ਡਰਦਾ ਵੀ ਹਾਂ। ਪਰ ਮੰਗਲ ਬੋਧੀ ਦੇ ਹੁੰਦਿਆਂ ਮੈਨੂੰ ਕੋਈ ਡਰ ਨਹੀਂ ਸੀ। ਉਹ ਕਹਿੰਦਾ ਹੁੰਦਾ ਸੀ ਕਿ ਕੁਝ ਦੁਖ, ਕੁਝ ਸੁਖ ਤੇ ਕੁਝ ਅਣਚਾਹੀਆਂ ਜਾਂ ਚਾਹੀਆਂ ਘਟਨਾਵਾਂ ਆਪਣੇ ਆਪ ਹੋ ਜਾਂਦੀਆਂ ਨੇ, ਸਾਨੂੰ ਵਡਿਆਈ ਜਾਂ ਛੁਟਿਆਈ ਦੇਣ ਖਾਤਰ।
ਬਸ, ਇਵੇਂ ਰਾਜਧਾਨੀ ਵਾਲੀ ਘਟਨਾ ਹੋਈ ਸੀ। ਜੀਹਦੇ ਹੁੰਦਿਆਂ ਤਾਂ ਕੀ, ਹੋਣ ਤੋਂ ਬਾਅਦ ਵੀ ਪਤਾ ਨਹੀਂ ਲਗਿਆ ਕਿ ਕੀ ਹੋਇਆ ਸੀ।...ਸਿਰਫ ਏਨੀ ਕੁ ਤਸਵੀਰ ਬਣਦੀ ਐ ਕਿ ਰਾਤ ਦੇ ਬਾਰਾਂ ਵਜੇ ਤੋਂ ਬਾਅਦ ਬਰਖਾ ਮਹੰਤ ਮੱਘਰ ਦਾਸ ਦੇ ਕਮਰੇ ਚੋਂ ਨਿਕਲੀ ਸੀ। ਮੈਨੂੰ ਅਚਾਨਕ ਆਪਣੇ ਸਾਹਮਣੇ ਖੜ੍ਹਾ ਦੇਖ ਕੇ ਚੀਕ ਮਾਰ ਕੇ ਰੋਈ ਸੀ। ਫੇਰ ਚੀਕਾਂ ਘੁੱਟਦੀ ਆਪਣੇ ਕਮਰੇ 'ਚ ਜਾ ਵੜੀ ਸੀ। ਅੰਦਰੋਂ ਕੁੰਡੀ ਮਾਰ ਲਈ ਸੀ। ਮੈਂ ਬੂਹਾ ਠਕੋਰਦਾ ਰਿਹਾ ਸੀ...। ਉਹ ਕਿਉਂ ਰੋਈ ਸੀ?...ਹੁਣ ਪਿਛਲੇ ਦੋ ਮਹੀਨਿਆਂ ਤੋਂ ਏਨੀ ਦੁਖੀ ਕਿਉਂ ਏ?...ਮੈਨੂੰ ਸਮਝ ਨਹੀਂ ਪੈਂਦੀ।
ਪਿਛਲੇ ਪੰਦਰਾਂ ਕੁ ਵਰ੍ਹਿਆਂ 'ਚ ਜੋ ਕੁਛ ਇਹ ਸੀ, ਮੈਂ ਸੀ, ਜੋ ਕੁਛ ਸਾਡੇ ਵਿਚਕਾਰ ਸੀ–ਸਭ ਬਦਲ ਗਿਐ।...ਹੁਣ ਜੇ ਮੰਗਲ ਬੋਧੀ ਹੁੰਦਾ ਤਾਂ ਐਕਣ ਨਾ ਹੁੰਦਾ, ਸ਼ਾਇਦ। ਉਹਦੇ ਚਿਹਰੇ 'ਤੇ ਏਨਾ ਜਲਾਓ ਸੀ।
ਬੋਧੀ ਨਾਲ ਪਿਆਰ ਪੈਣ ਬਾਅਦ ਬਰਖਾ ਨਾਲ ਐਵੇਂ  ਰਲ ਰਲਾ ਜਿਹਾ ਹੋ ਗਿਆ ਸੀ। ਜਕਦੇ ਜਕਦੇ ਅੱਗੇ ਵੱਧ ਗਏ ਸੀ। ਬਰਖਾ ਦਾ ਰੋਗ ਤਾਏ ਦੇ ਇਕ ਨੁਸਖੇ ਨਾਲ ਹੀ ਠੀਕ ਹੋ ਗਿਆ ਸੀ। ਬਸ, ਇਹੀ ਸਾਡੀ ਵੈਦਗੀ ਐ। ਪੰਜ ਸਤ ਨੁਸਖੇ, ਦੋ ਚਾਰ ਗੱਲਾਂ ਤੇ ਤਿੰਨ ਚਾਰ ਪਰਹੇਜ਼। ਬਰਖਾ ਨੂੰ ਢਲਦੀ ਉਮਰ ਦੀ ਤੀਵੀਂ ਵਾਲੇ ਰੋਗ ਦਾ ਨੁਸਖਾ ਦੇ ਦਿੱਤਾ ਸੀ।
ਉਦੋਂ ਔਸ਼ਧਿਆਲੇ 'ਚ ਮੈਂ ਤੇ ਬੋਧੀ ਬੈਠੇ ਸਮਾਂ ਧੱਕਦੇ ਹੁੰਦੇ ਸੀ। ਇਕ ਦਿਨ ਇੱਕ ਅਧਖੜ ਰੋਗੀ ਆਇਆ ਸੀ। ਘਬਰਾਹਟ 'ਚ ਪੁੱਠੀਆਂ ਸਿੱਧੀਆਂ ਬੀਮਾਰੀਆਂ ਦੱਸੀ ਜਾਵੇ। ਮੈਂ ਚੁਕ ਕੇ ਤਾਏ ਵੇਲੇ ਦੀਆਂ ਪਈਆਂ ਗੋਲੀਆਂ ਦੇ ਦਿੱਤੀਆਂ। ਹੌਲੀ-ਹੌਲੀ ਉਹ ਸੋਨੇ ਜਾਂ ਚਾਂਦੀ ਦੇ ਵਰਕ ਲੱਗੀਆਂ ਗੋਲੀਆਂ ਏਨੀਆਂ ਵਿਕਣ ਲੱਗੀਆਂ ਕਿ ਮੈਨੂੰ ਪੈਸੇ ਲੈਂਦਿਆਂ ਸ਼ਰਮ ਆਉਂਦੀ। ਉਹ ਆਮ ਸ਼ਕਤੀ ਵਰਧਕ ਗੋਲੀਆਂ ਨੇ। ਮੈਂ ਅੱਧੀਆਂ 'ਤੇ ਸੋਨੇ ਦੇ ਵਰਕਾਂ ਦੀ ਨਿਸ਼ਾਨੀ ਲਾ ਦੇਂਦਾ 'ਤੇ ਅੱਧੀਆਂ ਤੇ ਚਾਂਦੀ ਦੀ। ਲੈਣ ਵਾਲੇ ਸੈਨਤ ਨਾਲ ਮੰਗਦੇ ਨੇ ਤੇ ਵੱਡੇ ਨੋਟ ਚੋਂ ਪੈਸੇ ਵੀ ਲੈਣੇ ਭੁੱਲ ਕੇ ਤੁਰ ਜਾਂਦੇ ਨੇ। ਬਰਖਾ ਨੂੰ ਵੀ ਭੁਲੇਖਾ ਐ ਕਿ ਮੇਰੀ ਸ਼ਕਤੀ ਉਨ੍ਹਾਂ ਗੋਲੀਆਂ ਕਰਕੇ ਈ ਐ। ਬੋਧੀ ਨੂੰ ਸਭ ਪਤਾ ਸੀ। ਮੇਰੀ ਵਧਦੀ ਕਮਾਈ, ਢਲਦੀ ਉਮਰ ਜਾਂ ਕੋਈ ਹੋਰ ਮਾੜੀ ਗੱਲ ਸੁਣ ਜਾਂ ਦੇਖ ਕੇ ਅੱਖਾਂ ਬੰਦ ਕਰ ਲੈਂਦਾ ਸੀ। ਨਾ ਖੁਸ਼ ਹੁੰਦਾ ਸੀ, ਨਾ ਉਦਾਸ। ਮਹਾਤਮਾ ਬੁੱਧ ਦੀ 'ਚੁੱਪ ਰਹਿਣ' ਵਾਲੀ ਗੱਲ ਮੰਨਦਾ ਸੀ। ਉਹ ਬੰਦਾ ਮੈਨੂੰ ਭੁੱਲਦਾ ਈ ਨਹੀਂ।...''
' ਥੋਨੂੰ ਟੈਲੀਫੂਨ ਨੀਂ ਸੁਣਦਾ?'' ਠਾਣੇਦਾਰਨੀ ਦੀ ਕੁਰਖਤ ਆਵਾਜ਼ ਫੇਰ ਆਈ ਐ।
ਵੈਦ ਲਿਖਣਾ ਛੱਡ ਕੇ ਫੋਨ ਸੁਣਦਾ ਏ। ਮਧੂਸੂਧਨ ਦਾ ਏ। ਉਹ ਉਹਦਾ ਹਾਲ ਪੁੱਛਣ ਤੋਂ ਪਹਿਲਾਂ ਪੁੱਛਦੈ, ''ਕੀ ਹਾਲੈ ਤੇਰੀ ਸੁਮਰੋ ਬੇਗਮ ਦਾ?''
'ਉਵੇਂ ਚੂਲ ਬਿੰਗੀ ਐ।...ਹੁਣ ਗ੍ਰਹਿ ਸ਼ਾਂਤੀ ਵਾਸਤੇ ਉਹਨੇ ਪਾਠ ਕਰਾਉਣੈ, ਤੇਰੇ ਕੋਲੋਂ।''...ਉਹ ਹੱਸਦਾ ਹੋਇਆ ਕਹਿੰਦਾ ਏ, ''ਉਹਦਾ ਰੋਗ ਤੇਰੇ ਵਾਂਗ ਦਵਾਈ ਨਾਲ ਜਾਣ ਵਾਲਾ ਨਹੀਂ।''
''ਦਵਾਈ ਤਾਏ ਵਾਲੀ ਨਾ ਦੇਈਂ, ਆਪਣੀ ਦੇ ਦੇ। ਫੇਰ ਦੇਖ।'' ਉਹ ਉੱਚੀ ਹੱਸਦਾ ਏ।
ਮਧੂਸੂਦਨ ਨਾਲ ਗੱਲ ਕਰਕੇ ਉਹਦਾ ਮੂਡ ਚੰਗਾ ਹੋ ਗਿਆ। ਉਹਨੇ ਉਠ ਕੇ ਸ਼ੀਸ਼ਾ ਦੇਖਿਆ। ਖੁਲ੍ਹਦੇ ਤੰਬੇ ਨੂੰ ਕੱਸਿਆ। ਪੱਟਾਂ ਤੇ ਉਸ ਥਾਂ ਹਥ ਫੇਰਿਆ, ਜਿਥੇ ਕਦੇ ਛੱਲੀ ਪੈਂਦੀ ਸੀ ਪਰ ਹੁਣ ਚੂੜੀਆਂ ਪੈਂਦੀਆਂ ਨੇ। ਥੱਕੀ ਤੇ ਆਕੜੀ ਪਿਠ ਸਿਧੀ ਕੀਤੀ। ਠੋਡੀ ਹੇਠਾਂ ਢਲਕਦੇ ਮਾਸ ਨੂੰ ਫੜ ਕੇ ਛੱਡ ਦਿੱਤਾ। ਪਾਣੀ ਪੀ ਕੇ ਬਰਖਾ ਨੂੰ ਫੋਨ ਕੀਤਾ।...ਛੋਟੇ ਬੇਟੇ ਨੇ ਚੁੱਕਿਆ। ਉਹਨੇ ਬੜੇ ਸ਼ੌਕ ਨਾਲ ਆਪਣੀ ਮਾਤਾ ਨੂੰ ਦੱਸਿਆ ''ਅੰਕਲ ਦਾ ਐ।'' ਇਹ ਮੰਡਾ ਏ, ਜਿਹੜਾ ਉਹਨੂੰ ਅੰਕਲ ਕਹਿੰਦਿਆਂ ਨਾਲ ਨਾਉਂ ਨਹੀਂ ਲੈਂਦਾ। ਇਹਦਾ ਜਨਮ ਮੰਗਲ ਬੋਧੀ ਦੇ ਘਰ ਤਿਆਗਣ ਤੇ ਵੈਦ ਦੀ ਦਵਾਈ ਖਾਣ ਤੋਂ ਬਾਅਦ ਹੋਇਆ ਸੀ। ਬਰਖਾ ਵੈਦ ਨੂੰ ਕਿਸੇ ਖਾਸ ਪਲ 'ਚ ਇਹ ਗੱਲ ਦੱਸਦੀ ਹੁੰਦੀ ਏ—ਸ਼ਾਇਦ ਭੁਲੇਖੇ ਕਰਕੇ।
'ਹਾਂ ਜੀ।'' ਅਚਾਨਕ ਬਰਖਾ ਦੀ ਆਵਾਜ਼ ਆਉਂਦੀ ਏ। ਫੇਰ ਉਹ ਵੈਦ ਦੇ ਹਰੇਕ ਸਵਾਲ ਦਾ ਜਵਾਬ ''ਹਾਂ ਜੀ, ਹਾਂ ਜੀ''—ਦੇਈ ਜਾਂਦੀ ਏ। ਸ਼ਾਇਦ ਉਹਦੇ ਆਲੇ-ਦੁਆਲੇ ਟੱਬਰ ਦੇ ਸਾਰੇ ਜੀਅ ਹੋਣ।
''ਕੀ ਹਾਲੈ ਜਨਾਬ ਦਾ?'' ਵੈਦ ਬੜੀ ਨਰਮੀ ਨਾਲ ਪੁੱਛਦਾ ਏ। ਜਵਾਬ 'ਚ ਆਵਾਜ਼ ਨਹੀਂ, ਉੱਚਾ ਨੀਵਾਂ ਸਾਹ ਸੁਣਦਾ ਏ। ਫੇਰ ਰੁੱਖੀ ਜਿਹੀ ਆਵਾਜ਼ – ''ਕੀ ਹੋਇਆ ਮੈਨੂੰ? ਹਾਲ.....ਹਾਲ.....ਹਾਲ.....।'' ਬੰਦ ਕਰ ਦੇਂਦੀ ਏ।
ਵੈਦ ਰਾਮਜੀ ਦਾਸ ਰਿਸੀਵਰ ਰਖ ਕੇ ਬੁੜਬੁੜ ਕਰਦਾ ਏ—'ਬੇਵਕੂਫ ਔਰਤ'। ਆਖ ਕੇ ਲੇਟ ਜਾਂਦਾ ਏ। ਦਿਲ ਧੜਕਦਾ ਮਹਿਸੂਸ ਕਰਦਾ ਏ। ਨਬਜ਼ ਠੀਕ ਨਹੀਂ ਲੱਗਦੀ। ਫੇਰ ਚਾਨਣੇ 'ਚ ਲਿਖਣ ਲੱਗਦਾ ਏ...''ਫੋਨ ਤੇ ਬਰਖਾ ਨਾਲ ਜੋ ਗੱਲ ਹੋਈ ਉਹ ਲਿਖੀ ਨਹੀਂ ਜਾ ਸਕਦੀ। ਲੱਗਦੈ, ਉਹ ਨੂੰਹ ਨਾਲ ਲੜ ਕੇ ਹਟੀ ਹੋਣੀ ਐ। ਖਬਰੇ ਨੂੰਹ ਨੂੰ ਰਾਜਧਾਨੀ ਵਾਲੀ ਘਟਨਾ ਦੀ ਸੂਹ ਲੱਗ ਗਈ ਹੋਵੇ। ਖਬਰੇ ਬਰਖਾ ਨੂੰ ਘਟਨਾ ਦੀ ਕੋਈ ਰੜਕ ਹਾਲੇ ਵੀ ਪਈ ਜਾਂਦੀ ਹੋਵੇ। ਉਸ ਸਮੇਂ ਵੀ ਜਦ ਮੈਂ ਫੋਨ ਕੀਤਾ। ਉਹ ਆਪ ਕੁਝ ਦੱਸਦੀ ਵੀ ਤਾਂ ਨਹੀਂ। ਸ਼ੁਰੂ-ਸ਼ੁਰੂ 'ਚ ਜਦ ਮੈਂ ਪੁੱਛਦਾ ਤਾਂ ਕੁਝ ਨੀਂ 'ਕੁਝ ਨੀਂ' ਕਹਿ ਕੇ ਚੁੱਪ ਕਰ ਜਾਂਦੀ। ਜਾਂ ਰੋ ਪੈਂਦੀ ਸੀ। ਰਿਸੀਵਰ ਰੱਖ ਦੇਂਦੀ ਸੀ। ਜੇ ਮੈਂ ਆਪ ਉਹਦੇ ਘਰ ਚਲਿਆ ਜਾਂਦਾ ਤਾਂ ਵੀ ਉਹੀ ਹਾਲ। ਇਕੋ ਜਵਾਬ, 'ਠੀਕ ਐ'...। ਚੁੱਪ ਨਾਲ ਮਾਹੌਲ ਮਾਤਮੀ ਜਿਹਾ ਹੋ ਜਾਂਦਾ। ਮੈਂ ਉਠ ਕੇ ਆ ਜਾਂਦਾ। ਸ਼ਾਮ ਨੂੰ ਫੋਨ ਕਰਦਾ। ਨੂੰਹ ਚੁੱਕਦੀ, ਕਹਿ ਦੇਂਦੀ, ਉਹ ਘਰ ਨਹੀਂ। ਕਿਤੇ ਗਏ ਨੇ...। ਇਕ ਸ਼ਾਮ ਮੈਂ ਉਧਰੋਂ ਲੰਘਿਆ। ਬਰਖਾ ਛੱਤ 'ਤੇ ਖੜ੍ਹੀ ਸੀ। ਮੈਂ ਬੂਹਾ ਖੜਕਾਇਆ। ਨੂੰਹ ਨੇ ਆ ਕੇ ਦੱਸਿਆ– 'ਉਹ ਤਾਂ ਗਏ ਹੋਏ ਨੇ।...ਚੰਡੀਗੜ੍ਹ।'
ਇਹ ਝੂਠ ਬੋਲਣਾ ਔਰਤ ਦੀ ਮਜਬੂਰੀ ਵੀ ਹੋਵੇ ਸ਼ਾਇਦ। ਹੁਣ ਤਾਂ ਹਾਲਾਤ ਵਿਗੜੇ ਹੋਏ ਨੇ। ਜਦ ਐਨ ਠੀਕ ਸੀ, ਸਭ ਕੁਛ। ਅਸੀਂ ਮੌਕਾ ਲੱਭ ਕੇ ਕੱਠੇ ਹੋ ਜਾਂਦੇ ਸੀ। ਗੱਲਾਂ ਕਰਦਿਆਂ ਮੈਂ ਉਠ ਕੇ ਖਿੜਕੀ-ਬੰਦ ਕਰ ਦੇਂਦਾ ਸੀ। ਇਹ ਮਾੜੀ ਜਿਹੀ ਖੋਲ੍ਹ ਕੇ ਦੇਖਦੀ ਸੀ। ਫੇਰ ਬੰਦ ਕਰ ਦੇਂਦੀ ਸੀ। ਫੇਰ ਪਰਦਾ ਤਾਣ ਆਉਂਦੀ ਸੀ। ਜਦ ਇਹ ਕਹਿੰਦੀ—ਨਹੀਂ..ਐਕਣ ਨਹੀਂ...ਛੱਡ ਦੇ...ਕੋਈ ਆ ਨਾ ਜਾਵੇ...। ਜਾਂ ਹੋਰ ਜੋ ਵੀ ਸ਼ਬਦ ਬੋਲਦੀ ਸੀ, ਉਹਦਾ ਅਰਥ ਉਹ ਨਹੀਂ ਸੀ ਹੁੰਦਾ, ਜਿਹੜਾ ਆਮ ਸਮਝਿਆ ਜਾਂਦੈ।
ਕਦੇ ਮੈਂ ਸੋਚਦਾ ਬਈ—ਇੱਕ ਤਾਂ ਇਹ ਔਰਤ ਐ, ਦੂਜੇ ਰਾਜ ਨੇਤਾਗਿਰੀ ਕਰਨ ਵਾਲੀ। ਮੈਂ ਵੀ ਸਿੱਧੜ ਨਹੀਂ। ਅਸੀਂ ਸੱਚ ਨੂੰ ਉਹਲੇ 'ਚ ਰੱਖਣ ਤੇ ਝੂਠ ਨੂੰ ਜ਼ਾਹਰ ਨਾ ਹੋਣ ਦੇਣਾ ਹੁੰਦੈ।...ਉਦੋਂ ਬੋਧੀ ਸਨਿਆਸੀ ਨਹੀਂ ਸੀ ਹੋਇਆ। ਮਧੂਸੂਦਨ ਨੇ ਮੈਨੂੰ ਮਖੌਲ ਮਖੌਲ 'ਚ ਮਿਉਂਸਪਲ ਕਮੇਟੀ ਦੀ ਚੋਣ 'ਚ ਬਰਖਾ ਦੇ ਵਾਰਡ ਤੋਂ ਖੜ੍ਹਾ ਕਰ ਦਿੱਤਾ ਸੀ। ਮੈਂ ਤਾਂ ਹਰਨਾਂ ਈ ਸੀ। ਪਰ ਐਨ ਮੌਕੇ 'ਤੇ ਇਸ ਸਮੇਂ ਦੀ ਕੇਕਈ ਨੇ ਰੱਬ ਦੇ ਪਹੀਏ ਦੀ ਨਾਭ 'ਚ ਧੁਰੇ ਦੇ ਥਾਉਂ ਬਾਂਹ ਦੇਣ ਵਾਂਗੂੰ ਆਪ ਮੇਰੇ ਹੱਕ 'ਚ ਬਹਿਣ ਦਾ ਐਲਾਨ ਕਰ ਦਿੱਤਾ ਸੀ।
ਆਮ ਜੀਵਨ 'ਚ ਜਦ ਇਹਨੂੰ ਪਤਾ ਲੱਗਦੈ ਬਈ ਕੋਈ ਝੂਠ ਬੋਲਦੈ ਤਾਂ ਬਹੁਤ ਦੁਖੀ ਹੁੰਦੀ ਐ। ਅਫਸੋਸ ਕਰਦੀ ਅੱਖਾਂ 'ਚ ਇੰਝੂ ਭਰ ਲੈਂਦੀ ਐ। ਤਦੇ ਮੈਨੂੰ ਮੰਗਲ ਬੋਧੀ ਯਾਦ ਆਉਂਦੈ। ਉਹ ਝੂਠ ਸੱਚ ਦੀ ਪਰਵਾਹ ਨਹੀਂ ਸੀ ਕਰਦਾ। ਇਹਨੂੰ ਪੁੱਛਦਾ ਈ ਨਹੀਂ ਸੀ ਕਿ ਕਿਥੋਂ ਆਈ ਐ। ਕਿਥੇ ਜਾਣੈ? ਇਕ ਵਾਰ ਕਿਸੇ ਖਾਸ ਮੌਕੇ ਤੇ ਬਰਖਾ ਨੇ ਮੈਨੂੰ ਦੱਸਿਆ ਸੀ ਕਿ ਬੋਧੀ ਨਪੁੰਸਕ ਐ। ਉਹਨੂੰ ਔਰਤਾਂ 'ਚ ਕੋਈ ਦਿਲਚਸਪੀ ਨਹੀਂ...ਪਰ ਬੋਧੀ ਨੇ ਮੇਰੇ ਕੋਲੋਂ ਦਵਾਈ ਲੈਣ ਦੀ ਕਦੇ ਸੈਨਤ ਨਹੀਂ ਸੀ ਕੀਤੀ। ਉਹਦੇ ਸਾਹਮਣੇ ਲੋਕ ਦਵਾਈ ਲਿਜਾਂਦੇ ਸੀ। ਬਰਖਾ ਨੂੰ ਭੁਲੇਖਾ ਵੀ ਐ ਬਈ ਮੈਂ ਵੀ ਦਵਾਈ ਖਾਂਦੈਂ। ਏਸ ਜਾਂ ਹੋਰ ਕਈ ਭੁਲੇਖਿਆਂ ਕਰਕੇ ਉਹ ਮੇਰੇ ਨਾਲ ਪਹਿਲਾਂ ਬਹਿਸ ਕਰਦੀ ਐ, ਫੇਰ ਲੜ ਪੈਂਦੀ ਐ। ਉਹ ਪਹਿਲਾਂ ਸਮਾਜਵਾਦੀ ਬਣਦੀ ਐ। ਫੇਰ ਨਾਰੀ ਸੁਤੰਤਰਤਾ ਦੀ ਨੇਤਾ। ਫੇਰ ਦਲਿਤਾਂ ਦੇ ਹੱਕ 'ਚ ਬੋਲਦੀ ਏਨੀ ਭਾਵੁਕ ਹੋ ਜਾਂਦੀ ਐ ਬਈ ਬ੍ਰਾਹਮਣਵਾਦ ਦੇ ਨਾਲ ਬ੍ਰਾਹਮਣਾਂ ਨੂੰ ਗਾਹਲਾਂ ਕੱਢ ਦੇਂਦੀ ਐ। ਮੈਨੂੰ ਵੀ ਮਨੂਵਾਦੀ ਕਹਿੰਦੀ ਕਾਲੀਆਂ ਅੱਖਾਂ ਲਾਲ ਕਰ ਲੈਂਦੀ ਐ।
ਇਕ ਗੱਲੋਂ ਇਹ ਵੀ ਠੀਕ ਐ। ਮੈਂ ਕਿੰਨਾ ਈ ਸਮਾਜਵਾਦੀ ਬਣਾਂ, ਮੇਰੇ ਅੰਦਰ ਕੋਈ ਉੱਚ ਕੋਟੀ ਦਾ ਨੀਚ ਬ੍ਰਾਹਮਣ ਬੈਠਾ ਰਹਿੰਦੈ। ਮੈਂ ਬਰਖਾ ਨਾਲ ਦਲਿਤਾਂ ਦੀਆਂ ਸੰਸਥਾਵਾਂ 'ਚ ਵੀ ਜਾਂਦਾ ਹਾਂ। ਮਨੂਵਾਦੀਆਂ ਦਾ ਵਿਰੋਧ ਵੀ ਕਰਦਾ ਹਾਂ। ਪਰ ਜਦੋਂ ਮੈਂ ਬੋਧੀ ਨਾਲ ਧਰੋਹ ਕਮਾਉਂਦਾ ਹੁੰਦੈਂ ਤਾਂ ਮੈਨੂੰ ਤਾਇਆ ਦਾ ਮਨੂ ਸਮ੍ਰਿਤੀ 'ਚੋਂ ਦਿੱਤਾ ਇਹ ਹਵਾਲਾ ਯਾਦ ਆ ਜਾਂਦੈ ਬਈ ਬ੍ਰਾਹਮਣ ਭਾਵੇਂ ਮੂਰਖ ਤੇ ਅਗਿਆਨੀ ਹੋਵੇ ਤਾਂ ਵੀ ਪੂਜਨੀਕ ਹੁੰਦੈ।...ਪਰ ਤਾਇਆ ਜੀ ਨੂੰ ਕੀ ਪਤਾ ਸੀ ਕਿ ਸਮਾਂ ਏਨਾ ਬਦਲ ਜਾਊਗਾ ਬਈ ਵੈਦ ਰਾਮਜੀ ਦਾਸ ਤੇ ਮੰਗਲ ਬੋਧੀ ਇਕੋ ਥਾਲੀ 'ਚ ਖਾਣਗੇ। ਬਰਖਾ ਦੇ ਪਸੀਨੇ ਦੀ ਮਹਿਕ ਸ਼ੁਦਾਈ ਕਰਨ ਵਾਲੀ ਹੋਵੇਗੀ। ਉਹਦੇ ਝੰਡੀ ਵਾਲੀ ਕਾਰ 'ਚ ਬਹਿਣ ਦੀ ਸੰਭਾਵਨਾ ਹੋਵੇਗੀ।
ਇਹ ਸੋਚਦਿਆਂ ਕਦੇ-ਕਦੇ ਮੈਂ ਬਰਖਾ ਦੇ ਏਨਾ ਅਧੀਨ ਹੋ ਜਾਂਦਾ ਤੇ ਐਸੀਆਂ ਹਰਕਤਾਂ ਕਰ ਬਹਿੰਦਾ ਕਿ ਪਿਛੋਂ ਪਛਤਾਣਾ ਪੈਂਦੈ। ਤਦ ਮੇਰੇ ਅੰਦਰ ਇਕ ਸ਼ਬਦ ਜਨਮ ਲੈਂਦਾ—ਚੰਡਾਲਣੀ। ਮਨ ਕਰਦੈ ਕਿ ਉਹਦੇ ਸਾਂਵਲੇ ਪਿੰਡੇ ਨੂੰ ਛਾਂਟਿਆ ਨਾਲ ਵਿਹੜ ਦਿਆਂ।
ਪਰ ਇਹ ਸੋਚ ਉਦੋਂ ਉਡ ਜਾਂਦੀ ਐ, ਜਦ ਉਹ ਮੈਨੂੰ ਪਿਛੋਂ ਫੜ ਕੇ ਸਿਰ ਚੁੰਮਦੀ ਕਹਿ ਦੇਂਦੀ ਐ, ''ਤੂੰ ਤਾਂ ਮੈਨੂੰ ਫੀਮ-ਵਾਂਗੂੰ ਲੱਗ ਗਿਐਂ। ਐਡਿਕਸ਼ਨ ਹੋ ਗਈ ਐ ਮੈਨੂੰ ਤੇਰੀ।...ਤੂੰ ਜੁਆਨਾ ਨਾਲੋਂ ਵੱਧ ਹੈਂ।''
ਪਰ ਬਾਅਦ 'ਚ ਉਹਦੀ ਏਸ ਗੱਲ ਨੂੰ ਵੀ ਮੈਂ ਉਹੋ ਜਿਹਾ ਹੀ ਝੂਠ ਸਮਝਦਾ ਹਾਂ, ਜਿਵੇਂ ਇਹਨੇ ਪਹਿਲੀ ਚੋਰੀ ਦੀ ਮੁਲਾਕਾਤ 'ਚ ਨਿਰਵਸਤਰ ਹੁੰਦਿਆਂ ਕਿਹਾ ਸੀ, ''ਮੇਰੇ ਸਰੀਰ ਦਾ ਇਹ ਚਮਤਕਾਰ ਸਿਰਫ ਬੋਧੀ ਨੇ ਦੇਖਿਐ।...ਹੁਣ ਤੂੰ ਦੇਖ ਰਿਹੈਂ।''
ਬਰਖਾ ਦੇ ਸਰੀਰ ਦਾ 'ਚਮਤਕਾਰ' ਵੀ ਉਹਦੇ ਲੁਕੇ ਦੁੱਖ ਵਰਗਾ ਈ ਰਹੱਸ ਭਰਿਆ ਐ। ਸ਼ੁਰੂ-ਸ਼ੁਰੂ 'ਚ ਜਦ ਮੈਂ ਬੋਧੀ ਨਾਲ ਧਰੋਹ ਕਰ ਰਿਹਾ ਹੁੰਦਾ ਸੀ।...ਸਾਡੀ ਅਵਾਜ਼ 'ਚੋਂ ਬੋਲ ਮੁੱਕ ਜਾਂਦੇ। ਸੋਚ ਤੇ ਅੰਗ ਆਪਹੁਦਰੇ ਹੋ ਜਾਂਦੇ। ਮੇਰੀ ਨਜ਼ਰ ਸਾਂਵਲੇ ਸਰੀਰ ਤੇ ਤੁਰਦੀ-ਤੁਰਦੀ ਰੁਕ ਜਾਂਦੀ। ਤੇ ਉਥੇ ਟਿਕ ਜਾਂਦੀ, ਜਿਥੇ ਦੋਫਾੜ ਕੀਤੇ ਅਖਰੋਟ ਦੇ ਦੋਵੇਂ ਹਿੱਸੇ ਮੂਧੇ ਪਏ ਉਭਰਦੇ। ਤੇ ਦੇਖਦਿਆਂ-ਦੇਖਦਿਆਂ ਉਹਨਾਂ ਉੱਤੇ ਧਰੇ ਜਾਂਦੇ ਦੋ ਮੁਨੱਕੇ।...ਮੈ ਉਹਦੀ ਗੱਲ ਮੰਨ ਲੈਂਦਾ ਕਿ ਏਸ 'ਚਮਤਕਾਰ' ਨੂੰ ਵੇਖਣ ਵਾਲਾ ਮੈਂ ਦੂਜਾ ਮਰਦ ਹਾਂ। ਪਰ ਕਦੇ-ਕਦੇ ਕੋਈ ਹੋਰ ਸੋਨੇ ਵਾਲਾ ਕੋਰਸ ਲੈਣ ਆਇਆ ਮੁਨੱਕੇ ਦੀ ਗੱਲ ਕਰਦਾ ਤਾਂ ਮੈਂ ਸੱਚ ਦੇ ਝੂਠ ਹੋਣ ਤੋਂ ਡਰ ਜਾਂਦਾ।
ਕਿਸੇ ਨੇ ਇਹ ਗੱਲ ਬਰਖਾ ਦਾ ਨਾਉਂ ਲਏ ਬਿਨਾਂ ਕਹੀ ਸੀ ਬਈ ਜੇ ਉਹਦਾ ਮੂੰਹ ਸਿਰ ਲਕੋ ਦਿੱਤਾ ਜਾਵੇ ਤਾਂ ਸਰੀਰ ਤੀਹ ਕੁ ਸਾਲ ਦੀ ਤੀਵੀਂ ਦਾ ਲੱਗਦੈ। ਪਰ ਜੇ ਸਰੀਰ ਲਕੋ ਦਿੱਤਾ ਜਾਵੇ ਤਾਂ ਚਿਹਰਾ ਪੰਜਾਹਾਂ ਨੂੰ ਢੁੱਕੀਦਾ। ਬੱਤੀ ਗੁਲ...।''
'ਚੰਗਾ ਹੋਇਆ। ਖੜਕਾ ਕਰੀ ਜਾਂਦੈ।'' ਅੰਦਰੋਂ ਮਾਲਕਣ ਬੋਲੀ ਏ। ਵੈਦ ਉਠ ਕੇ ਫੇਰ ਬਾਹਰ ਆ ਗਿਆ ਏ। ਚੌਕੀਦਾਰ ਸਰੀਆ ਖੜਕਾਉਂਦਾ ਲੰਘਦਾ ਏ। ਚੰਦ ਦਾ ਮਟਕ ਚਾਨਣ ਏ। ਉਹਨੇ ਵਿਹੜੇ ਦਾ ਚੱਕਰ ਲਾਇਆ। ਚੰਗਾ ਲਗਿਆ। ਸਬੱਬ ਦੀ ਗੱਲ ਏ ਕਿ ਨਾ ਬਤੌਰੀ ਬੋਲੀ ਨਾ ਬੁੱਢਾ ਕਬੂਤਰ।....
ਬੱਤੀ ਆ ਗਈ ਏ। ਉਹ ਛੇਤੀ ਦੇਣੀ ਫੇਰ ਲਿਖਣ ਬਹਿ ਜਾਂਦਾ ਏ, ਜਿਵੇਂ ਸੁਆਦ ਆਓਣ ਲੱਗ ਪਿਆ ਹੋਵੇ। ਵੈਦ ਦਾ ਦਿਲ ਕਦੇ ਕਦੇ ਕਿੰਨਾ ਈ ਚਿਰ ਖਿੜਿਆ ਰਹਿੰਦਾ ਏ ਤੇ ਕਦੇ ਏਨਾ ਖਰਾਬ ਕਿ ਲੱਗਦਾ ਏ ਕਿ ਬੂਹੇ ਦੇ ਬਾਹਰ ਕਿਤੇ ਮੌਤ ਲੁਕੀ ਬੈਠੀ ਏ।...ਉਹ ਜਦ ਡਾਕਟਰ ਨਰੇਸ਼ ਨੂੰ ਦੱਸਦਾ ਏ ਤਾਂ ਉਹ ਕਹਿੰਦਾ ਏ, ''ਇਹ ਹਾਈਪੋਕੌਂਡਰੀਆ ਏ। ਵਹਿਮ ਏ, ਬੀਮਾਰੀ ਨਹੀਂ। ਗੋਲੀਆਂ ਖਾਣ ਦੀ ਥਾਂ ਸ਼ਾਮ ਨੂੰ ਦੋ ਪੈਗ ਲਾਇਆ ਕਰ। ਟੀ.ਵੀ. ਤੇ ਅੰਗਰੇਜ਼ੀ ਫਿਲਮਾਂ ਦੇਖਦਾ ਸੌਂ ਜਾਇਆ ਕਰ।''...
ਉਹ ਫੇਰ ਲਿਖਦਾ ਏ...''ਅਸਲੀ ਗੱਲ ਜਿਹੜੀ ਰੋਗ ਦੀ ਜੜ੍ਹ ਹੁੰਦੀ ਐ, ਸ਼ਾਇਦ ਹਰੇਕ ਰੋਗੀ ਡਾਕਟਰਾਂ ਨੂੰ ਠੀਕ ਨਹੀਂ ਦੱਸਦਾ। ਮੈਂ ਤਾਂ ਡਾਕਟਰ ਨਰੇਸ਼ ਨੂੰ ਜਾਣ ਕੇ ਨਹੀਂ ਦੱਸਦਾ, ਕਿ ਕਦੇ ਸ਼ਾਮ ਨੂੰ ਲੱਗਦੈ ਕਿ ਮੈਂ ਬਹੁਤ ਥੱਕ ਗਿਆ ਹਾਂ ਰਾਜਨੀਤੀ ਕਰਦਾ, ਦੋਸਤੀਆਂ ਦੁਸ਼ਮਣੀਆਂ ਪਾਲਦਾ, ਸੋਚਦਾ, ਸਮਝਦਾ...ਏਥੇ ਤੱਕ ਕਿ ਖਾਂਦਾ ਪੀਂਦਾ ਤੇ ਸਾਹ ਲੈਂਦਾ ਵੀ।
ਫੋਨ ਦੀ ਬੈੱਲ ਇਕ ਵਾਰ ਵੱਜ ਕੇ ਬੰਦ ਹੋ ਗਈ ਐ। ਸ਼ਾਇਦ ਵਿਕਾਸ ਅਮਰੀਕਾ ਤੋਂ ਮਿਲਾ ਰਿਹਾ ਹੋਵੇ।...ਹੁਣ ਜੇ ਉਹਦਾ ਫੋਨ ਆਇਆ ਤਾਂ ਮੈਂ ਅੱਗੇ ਵਾਂਗ ਝੂਠ ਨਹੀਂ ਬੋਲਣਾ ਕਿ ਮੈਂ ਚੜ੍ਹਦੀ ਕਲਾ 'ਚ ਹਾਂ। ਸੱਚ ਦਸ ਦੇਣੈ, ਬਈ ਢਹਿੰਦੀ ਕਲਾ 'ਚ ਹਾਂ। ਕਦੇ ਕਦੇ ਅਚਾਨਕ ਬੈਟਰੀ ਡਾਊਨ ਹੋ ਜਾਂਦੀ ਐ। ਫੇਰ ਵਿਹੜੇ 'ਚ ਵੀ ਜਾਣ ਨੂੰ ਦਿਲ ਨਹੀਂ ਕਰਦਾ। ਨਾ ਜਾਣੀਏ ਦੇਹਲੀਓਂ ਬਾਹਰ ਧਰਮਰਾਜ ਖੜ੍ਹਾ ਹੋਵੇ।...ਹੁਣ ਇਹ ਵੀ ਦੱਸ ਦੇਣੈ ਬਈ ਇਹਦਾ ਕਾਰਨ ਮੇਰੇ ਤੇਰੀ ਆਂਟੀ ਬਰਖਾ ਬੋਧੀ ਤੇ ਮਹੰਤ ਮੱਘਰ ਦਾਸ ਵਿਚਕਾਰ ਘਟੀ ਇਕ ਘਟਨਾ ਐ। ਉਹ ਆਪਣੇ ਆਪ ਨੂੰ ਬਚਾਉਣ ਲਈ ਧਿਆਨ ਯੋਗ ਕਰਦੀ ਐ। ਜੀਹਦੇ ਨਾਲ ਉਹਨੂੰ ਆਪਣੇ ਅੰਦਰ ਦੈਵੀ ਸ਼ਕਤੀਆਂ ਮਹਿਸੂਸ ਹੁੰਦੀਆਂ ਨੇ। ਉਹ ਤਰਕਸ਼ੀਲ ਔਰਤ ਅਜ ਕੱਲ ਰੋਗੀਆਂ ਨੂੰ ਥਾਪੜੇ ਦੇ ਕੇ ਠੀਕ ਕਰਨ ਦੇ ਦਾਅਵੇ ਕਰਦੀ ਐ।...ਉਹ ਸ਼ਾਇਦ ਬਚ ਜਾਵੇ ਏਸ ਜੁਗਤ ਨਾਲ। ਪਰ ਮੈਂ ਆਪਣੇ ਆਪ ਨੂੰ ਇਹ ਧੋਖਾ ਨਹੀਂ ਦੇ ਸਕਦਾ।
ਬੈੱਲ ਫੇਰ ਵੱਜੀ ਏ। ਲਗਾਤਾਰ।...ਇਹ ਤਾਂ ਮਧੂਸੂਦਨ ਸੀ। ਹੱਸਦਾ ਗੱਲਾਂ ਕਰਦਾ ਸੁਮਰੋ-ਸੁਮਰੋ ਕਰਦਾ ਰਿਹਾ। ਹੁਣ ਰਾਜੀ ਹੋ ਕੇ ਇਹਨੂੰ ਗੱਲਾਂ ਫੁਰਦੀਆਂ ਨੇ। ਮੈਂ ਫੋਨ ਬੰਦ ਕਰ ਦਿੱਤਾ ਹੈ।…
ਅਸਲ 'ਚ ਸੁਮਰੋ ਬੇਗਮ ਕਿਸੇ ਇਸਤਰੀ ਦਾ ਨਾਉਂ ਨਹੀਂ। ਇਹ ਇਤਿਹਾਸ 'ਚੋਂ ਉਹਨੂੰ ਆਪਣੀ ਬਿਮਾਰੀ ਵੇਲੇ ਮਿਲਿਆ ਪਾਤਰ ਐ। ਜਿਹੜਾ ਉਹਨੇ ਪਹਿਲਾਂ ਆਪਣੀ  ਉਸ ਗਾਓਣ ਵਾਲੀ ਦੋਸਤ ਔਰਤ ਨੂੰ ਦਿੱਤਾ ਸੀ, ਜਿਹੜੀ ਗਾਉਣ ਵਾਲੇ ਸਾਥੀ ਬਦਲਦੀ ਸੀ ਤਾਂ ਇਹ ਉਹਨੂੰ 'ਯਾਰ ਬਦਲਣਾ' ਕਹਿੰਦਾ ਹੁੰਦਾ ਸੀ। ਹੁਣ ਇਹੀ ਨਾਉਂ ਇਹਨੇ ਬਰਖਾ ਨੂੰ ਦੇ ਦਿੱਤਾ ਐ।...। ਪੁੱਛਣ ਤੇ ਬੋਧੀ ਨੇ ਦੱਸਿਆ ਸੀ ਕਿ ਜਦ ਦਿੱਲੀ 'ਚ ਮੁਗਲ ਰਾਜ ਮੁੱਕਣ ਲਗਿਆ ਤਾਂ ਥਾਉਂ-ਥਾਈਂ ਜਗੀਰਦਾਰ ਤੇ ਧਾੜਵੀ ਕਲਗੀਆਂ ਲਾ ਕੇ ਬਹਿ ਗਏ ਸੀ। ਸਮਰੂ ਬੇਗਮ ਨਾਂ ਦੀ ਇੱਕ ਦਲਿਤ ਤੇ ਦੋਗਲੀ ਨਸਲ ਦੀ ਪਰ ਸੁੰਦਰ ਤੇ ਬਹਾਦਰ ਇਸਤਰੀ ਨੇ ਮੇਰਠ ਕੋਲ ਆਪਣਾ ਰਾਜ ਆਪਣੇ-ਪ੍ਰੇਮੀ ਜਰਮਨ ਜਰਨੈਲ ਦੀ ਸਹਾਇਤਾ ਨਾਲ ਕਾਇਮ ਕਰ ਲਿਆ ਸੀ। ਜਰਮਨ ਜਰਨੈਲ ਦਰਬਾਰ ਦੀ ਇਕ ਨਾਚੀ 'ਚ ਦਿਲਚਸਪੀ ਲੈਣ ਲੱਗ ਪਿਆ ਸੀ। ਸਮਰੂ ਬੇਗਮ ਨੇ ਮਰਾਠਿਆਂ ਦੇ ਹੱਲੇ ਦਾ ਬਹਾਨਾ ਪਾ ਕੇ ਜਰਨੈਲ ਨੂੰ ਸੀਮਾ 'ਤੇ ਭੇਜ ਦਿੱਤਾ ਸੀ ਤੇ ਆਪ ਪਾਲਕੀ 'ਚ ਬਹਿ ਕੇ ਕਿਸੇ ਹੋਰ ਪਾਸੇ ਨਿਕਲ ਗਈ ਸੀ। ਰਾਹ 'ਚ ਉਹਨੇ ਆਪਣੇ ਬੰਦਿਆਂ ਤੋਂ ਈ ਗੋਲੀਆਂ ਚਲਵਾ ਕੇ ਜਰਮਨ ਨੂੰ ਸੁਨੇਹਾ ਭੇਜ ਦਿੱਤਾ ਕਿ ਤੇਰੀ ਬੇਗਮ ਮਰਾਠਿਆਂ ਦੇ ਹੱਲੇ 'ਚ ਗੋਲੀ ਨਾਲ ਜ਼ਖਮੀ ਹੋ ਗਈ ਐ। ਕਹਿੰਦੇ...ਜਰਮਨ ਪ੍ਰੇਮੀ ਤੋਂ ਇਹ ਖਬਰ ਨਾ ਝੱਲੀ ਗਈ। ਉਸ ਨੇ ਆਪਣੀ ਪੁੜਪੁੜੀ 'ਚ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਸੀ।...ਜਦ ਬੇਗਮ ਉੱਕਾ ਖੁਦ ਮੁਖਤਿਆਰ ਹੋ ਗਈ ਤਾਂ ਉਸ ਨੇ ਪਹਿਲੇ ਹੀ ਦਿਨ ਉਸ ਨਾਚੀ ਨੂੰ ਜਿਉਂਦੇ ਜੀ ਧਰਤੀ 'ਚ ਗਡਵਾ ਦਿੱਤਾ ਸੀ। ਆਪ ਉਸ ਦੀ ਗਿੱਲੀ ਮਿੱਟੀ ਵਾਲੀ ਕਬਰ 'ਤੇ ਬਹਿ ਕੇ ਹੁੱਕਾ ਪੀਤਾ ਸੀ।...
ਵੈਦ ਨੇ ਪੈੱਨ ਰੇੱਖ ਦਿੱਤਾ। ਉਬਾਸੀ ਲਈ। ਸਰੀਰ ਅਕੜਾ ਕੇ ਤੇ ਢਿੱਲਾ ਛੱਡ ਕੇ ਅੱਖਾਂ ਮੀਟ ਲਈਆਂ। ਕੁਝ ਚਿਰ ਪੈਰਾਂ ਦੀਆਂ ਉਂਗਲਾਂ ਹਿਲਾਉਂਦੇ ਨੂੰ ਫੇਰ ਬਰਖਾ ਦਾ ਖਿਆਲ ਆਉਣ ਲੱਗ ਪਿਆ। ਉਹ ਜਦ ਵੀ ਕਲਪਨਾ ਕਰਦਾ, ਵਿੱਚ ਮਹੰਤ ਮੱਘਰ ਦਾਸ ਆ ਵੜਦਾ।...ਵੈਦ ਫੇਰ ਲਿਖਣ ਲੱਗ ਪਿਆ...। ''ਮਹੰਤ ਮੱਘਰ ਦਾਸ  ਬੜੀਆਂ ਸ਼ਕਤੀਆਂ ਵਾਲਾ ਐ। ਉਹ ਜੀਹਨੂੰ ਚਾਹੇ ਝੰਡੀ ਵਾਲੀ ਕਾਰ 'ਚ ਬਹਾ ਕੇ ਤੋਰ ਸਕਦੈ। ਵੱਡੇ ਵੱਡੇ ਨੇਤਾ ਉਸ ਦੇ ਡੇਰੇ ਜਾਂਦੇ ਨੇ। ਉਹ ਮਾੜੇ ਗ੍ਰਹਿਆਂ ਨੂੰ ਸ਼ਾਂਤ ਕਰਨ ਲਈ ਪਾਠ ਜਾਂ ਜਾਪ ਵੀ ਕਰਦੈ। ਕੁਝ ਮਹੀਨੇ ਪਹਿਲਾਂ ਉਹ ਬਰਖਾ ਦੇ ਘਰ ਆਪ ਆਇਆ ਸੀ। ਅਸੀਂ ਦੋਵੇਂ ਮਿਲ ਕੇ ਖੁਸ਼ ਹੋਏ ਸੀ। ਉਹਨੇ ਮੈਨੂੰ ਜਿਓਤਿਸ਼ ਦੇ ਤੇ ਮੈਂ ਉਹਨੂੰ ਚਰਕ ਸੰਘਿਤਾ ਦੇ ਕੁਝ ਚਮਤਕਾਰ ਦੱਸੇ ਸੀ।...ਜਾਂਦਾ ਹੋਇਆ ਉਹ ਬਰਖਾ ਬੋਧੀ ਦੀ ਜਨਮ ਪੱਤਰੀ ਦੇਖ ਕੇ ਝੰਡੀ ਵਾਲੀ ਕਾਰ ਮਿਲਣ ਦਾ ਯੋਗ ਦੱਸ ਗਿਆ ਸੀ। ਮੈਨੂੰ ਵੀ ਮਾੜੀ ਮੋਟੀ ਕੁਰਸੀ ਦੀ ਆਸ ਲਾਈ ਸੀ।
ਸਭ ਕੁਝ ਹੋ ਹਵਾ ਜਾਣ ਪਿਛੋਂ ਮੈਨੂੰ ਪਤਾ ਲਗਿਆ ਸੀ ਕਿ ਮਹੰਤ ਮੱਘਰ ਦਾਸ ਕੋਲ ਜਾਣ ਤੇ ਉਹਦੀ ਬਖਸ਼ਿਸ਼ ਨਾਲ ਕੁਝ ਪ੍ਰਾਪਤ ਕਰਨ ਦਾ ਸਾਰਾ ਪ੍ਰੋਗਰਾਮ ਬਰਖਾ ਦਾ ਪਹਿਲਾਂ ਹੀ ਤੈਅ ਸੀ। ਮੈਂ ਤਾਂ ਠੁੰਮਣਾ ਸੀ, ਜੀਹਨੂੰ ਉਹਨੇ ਨਾਲ ਰੱਖਣਾ ਸੀ। ਆਪਣੀ ਸੁਰੱਖਿਆ ਖਾਤਰ, ਆਪਣੀ ਟਹਿਲ ਸੇਵਾ ਖਾਤਰ ਜਾਂ ਫੇਰ ਕਿਸੇ ਦੁਖ ਦੀ ਘੜੀ 'ਚ ਮੋਢੇ 'ਤੇ ਸਿਰ ਰੱਖ ਕੇ ਰੋਣ ਵਾਸਤੇ।
ਜਾਣ ਨੂੰ ਸੁਵਖਤੇ ਜਾਣਾ ਚਾਹੀਦਾ ਸੀ, ਸ਼ਾਮ ਨੂੰ ਮੁੜਨਾ ਜੋ ਸੀ। ਪਰ ਉਹਨੇ ਮੁੜਨਾ ਨਹੀਂ ਸੀ। ਦੁਪਹਿਰ ਤੋਂ ਬਾਅਦ ਤੁਰੀ ਸੀ, ਕੋਈ ਓਪਰੀ ਜਿਹੀ ਟੈਕਸੀ ਲੈ ਕੇ। ਪਹੁੰਚੇ ਸੀ ਤਾਂ ਸੂਰਜ ਡੁੱਬ ਚਲਿਆ ਸੀ। ਉੱਚੇ ਮੰਦਰ ਵਾਲੀ ਪੁਰਾਣੀ ਇਮਾਰਤ ਵਿਚੀਂ ਲੰਘ ਕੇ ਨਵੀਂ ਆਲੀਸ਼ਾਨ ਕੋਠੀ 'ਚ ਗਏ ਸੀ। ਕੋਈ ਸੇਵਕ ਪੁੱਛ ਕੇ ਆਇਆ ਸੀ, ਤਦ ਮਹੰਤ ਦੇ ਕਮਰੇ 'ਚ ਗਏ ਸੀ। ਚਮਕਦੇ ਤੇ ਤਿਲਕਧਾਰੀ ਚਿਹਰੇ ਵਾਲੇ ਮਹੰਤ ਨੇ ਮੈਨੂੰ ਹੱਥ ਫੜ ਕੇ ਆਪਣੀ ਗੱਦੀ 'ਤੇ ਆਪਣੇ ਕੋਲ ਬਿਠਾਇਆ ਸੀ। ਬਰਖਾ ਦੂਜੇ ਗੱਦੇ 'ਤੇ। ਅੱਗਰਬਤੀ ਤੇ ਚੰਦਨ ਦੀ ਸੁੰਗਧ ਨਾਲ ਭਰੇ ਉਸ ਕਮਰੇ 'ਚ ਕੋਈ ਕੁਰਸੀ ਨਹੀਂ ਸੀ। ਕਾਲੀਨ ਬਹੁਤ ਕੀਮਤੀ ਵਿਛਿਆ ਹੋਇਆ ਸੀ। ਹਰੇਕ ਨੂੰ ਜੁੱਤੀ ਬਾਹਰ ਲਾਹ ਕੇ ਵੜਨਾ ਪੈਂਦਾ ਸੀ।
ਮੈਥੋਂ ਮਖਮਲ ਮੜ੍ਹੀ ਡੱਬੀ 'ਚ ਬੰਦ ਸੋਨੇ ਵਾਲਾ ਕੋਰਸ ਫੜਕੇ ਆਪਣੀ ਗੱਦੀ ਹੇਠ ਲੁਕਾ ਕੇ ਮਹੰਤ ਨੇ ਦੋ ਫੋਨ ਕਰਕੇ ਬਰਖਾ ਨੂੰ ਦੱਸਿਆ ਸੀ, ''ਸ਼ਾਇਦ ਕੰਮ ਅੱਜ ਬਣ ਜਾਵੇ। ਮੁਖ ਮੰਤਰੀ ਏਥੇ ਈ ਨੇ। ਡੂਢ ਦੋ ਘੰਟਿਆਂ ਤੱਕ ਚੱਲਾਂਗੇ। ਗ੍ਰਹਿ ਦਸ਼ਾ ਠੀਕ ਲੱਗਦੀ ਐ।...ਚੰਗਾ ਹੁਣ ਆਰਾਮ ਕਰੋ।''
ਸੇਵਕ ਨੇ ਸਾਨੂੰ ਦੋ ਕਮਰਿਆਂ 'ਚ ਠਹਿਰਾਇਆ ਸੀ। ਮੇਰਾ ਕਮਰਾ ਜ਼ਰਾ ਹਟਵਾ ਸੀ। ਪਰ ਬੂਹੇ ਤੋਂ ਬੂਹਾ ਦਿਖਦਾ ਸੀ।
ਮੈਂ ਨ੍ਹਾ ਕੇ ਸੌਂ ਗਿਆ। ਜਾਗਿਆ ਤਾਂ ਸਰ੍ਹਾਣੇ ਬਰਖਾ ਖੜ੍ਹੀ ਸੀ। ਉਹਨੇ ਗੂਹੜਾ ਮੇਕਅਪ ਕੀਤਾ ਹੋਇਆ ਸੀ। ਮੈਂ ਉਹਦਾ ਹੱਥ ਫੜ ਕੇ ਨਾਲ ਬਹਾਣਾ ਚਾਹਿਆ ਤਾਂ ਉਹ ਡਰ ਕੇ ਬੂਹੇ ਕੰਨੀ ਝਾਕਣ ਲੱਗੀ। ਮੈਂ ਕਾਹਲ ਨਾਲ ਉਠ ਕੇ ਬੋਲਟ ਬੰਦ ਕਰਨ ਲੱਗਿਆ ਤਾਂ ਉਹਨੇ ਮੇਰਾ ਹੱਥ ਫੜ ਲਿਆ ਸੀ। ਉਹ ਮੇਰੇ ਹੱਥਾਂ ਨੂੰ ਫੜ-ਫੜ ਰੋਕਦੀ ਰਹੀ ਸੀ। ਏਸੇ ਖਿਚ ਧੂਹ 'ਚ ਉਹਦੇ ਬਲਾਊਜ਼ ਦਾ ਬਟਨ ਟੁੱਟ ਗਿਆ ਸੀ। ਆਪਣੇ ਆਪ ਨੂੰ ਮੈਥੋਂ ਤੋੜਦੀ ਉਹ ਕਹਿੰਦੀ ਤੁਰ ਗਈ ਸੀ, ''ਅਸੀਂ ਕਿਸੇ ਮੰਤਰੀ ਕੋਲ ਜਾ ਰਹੇ ਹਾਂ। ਡਿਨਰ ਕਰ ਕੇ ਆਵਾਂਗੇ।...ਤੁਸੀਂ ਖਾਣਾ ਮੰਗਾ ਕੇ ਖਾ ਲੈਣਾ...ਜ਼ਰੂਰ।'' ਉਹਦੀ ਜਾਂਦੀ ਦੀ ਸਾੜ੍ਹੀ ਚਮਕਦੀ ਸੀ ਤੇ ਸੈਂਡਲ ਦੀ ਅੱਡੀ ਫਰਸ਼ 'ਤੇ ਖੜਕਦੀ ਸੀ।
ਮੈਂ ਅੱਧ ਖੁੱਲ੍ਹੇ ਦਰਾਂ ਵਿੱਚ ਖੜ੍ਹਾ ਉਹਦੀ ਪਿੱਠ ਦੇਖਦਾ ਰਿਹਾ। ਇਹ ਅਬਲਾ ਐ? ਮਰਦ ਦੀ ਦੱਬੀ ਕੁਚਲੀ? ਏਸੇ ਬਾਰੇ ਕਿਹਾ ਗਿਆ ਐ—ਛਾਤੀ 'ਚ ਦੁੱਧ ਅੱਖਾਂ 'ਚ ਪਾਣੀ।...ਮੈਨੂੰ ਕੁਛ ਕੁਛ ਸਮਝ 'ਚ ਆਉਣ ਲੱਗਿਆ ਸੀ ਕਿ ਮੰਗਲ ਬੋਧੀ ਸਨਿਆਸੀ ਕਿਉਂ ਹੋ ਗਿਆ ਸੀ। ਅਚਾਨਕ ਮੇਰੇ ਅੰਦਰ ਕੁਛ ਭੜਕਣ ਲੱਗ ਪਿਆ ਸੀ। ਮੈਂ ਮਨ ਨੂੰ ਸਮਝਾਉਂਦਾ ਰਿਹਾ ਸੀ।...ਉਂਝ ਠੀਕ ਹੀ ਰਿਹਾ ਸੀ। ਪਰ ਖਾਣਾ ਨਹੀਂ ਸੀ ਖਾਧਾ। ਬੈੱਡ 'ਤੇ ਲੇਟਿਆ ਨਹੀਂ, ਕੁਰਸੀ 'ਤੇ ਬੈਠਾ ਰਿਹਾ ਸੀ, ਸੋਚਦਾ ਕੁੜ੍ਹਦਾ।
ਜਾਂਦਿਆਂ ਟੈਕਸੀ 'ਚ ਬੈਠੇ ਅਸੀਂ ਬਹੁਤ ਘੱਟ ਬੋਲੇ ਸੀ। ਹੌਲੀ ਬੋਲਦੇ ਕਿ ਡਰਾਈਵਰ ਨੂੰ ਨਾ ਸੁਣੇ। ਬਹੁਤਾ ਚੁਪ ਹੀ ਰਹੇ ਸੀ। ਬਰਖਾ ਸ਼ਾਇਦ ਉਨ੍ਹਾਂ ਕੁਰਸੀਆਂ ਜਾਂ ਕਾਰਾਂ ਦੀ ਕਲਪਨਾ ਕਰਦੀ ਰਹੀ ਹੋਵੇ, ਜਿਨ੍ਹਾਂ ਦੇ ਮਿਲਣ ਦੀ ਆਸ ਮਹੰਤ ਨੇ ਬਨ੍ਹਾਈ ਸੀ। ਮੇਰੀ ਕਲਪਨਾ 'ਚ ਤਾਂ ਇਕ ਕਮਰਾ ਸੀ। ਜਿਥੇ ਗੱਲਬਾਤ ਮੁਕਾ ਕੇ ਸਿਰਫ ਅਸੀਂ ਦੋਹਾਂ ਨੇ ਹੋਣਾ ਸੀ। ਜਿਥੇ ਅਸੀਂ ਚੋਰਾਂ ਵਾਂਗ ਨਹੀਂ ਸੀ ਮਿਲਣਾ।
ਪਰ ਪਾਸਾ ਪੁੱਠਾ ਪੈ ਗਿਆ ਸੀ। ਮੇਰੀ ਮੱਤ ਮਾਰੀ ਜਿਹੀ ਗਈ ਸੀ। ਅਸਲ 'ਚ ਮੇਰੀ ਇਹ ਹਾਲਤ ਉਦੋਂ ਤੋਂ ਹੋਣ ਲੱਗ ਪਈ ਸੀ, ਜਦ ਵਿਕਾਸ ਚੋਰੀ ਅਮਰੀਕਾ ਚਲਿਆ ਗਿਆ ਸੀ। ਕਈ ਮਹੀਨੇ ਉਹਦੀ ਖਬਰ ਬਗਾਨੇ ਮੂੰਹਾਂ ਤੋਂ ਸੁਨਣ ਨੂੰ ਮਿਲਦੀ ਸੀ। ਘਰ 'ਚ ਤੰਗੀ ਸੀ। ਮੈਂ ਤੇ ਮੇਰੀ ਪਹਿਰੇਦਾਰਨੀ ਚੁਪ ਬੈਠੇ ਰਹਿੰਦੇ ਸੀ। ਮੈਨੂੰ ਰੋਣਾ ਘੁਟਣਾ ਪੈਂਦਾ ਸੀ। ਉਹਨੀਂ ਦਿਨੀਂ ਮੇਰੇ ਵਾਲ ਚਿੱਟੇ ਹੋ ਗਏ ਸੀ। ਠੋਡੀ ਥੱਲੇ ਮਾਸ ਲਟਕ ਗਿਆ ਸੀ। ਸ਼ੇਵ ਕਰਨ ਵੇਲੇ ਮਾਸ ਫੜ ਕੇ ਖਿੱਚਣਾ ਪੈਂਦਾ ਸੀ।
ਮਹੰਤ ਦੀ ਉਸ ਸ਼ਾਨਦਾਰ ਬਿਲਡਿੰਗ 'ਚ ਰਾਤ ਗਿਆਰਾਂ ਵਜੇ ਵਰਾਂਡੇ 'ਚ ਬਿੜਕ ਹੋਈ ਸੀ। ਮੈਂ ਉਠ ਖੜ੍ਹਿਆ। ਲੱਗਿਆ ਕਿ ਸੈਂਡਲ ਦੀ ਅੱਡੀ ਖੜਕੀ ਐ। ਮੈਂ ਬੂਹੇ ਦੀ ਦਰਜ ਵਿਚੀਂ ਦੇਖਿਆ। ਉਹੀ ਸੀ। ਨਾਲ ਮਹੰਤ। ਉਹ ਦੋਵੇਂ ਸੁਗੰਧੀ ਵਾਲੇ ਕਮਰੇ ਵਿੱਚ ਚਲੇ ਗਏ। ਮੈਂ ਆ ਕੇ ਫੇਰ ਕੁਰਸੀ 'ਤੇ ਬਹਿ ਗਿਆ।...ਕੁਛ ਚਿਰ ਬਾਅਦ ਉਠਿਆ। ਬਰਖਾ ਦੇ ਕਮਰੇ ਦਾ ਬੂਹਾ ਠਕੋਰਿਆ। ਧੱਕ ਕੇ ਖੋਹਲਿਆ। ਉਹ ਅੰਦਰ ਨਹੀਂ ਸੀ। ਮੈਂ ਆ ਕੇ ਫੇਰ ਕੁਰਸੀ 'ਤੇ ਬਹਿ ਗਿਆ।
ਬਾਰਾਂ ਕੁ ਵਜੇ ਖੜਕਾ ਹੋਇਆ। ਬੇਸੁਰਤੀ 'ਚ ਮੈਂ ਮੂਰਖਾਂ ਵਾਂਗ ਬਾਹਰ ਨਿਕਲਿਆ। ਉਹ ਮਹੰਤ ਦੇ ਕਮਰੇ 'ਚੋਂ ਨਿਕਲੀ। ਮੈਨੂੰ ਸਾਹਮਣੇ ਖੜ੍ਹੇ ਨੂੰ ਦੇਖਦੀ ਰਹੀ। ਫੇਰ ਅਚਾਨਕ ਉਹਦੇ ਮੂੰਹੋਂ ਚੀਕ ਜਿਹੀ ਨਿਕਲੀ। ਉਹ ਚੀਕ ਤੇ ਰੋਣਾ ਘੁੱਟਦੀ ਆਪਣੇ ਕਮਰੇ 'ਚ ਵੜ ਗਈ ਤੇ ਅੰਦਰੋਂ ਚਿਟਕਣੀ ਬੰਦ ਕਰ ਲਈ।
ਮੈਂ ਕਈ ਵਾਰ ਤਖਤੇ 'ਤੇ ਠੋਲੇ ਮਾਰ ਆਇਆ। ਅੰਤ ਨੂੰ ਆਪਣੇ ਕਮਰੇ 'ਚ ਆ ਕੇ ਲੇਟ ਗਿਆ ਤੇ ਦੋ ਗੋਲੀਆਂ ਖਾ ਕੇ ਸੌਣ ਦੀ ਕੋਸ਼ਿਸ਼ ਕਰਦਾ ਰਿਹਾ।...ਮੈਨੂੰ ਸਮਝ ਨਾ ਆਵੇ ਬਈ ਬਰਖਾ ਨਾਲ ਕੀ ਬੀਤੀ ਐ। ਉਹ ਕਿਉਂ ਰੋਈ? ਅੰਦਰ ਬੰਦ ਕਿਉਂ ਹੋਈ?
ਆਪਣੇ ਕਮਰੇ ਵਿੱਚ ਬੈਠਿਆਂ ਮੇਰੇ ਅੰਦਰ ਇਕਦਮ ਕੁਛ ਭੜਕ ਪਿਆ ਜਿਵੇਂ। ਮੈਂ ਬੈਗ ਚੁਕਿਆ ਤੇ ਵਰਾਂਡੇ ਵਿੱਚੀਂ ਹੁੰਦਾ ਪੁਰਾਣੀ ਇਮਾਰਤ ਕੰਨੀ ਚਲਿਆ ਗਿਆ। ਹਵਾ ਤੇਜ਼ ਸੀ। ਕਦੇ-ਕਦੇ ਪਿੱਪਲ ਵਿੱਚੀਂ ਨ੍ਹੇਰੀ ਵਾਂਗ ਸ਼ੂਕਦੀ। ਬਾਹਰ ਸੜਕ 'ਤੇ ਆਇਆ ਤਾਂ ਏਨੀ ਤੇਜ਼ ਨ੍ਹੇਰੀ ਆਈ ਕਿ ਰੇਤ, ਨਿੱਕੇ ਰੋੜ, ਟਾਹਣੀਆਂ ਮੇਰੇ ਨਾਲ ਟਕਰਾਂਦੀਆਂ ਲੰਘਣ। ਸੜਕ ਸਿਰਫ ਬਿਜਲੀ ਚਮਕਣ ਵੇਲੇ ਹੀ ਦਿੱਸਦੀ। ਵਿਚ ਵਿਚ ਕਣੀਆਂ ਪੈ ਜਾਂਦੀਆਂ।
ਕਿੰਨੇ ਚਿਰ ਬਾਅਦ ਮੈਂ ਇਕ ਦਰਖਤ ਹੇਠਾਂ ਖੜ੍ਹਾ ਸੀ। ਮੀਂਹ ਤੇ ਨ੍ਹੇਰੀ ਤੋਂ ਬਚਣ ਨੂੰ। ਅਚਾਨਕ ਪਤਾ ਨਹੀਂ, ਕਿਥੋਂ ਕੋਈ ਬੰਦਾ ਆਇਆ। 'ਮਰ ਜੈਂਗਾ' ਕਹਿ ਕੇ ਮੇਰੀ ਬਾਂਹ ਫੜ ਕੇ ਇਕ ਪੁਲੀ ਹੇਠ ਲੈ ਗਿਆ। ਅਸੀਂ ਗੋਡਿਆਂ 'ਚ ਮੂੰਹ ਦੇਈ, ਕੰਧ ਨਾਲ ਢਾਸਣਾ ਲਾ ਕੇ ਬੈਠੇ ਰਹੇ।
ਮੀਂਹ ਹਟਿਆ ਤਾਂ ਮੈਂ ਕੱਲਾ ਸੀ। ਮੈਂ ਉਠ ਕੇ ਸੜਕ 'ਤੇ ਆ ਗਿਆ। ਚਾਨਣ ਹੋਣ ਲੱਗ ਪਿਆ ਸੀ। ਲੰਘਦੇ ਟਰੈਕਟਰ ਟਰਾਲੀ ਵਾਲਿਆਂ ਨੇ ਮੈਨੂੰ ਬੋਰੀਆਂ 'ਤੇ ਬਹਾ ਲਿਆ ਸੀ। ਉਤਾਰਿਆ ਤਾਂ ਸਾਹਮਣੇ ਬੱਸ ਅੱਡਾ ਸੀ...। ਮੇਰੇ ਕੋਲ ਬੈਗ ਸੀ ਪਰ ਮੇਰੀ ਗੁਰਗਾਬੀ ਦਾ ਇੱਕ ਪੈਰ ਨਹੀਂ ਸੀ। ਮੈਨੂੰ ਕਦੇ ਕਦੇ ਭੁਖ ਪਿਆਸ ਦਾ ਅਹਿਸਾਸ ਹੁੰਦਾ। ਯਾਦ ਆਉਣ ਲੱਗਾ ਕਿ ਮੈਂ ਇਥੇ ਕਦ ਤੋਂ ਹਾਂ। ਕਿਉਂ ਹਾਂ। ਖੱਬੇ ਮੋਢੇ ਤੇ ਗੋਡੇ 'ਚ ਸੱਟ ਰੜਕਣ ਤੋਂ ਲਗਿਆ ਕਿ ਮੈਂ ਕਿਤੇ ਡਿਗਿਆ ਹੋਵਾਂਗਾ। ਇਹ ਦੁਕਾਨ ਐ, ਚਾਹ ਦੀ। ਇਹ ਬਸ ਵਾਲਾ ਵਾਜਾਂ ਮਾਰਦੈ—ਖੰਨੇ ਦੀਆਂ।
ਬੱਸ 'ਚ ਬੈਠ ਕੇ ਮੈਨੂੰ ਬਹੁਤ ਸਾਰੀਆਂ ਘਟਨਾਵਾਂ ਟੁਕੜੇ ਟੁਕੜੇ ਕਰਕੇ ਸਾਹਮਣੇ ਆਉਂਦੀਆਂ ਰਹੀਆਂ। ਇਹ ਵੀ ਕਿ ਅਸੀਂ ਦੋ ਜਣੇ ਆਏ ਸੀ। ਹੁਣ ਮੈਂ ਕੱਲਾ ਜਾ ਰਿਹਾਂ।
ਘਰ ਪਹੁੰਚਿਆ ਤਾਂ ਮੇਰੀ ਪਤਨੀ ਮੈਨੂੰ ਦੇਖ ਕੇ ਘੱਟ ਮੇਰੇ ਦੋਵੇਂ ਨੰਗੇ ਪੈਰਾਂ ਨੂੰ ਦੇਖ ਕੇ ਵੱਧ ਹੈਰਾਨ ਹੋਈ ਸੀ। ਉਹ ਆਪਣੀ ਹਾਕਮਾਂ ਵਾਲੀ ਆਵਾਜ਼ 'ਚ ਪੁੱਛਦੀ ਤੇ ਖਲਾਂਦੀ ਰਹੀ ਸੀ। ਮੈਂ ਖਾ ਕੇ ਸੌਂ ਗਿਆ ਸੀ।
ਜਾਗਿਆ ਤਾਂ ਪੁਛਿਆ, ''ਤੂੰ ਕਬੂਤਰਾਂ ਨੂੰ ਦਾਣਾ ਪਾਇਆ ਸੀ?''
'ਆਹੋ.. ਨਾਲ ਏ ਲੈ ਜਾਂਦੇ ਉਨ੍ਹਾਂ ਨੂੰ...'' ਆਖ ਉਹ ਰਸੋਈ ਜਾ ਵੜੀ ਸੀ। ਮੈਂ ਕਬੂਤਰ ਛੱਡ ਦਾਣਾ ਪਾਣੀ ਪਾਇਆ। ਨਿੰਮ ਹੇਠ ਬੈਠਾ ਉਨ੍ਹਾਂ ਨੂੰ ਖੇਡਦਿਆਂ ਦੇਖਦਾ ਰਿਹਾ। ਉਹ ਖਾਂਦੇ ਖੇਲ੍ਹਦੇ ਮੇਰੇ ਦੁੱਖ ਚੁਗਦੇ ਨੇ। ਅਮਰੀਕਾ ਭੱਜੇ ਪੁੱਤ ਦਾ ਦੁੱਖ, ਏਡੇ ਘਰ 'ਚ ਕੱਲੇ ਹੋਣ ਦਾ ਦੁੱਖ...ਤੇ ਖੁਰਦੇ ਜਾਂਦੇ ਸਰੀਰਾਂ ਦਾ।...ਬੁੱਢਾ ਚਿੱਟਾ ਕਬੂਤਰ ਵਾਰ-ਵਾਰ ਅੰਦਰ ਜਾ ਕੇ ਬੱਚਿਆਂ ਨੂੰ ਚੋਗਾ ਦੇਂਦਾ ਦੇਖ ਕੇ ਮੈਨੂੰ ਮਧੂਸੂਦਨ ਯਾਦ ਆਇਆ। ਉਹਦੀਆਂ ਗੱਲਾਂ ਤੇ ਹਰਕਤਾਂ ਦੇ ਜਾਇਜ਼ ਹੋਣ ਦਾ ਅਹਿਸਾਸ ਹੋਣ ਲੱਗਾ। ਉਹ ਜਦ ਵੀ ਦਵਾਈ ਲੈਣ ਆਉਂਦਾ ਹੁੰਦਾ ਸੀ, ਉਹਦਾ ਖੱਬਾ ਮੋਢਾ ਚੁਕਿਆ ਹੋਇਆ ਹੁੰਦਾ ਸੀ। ਉਹ ਕਹਿੰਦਾ ਹੁੰਦਾ ਸੀ ਕਿ ਉਹਦੇ ਮੋਢੇ 'ਤੇ ਉਹਦੀ ਸੁਮਰੋ ਦਾ ਮੁਰਦਾ ਰੱਖਿਆ ਹੋਇਐ। ਜਿਵੇਂ ਸ਼ਿਵ ਜੀ ਦੇ ਮੋਢੇ 'ਤੇ ਪਾਰਵਤੀ ਦਾ ਮੁਰਦਾ ਸੀ।
ਫੇਰ ਉਹ ਕਥਾ ਸੁਣਾ ਦੇਂਦਾ ਸੀ ਕਿ ਪਾਰਵਤੀ ਦਾ ਦੇਹਾਂਤ ਹੋਇਆ ਤਾਂ ਮਹਾਂਦੇਵ ਏਨੇ ਸ਼ੋਕਾਤੁਰ ਹੋ ਗਏ ਕਿ ਮੁਰਦਾ ਖੱਬੇ ਮੋਢੇ 'ਤੇ ਚੁੱਕ ਕੇ ਤਿੰਨ ਲੋਕ ਗਾਹ ਮਾਰੇ। ਵਿਸ਼ਣੂ ਜੀ ਨੇ ਬਥੇਰਾ ਸਮਝਾਇਆ ਬਈ ਇਹ ਲੀਲਾ ਸੀ। ਮੁੱਕ ਗਈ। ਲੋਥ ਦਾ ਖਹਿੜਾ ਛਡੋ। ਉਹ ਨਾ ਮੰਨੇ। ਅੰਤ ਨੂੰ ਵਿਸ਼ਣੂ ਨੇ ਆਪਣੇ ਸੁਦਰਸ਼ਨ ਚੱਕਰ ਨਾਲ ਬੋ ਮਾਰਦੀ ਲੋਥ ਦੇ ਟੋਟੇ ਕਰ ਕੇ ਲਾਹ ਸਿਟੇ। ਪਰ ਸ਼ਰੀਰ ਦਾ ਵਿਚਕਾਰਲਾ ਹਿੱਸਾ ਮਹਾਂਦੇਵ ਦੇ ਮੋਢੇ 'ਤੇ ਹੀ ਰਿਹਾ। ਉਹਦੇ ਦੁਆਲੇ ਉਨ੍ਹਾਂ ਦੀ ਬਾਂਹ ਸੀ। ਜਿਹੜੀ ਵੱਢੀ ਨਹੀਂ ਸੀ ਜਾ ਸਕਦੀ।
ਮਧੂਸੂਦਨ ਨੇ ਇਹ ਕਥਾ ਪਤਾ ਨਹੀਂ ਕਿਥੋਂ ਪੜ੍ਹੀ ਸੀ। ਜਾਂ ਘੜੀ ਸੀ। ਉਹ ਹਵਾਲਾ ਇਕ ਗ੍ਰੰਥ ਦਾ ਜ਼ਰੂਰ ਦੇਂਦਾ ਸੀ। ਜਿਵੇਂ ਮੇਰੇ ਤਾਇਆ ਜੀ ਆਪਣੀ ਗੱਲ ਮੁਕਾਉਣ ਵਾਸਤੇ ਜਿਹੜਾ ਯਾਦ ਆਇਆ, ਉਸੇ ਧਰਮ ਗ੍ਰੰਥ ਦਾ ਹਵਾਲਾ ਦੇ ਦੇਂਦੇ ਸੀ।
ਅੰਦਰ ਬਿੜਕ ਹੋਈ ਐ। ਮੇਰੀ ਠਾਣੇਦਾਰਨੀ ਬਾਥਰੂਮ ਗਈ ਐ। ਚੌਕੀਦਾਰ ਚੌਥਾ ਗੇੜਾ ਮਾਰ ਗਿਐ। ਨਿੰਮ 'ਤੇ ਬਤੌਰੀ ਫੇਰ ਬੋਲੀ ਐ। ਇਨ੍ਹਾਂ ਦਾ ਮੈਂ ਕੀ ਇਲਾਜ ਕਰਾਂ? ਬੁਢੇ ਕਬੂਤਰ ਨੂੰ ਤਾਂ ਮੈਂ ਉਡਾ ਕੇ ਖਲਾਸੀ ਕਰਾ ਸਕਦਾਂ।....
ਮੈਂ ਵੀ ਸੌਂ ਨਾ ਜਾਵਾਂ ਹੁਣ। ਉਂਘ ਆਉਣ ਲੱਗ ਗਈ ਐ। ਤਾਇਆ ਜੀ ਕਹਿੰਦੇ ਹੁੰਦੇ ਸੀ, ਰਾਤ ਨੂੰ ਦੇਰ ਤੱਕ ਜਾਗਣ ਵਾਲੇ ਰੋਗੀ, ਕੁਕਰਮੀ ਤੇ ਨੀਚ ਹੁੰਦੇ ਨੇ। ਇਹ ਵੀ ਸ਼ਾਇਦ ਉਸੇ 'ਜੋਗ ਧਿਆਨ ਉਪਨਿਸ਼ਦ' 'ਚ ਲਿਖਿਆ ਹੋਵੇ।
                 —ਜੁਲਾਈ 1999

ਮੋਹੜੀ / ਪ੍ਰੇਮ ਪ੍ਰਕਾਸ਼




ਮੋਹੜੀ / ਪ੍ਰੇਮ ਪ੍ਰਕਾਸ਼

ਪੋਸਟਿੰਗ : ਮਹਿੰਦਰ ਬੇਦੀ ਜੈਤੋ


ਦਿੱਲੀ ਤੋਂ ਪੰਜਾਬ ਵੱਲ ਭੱਜੀ ਜਾਂਦੀ ਟ੍ਰੇਨ 'ਚ ਬੈਠੇ ਨੂੰ ਮੈਨੂੰ ਮਹਿਸੂਸ ਹੋ ਰਿਹਾ ਏ ਕਿ ਮੈਂ ਆਪਣੇ ਜੱਦੀ ਕਸਬੇ ਸ਼ਾਹਪੁਰ ਨੂੰ ਕਿਸੇ ਟੂਣੇ ਦੇ ਅਸਰ ਹੇਠ ਜਾ ਰਿਹਾ ਹਾਂ। ਕਦੇ ਕਦੇ ਅਜਿਹੀ ਅਵਸਥਾ 'ਚ ਫਸ ਕੇ ਕੰਮ ਕਰੀ ਜਾਣ ਦੀ ਕਸਰ ਤਾਂ ਮੈਨੂੰ ਬਚਪਨ ਤੋਂ ਏ, ਪਰ ਰੀਟਾਇਰ ਹੋਣ ਬਾਅਦ ਵੱਧ ਗਈ ਏ। ਦਿੱਲੀ 'ਚ ਅਠੱਤੀ ਵਰ੍ਹੇ ਰਹਿੰਦਿਆਂ ਸਾਰੀਆਂ ਪੁਰਾਣੀਆਂ ਇਮਾਰਤਾਂ ਮੇਰੀਆਂ ਦੇਖੀਆਂ ਹੋਈਆਂ ਨੇ। ਫੇਰ ਵੀ ਕਦੇ ਮਨ 'ਚ ਅਚਾਨਕ ਘੌਂਕਾ ਜਿਹਾ ਉੱਠਦਾ ਏ। ਮੈਂ ਕਿਸੇ ਵੀਰਾਨ ਖੰਡਰ 'ਚ ਜਾ ਬਹਿੰਦਾ ਹਾਂ। ਦੇਖਦਾ ਰਹਿੰਦਾ ਹਾਂ—ਸਦੀਆਂ ਪੁਰਾਣੀਆਂ ਇੱਟਾਂ, ਡਿੱਗਦਾ ਚੂਨਾ, ਪਲਸਤਰ ਤੇ ਕਿਸੇ ਪੰਛੀ ਦੇ ਉਡਣ ਨਾਲ ਉਡੀ ਮਿੱਟੀ, ਤ੍ਰੇੜਾਂ 'ਚ ਵਸਦੇ ਕੀੜੇ...। ਮੇਰੇ ਸਾਹਮਣੇ ਰਾਜਿਆਂ ਦੇ ਦਰਬਾਰ ਸਜਦੇ ਨੇ, ਫੌਜਾਂ ਲੰਘਦੀਆਂ ਨੇ। ਮਹਾਂਯੁਧ ਹੁੰਦੇ ਨੇ। ਭਿਕਸ਼ੂ ਵਿਹਾਰਾਂ 'ਚ ਚੁੱਪ ਬੈਠੇ ਨੇ। ਨਗਰਾਂ 'ਚ ਉਪਦੇਸ਼ ਦੇਂਦੇ ਨੇ।...ਕੋਈ ਧਰਤੀ ਵਾਹੁੰਦਾ ਏ। ਹੱਥ ਹੱਥ ਥਾਂ 'ਤੇ ਮੁਰਦੇ ਪਏ ਨੇ। ਚੁਲ੍ਹਿਆਂ ਦੀ ਸੁਆਹ ਲੱਭਦੀ ਏ ਜਾਂ ਟੁੱਟੇ ਹੋਏ ਮਿੱਟੀ ਦੇ ਭਾਂਡੇ...
ਅੱਜ ਸਵੇਰੇ ਰੀਟਾਇਰਡ ਬੁੱਢਿਆਂ ਦੇ ਚਾਂਭਲੇ ਇੱਜੜ 'ਚ ਘੁੰਮਦਿਆਂ ਸਹਿਗਲ ਅੰਬਰਸਰੀਏ ਨੇ ਐਲਾਨ ਕੀਤਾ ਸੀ, ''ਬੱਸ, ਸ਼ਰੀਫਪੁਰੇ ਟੁਰ ਜਾਣਾ ਏ। ਮਿੱਟੀ ਬੁਲਾਂਦੀ ਪਈ ਏ ਅੰਬਰਸਰ ਦੀ...!''
ਲਹੌਰੀਏ ਮੋਹਣੇ ਨੇ ਹੱਸਦਿਆਂ ਆਖਿਆ ਸੀ, ''ਲੳ, ਦਿੱਲੀ ਦੇ ਬਦਮਾਸ਼ ਵੀ ਸ਼ਰੀਫਪੁਰੇ ਜਾ ਕੇ ਮਰਨਾ ਚਾਹੁੰਦੇ ਨੇ।''
ਡਾਕ ਬਾਬੂ ਸ਼ਰਮਾ ਨੇ ਔਖਿਆਂ ਹਾਸਾ ਰੋਕਦਿਆਂ ਕਿਹਾ ਸੀ, ''ਉਏ ਤੇਰੇ ਨੜੋਏ ਕਿਸੇ ਨਹੀਂ ਜਾਣਾ ਉਥੇ।...ਏਥੇ ਸਾਰੀ ਜੰਞ ਢੁਕੇਗੀ।''
ਡੀ.ਕੇ. ਪਾਠਕ ਨੇ ਉੱਚੀ ਦੇਣੀ ਗਾਇਆ ਸੀ, ''ਕਬਰਾਂ ਉਡੀਕਦੀਆਂ, ਜਿਉਂ ਪੁੱਤਰਾਂ ਨੂੰ ਮਾਵਾਂ।''...ਉਹਨੂੰ 'ਫਿੱਟੇ ਮੂੰਹ, ਲੱਖ ਲਾਹਣਤਾਂ ਦੀ ਦਾਦ ਮਿਲੀ ਸੀ। ਪੱਤਰਕਾਰ, ਜੀਹਦਾ ਨਾਂ ਮੈਂ ਅਕਸਰ ਭੁੱਲ ਜਾਂਦਾ ਹਾਂ, ਨੇ ਸੜਕ 'ਤੇ ਮਰੇ ਕੁੱਤੇ ਵੱਲ ਸੈਨਤ ਕਰਦਿਆਂ ਕਿਹਾ ਸੀ, ''ਨਹੀਂ—ਸੜਕਾਂ ਉਡੀਕਦੀਆਂ, ਜਿਉਂ ਕੁੱਤਿਆਂ...।''
ਘਰ ਆਉਂਦਿਆਂ ਈ ਪਤਾ ਨਹੀਂ ਕਿਉਂ, ਮੈਨੂੰ ਫੇਰ ਉਹੀ ਕਸਰ ਹੋ ਗਈ ਸੀ। ਮੈਂ ਪਿੰਡ ਜਾਣ ਲਈ ਬੈਗ ਤਿਆਰ ਕਰਨ ਲੱਗ ਪਿਆ ਸੀ। ਨੂੰਹ ਨੇ ਟਿਫਨ ਤਿਆਰ ਕੀਤਾ ਸੀ। ਆਪਣੀ ਮੋਈ ਸੱਸ ਵਾਂਗ ਮੇਰੀਆਂ ਦਵਾਈਆਂ ਬੈਗ ਦੀ ਜੇਬ 'ਚ ਪਾਈਆਂ ਸਨ ਤੇ ਨਿੱਕਾ ਪੁੱਤ ਗੱਡੀ ਚੜ੍ਹਾ ਗਿਆ ਸੀ।
ਦੁਪਹਿਰ ਦੀ ਰੋਟੀ ਖਾ ਕੇ ਮੈਂ ਜਿਹੜੀ ਗੋਲੀ ਖਾਧੀ ਏ, ਉਹਨੇ ਮੈਨੂੰ ਕੁਝ ਨਿਢਾਲ ਜਿਹਾ ਕਰ ਦਿੱਤਾ ਏ। ਦਿੱਸਦੀਆਂ ਜਾਂ ਸੋਚਾਂ 'ਚ ਆਉਂਦੀਆਂ ਵਸਤਾਂ ਸੁਫ਼ਨਿਆਂ 'ਚ ਫਿਰਦੀਆਂ ਦਿੱਸਦੀਆਂ ਪਈਆਂ ਨੇ।...ਨਿੱਕਾ ਜਿਹਾ ਰੇਲਵੇ ਸਟੇਸ਼ਨ...ਦੋ ਕੁ ਕਿਲੋਮੀਟਰ ਦਾ ਟੋਟਾ, ਪੀਰਾਂ ਦਾ ਤਕੀਆ, ਸਮਾਧਾਂ, ਬੱਸ ਅੱਡਾ, ਸ਼ਿਵਾਲਾ, ਦਿੱਲੀ ਦਰਵਾਜ਼ਾ, ਸਾਡਾ ਜੱਦੀ ਘਰ। ਜਿਥੇ ਤਾਏ ਦੇ ਪੁੱਤਰ ਮੁਕੰਦੀ ਸ਼ਾਹ ਦਾ ਟੱਬਰ ਰਹਿੰਦਾ ਏ...ਸਭ ਕੁਝ ਝੌਲਾ ਝੌਲਾ ਗੱਡਮਡ ਹੋ ਕੇ ਸੁੰਗੜੀ ਤੇ ਫੈਲੀ ਜਾਂਦਾ ਪਿਆ ਏ।...
ਅਚਾਨਕ ਗੋਲੀ ਚੱਲਦੀ ਏ। ਤੇਜੂ ਦੀ ਨਿੰਮ ਹੇਠ ਬੈਠੇ ਹੁੱਕੇ ਪੀਂਦੇ ਕਿੰਨੇ ਈ ਬੰਦੇ ਮਾਰੇ ਜਾਂਦੇ ਨੇ। ਆਬਾਦੀ ਦਾ ਅੱਧ ਸੰਸਕਾਰਾਂ ਦੀਆਂ ਤਿਆਰੀਆਂ ਕਰਦਾ ਏ।...ਮੇਰੀ ਇਕ ਬਾਂਹ ਤੇ ਇਕ ਲੱਤ ਠਾਹ ਦੇਣੀ ਡੱਬੇ ਦੀ ਲੱਕੜ ਨਾਲ ਵੱਜਦੀ ਏ। ਨਾਲ ਦੀਆਂ ਸਵਾਰੀਆਂ ਮੈਨੂੰ ਤੱਕਦੀਆਂ ਨੇ। ਜਿਵੇਂ ਮੈਨੂੰ ਮਿਰਗੀ ਦਾ ਦੌਰਾ ਪਿਆ ਹੋਵੇ। ਮੈਂ ਸ਼ਰਮਸਾਰ ਜਿਹਾ ਬੋਤਲ 'ਚੋਂ ਪਾਣੀ ਪੀਂਦਾ ਹਾਂ।
ਹੁਣ ਆਪਣੇ ਪਿੰਡ ਜਾਂਦਿਆਂ ਏਨਾ ਡਰ ਨਹੀਂ ਲੱਗਦਾ। ਅੱਗੇ ਤਾਂ ਗੱਡੀ 'ਚ, ਬੱਸ 'ਚ, ਰਾਹ 'ਚ, ਘਰ 'ਚ... ਕਿਸੇ ਵੀ ਵੇਲੇ ਅੱਤਵਾਦੀ ਦੀ ਗੋਲੀ ਮਾਰ ਸਕਦੀ ਸੀ। ਮੇਰੇ ਤਾਏ ਦਾ ਛੋਟਾ ਪੁੱਤਰ ਸ਼ੰਕਰ ਸ਼ਿਵਾਲੇ 'ਚ ਮਾਰ ਦਿੱਤਾ ਗਿਆ ਸੀ। ਸਿੱਧੜ ਸੀ ਉਹ। ਉਹਨੂੰ ਸ਼ਿਵ ਜੀ ਦੀ ਬਚਾਉਣ ਵਾਲੀ ਸ਼ਕਤੀ 'ਚ ਵਿਸ਼ਵਾਸ ਸੀ। ਜਲ ਚੜ੍ਹਾਉਣ ਗਿਆ ਸੀ ਤੜਕੇ—ਖ਼ੂਨ ਚੜ੍ਹ ਗਿਆ ਸੀ।
ਸੂਰਜ ਛਿਪਣ ਵਾਲਾ ਏ। ਮੈਂ ਨਿੱਕੇ ਜਿਹੇ ਸਟੇਸ਼ਨ ਤੇ ਉੱਤਰਦਾ ਹਾਂ। ਵਾਕਿਫ ਟਾਂਗੇ ਵਾਲੇ ਅਵਾਜ਼ਾਂ ਮਾਰਦੇ ਨੇ। ਪਰ ਮੈਂ ਬੈਗ ਮੋਢੇ 'ਤੇ ਲਟਕਾਈ ਟੁਰੀ ਜਾਂਦਾ ਹਾਂ—ਹੁਣ ਡਰ ਤੋਂ ਲੁਕਣ ਲਈ ਕਿਸੇ ਦੇ ਸੰਗ ਦੀ ਲੋੜ ਨਹੀਂ।
ਅੱਧਵਾਟੇ ਸਰਕੜਿਆਂ ਦੇ ਉਹਲੇ ਹੋ ਕੇ ਪੇਸ਼ਾਬ ਕਰਦਾ ਹਾਂ। ਚੰਗੀ ਲੱਗਦੀ ਏ ਇਹ ਆਜ਼ਾਦੀ। ਇਹ ਟਾਹਲੀਆਂ ਤੇ ਕਿੱਕਰਾਂ...। ਮੈਂ ਐਵੇਂ ਉਹਨਾਂ ਦੇ ਨਾਲ ਨਾਲ ਹੋ ਕੇ ਤੁਰੀ ਜਾਂਦਾ ਹਾਂ।...ਸ਼ੰਕਰ ਪਿੰਡ ਦੇ ਮੁੰਡਿਆਂ ਨੇ ਏਸ ਤਰ੍ਹਾਂ ਮਾਰ ਦਿੱਤਾ ਸੀ ਜਿਵੇਂ 'ਦੂਜੇ ਪਿੰਡ ਦਾ ਕੁੱਤਾ' ਹੋਵੇ।....ਪਾਕਿਸਤਾਨ ਬਣਨ ਵੇਲੇ ਵੀ ਇਵੇਂ ਬੰਦੇ ਪਿੰਡ ਦੇ ਬੰਦਿਆਂ ਨੇ ਈ ਮਾਰੇ ਸਨ।... ਪਰ ਉਹਨਾਂ ਮਾੜੇ ਦਿਨਾਂ 'ਚ ਵੀ ਮੈਂ ਕਿਉਂ ਆਉਂਦਾ ਰਿਹਾ ਸੀ ਪਿੰਡ?...ਬੰਦਾ ਜਦ ਮਰਨ ਨੇੜੇ ਹੁੰਦਾ ਏ ਤਾਂ ਆਪਣੇ ਜੱਦੀ ਪਿੰਡ ਨੂੰ ਕਿਉਂ ਜਾਣਾ ਚਾਹੁੰਦਾ ਏ? ਕਿਉਂ ਚਾਹੁੰਦਾ ਏ ਕਿ ਉਹਦੀ ਅਰਥੀ ਉਹਨਾਂ ਗਲੀਆਂ ਵਿਚੀਂ ਲੰਘੇ, ਜਿਥੇ ਉਹ ਖੇਡਿਆ ਸੀ? ਉਹਦਾ ਸੰਸਕਾਰ ਉਸ ਥਾਂ ਹੋਵੇ, ਜਿਥੇ ਉਹਦੇ ਪੁਰਖਿਆਂ ਦਾ ਹੋਇਆ ਸੀ?
ਬੱਸ ਅੱਡੇ ਕੋਲ ਥਾਂ-ਥਾਂ ਹੱਟੀਆਂ ਬਣ ਗਈਆਂ ਨੇ।...ਇਹ ਤਾਂ ਪਿੰਡ ਜਾ ਕੇ ਈ ਪਤਾ ਲੱਗੇਗਾ ਕਿ ਜਿਹੜੇ ਘਰਾਂ ਨੂੰ ਜਿੰਦਰੇ ਮਾਰ ਕੇ ਭੱਜ ਗਏ ਸਨ, ਉਹਨਾਂ 'ਚੋਂ ਕਿੰਨੇ ਮੁੜ ਆਏ ਨੇ। ਕੌਣ ਮਕਾਨ ਤੇ ਜ਼ਮੀਨ ਵੇਚ ਕੇ ਉੱਜੜ ਈ ਗਿਆ, ਪੱਕੇ ਤੌਰ 'ਤੇ।...ਮੇਰਾ ਦਿਲ ਘਬਰਾ ਗਿਆ ਏ। ਮੈਂ ਸ਼ਿਵਾਲੇ ਦੀ ਖੂਹੀ ਤੋਂ ਪਾਣੀ ਲੈ ਕੇ ਗੋਲੀ ਖਾਂਦਾ ਹਾਂ।...ਕੀ ਮੈਂ ਵੀ ਏਥੇ ਮਰਨ ਈ ਆਇਆ ਹਾਂ?...ਬਿੳਹ ਮਾਤਾ ਨੇ ਕਿਹਾ ਸੀ ਕੁਝ ਸਵੇਰੇ?
ਘਰ 'ਚ ਚਾਹ ਪੀ ਕੇ ਮੈਂ ਉਠ ਕੇ ਓਸ ਮੋਹੜੀ ਵਾਲੀ ਥਾਂ ਨੂੰ ਦੇਖਦਾ ਹਾਂ, ਜਿਹੜੀ ਸਾਡੇ ਵੱਡ ਵਡੇਰੇ ਬਜ਼ੁਰਗ ਨੇ ਪਿੰਡ ਬੰਨ੍ਹਣ ਵੇਲੇ ਪਰੋਹਤ ਜੀ ਦੇ ਮੰਤ੍ਰ ਉਚਾਰਨ ਨਾਲ ਗੱਡੀ ਸੀ। ਨੱਗਰ ਖੇੜੇ ਦੀ ਸੁੱਖ ਮੰਗੀ ਸੀ, ਜੁੜੇ ਲੋਕਾਂ ਨੇ।...ਇਹ ਹੁਣ ਕੁਝ ਨਿੱਕੀਆਂ ਇੱਟਾਂ ਦੀ ਮਟੀ ਜਿਹੀ ਏ, ਚੂਨੇ ਨਾਲ ਲਿਪੀ ਹੋਈ। ਉਤੇ ਤਿੰਨ ਖਣਾਂ ਦੀ ਛੱਤ ਬਣਾਈ ਹੋਈ ਏ, ਡਾਟਾਂ ਬੀੜ ਕੇ।...ਮੈਂ ਪੌੜੀਆਂ ਚੜ੍ਹਦਾ ਹਾਂ ਤਾਂ ਇੱਟਾਂ ਤੇ ਮਿੱਟੀ 'ਚੋਂ ਉਹੋ ਜਿਹੀ ਬਾਸ ਆਉਂਦੀ ਏ, ਦਿੱਲੀ ਦੇ ਖੰਡਰਾਂ ਵਰਗੀ।
ਮੈਂ ਆਖਰੀ ਪੌੜੀ 'ਤੇ ਖਲੋ ਕੇ ਟੁੱਟੇ ਬੂਹੇ ਦੇ ਅੰਦਰ ਝਾਕਦਾ ਹਾਂ ਤਾਂ ਕਿੰਨੇ ਸਾਰੇ ਕਬੂਤਰ ਉਡ ਜਾਂਦੇ ਨੇ ਮੇਰੇ ਸਿਰ ਦੇ ਉਤੋਂ ਦੀ। ਫੜਫੜਾਉਂਦੇ। ਅੰਦਰਲੇ ਹਨੇਰੇ 'ਚ ਸੰਗਲਾਂ ਨਾਲ ਟੰਗੀਆਂ ਕੜਾਹੀਆਂ ਹਿੱਲਦੀਆਂ ਨੇ। ਕਬੂਤਰ ਹੁਣ ਦਰਵਾਜ਼ੇ ਦੇ ਅੰਦਰਲੇ ਟੰਗਣਿਆਂ 'ਤੇ ਜਾ ਬੈਠੇ ਹੋਣਗੇ।
ਮੈਂ ਪੁਰਾਣਾ ਚੁਬਾਰਾ ਖੋਹਲ ਕੇ ਆਪਣੇ ਦਾਦੇ ਵਾਲੀ ਆਰਾਮ ਕੁਰਸੀ ਝਾੜ ਕੇ ਜੰਗਲੇ 'ਚ ਡਾਹ ਕੇ ਬਹਿ ਗਿਆ ਹਾਂ। ਦੁਆਲੇ ਦੇਖਦਿਆਂ, ਸਿਗਰਟ ਪੀਂਦਿਆਂ ਕਦੇ ਸੁੱਖ ਸੁਆਦ ਦੀ ਤਰੰਗ ਉਠਦੀ ਏ ਤੇ ਕਦੇ ਦੁੱਖ ਦਿਲ ਨੂੰ ਢਾਹੁਣ ਲੱਗ ਪੈਂਦਾ ਏ। ਇਹ ਸਾਹਮਣਾ ਦਿੱਲੀ ਦਰਵਾਜਾ ਢਾਹੁਣਾ ਏ ਕਮੇਟੀ ਨੇ। ਜਦ ਇਹ ਨਹੀਂ ਰਹਿਣਾ ਫੇਰ ਨਾ ਟੰਗਣੇ ਰਹਿਣੇ ਨੇ, ਨਾ ਕਬੂਤਰ।
 ਜਦ ਮੈਂ ਆਇਆ ਸੀ, ਹੇਠਾਂ ਲੇਟੇ ਮੁਕੰਦੀ ਦੀ ਹਾਲਤ ਦੇਖ ਨਹੀਂ ਸੀ ਸਕਿਆ। ਕਈ ਵਰ੍ਹੇ ਪਹਿਲਾਂ ਅੱਤਵਾਦੀ ਉਹਨੂੰ ਜੀਪ 'ਚ ਲੱਦ ਕੇ ਲੈ ਗਏ ਸਨ। ਉਦੋਂ ਉਹਦੀ ਉਮਰ ਪੂਰੇ ਸੱਠ ਸਾਲ ਸੀ। ਉਹਨੂੰ ਸਿਰਫ ਉਸੇ ਉਮਰ ਦੀ ਸੋਝੀ ਸੀ। ਹੋਰ ਸਭ ਕੁਝ ਭੁੱਲ ਗਿਆ ਸੀ।...ਹੁਣ ਉਹਦਾ ਦਿਮਾਗ ਅੱਧਮਰਿਆ ਪਿਆ ਏ। ਸਰੀਰ ਵੀ ਮਰਦਾ ਜਾਂਦਾ ਏ। ਉਹਦੇ ਕੋਲੋਂ ਆਪ ਉਠ ਨਹੀਂ ਹੁੰਦਾ। ਹੌਲੀ-ਹੌਲੀ ਤੁਰਦਾ ਏ। ਖੜ੍ਹੀਆਂ ਅੱਖਾਂ ਨਾਲ ਦੇਖਦਾ ਤੇ ਭੁਰ-ਭੁਰੇ ਸ਼ਬਦ ਬੋਲਦਾ ਏ।...
ਜਦ ਮੈਂ ਪੌੜੀ ਚੜ੍ਹਨ ਲੱਗਿਆ ਸੀ—ਤਾਂ ਉਹਨੇ ਉਠਣ ਕੀ ਕੋਸ਼ਿਸ਼ ਕਰਦਿਆਂ ਪੁੱਛਿਆ ਸੀ, ''ਕਿਸ਼ੂ, ਮੈਂ ਤੇਰੇ ਨਾਲ ਆ ਜਾਂ?''
ਤਦ ਉਹਦੇ ਸ਼ਰਾਬੀ ਹੋਏ ਪੁੱਤਰ ਮੱਦੀ ਸ਼ਾਹ ਨੇ ਉਹਨੂੰ ਫੜ ਕੇ ਮੰਜੇ 'ਤੇ ਬਹਾ ਦਿੱਤਾ ਸੀ। ਪਰ ਉਹ ਢਿੱਲੇ ਮੰਜੇ ਵਿਚ ਫਸ ਗਿਆ ਸੀ। ਮਰਦੇ ਹੋਏ ਜਾਨਵਰ ਵਾਂਗ ਹੱਥ ਪੈਰ ਮਾਰਦਾ ਮਿਆਂਕਦਾ ਰਿਹਾ ਸੀ। ਬੇਵਸੀ 'ਚ ਚੁੱਪ ਕਰ ਗਿਆ ਸੀ।...ਇਹ ਦੇਖਣ ਮੈਂ ਕਾਹਣੂੰ ਆ ਗਿਆ ਏਥੇ?
ਮੈਨੂੰ ਪਤਾ ਲੱਗਿਆ ਏ ਕਿ ਮੱਦੀ ਬਾਪ ਨੂੰ ਬਾਹਰ ਨਹੀਂ ਜਾਣ ਦੇਂਦਾ। ਉਹ ਮੁਕੰਦੀ ਸ਼ਾਹ ਦਾ ਲਾਡਲਾ ਪੁੱਤਰ ਸੀ। ਪਰ ਹੁਣ ਮੁਕੰਦੀ ਪਾਗਲ ਦਾ ਪੁੱਤਰ ਨਹੀਂ ਅਖਵਾਉਣਾ ਚਾਹੁੰਦਾ।...
ਮੇਰੇ ਸਾਹਮਣੇ ਤੇਜੂ ਮਿਸਤਰੀ ਦੀ ਨਿੰਮ ਏ। ਜਿਥੇ ਅਸੀਂ ਖੇਡਦੇ ਹੁੰਦੇ ਸੀ।...ਤੇਜੂ ਦੇ ਪੱਕੇ ਮਕਾਨ ਨੂੰ ਜਿੰਦਰਾ ਵਜਿਆ ਹੋਇਆ ਏ। ਉਹ ਹਰ ਪੰਜਾਂ ਸਾਲਾਂ ਬਾਅਦ ਮਕਾਨ ਸੁਆਰਨ ਵਲੈਤ ਤੋਂ ਆਉਂਦਾ ਸੀ। ਹੁਣ ਆਉਣ ਜੋਗਾ ਨਹੀਂ ਰਿਹਾ ਤੇ ਉਹਦੇ ਪੁੱਤਰਾਂ ਨੂੰ ਲੋੜ ਨਹੀਂ।
ਮੈਂ ਛੋਟੇ ਭਾਈ ਦੇ ਘਰ ਰਾਤ ਦਾ ਖਾਣਾ ਖਾ ਰਿਹਾ ਹਾਂ। ਨਿੱਕਾ ਤੇ ਉਹਦੀ ਘਰਵਾਲੀ ਦੱਸੀ ਜਾਂਦੇ ਨੇ ਕਿ ਕਿਹੜਾ ਟੱਬਰ ਮੁੜ ਆਇਆ ਏ ਤੇ ਕਿਹੜਾ ਅੱਧਾ ਮੁੜ ਆਇਆ। ਉਹਦੇ ਜੀਅ ਦਾ ਨੁਕਸਾਨ ਹੋ ਗਿਆ ਸੀ। ਜੱਟਾਂ ਦੇ ਕਿਹੜੇ ਮੁੰਡੇ ਫੜੇ ਜਾਂ ਮਾਰੇ ਗਏ ਨੇ, ਉਹ ਸਾਰੀਆਂ ਗੱਲਾਂ ਦੱਸੀ ਜਾਂਦੇ ਨੇ। ਪਰ ਮੈਂ ਅੱਕ ਗਿਆ ਹਾਂ। ਮੈਂ ਗੱਲ ਮੋੜ ਕੇ ਦਿੱਲੀ ਦਰਵਾਜ਼ੇ ਦੇ ਢਾਹੁਣ ਬਾਰੇ ਪੁੱਛਦਾ ਹਾਂ। ''ਉਹ ਤਾਂ ਕੱਲ੍ਹ ਨੂੰ ਦੇਖ ਲੀਂ ਤਮਾਸ਼ਾ। ਢੋਲ ਵੱਜਣੈ। ਡੱਗਾ ਖੜਕਣੈ।'' ਫੇਰ ਛੋਟਾ ਭਾਈ ਕੇਸ ਦੀਆਂ ਬਰੀਕੀਆਂ ਦੱਸਦਾ ਏ, ''ਅੱਧੇ ਲੋਕ ਢਾਹੁਣ ਵਾਲਿਆਂ 'ਚ ਤੇ ਅੱਧੇ ਰੋਕਣ ਵਾਲੇ। ਕੇਸ ਕਈ ਸਾਲਾਂ ਤੋਂ ਚਲਦੈ। ਹੁਣ ਕਲ੍ਹ ਹਾਈਕੋਰਟ ਦਾ ਫੈਸਲਾ ਆਇਆ।''
'ਏਥੇ ਸ਼ਾਮਲਾਟ 'ਚ ਪੰਜਵਾਂ ਹਿੱਸਾ ਆਪਣੇ ਖਾਨਦਾਨ ਦਾ ਏ।''—ਮੈਂ ਉਹਨੂੰ ਦੱਸਦਾ ਹਾਂ।
''ਕੌਣ ਪੁੱਛਦੈ ਹੁਣ...? ਪੰਜ ਤੀਰਥੀ ਟੋਭੇ ਆਲਾ ਸਾਰਾ ਥਾਉਂ ਜੱਟਾਂ ਨੇ ਧੱਕੇ ਨਾਲ ਮੱਲ ਲਿਆ। ਦੁਕਾਨਾਂ ਪਾ ਲਈਆਂ ਨੇ।''
—ਮੈਨੂੰ ਉਹਦੀ ਇਹ ਐਡੇ ਦੁਖ ਦੀ ਗੱਲ ਛੋਟੀ ਲੱਗਦੀ ਏ।—ਅਸੀਂ ਜਿਉਂਦੇ ਹਾਂ, ਕੀ ਇਹ ਕਾਫੀ ਨਹੀਂ?—ਮੈਂ ਸੋਚਦਾ ਹਾਂ। ਕਹਿਣ ਨੂੰ ਜੀਅ ਨਹੀਂ ਕਰਦਾ। ਆਪਣੇ ਈ ਸਿਰ 'ਚ ਜੁੱਤੀ ਪੈਂਦੀ ਏ...
ਗੱਲ ਗਵਾਉਣ ਲਈ ਮੈਂ ਰਾਈਆਂ ਵਿਹੜੇ ਵਾਲੇ ਬੰਤਾ ਸਿਆਲਕੋਟੀਏ ਬਾਰੇ ਪੁੱਛਦਾ ਹਾਂ, ''ਉਹ ਪਾਕਿਸਤਾਨ ਨਹੀਂ ਗਿਆ ਹਾਲੇ, ਆਪਣਾ ਘਰ ਵੇਖਣ?''
'ਨਹੀਂ।...ਕਹਿੰਦਾ ਪਹਿਲਾਂ ਮੈਂ ਅੰਬਰਸਰ ਜਾਣਾ ਏ, ਅੱਖਾਂ ਬਣਵਾਉਣ। ਫੇਰ ਜਾ ਕੇ ਵੇਖਣਾ ਏ ਆਪਣਾ ਘਰ। ਸੁਣਿਐ, ਸਿਆਲ ਕੋਟ ਦੀ ਕਮੇਟੀ ਵਾਲੇ ਢੁਆ ਰਹੇ ਨੇ ਮੇਰਾ ਘਰ। ਸਿਆਲਕੋਟ ਨਾ ਜਾਣਾ ਹੁੰਦਾ ਤਾਂ ਅੱਖਾਂ ਕਾਹਨੂੰ ਬਣਵਾਉਂਦਾ। ਮੈਂ ਕੋਈ ਸੂਈ 'ਚ ਧਾਗਾ ਪਾਉਣਾ ਏ?'' ਨਿੱਕਾ ਦੱਸਦਾ ਹੱਸਦਾ ਏ।
ਅੱਜ ਦਿੱਲੀ ਦਰਵਾਜ਼ਾ ਢਾਇਆ ਜਾਣਾ ਏ। ਸਵੇਰ ਦੇ ਅੱਠ ਵਜੇ ਨੇ। ਮੈਂ ਆਪਣੇ ਤਾਏ ਦੇ ਘਰ ਪੁਰਾਣੇ ਚੁਬਾਰੇ ਦੇ ਜੰਗਲੇ 'ਚ ਅਰਾਮ ਕੁਰਸੀ 'ਤੇ ਬੈਠਾ ਸਿਗਰਟ ਪੀ ਰਿਹਾ ਹਾਂ। ਏਸ ਦਰਵਾਜ਼ੇ 'ਚ ਅਸੀਂ ਤਾਸ਼, ਬਲੌਰ ਤੇ ਖਰੋਟ ਖੇਡਦੇ ਹੁੰਦੇ ਸੀ। ਬਜ਼ੁਰਗ ਵੀ ਗੱਪਾਂ ਮਾਰਦੇ, ਹੁੱਕੇ ਪੀਂਦੇ ਰਹਿੰਦੇ ਸੀ।—ਏਸ ਚੁਬਾਰੇ 'ਚ ਲਾਲਟੇਨ ਬਾਲ ਕੇ ਮੈਂ ਤੇ ਮੁਕੰਦੀ ਪੜ੍ਹਦੇ ਹੁੰਦੇ ਸੀ। ਔਹ ਵੱਡੀ ਅਲਮਾਰੀ ਮੁਕੰਦੀ ਦੀ ਹੁੰਦੀ ਸੀ ਤੇ ਛੋਟੀ ਮੇਰੀ।
ਅਸੀਂ ਕਦੇ ਸਾਹਮਣੀ ਨਿੰਮ 'ਤੇ ਚੜ੍ਹ ਜਾਂਦੇ ਸੀ, ਤੇਜੂ ਚਾਚੇ ਦੀਆਂ ਗਾਲ੍ਹਾਂ ਖਾਣ ਨੂੰ।...ਉਹਦੇ ਘਰ ਨੂੰ ਲੱਗਿਆ ਜਿੰਦਾ ਮੈਨੂੰ ਤੰਗ ਕਰਦਾ ਏ।...ਉਹ ਮੇਰੇ ਦਾਦੇ ਦੀ ਬਹੁਤ ਸੇਵਾ ਕਰਦਾ ਹੁੰਦਾ ਸੀ।…
ਕਦੇ-ਕਦੇ ਮੇਰਾ ਦਾਦਾ ਤਾਸ਼ ਦੀ ਖੇਡ ਜਾਂ ਹੁੱਕਾ ਵਿੱਚੇ ਛੱਡ ਕੇ ਅਚਾਨਕ ਉਠ ਖਲੋਂਦਾ ਸੀ। ਘੋੜੀ 'ਤੇ ਜੀਨ ਕਸਵਾਉਂਦਾ ਸੀ ਤੇ ਪਿਲਕਣ ਵਾਲੇ ਖੂਹ 'ਤੇ ਚਲਿਆ ਜਾਂਦਾ ਸੀ। ਕਦੇ-ਕਦੇ ਮੈਂ ਪਿਛੇ-ਪਿਛੇ ਜਾ ਰਲਦਾ ਸੀ। ਉਹ ਚਿੱਟੀ ਦਾਹੜੀ 'ਤੇ ਹੱਥ ਫੇਰਦਾ ਫਸਲਾਂ, ਖਾਲਾਂ ਤੇ ਦਰਖਤਾਂ ਨੂੰ ਦੇਖਦਾ ਰਹਿੰਦਾ ਸੀ।...ਕਦੇ ਮੈਨੂੰ ਦੇਖ ਕੇ ਜਾਂ ਅਣਦੇਖਿਆਂ ਈ ਆਖ ਦੇਂਦਾ ਸੀ...'ਏਥੇ, ਏਸ ਸੰਭਾਲੂ ਦੇ ਨੇੜੇ ਸੰਸਕਾਰ ਕਰਿਓ ਮੇਰਾ। ਚਾਰ ਇੱਟਾਂ ਜੋੜ ਦਿਓ। ਜਿਥੇ ਪਿਲਕਣ ਦੀ ਛਾਉਂ ਆ ਜਾਇਆ ਕਰੂ, ਦਿਨ ਢਲਦੇ ਨੂੰ।'
ਮੈਂ ਹੈਰਾਨ ਹੋ ਕੇ ਸੋਚਦਾ ਸੀ ਕਿ ਮਰੇ ਬੰਦੇ ਨੂੰ ਏਸ ਗੱਲ ਦਾ ਕੀ ਦੁੱਖ ਸੁੱਖ ਕਿ ਉਹਨੂੰ ਕਿਥੇ ਫੂਕਿਆ ਜਾਣਾ ਏ? ਉਹਦੀ ਸੁਆਹ 'ਤੇ ਲੱਗੀਆਂ ਚਾਰ ਇੱਟਾਂ 'ਤੇ ਛਾਂ ਆਉਣ ਨਾਲ ਉਹਨੂੰ ਕੀ ਠੰਢ ਪੈਣੀ ਏ?
ਮੈਜਿਸਟ੍ਰੇਟ ਤੇ ਪੁਲੀਸ ਗਾਰਦ ਆ ਗਈ ਏ। ਲੋਕ ਤਮਾਸ਼ਾ ਵੇਖਣ ਛੱਤਾਂ 'ਤੇ ਖਲੋ ਗਏ ਨੇ। ਦਰਵਾਜ਼ਾ ਢਾਹੁਣਾ ਸ਼ੁਰੂ ਹੋ ਗਿਆ ਏ। ਟਰਾਲੀਆਂ ਮਲਬਾ ਢੋ-ਢੋ ਕੇ ਸ਼ਿਵਾਲੇ ਦੇ ਮਗਰਲੇ ਟੋਏ ਭਰੀ ਜਾਂਦੀਆਂ ਨੇ। ਪ੍ਰਧਾਨ ਹੁਕਮ ਦੇਈ ਜਾਂਦਾ ਏ ਤੇ ਅੱਠ ਹੱਥ ਚੌੜੀ ਕੰਧ ਵਿਚੋਂ ਛੇ ਹੱਥ ਫੇਰ ਵਾਲਾ ਪਿੱਪਲ ਨੰਗਾ ਹੋਈ ਜਾਂਦਾ ਏ। ਉਹਦੀਆਂ ਟਾਹਣੀਆਂ, ਪੱਤੇ ਘੱਟ  ਵੱਧ ਈ ਦਿਸਦੇ ਨੇ। ਅਸ਼ਟਾਵਕਰ ਜਿਹਾ ਉਹਦਾ ਵਜੂਦ ਅੰਦਰੇ ਅੰਦਰ ਫੈਲਦਾ ਰਿਹਾ ਏ।  ਜੜ੍ਹਾਂ ਨੇ ਇੱਟਾਂ ਨੂੰ ਤੇ ਇੱਟਾਂ ਨੇ ਜੜ੍ਹਾਂ ਨੂੰ ਵਲਿਆ ਹੋਇਆ ਏ।...ਕਦੇ ਵੱਡੀ ਢਿੱਗ ਡਿੱਗਦੀ ਏ ਤਾਂ ਧੂੜ ਮੇਰੇ ਤਕ ਆ ਜਾਂਦੀ ਏ। ਜੀਹਦੀ ਹਮਕ, ਇਹੋ ਜਿਹੀ ਏ, ਜਿਹੋ ਜਿਹੀ ਸਾਡੀਆਂ ਪੌੜੀਆਂ 'ਚ ਏ ਜਾਂ ਮੋਹੜੀ ਦੇ ਉਤੇ ਪਈ ਡਾਟਾਂ ਵਾਲੀ ਛੱਤ ਹੇਠੋਂ ਆਉਂਦੀ ਏ। ਜਾਂ ਕਬੂਤਰਾਂ ਵਾਲੇ ਚੁਬਾਰੇ ਵਿਚੋਂ।
ਡਿਊਟੀ ਮੈਜਿਸਟ੍ਰੇਟ ਤੇ ਹੋਰ ਸਰਕਾਰੀ ਅਮਲਾ ਚਲਿਆ ਗਿਆ ਏ। ਪ੍ਰਧਾਨ ਦਰਵਾਜ਼ੇ ਦੇ ਖੜ੍ਹੇ ਹਿੱਸੇ 'ਚੋਂ ਮੰਗਤਿਆਂ ਨੂੰ ਭਜਾਉਣ ਲਈ ਉਹਨਾਂ ਦੇ ਭਾਂਡੇ ਟੀਂਡੇ ਤੇ ਗੋਦੜੇ ਬਾਹਰ ਸੁਟਵਾ ਰਿਹਾ ਏ। ਉਹ ਗਾਹਲਾਂ ਕੱਢਦੇ ਤੇ ਦੁਰਸੀਸਾਂ ਦੇਂਦੇ ਅੱਡੇ ਵਲ ਟੁਰੀ ਜਾਂਦੇ ਨੇ।
ਦਰਬਾਨ ਵਾਲੀ ਕੋਠੜੀ ਵਿਚੋਂ ਜਿਹੜੇ ਗੋਦੜੇ ਕੱਢ ਕੇ ਸਾਡੇ ਘਰ ਦੇ ਅੱਗੇ ਵਾਲੇ ਚੌਂਤਰੇ 'ਤੇ ਰਖੇ ਨੇ, ਉਹਨਾਂ ਵਿਚੋਂ ਜਿਊਂਦਾ ਬੰਦਾ ਲਭਿਆ ਏ। ਗੋਰੇ ਰੰਗ ਦੇ ਉਸ ਬੰਦੇ ਦੇ ਕਈ ਦਿਨਾਂ ਦੀ ਵਧੀ ਹੋਈ ਦਾੜ੍ਹੀ ਏ। ਐਨਕ ਲੱਗੀ ਹੋਈ ਏ। ਉਹ ਪਾਣੀ ਪੀਣ ਤੋਂ ਇਨਕਾਰੀ ਏ। ਉਹਨੂੰ ਉਡੀਕ ਏ ਛੇਤੀ ਮੁੱਕ ਜਾਣ ਦੇ।...ਮੈਂ ਉਹਨੂੰ ਦੇਖਣ ਲਈ ਲੋਕਾਂ ਦੀ ਭੀੜ 'ਚ ਸ਼ਾਮਲ ਹੋ ਗਿਆ ਹਾਂ।
ਸਾਰਾ ਕੰਮ ਰੁਕ ਗਿਆ ਏ। ਮੇਰੀ ਭਾਬੀ ਨੇ ਚੌਂਤਰਾ ਗਊ ਦੇ ਗੋਹੇ ਨਾਲ ਲਿੱਪ ਦਿੱਤਾ ਏ। ਮਰਦਾਂ ਨੇ ਉਹਦੇ ਗੰਦੇ ਕਪੜੇ ਲਾਹ ਕੇ ਪਵਿੱਤਰ ਥਾਂ 'ਤੇ ਲਿਟਾ ਦਿੱਤਾ ਏ। ਦੀਵਾ ਬੱਤੀ ਕੀਤੀ ਏ। ਵਿਸ਼ਨੂੰ ਪਰੋਹਤ ਗੀਤਾ ਸੁਣਾ ਰਿਹਾ ਏ। ਲੋਕੀਂ ਉਹਦੀ ਪਛਾਣ ਕੱਢਦੇ ਪਏ ਨੇ। ਬਿਲਾਂ ਵਾਲੀ ਛੱਪੜੀ ਵਾਲਾ ਸਾਧੂ ਰਾਮ ਹਕੀਮ ਦੱਸਦਾ ਏ ਕਿ ਇਹ ਤਾਂ ਜਗਤ ਰਾਮ ਏ। ਉਹਦੇ ਕੋਲ ਦਵਾਈਆਂ ਕੁੱਟਦਾ ਛਾਣਦਾ ਰਿਹਾ ਏ। ਉਹਦੇ ਦੋ ਪੁੱਤਰ ਲੁਧਿਆਣੇ ਵਕੀਲ ਨੇ। ਪਰ ਇਹ ਕਹਿੰਦਾ ਹੁੰਦਾ ਸੀ ਕਿ ਨੂੰਹਾਂ ਪੁੱਤਰਾਂ ਦਾ ਦਿੱਤਾ ਨਹੀਂ ਖਾਣਾ। ਉਹਨਾਂ ਦੇ ਘਰੀਂ ਨਹੀਂ ਮਰਨਾ।
ਗੀਤਾ ਦਾ ਪਾਠ ਰੁਕ ਗਿਆ ਏ। ਭਾਬੀ ਨੇ ਕੱਫਣ ਪਾ ਦਿੱਤਾ ਏ। ਲੱਗਦਾ ਏ ਕਿ ਮੈਂ ਉਹਨੂੰ ਦੇਖਿਆ ਏ ਕਿਤੇ...ਏਸ ਜਾਂ ਕਿਸੇ ਹੋਰ ਸਕੂਲ 'ਚ। ਕਿਸੇ ਨੇ ਬਰਫ਼ ਦੀਆਂ ਸਿੱਲੀਆਂ ਮੰਗਵਾ ਲਈਆਂ ਨੇ। ਗਰਮੀ ਵੱਧ ਗਈ ਏ। ਬਾਬਾ ਜੋਗਾ ਉਹਨੂੰ ਸੂਦਾਂ ਦੇ ਮੁੰਡੇ ਵਜੋਂ ਸਿਆਣਦਾ ਏ। ਜਿਹੜੇ ਹੱਲਿਆਂ (47 ਦੇ ਫਸਾਦਾਂ) ਤੋਂ ਪਹਿਲਾਂ ਈ ਇਥੋਂ ਚਲੇ ਗਏ ਸਨ।
ਮਰਨ ਵਾਲੇ ਦਾ ਕੋਈ ਵਾਰਸ ਨਹੀਂ ਆਇਆ। ਸੰਸਕਾਰ ਦੀ ਤਿਆਰੀ ਹੋਣ ਲੱਗ ਪਈ ਏ। ਰਘੂ ਪਾਂਧਾ ਆ ਗਿਆ ਏ। ਸੀੜ੍ਹੀ ਬਣਦੀ ਪਈ ਏ। ਹਰੇਕ ਵਸਤ ਆਪੇ ਆ ਜੁੜੀ ਜਾਂਦੀ ਏ।...ਬੁੱਢੇ ਕਿਸੇ ਦੇ ਇੰਜ ਲਾਵਾਰਸ ਮਰਨ ਵਾਲਿਆਂ ਦੀਆ ਗੱਲਾਂ ਕਰਦੇ ਪਏ ਨੇ। ਜ਼ਨਾਨੀਆਂ ਰੋਂਦੀਆਂ, ਹੱਸਦੀਆਂ ਤੇ ਮਸ਼ਕਰੀਆਂ ਕਰਦੀਆਂ ਨੇ। ਲਾਸ਼ ਦੁਆਲੇ ਖਲੋਤੇ ਨ੍ਹਾਈ ਧੋਈ ਕਰਾ ਚੁਕੇ ਮਰਦਾਂ ਨੂੰ ਵਾਰ ਵਾਰ ਕਹਿੰਦੀਆਂ ਨੇ, ''ਹੁਣ ਲੈ ਚਲੋ ਭਾਈ, ਦਿਨ ਤਾਂ ਚੱਲਿਆ।''
ਪ੍ਰਧਾਨ ਨੂੰ ਇਹਦੇ ਨਾਲ ਦਰਵਾਜ਼ਾ ਢਾਹੁਣ ਦਾ ਕੰਮ ਮੁਕਾਉਣ ਦੀ ਵੀ ਕਾਹਲ ਏ। ਉਹ ਬੰਦਿਆਂ ਨੂੰ ਕੰਮ ਚਾਲੂ ਰੱਖਣ ਲਈ ਵੀ ਘੂਰੀ ਜਾਂਦਾ ਏ ਤੇ ਕਦੇ ਮੇਰੇ ਕੋਲ ਆ ਕੇ ਆਖ ਜਾਂਦਾ ਏ—''ਏਸ ਕੌਮ ਦਾ ਕੀ ਬਣੂ ਬਾਬੂ ਕਿਸ਼ਨ ਲਾਲ? ਲੋਕ ਚੰਦ 'ਤੇ ਚੜ੍ਹ-ਗੇ...।''
ਚੱਕੋ ਚੱਕੀ ਹੋ ਗਈ ਏ। ਚੱਕਣ ਵਾਲੇ ਚਾਰ ਜਵਾਨ ਕਾਨ੍ਹੀ ਮੁਸਕੜੀਆਂ ਹੱਸਦੇ ਨੇ। ਕਿੰਨੇ ਈ ਲੋਕ ਮਗਰ ਤੁਰੇ ਨੇ। ਜਿਵੇਂ ਜਰਗ ਦੇ ਮੇਲੇ ਚੱਲੇ ਹੋਣ। ਏਨੇ ਬੰਦੇ ਤਾਂ ਨੰਬਰਦਾਰਾਂ  ਦੇ ਬੁੜ੍ਹੇ ਮਗਰ ਵੀ ਨਹੀਂ ਸਨ ਤੁਰੇ।
ਤਿੰਨ ਮੋੜਾਂ ਤੇ ਪਿੰਡ—ਛੁਡਾਈ ਹੁੰਦੀ ਏ ਪਹਿਲਾਂ ਗੁਰਦੁਆਰੇ ਤੇ ਫੇਰ ਮੰਦਰ ਮੂਹਰੇ ਸਿਰ ਨੀਵਾਂ ਕੀਤਾ ਜਾਂਦਾ ਏ।...ਤੀਜਾ ਮੋੜ ਮੁੜਦਿਆਂ ਈ ਮੇਰਾ ਭਾਈ ਮੇਰੇ ਨੇੜੇ ਹੋ ਕੇ ਹੌਲੀ ਦੇਣੀ ਪੁੱਛਦਾ ਏ, ''ਬੀਰ, ਜੇ ਕਹੇਂ ਤਾਂ ਨੀਰੇ ਆਲਾ ਖੋਲਾ ਬੇਚ ਦਈਏ? ਚੰਗੀ ਰਕਮ ਮਿਲਦੀ ਐ।''
'ਸੋਚੂੰਗਾ।'' ਆਖ ਕੇ ਮੈਂ ਅੱਗੇ ਜਾਂਦੇ ਆਪਣੇ ਜਮਾਤੀ ਤਿਲਕੂ ਗੋਸਾਈਂ ਦੇ ਮੋਢੇ 'ਤੇ ਹੱਥ ਰੱਖ ਕੇ ਪੁੱਛਦਾ ਹਾ, ''ਕੀ ਕਰਦੈਂ...ਅੱਜ ਕੱਲ੍ਹ?''
''ਪਟਿਆਲੇ ਜਿਓਤਿਸ਼ ਕਾਰਿਆਲਿਐ।...ਤੂੰ ਸੁਣਾ...ਐਥੇ ਜ਼ਮੀਨ ਵੇਚਣ ਆਇਐਂ ਜਾਂ ਊਈਂ ਗ੍ਰਹਿ ਧੱਕ ਲਿਆਏ ਨੇ?'' ਆਖ ਕੇ ਉਹ ਮੁਸਕਰਾਉਂਦਾ ਏ ਤੇ ਚਾਰ ਕਹਾਰਾਂ ਦੇ ਮੋਢਿਆਂ 'ਤੇ ਸਵਾਰ ਹੋ ਕੇ ਜਾਣ ਵਾਲੇ ਵੱਲ ਇਸ਼ਾਰਾ ਕਰਦਾ ਏ।
'ਇਹ ਆਪਣੀ ਮਰਜ਼ੀ ਨਾਲ ਥੋੜ੍ਹੇ ਆਇਐ ਏਥੇ। ਇਹਨੂੰ ਗ੍ਰਹਿ ਖਿੱਚ ਲਿਆਏ ਨੇ।...ਇਹ ਕੋਠੜੀ ਸੈਂਕੜੇ ਸਾਲ ਪਹਿਲਾਂ ਇਹਦੇ ਅੰਤਮ ਸਾਹ ਲੈਣ ਨੂੰ ਬਣਾਈ ਗਈ ਸੀ।...ਆਪਾਂ ਵੀ ਏਥੇ ਹੀ ਆਉਣੈ, ਸਮੇਂ ਸਿਰ।'' ਉਹ ਹੱਸਦਾ ਏ, ''ਆਤਮਾ ਦਾ ਆਨੰਦ,  ਪਾਰਬ੍ਰਹਮ 'ਚ ਲੀਨ ਹੋਣਾ।...ਤੂੰ ਕੀ ਜਾਣੇ, ਖੱਤਰੀ ਪੁੱਤਰਮ।...ਜਿਵੇਂ ਬੰਦੇ ਦੀ ਕੁੰਡਲੀ ਹੁੰਦੀ ਐ, ਉਵੇਂ ਘਰਾਂ, ਸਥਾਨਾਂ, ਪਿੰਡਾਂ, ਸ਼ਹਿਰਾਂ ਦੀਆਂ ਵੀ ਕੁੰਡਲੀਆਂ ਹੁੰਦੀਆਂ ਨੇ। ਪਤਾ ਨਹੀਂ ਕਿਹੜਾ ਗ੍ਰਹਿ ਖਿੱਚ ਕੇ ਕਿਥੇ ਲੈ ਜਾਂਦੈ ਬੰਦੇ ਨੂੰ।...ਕੁਛ ਮਿੱਟੀ ਖਿੱਚਦੀ ਐ ਤੇ ਕੁਛ ਗ੍ਰਹਿ ਧੱਕਦੇ ਨੇ।''
ਸ਼ਮਸ਼ਾਨ ਘਾਟ 'ਚ ਬਹੁਤ ਭੀੜ ਏ। ਹਰ ਸ਼ੈਅ ਤਿਆਰ ਪਈ ਏ।... ਲਾਖਾ ਭੰਗੀ ਚਾਕੂ ਨਾਲ ਰੱਸੀਆਂ ਕੱਟਦਾ ਏ। ਰਘੂ ਪਾਂਧਾ ਸਾਰੀਆਂ ਧਾਰਮਿਕ ਰੀਤਾਂ ਨਿਭਾਉਂਦਾ ਏ। ਅਨਾਥ ਆਸ਼ਰਮ ਦਾ ਬ੍ਰਹਮਚਾਰੀ, ਜੀਹਨੇ ਕਦੇ ਆਪਣਾ ਬਾਪ ਨਹੀਂ ਦੇਖਿਆ, ਲਾਂਬੂ ਲਾਉਂਦਾ ਏ। ਕਪਾਲ ਕਿਰਿਆ ਕਰ ਕੇ ਬਾਂਸ ਵਗਾਹ ਮਾਰਦਾ ਏ ਮੁਰਦੇ ਦੇ ਉਤੋਂ ਦੀ।
ਰਘੂ ਪਾਧਾ ਮਰਨ ਵਾਲੇ ਦੇ ਨਕਲੀ ਪੁੱਤਰ ਬ੍ਰਹਮਚਾਰੀ ਨੂੰ ਬਹਾ ਕੇ ਆਖ਼ਰੀ ਪਿੰਡ ਉਹਦੇ ਹੱਥਾਂ 'ਤੇ ਧਰ ਕੇ—'ਜਗਤ ਰਾਮੇ , ਅਨਾਮ ਗੋਤਰੇ, ਅਨਾਮ ਪਿੱਤਰੇ, ਅਨਾਮ ਸਥਾਨੇ'—ਆਖ ਕੇ ਪਿੰਡ ਛੁਡਾ ਦੇਂਦਾ ਏ।
ਲੋਕ ਮੁੜਨ ਤੋਂ ਪਹਿਲਾਂ ਰਘੂ ਪਾਂਧੇ ਤੋਂ ਫੁੱਲ ਚੁਗਣ ਤੇ ਕਿਰਿਆ ਕਰਨ ਦੀ ਤਿਥ ਸੁਣਨ ਲਈ ਬੈਠਦੇ ਨੇ ਤਾਂ ਤਿੰਨ ਚਾਰ ਕਾਰਾਂ ਆ ਜਾਂਦੀਆਂ ਨੇ। ਉਹ ਮਰਨ ਵਾਲੇ ਦੇ ਪੁੱਤ ਪੋਤੇ ਤੇ ਸਾਕ ਨੇ।...ਚੁੱਪ ਬੈਠੀਆਂ ਜ਼ਨਾਨੀਆਂ ਖਲੋ ਕੇ ਉਨ੍ਹਾਂ ਵੱਲ ਮੂੰਹ ਕਰ ਕੇ ਕੀਰਨੇ ਪਾਉਣ ਲੱਗ ਪੈਂਦੀਆਂ ਨੇ। ਜਿਵੇਂ ਉਹ ਮਰਨ ਵਾਲੇ ਨੂੰ ਨਹੀਂ ਉਹਦੇ ਵਾਰਸਾਂ ਨੂੰ ਰੋਂਦੀਆਂ ਨੇ। ਕਈ ਬੁੱਢੀਆਂ ਉਹਨਾਂ ਸੁਹਣੇ ਕੱਪੜਿਆਂ ਵਾਲਿਆਂ ਦੀਆਂ ਕੂਹਣੀਆਂ ਫੜ-ਫੜ ਪੁੱਛਦੀਆਂ ਨੇ, ''ਕਿਉਂ ਭਾਈ, ਇਹ ਥੋਡਾ ਬਾਪ ਤਾ?''
ਉਹ ਚੁੱਪ ਨੇ ਸਾਰੇ। ਹੱਥ ਜੋੜੀ ਖਲੋਤੇ ਨੇ। ਵੱਡਾ ਨੋਟਾਂ ਦੀਆਂ ਥੱਦੀਆਂ ਲਈ ਫਿਰਦਾ ਏ, ਕਿਸੇ ਨੂੰ ਵੀ ਫੜਾਉਣ ਲਈ।...ਏਨੇ ਮੇਲੇ ਵਿਚ ਕੁਝ ਪਤਾ ਨਹੀਂ ਚਲਦਾ ਕਿ ਕੀ ਹੋਇਆ ਏ? ਕੀਹਨੇ ਕੀ ਕੀਤਾ ਏ?
ਸਭ ਨ੍ਹਾ ਧੋ ਕੇ ਮੁੜੇ ਜਾਂਦੇ ਪਏ ਨੇ। ਸਭ ਤੋਂ ਪਹਿਲਾਂ ਰਘੂ ਪਾਂਧਾ ਲੰਘਦਾ ਏ। ਜੀਹਨੇ ਕਿਸੇ ਤੋਂ ਕੁਝ ਵੀ ਲਏ ਬਿਨਾਂ ਇਹ ਕਾਰਜ ਜੀਵਨ ਭਰ ਨਿਭਾਉਣ ਦਾ ਸੰਕਲਪ ਕੀਤਾ ਹੋਇਆ ਏ। ਉਹ ਮਸਤੀ 'ਚ ਟੁਰਦਾ ਏ। ਕਿਸੇ ਦੀ ਗੱਡੀ 'ਚ ਨਹੀਂ ਬਹਿੰਦਾ।
ਚਾਨਣੀ ਰਾਤ ਏ। ਪ੍ਰਧਾਨ ਨੇ ਦਰਵਾਜ਼ਾ ਪੂਰਾ ਢੁਹਾ ਲਿਆ ਏ। ਵਿਚੋਂ ਸੱਪ ਨਿਕਲੇ ਨੇ। ਸਕੂਲ ਵੇਲੇ ਦੇਖੇ ਸੱਪਾਂ ਦੀਆ ਗੱਲਾਂ ਦੱਸਣ ਮੁਕੰਦੀ ਮੇਰੇ ਕੋਲ ਆਉਣ ਨੂੰ ਤਰਲੇ ਲੈਂਦਾ ਏ। ਉਹਤੋਂ ਪੌੜੀਆਂ ਨਹੀਂ ਚੜ੍ਹਿਆ ਜਾਂਦਾ।...
ਅਖੀਰ ਮੇਰਾ ਛੋਟਾ ਭਰਾ ਆ ਕੇ ਜ਼ਮੀਨ ਦੇ ਵਧੇ ਭਾਅ ਦੱਸਦਾ ਏ। ਮੈਂ ਸੁਣਦਾ ਹਾਂ, ਪਰ ਜਿਵੇਂ ਮੇਰੀ ਦਿਲਚਸਪੀ ਪਲੋ ਪਲ ਘਟਦੀ ਜਾਂਦੀ ਏ।...ਛੋਟਾ ਭਾਈ ਅਖੀਰ 'ਚ ਪੁੱਛਦਾ ਏ, ''ਫੇਰ ਬੀਰ...ਨੀਰੇ ਆਲਾ ਖੋਲਾ?''
ਮੈਂ ਨੀਂਦ ਦਾ ਬਹਾਨਾ ਕਰਦਾ ਕਹਿੰਦਾ ਹਾਂ ਕਿ ਸਵੇਰੇ ਜਾਣ ਤੋਂ ਪਹਿਲਾਂ ਦੱਸਾਂਗਾ?...ਉਹ ਚੱਪ ਏ। ਮੁਕੰਦੀ ਮੈਨੂੰ ਵਾਜ਼ਾਂ ਮਾਰੀ ਜਾਂਦਾ ਏ, 'ਕਿਸ਼ੂ ਕਿਸ਼ੂ—ਕਿਸ਼ੂ'। ਮੈਨੂੰ ਲੱਗਦਾ ਏ...ਉਹ ਅਵਾਜ਼ਾਂ ਮੋਹੜੀ ਵਾਲੀ ਡਾਟਾਂ ਵਾਲੀ ਛੱਤ ਹੇਠੋਂ, ਪੌੜੀਆਂ ਵਿਚੋਂ, ਕਬੂਤਰਾਂ ਦੇ ਟੰਗਣਿਆਂ 'ਚੋਂ ਤੇ ਢੱਠੇ ਦਿੱਲੀ  ਦਰਵਾਜ਼ੇ ਵਿਚੋਂ ਆ ਰਹੀਆਂ ਨੇ। ਜਿਥੇ ਵਾਰ-ਵਾਰ ਰਘੂ ਪਾਂਧਾ ਦੇ ਉਚਾਰੇ ਮੰਤਰਾਂ ਦੇ ਬੋਲ ਸੁਣੀਂਦੇ ਨੇ 'ਅਨਾਮ ਗੋਤਰੇ, ਅਨਾਮ ਪਿੱਤਰੇ, ਅਨਾਮ ਸਥਾਨੇ।'
ਮੈਨੂੰ ਪਤਾ ਏ ਕਿ ਏਸ ਦਰਵਾਜ਼ੇ ਨੇ ਕਿਸੇ ਦਿਨ ਆਪ ਈ ਡਿੱਗ ਪੈਣਾ ਸੀ। ਮਲਬੇ ਹੇਠ ਪਤਾ ਨਹੀਂ ਕਿੰਨੇ ਜੀਅ ਮਿਧੇ ਜਾਣੇ ਸਨ। ਫੇਰ ਵੀ ਮੇਰਾ ਦਿਲ ਕਰਦਾ ਏ ਕਿ ਪ੍ਰਧਾਨ ਨੂੰ ਆਖਾਂ—ਕੋਈ ਇਕ ਤਾਂ ਨਿਸ਼ਾਨੀ ਰੱਖ ਲਓ ਆਪਣੇ ਪੁਰਖਿਆਂ ਦੀ। ਭਾਵੇਂ ਉਹ ਸਾਡੇ ਜਾਤੀ ਗੋਤੀ ਹੋਣ ਜਾਂ ਨਾ ਹੋਣ।
ਸਵੇਰੇ ਛੋਟਾ ਮੈਨੂੰ ਗੱਡੀ ਚੜ੍ਹਾਉਣ ਆਉਂਦਾ ਏ। ਉਹ ਝਿਜਕਦਾ ਹੋਇਆ ਫੇਰ ਉਹੀ ਸਵਾਲ ਪੁੱਛਦਾ ਏ?...ਮੈਂ ਗੱਡੀ 'ਚ ਬੈਠਾ ਉਹਨੂੰ ਪਲੇਟਫਾਰਮ ਤੇ ਖੜ੍ਹੇ ਨੂੰ ਦੱਸਦਾ ਹਾਂ, ''ਇਹ ਪਿੰਡ ਆਪਣੇ ਬਜ਼ੁਰਗਾਂ ਨੇ ਵਸਾਇਆ ਸੀ।...ਹੁਣ ਏਥੇ ਮੇਰੀ ਜ਼ਮੀਨ ਨਹੀਂ ਰਹੀ...ਇਹ ਖੋਲਾ ਰਖ ਕੇ ਮੈਂ ਕੀ ਕਰਨੈ? ਤੂੰ ਸਾਂਭ ਲੈ। ਮੈਂ ਲਿਖ ਕੇ ਭੇਜ ਦਿਆਂਗਾ ਮੁਖ਼ਤਾਰਨਾਮਾ। ਪਰ ਮੈਂ ਵੇਚਣਾ ਨਹੀਂ।''
ਮੇਰੇ ਬੋਲਦਿਆਂ ਗੱਡੀ ਟੁਰ ਪਈ ਏ। ਮੈਨੂੰ ਲੱਗਦਾ ਏ ਜਿਵੇਂ ਏਸ ਵਾਰ ਮੇਰੇ ਸਾਰੇ ਮੋਹ ਟੁੱਟ ਗਏ ਨੇ...ਏਸ ਕਸਬੇ ਨਾਲ। ਘਰਾਂ ਨਾਲ। ਗਲੀਆਂ ਨਾਲ। ਧਰਤੀ ਤੇ ਖੋਲ਼ਿਆਂ ਨਾਲ—ਉਹਦੇ ਨਾਲ ਵੀ, ਜੀਹਨੂੰ ਖ਼ੂਨ ਦਾ ਰਿਸ਼ਤਾ ਆਖਦੇ ਨੇ।...ਪਰ ਮੈਨੂੰ ਇਹ ਸਮਝ ਨਹੀਂ ਪੈਂਦੀ ਕਿ ਖੋਲ਼ਾ 'ਨਾ ਵੇਚਣ' ਦੀ ਘੁੰਡੀ ਪਾਉਣ ਦੀ ਮੈਨੂੰ ਕੀ ਲੋੜ ਪਈ ਸੀ?...

              ਅਗਸਤ 1996