Sunday 24 April 2011

ਮੀਂਗਣਾਂ ਗਿਣਨ ਵਾਲਾ ਪੰਡਤ : ਰਾਮ ਸਰੂਪ ਅਣਖੀ :: ਪ੍ਰੇਮ ਪ੍ਰਕਾਸ਼




ਮੀਂਗਣਾਂ ਗਿਣਨ ਵਾਲਾ ਪੰਡਤ : ਰਾਮ ਸਰੂਪ ਅਣਖੀ :: ਪ੍ਰੇਮ ਪ੍ਰਕਾਸ਼

ਪ੍ਰੇਮ ਪ੍ਰਕਾਸ਼
ਪੋਸਟਿੰਗ : ਮਹਿੰਦਰ ਬੇਦੀ ਜੈਤੋ



ਪੰਜਾਬੀ ਦਾ ਬਹੁਤੇ ਪਾਠਕਾਂ ਵਾਲਾ ਨਾਵਲਕਾਰ ਰਾਮ ਸਰੂਪ ਅਣਖੀ ਮੇਰੇ ਦੋਸਤਾਂ ਦੇ ਘੇਰੇ 'ਚ ਦੂਰ ਦੇ ਦਾਇਰੇ 'ਚ ਸੀ। ਨੇੜੇ ਤਾਂ ਨਾ ਹੋ ਸਕਿਆ ਕਿ ਮੇਰੇ ਤੇ ਉਹਦੇ ਸੁਭਾਵਾਂ ਤੇ ਸੋਚਾਂ 'ਚ ਕਾਫੀ ਫਾਸਲਾ ਸੀ। ਸਾਹਿਤਕਾਰੀ ਦੇ ਸ਼ੁਰੂ ਦੇ ਦਿਨਾਂ 'ਚ ਮੇਰੇ ਮਨ 'ਚ ਅਣਖੀ ਦੀ ਸ਼ਖਸੀਅਤ ਨਾ ਚੰਗੀ ਸੀ ਤੇ ਨਾ ਮਾੜੀ। ਅਸਲ 'ਚ ਮੈਨੂੰ ਉਹ ਗੌਲ਼ਿਆ ਜਾਣ ਵਾਲਾ ਲੇਖਕ ਲੱਗਦਾ ਹੀ ਨਹੀਂ ਸੀ। ਅਸੀਂ ਆਮ ਜਿਹੇ ਦੋਸਤਾਂ ਵਾਂਗ ਮਿਲਦੇ ਸੀ, ਜਿਵੇਂ ਪੰਜਾਬੀ ਦੇ ਏਸ ਨਿੱਕੇ ਜਿਹੇ ਘੇਰੇ 'ਚ ਅਸੀਂ ਥੋੜੇ ਜਿਹੇ ਤਾਂ ਹਾਂ।
ਅਣਖੀ ਦੇ ਤੁਰ ਜਾਣ ਤੋਂ ਪਹਿਲਾਂ ਦੇ ਕੁਝ ਸਾਲਾਂ 'ਚ ਸਾਡੇ ਵਿਚਕਾਰ ਕਾਫੀ ਨੇੜਤਾ ਆ ਗਈ ਸੀ। ਅਸੀਂ ਇਕ ਦੂਜੇ ਨੂੰ ਜਾਨਣ ਲੱਗ ਪਏ ਸੀ। ਤੇ ਹੁਣ ਉਹਦੇ ਤੁਰ ਜਾਣ ਦੇ ਮਹੀਨਾ ਕੁ ਬਾਅਦ ਮੈਂ ਉਹਦਾ ਵਿਅਕਤੀ ਚਿਤਰ ਲਿਖਣ ਲੱਗਿਆ ਤਾਂ ਮੇਰੇ ਸਾਹਮਣੇ ਉਹਦੇ ਮਾੜੇ ਪਹਿਲੂ ਬਹੁਤੇ ਉਜਾਗਰ ਹੋਏ। ਮੈਂ ਲਿਖਣੋਂ ਰੁਕ ਗਿਆ। ਸੋਚਾਂ ਕਿ ਮੈਂ ਪਿਛਲੇ ਛੇ ਕੁ ਵਰ੍ਹਿਆਂ ਤੋਂ ਕਿਸੇ ਵੀ ਲੇਖਕ ਤੇ ਉਹਦੀ ਰਚਨਾ ਨੂੰ ਮਾੜਾ ਨਾ ਲਿਖਣ ਦਾ ਫੈਸਲਾ ਕੀਤਾ ਹੋਇਆ ਏ। ਫੇਰ ਮੈਂ ਅਣਖੀ ਨੂੰ ਮਾੜਾ ਕਿਉਂ ਲਿਖਾਂ?
ਫੇਰ ਪੰਦਰਾਂ ਕੁ ਦਿਨਾਂ ਬਾਅਦ ਖਿਆਲ ਆਇਆ ਕਿ ਜੇ ਅਣਖੀ ਹਜ਼ਾਰਾਂ ਪਾਠਕਾਂ ਦਾ ਨਾਇਕ ਏ ਤੇ ਜੇ ਉਹ ਸਿਰਫ ਘਰਦਿਆਂ ਦਾ ਹੀ ਨਹੀਂ, ਸਗੋਂ ਸਾਰੇ ਪੰਜਾਬੀਆਂ ਦਾ ਏ ਤਾਂ ਉਹਦਾ ਨਿੱਜ ਵੀ ਸਭ ਲਈ ਏ। ਸਾਰੇ ਪੰਜਾਬੀ ਭਾਈਚਾਰੇ ਦਾ ਏ। ਉਹਦੇ ਬਾਰੇ ਚੰਗੀਆਂ ਮਾੜੀਆਂ ਸਾਰੀਆਂ ਗੱਲਾਂ ਦੱਸਣੀਆਂ ਤੇ ਲਿਖਣੀਆਂ ਚਾਹੀਦੀਆਂ ਨੇ।
1970 'ਚ ਜਦ ਮੈਂ 'ਲਕੀਰ' ਕੱਢਿਆ ਤਾਂ ਰਾਮ ਸਰੂਪ ਅਣਖੀ ਇਕ ਸ਼ਾਮ ਮੇਰੇ ਆਦਰਸ਼ ਨਗਰ ਵਾਲੇ ਕਿਰਾਏ ਦੇ ਘਰ 'ਚ ਆ ਗਿਆ। ਆਪਣੇ ਸੰਸਕਾਰਾਂ ਦੇ ਹਿਸਾਬ ਨਾਲ ਮੈਂ ਉਹਨੂੰ ਆਦਰ ਮਾਣ ਨਾਲ ਰਾਤ ਰੱਖ ਲਿਆ। ਰਾਤ ਨੂੰ ਦੇਰ ਤਕ ਗੱਲਾਂ ਕਰਦਿਆਂ ਮੈਨੂੰ ਲੱਗਿਆ ਕਿ ਬਰਨਾਲੇ ਦੇ ਪੇਂਡੂ ਮਾਹੌਲ ਦੀ ਸੋਚ ਵਾਲਾ ਇਹ ਸਿੱਧਾ ਤੇ ਸਧਾਰਨ ਜਿਹਾ ਬੰਦਾ ਏ। ਮੈਂ ਉਹਨਾਂ ਦਿਨਾਂ 'ਚ ਨਕਸਲੀ ਲਹਿਰ 'ਚ ਹਮਦਰਦਾਂ ਵਾਂਗ ਸਰਗਰਮ ਸੀ। ਬਹੁਤੇ ਨੌਜਵਾਨ ਕ੍ਰਾਂਤੀ ਦੀ ਅੱਗ 'ਚ ਮੱਚ ਰਹੇ ਸੀ। ਮੈਂ ਸਾਹਿਤਕਾਰਾਂ ਦੀ ਵਿੰਗੀ ਜਿਹੀ ਹਓਮੈ ਕਰ ਕੇ ਆਪਣੇ ਵਰਗਾ ਕਹਾਣੀਕਾਰ ਕਿਸੇ ਨੂੰ ਸਮਝਦਾ ਹੀ ਨਹੀਂ ਸੀ। ਜਦ ਮੈਂ ਅਣਖੀ ਨੂੰ ਪੁੱਛਿਆ ਕਿ ਤੂੰ ਕਿਉਂ ਲਿਖਦੈਂ, ਤਾਂ ਉਹ ਕਹਿੰਦਾ, ''ਬਸ, ਮਾੜੀ ਮੋਟੀ ਸ਼ੁਹਰਤ ਹੋ ਜਾਂਦੀ ਐ। ਚਾਰ ਪੈਸੇ ਮਿਲ ਜਾਂਦੇ ਨੇ।''
ਅਣਖੀ ਦੀ ਗੱਲ ਸੁਣ ਕੇ ਮੈਨੂੰ ਕਹਾਣੀਕਾਰ ਦੇਵਿੰਦਰ ਯਾਦ ਆ ਗਿਆ। ਉਹ ਉਹਨਾਂ ਦਿਨਾਂ 'ਚ ਰੇਡਿਓ ਸਟੇਸ਼ਨ, ਜਲੰਧਰ 'ਤੇ ਪ੍ਰੋਡਿਓਸਰ ਜਾਂ ਪੈਕਸ ਸੀ। ਉਹ ਜਦ ਵੀ ਮਿਲਦਾ, ਮੈਨੂੰ ਕਹਿੰਦਾ, ''ਖੰਨਵੀ ਯਾਰ ਰੇਡਿਓ ਵਾਸਤੇ ਵੀ ਕੁਝ ਲਿਖ ਦਿਆ ਕਰ। ਚਾਰ ਪੈਸੇ ਈ ਮਿਲ ਜਾਂਦੇ ਨੇ। ਬੱਚਿਆਂ ਦੇ ਬੂਟ ਸ਼ੂਟ ਆ ਜਾਂਦੇ ਨੇ।''...ਮੈਂ ਉਹਦੀ ਏਸ ਬੂਟ ਸ਼ੂਟ ਵਾਲੀ ਗੱਲ ਦਾ ਮਖੌਲ ਉਡਾਇਆ ਕਰਦਾ ਸੀ। ਸੋ, ਮੈਨੂੰ ਅਣਖੀ ਤੇ ਦੇਵਿੰਦਰ ਇੱਕੋ ਜਿਹੀ ਸੋਚ ਵਾਲੇ ਗਰੀਬੜੇ ਤੇ ਹੌਲੇ ਲੇਖਕ ਲੱਗੇ। ਉਹਨਾਂ ਦਿਨਾਂ 'ਚ ਅਣਖੀ ਆਮ ਜਿਹੇ ਅਖਬਾਰਾਂ ਤੇ ਆਮ ਜਿਹੇ ਰਸਾਲਿਆਂ 'ਚ ਛਪਦਾ ਹੁੰਦਾ ਸੀ। ਮੈਨੂੰ ਉਹਦੀ ਲਿਖਤ ਸਧਾਰਨ ਸੋਚ ਤੇ ਸ਼ੈਲੀ ਵਾਲੀ ਲੱਗਦੀ। ਕਿਤੇ ਗਹਿਰਾਈ ਨਹੀਂ ਸੀ ਲੱਭਦੀ। ਉਹ ਕਵਿਤਾ ਵੀ ਲਿਖਦਾ ਸੀ। ਉਹ ਵੀ ਆਮ ਜਿਹੀ।
ਮੈਂ ਵੀ ਖੰਨੇ ਵਰਗੇ ਛੋਟੇ ਸ਼ਹਿਰ ਦਾ ਬੰਦਾ ਸੀ। ਮੈਨੂੰ ਵੀ ਮਹਿਮਾਨ ਨਵਾਜ਼ੀ ਦਾ ਖਿਆਲ ਸੀ। ਏਸ ਲਈ ਮੈਂ ਅਣਖੀ ਦੀ ਕਿਸੇ ਵੀ ਗੱਲ ਦਾ ਚੁਭਵਾਂ ਜਵਾਬ ਨਹੀਂ ਦਿੱਤਾ। ਜੇ ਕੋਈ ਸ਼ਹਿਰ ਦਾ ਬੰਦਾ ਹੁੰਦਾ ਤਾਂ ਮੈਂ ਚੋਭਾਂ ਮਾਰ ਕੇ ਈ ਭਜਾ ਦੇਂਦਾ।
ਮੈਨੂੰ ਅਣਖੀ ਦੇ ਕਵੀ ਹੋਣ ਬਾਰੇ ਉਦੋਂ ਪਤਾ ਲੱਗਿਆ, ਜਦ ਉਹ ਬਹੁਤ ਸ਼ੁਰੂ ਦੇ ਦਿਨਾਂ 'ਚ ਪਟਿਆਲੇ ਦੀ ਸਰਕਾਰੀ ਲਾਇਬ੍ਰੇਰੀ 'ਚ ਹੋਏ ਸਾਹਿਤਕ ਸਮਾਗਮ ਦੇ ਵਿਚਕਾਰ ਬਾਹਰ ਲਾਅਨ 'ਚ ਮੇਰੇ ਕੋਲ ਆ ਬੈਠਿਆ ਸੀ। ਉਹਨੇ ਮੈਨੂੰ ਆਪਣੀ ਕਵਿਤਾ ਸੁਣਾਈ। ਫੇਰ ਅਸੀਂ ਲੁੱਚੀਆਂ ਬੋਲੀਆਂ ਦੀਆਂ ਗੱਲਾਂ ਕਰਨ ਲੱਗੇ ਤਾਂ ਉਹਨੇ ਖਜ਼ਾਨਾ ਈ ਲੁਟਾਓਣਾ ਸ਼ੁਰੂ ਕਰ ਦਿੱਤਾ। ਇਕ ਲੰਮੀ ਬੋਲੀ...'ਪਤੀਲਾ ਭਰਿਆ… ...ਵਿਚ ਸਿੱਟੀ ਨੂਣ ਦੀ ਡਲੀ'...ਵਾਲੀ ਮੈਂ ਉਹਦੇ ਹੱਥੋਂ ਆਪਣੀ ਡਾਇਰੀ 'ਚ ਲਿਖਵਾ ਲਈ।
ਉਹਦੀਆਂ ਕਈ ਕਿਤਾਬਾਂ ਛਪ ਚੁੱਕੀਆਂ ਸਨ, ਪਰ ਉਹਦੀ ਪਛਾਣ ਨਹੀਂ ਸੀ ਬਣੀ। ਪਛਾਣ ਉਦੋਂ ਬਣੀ ਜਦ ਕਿੰਨੇ ਈ ਵਰ੍ਹਿਆਂ ਬਾਅਦ ਜਸਵੰਤ ਸਿੰਘ ਵਿਰਦੀ ਤੇ ਰਾਮ ਸਰੂਪ ਅਣਖੀ ਹਿੰਦੀ ਦੇ ਨਵੀਂ ਕਹਾਣੀ ਦੇ ਇਕ ਚੰਗੇ ਗਰੁੱਪ ਦੇ ਲੀਡਰ ਕਮਲੇਸ਼ਵਰ ਦੀ ਸਮਾਨਾਂਤਰ ਕਹਾਣੀ ਨਾਂ ਦੇ ਕਿਸੇ ਗਰੁੱਪ 'ਚ ਸ਼ਾਮਲ ਹੋ ਗਏ। ਜੀਹਦੇ ਨਾਲ ਇਹਨਾਂ ਦੋਹਾਂ ਲੇਖਕਾਂ ਦੀਆਂ ਕਹਾਣੀਆਂ ਦੇ ਹਿੰਦੀ ਅਨੁਵਾਦ ਧੜਾਧੜ ਹਿੰਦੀ ਦੇ ਉਹਨਾਂ ਪਰਚਿਆਂ 'ਚ ਛਪਣ ਲੱਗੇ, ਜਿਨਾਂ ਦੇ ਸੰਪਾਦਕ ਕਮਲੇਸ਼ਵਰ ਆਪ ਤੇ ਜਾਂ ਉਹਦੇ ਗਰੁੱਪ ਦਾ ਕੋਈ ਕਹਾਣੀਕਾਰ ਸੀ। ਨੌਂ ਦਸ ਕੁ ਸਾਲ ਚੱਲੇ ਏਸ ਸਿਲਸਿਲੇ ਤੋਂ ਹਿੰਦੀ ਵਾਲਿਆਂ ਅਤੇ ਵਿਰਦੀ ਤੇ ਅਣਖੀ ਨੂੰ ਆਪਣੇ ਆਪ ਨੂੰ ਇਹ ਲੱਗਣ ਲੱਗ ਪਿਆ ਸੀ ਕਿ ਉਹੀ ਦੋ ਜਣੇ ਸਾਰੇ ਭਾਰਤ ਵਾਸਤੇ ਪੰਜਾਬੀ ਕਹਾਣੀ ਦੀ ਨੁਮਾਇੰਦਗੀ ਕਰਦੇ ਨੇ। ਹਿੰਦੀ ਵਾਲੇ ਵੀ ਇਹੀ ਸਮਝਦੇ ਰਹੇ ਕਿ ਪੰਜਾਬੀ ਕਹਾਣੀ ਇਹੋ ਈ ਏ। ਜਦਕਿ ਸਚਾਈ ਇਹ ਸੀ ਕਿ ਵਿਰਦੀ ਦੀ ਪੁੱਛ ਪੰਜ ਛੇ ਕਹਾਣੀਆਂ ਕਰ ਕੇ ਥੋੜੀ ਜਿਹੀ ਪਈ ਹੋਈ ਸੀ, ਪਰ ਅਣਖੀ ਸਿਰਫ ਆਪਣੇ ਬਰਨਾਲੇ ਦੇ ਇਲਾਕੇ ਤਕ ਸੀਮਤ ਸੀ।
ਅਣਖੀ ਆਪਣੀ ਹੈਸੀਅਤ ਨੂੰ ਪੰਜਾਬੀ 'ਚ ਫੈਲਾਓਣ ਵਾਸਤੇ ਅਖ਼ਬਾਰਾਂ ਤੇ ਸਾਹਿਤਕ ਪਰਚਿਆਂ ਦੇ ਸੰਪਾਦਕਾਂ ਨੂੰ ਮਿਲਦਾ ਰਹਿੰਦਾ ਸੀ। ਏਸ ਸੰਪਰਕ ਲਈ ਉਹ ਅਖਬਾਰਾਂ 'ਚ ਲੇਖ ਵੀ ਲਿਖਦਾ ਸੀ। ਉਹ ਆਪਣੇ ਅਖਬਾਰਾਂ ਦੇ ਏਸ ਸਿਲਸਿਲੇ 'ਚ 'ਮੈਂ ਤਾਂ ਬੋਲੂੰਗੀ' ਨਾਂ ਦੇ ਕਾਲਮ ਲਈ ਸਾਹਿਤਕਾਰਾਂ ਦੀਆਂ ਪਤਨੀਆਂ ਨਾਲ ਇੰਟਰਵਿਊ ਕਰਦਾ ਰਹਿੰਦਾ ਸੀ। ਉਹ ਮੇਰੇ ਘਰ ਵੀ ਆਇਆ, ਜਦ ਮੈਂ ਦਫਤਰ ਗਿਆ ਹੋਇਆ ਸੀ। ਫੇਰ ਉਹ 'ਸਾਡੇ ਕਹਾਣੀਕਾਰ' ਨਾਂ ਦੇ ਕਾਲਮ ਲਈ ਲੇਖਕਾਂ ਬਾਰੇ ਲਿਖਦਾ ਰਹਿੰਦਾ ਸੀ। ਜਦ ਉਹਨੇ ਮੇਰੇ ਬਾਰੇ ਲਿਖਿਆ ਤਾਂ ਮੈਨੂੰ ਲੱਗਿਆ ਕਿ ਏਸ ਬੰਦੇ ਨੇ ਨਾ ਮੇਰੀਆਂ ਕਹਾਣੀਆਂ ਪੜ੍ਹੀਆਂ ਨੇ ਤੇ ਨਾ ਈ ਉਹਨਾਂ ਨੂੰ ਸਮਝਿਆ ਏ। ਬਸ ਵਿਸ਼ੇਸ਼ਣਾਂ ਦੇ ਆਸਰੇ ਤੇ ਇੰਟਰਵਿਊ ਕਰ ਕੇ ਏਡਾ ਲੇਖ ਲਿਖ ਦਿੱਤਾ ਏ। ਅਜਿਹੇ ਲੇਖਾਂ ਤੋਂ ਉਹਨੂੰ ਉਦੋਂ ਪੰਜਾਹ ਜਾਂ ਸੱਠ ਰੁਪਏ ਮਿਲਦੇ ਹੋਣਗੇ। ਜਿਨ੍ਹਾਂ ਨਾਲ ਉਹਦੀ ਸ਼ੁਹਰਤ ਤੇ ਚਾਰ ਪੈਸਿਆਂ ਦੀ ਭੁੱਖ ਜ਼ਰੂਰ ਪੂਰੀ ਹੁੰਦੀ ਹੋਵੇਗੀ।
ਫੇਰ ਜਦ ਅਣਖੀ ਨੂੰ ਉਹਦੇ ਨਾਵਲ 'ਕੋਠੇ ਖੜਕ ਸਿੰਘ' 'ਤੇ ਸਾਹਿਤ ਅਕਾਦਮੀ ਦਾ ਐਵਾਰਡ ਮਿਲਿਆ ਤਾਂ ਮੈਨੂੰ ਬੜੀ ਜਲਣ ਹੋਈ। ਪਰ ਮੈਂ ਇਹ ਮੰਨਦਾ ਸੀ ਕਿ ਅਣਖੀ ਏਨਾ ਜੁਗਾੜੀ ਨਹੀਂ ਕਿ ਦਿੱਲੀ ਦੇ ਸਾਹਿਤਕ ਲੀਡਰਾਂ ਤਕ ਪਹੁੰਚ ਕਰ ਸਕਿਆ ਹੋਵੇ। ਇਹਦੇ ਪਿੱਛੇ ਉਹਦੇ ਨਾਵਲ ਦੇ ਗੁਣ ਵੀ ਹੋ ਸਕਦੇ ਨੇ ਤੇ ਤੀਰ ਤੁੱਕਾ ਵੀ। ਫੇਰ ਉਹਨੇ ਅੱਗਾ ਪਿੱਛਾ ਦੇਖੇ ਬਿਨਾਂ ਨਾਵਲ ਤੇ ਨਾਵਲ ਲਿਖਣੇ ਸ਼ੁਰੂ ਕਰ ਦਿੱਤੇ। ਜਿਹੜੇ ਪੜ੍ਹੇ ਤੇ ਵਿਕਣ ਲੱਗ ਪਏ। ਫੇਰ ਉਹਨੂੰ ਸ਼ੁਹਰਤ ਵੀ ਬੜੀ ਮਿਲੀ ਤੇ ਪੈਸਾ ਵੀ। ਉਹ ਰਿਟਾਇਰ ਹੋਇਆ ਤਾਂ ਬਰਨਾਲੇ ਵੱਡਾ ਫੰਕਸ਼ਨ ਹੋਇਆ। ਉਹ ਸੱਤਰਾਂ ਜਾਂ ਪੰਝੱਤਰਾਂ ਦਾ ਹੋਇਆ ਤਾਂ ਵੀ ਫੰਕਸ਼ਨ ਕੀਤਾ ਬਰਨਾਲੇ ਵਾਲਿਆਂ ਨੇ। ਇਹ ਪਿੰਡਾਂ ਦੇ ਇਲਾਕੇ ਦੀ ਚੰਗੀ ਰੀਤ ਏ ਕਿ ਜਦ ਵੀ ਉਥੋਂ ਕੋਈ ਭਲਵਾਨ ਉੱਠਦਾ ਏ ਤਾਂ ਉਹਨੂੰ ਆਪਣਾ ਸਮਝ ਕੇ ਵਡਿਆਉਂਦੇ ਤੇ ਸਹਾਇਤਾ ਦੇ ਥਾਪੜੇ ਦੇਂਦੇ ਨੇ।
ਏਸ ਦੌਰਾਨ 'ਚ ਜਸਵੰਤ ਸਿੰਘ ਵਿਰਦੀ ਨੇ ਛੇ ਸੌ ਕਹਾਣੀਆਂ ਲਿਖੀਆਂ ਤੇ ਅਣਖੀ ਨੇ ਲੱਗਭਗ ਚਾਰ ਸੌ। ਜਿਨ੍ਹਾਂ ਵਿਚੋਂ ਢਾਈ ਸੌ ਹਿੰਦੀ ਦੇ ਪਰਚਿਆਂ 'ਚ ਛਪ ਚੁੱਕੀਆਂ ਨੇ। ਪਰ ਪੰਜਾਬੀ 'ਚ ਇਹਨਾਂ ਦੋਹਾਂ ਕਹਾਣੀਕਾਰਾਂ ਨੂੰ ਕਹਾਣੀ ਦੀ ਵਿਧਾ 'ਚ ਏਨੀ ਵਡਿਆਈ ਨਹੀਂ ਮਿਲੀ।
ਮੈਂ ਅਣਖੀ ਦੀਆਂ ਕੁਝ ਕਹਾਣੀਆਂ ਪੜ੍ਹੀਆਂ ਸਨ। ਮੈਨੂੰ ਲੱਗਦਾ ਕਿ ਇਹਦੇ 'ਚ ਇਕ ਵੱਡਾ ਗੁਣ ਸਾਦਗੀ ਏ। ਉਹ ਆਮ ਜਿਹੇ ਸੁਣੇ ਕਿੱਸਿਆਂ ਨੂੰ ਲਿਖ ਦੇਂਦਾ ਏ। ਪਰ ਮੈਂ ਉਹਦਾ ਕੋਈ ਨਾਵਲ ਨਹੀਂ ਸੀ ਪੜ੍ਹਿਆ। ਜਦ ਮੈਂ ਲੋਕਗੀਤ ਪ੍ਰਕਾਸ਼ਨ ਲਈ ਪ੍ਰਤੀਨਿਧ ਕਹਾਣੀਆਂ ਦਾ ਸੰਗ੍ਰਹਿ ਤਿਆਰ ਕਰ ਰਿਹਾ ਸੀ ਤਾਂ ਮੈਨੂੰ ਅਣਖੀ ਦਾ ਖਿਆਲ ਆਇਆ। ਮੈਂ ਉਹਨੂੰ ਉਹਦੀਆਂ ਕੁਝ ਚੰਗੀਆਂ ਕਹਾਣੀਆਂ ਦੇ ਨਾਂ ਪੁੱਛੇ। ਉਹਨੇ ਆਪਣੀਆਂ ਚੋਣਵੀਆਂ ਕਹਾਣੀਆਂ ਦੀ ਪੁਸਤਕ 'ਚਿੱਟੀ ਕਬੂਤਰੀ' ਭੇਜ ਦਿੱਤੀ। ਮੈਂ ਸੱਠ ਕੁ ਕਹਾਣੀਆਂ ਪੜ੍ਹੀਆਂ, ਪਰ ਕੋਈ ਜਚੀ ਨਾ। ਅੰਤ ਨੂੰ ਸਾਢੇ ਚਾਰ ਸੌ ਕਹਾਣੀ ਲਿਖਣ ਵਾਲੇ ਤੇ ਆਪਣੇ ਨਾਵਲ 'ਕੋਠੇ ਖੜਕ ਸਿੰਘ' 'ਤੇ ਸਾਹਿਤਯ ਅਕਾਦਮੀ ਐਵਾਰਡ ਲੈਣ ਵਾਲੇ ਲੇਖਕ ਦੀ ਉਹ ਕਹਾਣੀ ਲੈ ਲਈ, ਜਿਹੜੀ ਉਹਨੇ ਆਪਣੀ ਪਤਨੀ ਦੇ ਗੁਜ਼ਰਨ 'ਤੇ 'ਔਰਤ ਦੇ ਵਿਗੋਚੇ ਦੇ ਦਰਦ' ਬਾਰੇ ਲਿਖੀ ਸੀ।
ਉਹਦੀਆਂ ਕਹਾਣੀਆਂ ਪੜ੍ਹ ਕੇ ਮੈਨੂੰ ਏਸ ਗੱਲ ਨੇ ਹੈਰਾਨ ਕੀਤਾ ਕਿ ਉਹਦਾ ਇਕ ਵੀ ਪਾਤਰ ਬ੍ਰਾਹਮਣ ਨਹੀਂ ਸੀ, ਜਿਹੜਾ ਹਿੰਦੂ ਸੰਸਕਾਰਾਂ ਤੇ ਸ਼ਾਸਤਰਾਂ ਬਾਰੇ ਥੋੜ੍ਹਾ ਬਹੁਤਾ ਵੀ ਜਾਣਦਾ ਹੁੰਦਾ। ਕਿਸੇ ਕਰਮਕਾਂਡੀ ਬ੍ਰਾਹਮਣ ਪਾਤਰ ਦੇ ਹੋਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਹਾਂ, ਉਂਜ ਅਜਿਹੇ ਪਾਤਰ ਮਿਲੇ, ਜਿਨ੍ਹਾਂ ਨੂੰ ਪਿੰਡ ਦੇ ਲੋਕ 'ਬਾਹਮਣ' ਕਹਿੰਦੇ ਨੇ ਤੇ ਜਿਹੜੇ ਜੱਟਾਂ ਤੇ ਹੋਰ ਖੱਤਰੀਆਂ ਬਾਣੀਆਂ ਦੇ ਘਰੋਂ ਹੰਧੇ ਲੈਂਦੇ ਤੇ ਸ਼ਰਾਧ ਖਾਂਦੇ ਨੇ। ਉਹ ਪਾਤਰ ਗਰੀਬ ਜੱਟਾਂ ਵਰਗੇ ਨੇ। ਉਂਜ ਵੀ ਪੰਜਾਬ 'ਚ ਸਿੱਖ ਧਰਮ ਤੇ ਆਰੀਆ ਸਮਾਜ ਦੇ ਪਰਚਾਰ ਕਰ ਕੇ ਬ੍ਰਾਹਮਣ ਉੱਚੀ ਜਾਤ ਨਹੀਂ ਰਹੀ। ਉਹਨੂੰ ਜੱਟ ਜ਼ਲੀਲ ਕਰਨ ਲਈ 'ਮੰਗ-ਖਾਣੀ ਜਾਤ' ਕਹਿਣ ਲੱਗ ਪਏ ਨੇ। ਮੈਂ ਕਿਸੇ ਨੂੰ ਕਹਿ ਕੇ ਇੰਟਰਵਿਊ 'ਚ ਅਣਖੀ ਕੋਲੋਂ ਇਹ ਸਵਾਲ ਪੁੱਛਿਆ ਤਾਂ ਉਹ ਕਹਿੰਦਾ ਕਿ ਉਹਦੇ ਬ੍ਰਾਹਮਣ ਪਾਤਰ ਵੀ ਜੱਟ ਸੱਭਿਆਚਾਰ ਵਾਲੇ ਨੇ। ਉਹਨਾਂ ਦਾ ਆਪਣਾ ਕੋਈ ਜੁਦਾ ਸੱਭਿਆਚਾਰ ਨਹੀਂ। ਮੈਂ ਅਣਖੀ ਦੇ ਬਾਪ ਦੀ ਫੋਟੋ ਦੇਖੀ ਤਾਂ ਉਹ ਬੇਹੱਦ ਗਰੀਬੜਾ ਜਿਹਾ ਬ੍ਰਾਹਮਣ ਦਿਸਦਾ ਸੀ। ਮਾਲਵੇ ਦੇ ਇਲਾਕੇ 'ਚ ਬਹੁਤੀਆਂ ਜ਼ਮੀਨਾਂ ਵਾਲੇ ਜੱਟ ਮਾਮਲਾ ਤਾਰਨ ਤੋਂ ਡਰਦੇ ਬਰਾਨੀ ਜ਼ਮੀਨ ਬ੍ਰਾਹਮਣ ਨੂੰ ਦਾਨ ਕਰ ਦੇਂਦੇ ਸੀ। ਜਿਸ 'ਤੇ ਮਾਮਲਾ ਨਹੀਂ ਸੀ ਲੱਗਦਾ।
 ਇਕ ਟੀ. ਵੀ. ਇੰਟਰਵਿਊ 'ਚ ਅਣਖੀ ਆਤਮ ਵਿਸ਼ਵਾਸ ਨਾਲ ਭਰਿਆ ਆਪਣੇ ਪੂਰੇ ਜਲੌਅ 'ਚ ਬੋਲਦਾ ਸੀ। ਉਹ ਬੋਲਣ ਵੇਲੇ ਝਿਜਕਦਾ ਨਹੀਂ ਸੀ। ਏਸੇ ਲਈ ਉਹਨੇ ਕਿਹਾ ਸੀ ਕਿ ਆਦਮੀ ਤੀਵੀਂ ਦੇ ਵਿਚਕਾਰ ਸਿਰਫ ਸੈਕਸ ਦਾ ਰਿਸ਼ਤਾ ਹੁੰਦਾ ਏ। ਇਹ ਪਿਆਰ ਪਿਊਰ ਕੁਝ ਨਹੀਂ ਹੁੰਦਾ। ਮਾਨਾਂ ਸਨਮਾਨਾਂ ਬਾਰੇ ਬੋਲਦਿਆਂ ਉਹਨੇ ਲੋਈ ਦੇਣ ਵਾਲਿਆਂ ਦੀ ਨਿੰਦਿਆ ਕਰਦਿਆਂ ਕਿਹਾ ਸੀ ਕਿ ਮੇਰਾ ਘਰ ਭਰ ਗਿਐ ਲੋਈਆਂ ਨਾਲ। ਹੁਣ ਮੇਰਾ ਦਿਲ ਕਰਦੈ ਬਈ ਇਹ ਲੋਈਆਂ ਦੇਣ ਵਾਲਿਆਂ ਦੀ ਮੌਤ ਵੇਲੇ ਉੱਤੇ ਪਾ ਆਇਆ ਕਰਾਂ। ਇਹ ਸ਼ੀਲਡਾਂ, ਟਊਏ ਜਿਹੇ ਮੈਂ ਚੁਲ੍ਹੇ 'ਚ ਪਾ ਕੇ ਫੂਕ ਦੇਂਦਾ ਹਾਂ। ਮੈਨੂੰ ਤਾਂ ਪੈਸਿਆਂ ਵਾਲਾ ਸਨਮਾਨ ਹੀ ਚੰਗਾ ਲੱਗਦਾ ਹੈ।
ਆਪਣੀ ਏਸੇ ਭੁੱਖ ਦੀ ਪੂਰਤੀ ਲਈ ਉਹਨੇ ਪਹਿਲਾਂ ਆਪਣੀ ਰਿਟਾਇਰਮੈਂਟ ਦਾ ਦਿਨ ਤੇ ਫੇਰ ਆਪਣਾ 75ਵਾਂ ਜਨਮ ਦਿਨ ਬਹੁਤ ਭਾਰੀ ਕੱਠ ਕਰਾ ਕੇ ਮਨਾਇਆ। ਉਹ ਆਪਣੇ ਪਰਚੇ ਵਾਸਤੇ ਏਨੇ ਪੈਸੇ ਕੱਠੇ ਕਰ ਲੈਂਦਾ ਸੀ ਕਿ ਉਹਦਾ ਮੋਟੇ ਵਿਆਜ 'ਤੇ ਦਿੱਤਾ ਸਵਾ ਦੋ ਲੱਖ ਰੁਪਿਆ ਲੈ ਕੇ ਕੋਈ ਬੰਦਾ ਨੱਠ ਗਿਆ ਸੀ। ਉਹ ਸਾਧਾਂ ਤੇ ਮਹੰਤਾਂ ਕੋਲੋਂ ਵੀ ਪੈਸਾ ਮੰਗ ਲਿਆਉਂਦਾ ਸੀ। ਉਹ ਪੈਸੇ ਮੰਗਣ ਲੱਗਿਆਂ ਕਿਸੇ ਤੋਂ ਸ਼ਰਮ ਨਹੀਂ ਸੀ ਕਰਦਾ। ਮੈਨੂੰ ਮੋਹਨ ਭੰਡਾਰੀ ਨੇ ਦੱਸਿਆ ਕਿ ਇਕ ਵਾਰ ਮੈਂ ਉਹਦਾ ਪਰਚਾ ਨਾ ਮਿਲਣ ਦੀ ਸ਼ਿਕਾਇਤ ਕੀਤੀ ਤਾਂ ਕਹਿੰਦਾ ਕਿ ਚੰਦਾ ਭੇਜ ਦਿਓ, ਪਰਚਾ ਮਿਲ ਜਾਊਗਾ। ਅਸਲ 'ਚ ਅਣਖੀ ਸਾਡੀ ਓਸ ਪੁਰਾਣੀ ਪੀੜ੍ਹੀ ਦੀ ਮਾਨਸਿਕਤਾ ਵਾਲਾ ਬੰਦਾ ਸੀ, ਜਿਹੜੀ ਸਾਰੀ ਉਮਰ ਭੁੱਖ ਨੰਗ ਨਾਲ ਹੀ ਲੜਦੀ ਰਹੀ। ਹਾਲਾਂ ਕਿ ਉਹਨੇ ਨਵੀਂ ਕਾਰ ਲੈ ਲਈ ਸੀ, ਪਰ ਦਿਲ ਦੀ ਗਰੀਬੀ ਨਹੀਂ ਸੀ ਗਈ।
ਅਣਖੀ ਅਖੀਰਲੀ ਉਮਰ 'ਚ ਮੇਰੇ ਘਰ ਦੋ ਰਾਤਾਂ ਰਹਿ ਕੇ ਗਿਆ। ਜਨਾਨੀਆਂ ਦੀਆਂ ਗੱਲਾਂ ਕਰਨ 'ਚ ਬਦਨਾਮ ਹੋਣ ਕਰ ਕੇ ਉਹ ਰਾਤ ਨੂੰ ਮੇਰੇ ਨਾਲ ਇਹ ਗੱਲਾਂ ਕਰਦਾ ਰਿਹਾ। ਮੈਂ ਉਹਨੂੰ ਬਲਿਊ ਫਿਲਮ ਵਿਖਾਈ। ਉਹ ਬਾਗੋ ਬਾਗ ਹੋ ਗਿਆ। ਜਾ ਕੇ ਉਹਨੇ ਮੈਨੂੰ ਫੋਨ ਕੀਤਾ, ''ਤੈਂ ਇਕ ਰਾਤ 'ਚ ਹੀ ਮੈਨੂੰ ਜਵਾਨ ਕਰ 'ਤਾ। ਹੁਣ ਤਾਂ ਜਦ ਕਮਜ਼ੋਰੀ ਮਹਿਸੂਸ ਹੋਈ ਤਾਂ ਮੈਂ ਤੇਰੇ ਕੋਲ ਆ ਜਾਇਆ ਕਰੂੰਗਾ।''
ਉਹ ਮੈਨੂੰ ਮਿਲਣ ਹਿੰਦ ਸਮਾਚਾਰ ਦੇ ਦਫਤਰ 'ਚ ਕਈ ਵਾਰ ਆਇਆ। ਮੈਨੂੰ ਕਿਸੇ ਸਾਹਿਤਕਾਰ ਦਾ ਅਖਬਾਰ ਦੇ ਦਫਤਰ 'ਚ ਆਓਣਾ ਚੰਗਾ ਨਹੀਂ ਸੀ ਲੱਗਦਾ। ਮੈਂ ਇਕ ਵਾਰ ਉਹਨੂੰ ਖੁਸ਼ ਕਰਨ ਨੂੰ ਇਕ ਲਿਫਾਫਾ ਫੜਾ ਕੇ ਕਿਹਾ, ''ਇਹਨੂੰ ਝੋਲੇ 'ਚ ਲਕੋ ਲੈ। ਇਹ ਬੜੇ ਸਿਆਣੇ ਹਕੀਮ ਦਾ ਤਿਆਰ ਕੀਤਾ ਨੁਸਖਾ ਏ।...ਅਸਲ 'ਚ ਇਕ ਇਸ਼ਤਿਹਾਰ ਮਾਲਵੇ ਦੇ ਇਲਾਕੇ ਤੋਂ ਕਿਸੇ ਹਕੀਮ ਜੀ ਦਾ ਛਪਦਾ ਸੀ। ਉਹ ਹਕੀਮ ਦੂਜੇ ਤੀਜੇ ਮਹੀਨੇ ਹਿੰਦ ਸਮਾਚਾਰ ਦੇ ਦਫਤਰ 'ਚ ਆ ਕੇ ਉਰਦੂ ਡੈਸਕ ਦੇ ਪਿਛਲੇ ਪਾਸੇ ਕਾਤਿਬ ਸਾਹਿਬਾਨ ਦੇ ਨਾਲ ਬੈਠ ਕੇ ਗੱਲਾਂ ਕਰਦਾ ਰਹਿੰਦਾ ਸੀ। ਉਰਦੂ ਦੇ ਸਾਰੇ ਐਡੀਟਰ ਤੇ ਕਾਤਿਬ ਪੰਜਾਹੋਂ ਟੱਪੇ ਹੋਏ ਸਨ। ਸਭ ਨੂੰ ਉਹਦੀ ਦਵਾਈ ਦੀ ਲੋੜ ਸੀ। ਓਸ ਹਕੀਮ ਦੇ ਇਸ਼ਤਿਹਾਰ 'ਚ ਤਿੰਨ ਕੋਰਸਾਂ ਦਾ ਜ਼ਿਕਰ ਹੁੰਦਾ ਸੀ। ਚਾਂਦੀ ਵਾਲਾ, ਸੋਨੇ ਵਾਲਾ ਤੇ ਹੀਰੇ ਮੋਤੀਆਂ ਵਾਲਾ। ਅਸੀਂ ਮਖੌਲ 'ਚ ਪੁੱਛਦੇ ਕਿ ਇਹਨਾਂ ਦੇ ਕੰਮ 'ਚ ਕੀ ਫਰਕ ਏ? ਹਕੀਮ ਵੀ ਮਖੌਲ 'ਚ ਗੱਲਾਂ ਕਰਦਾ ਰਹਿੰਦਾ। ਇਕ ਵਾਰ ਉਹ ਸੱਚੀਂ ਮੁੱਚੀਂ ਆਪਣੇ ਝੋਲੇ 'ਚ ਕੋਰਸਾਂ ਦੀਆਂ ਪੁੜੀਆਂ ਲੈ ਆਇਆ ਤੇ ਪ੍ਰਸ਼ਾਦ ਵਜੋਂ ਸਭ ਨੂੰ ਇਕ-ਇਕ ਪੁੜੀ ਚਾਂਦੀ ਜਾਂ ਸੋਨੇ ਵਾਲੇ ਕੋਰਸ ਦੀ ਦਿੱਤੀ। ਅਣਖੀ ਨੂੰ ਮੈਂ ਉਹੀ ਸੋਨੇ ਵਾਲਾ ਕੋਰਸ ਦੇ ਦਿੱਤਾ ਸੀ। ਉਹਨੇ ਮਲਕ ਦੇਣੀ ਆਪਣੇ ਝੋਲੇ 'ਚ ਪਾ ਲਿਆ। ਹੁਣ ਸਾਡੇ ਵਿਚਕਾਰ ਓਸ ਕੋਰਸ ਦੇ ਅਸਰ ਬਾਰੇ ਮਖੌਲ ਕਈ ਸਾਲ ਚੱਲਦਾ ਰਿਹਾ।
ਉਹਨੂੰ ਆਪਣੇ ਨਵੇਂ ਵਿਆਹ ਦੇ ਸੁਖ ਦਾ ਵੀ ਅਹਿਸਾਸ ਸੀ ਤੇ ਪਛਤਾਵਾ ਵੀ ਸੀ। ਉਹਨੂੰ ਲੱਗਾ ਸੀ ਕਿ ਐਵੇਂ ਪੰਗਾ ਲੈ ਹੋ ਗਿਆ। ਸ਼ਾਇਦ ਉਹ ਧੀਆਂ ਦੀ ਕਬੀਲਦਾਰੀ ਤੋਂ ਦੁਖੀ ਸੀ। ਇਕ ਵਾਰੀ ਮੈਂ ਉਹਦੇ ਘਰ ਫੋਨ ਕੀਤਾ ਤਾਂ ਉਹਦੀ ਬੇਟੀ ਨੇ ਰਿਸੀਵਰ ਚੱਕ ਲਿਆ। ਉਹ ਐਮ.ਏ. ਤੇ ਮਾਸ ਕਮਿਊਨੀਕੇਸ਼ਨ ਦਾ ਕੋਰਸ ਤੇ ਬੀਐਡ ਕਰ ਕੇ ਘਰ ਹੀ ਬੈਠੀ ਸੀ। ਜਦ ਮੈਂ ਪੁੱਛਿਆ ਕਿ ਕੋਈ ਕੰਮ ਕਿਉਂ ਨਹੀਂ ਕਰਦੀ ਤਾਂ ਉਹਦਾ ਜਵਾਬ ਸੀ ਕਿ ਭਾਪਾ ਜੀ ਕਰਨ ਨਹੀਂ ਦੇਂਦੇ। ਮੈਂ ਉਹਨੂੰ ਜਲੰਧਰ ਬੁਲਾ ਕੇ ਕਿਸੇ ਅਖਬਾਰ ਦੇ ਨਿਊਜ਼ ਡੈਸਕ 'ਤੇ ਬਹਾਣਾ ਚਾਹੁੰਦਾ ਸੀ। ਜਿਥੇ ਕੰਮ ਕਰ ਕੇ ਭਾਵੇਂ ਬਹੁਤਾ ਪੈਸਾ ਨਾ ਮਿਲੇ, ਪਰ ਜ਼ਿੰਦਗੀ ਦਾ ਤਜਰਬਾ ਜ਼ਰੂਰ ਮਿਲੇ। ਇਹ ਬੜੀ  ਕੀਮਤੀ ਚੀਜ਼ ਹੁੰਦੀ ਏ। ਉਹਦਾ ਉਹੀ ਇਕ ਜਵਾਬ ਕਿ ਭਾਪਾ ਜੀ ਕੁਸ਼ ਕਰਨ ਏ ਨਹੀਂ ਦੇਂਦੇ। ਮੈਂ ਕਿਹਾ ਕਿ ਤੂੰ ਬਰਨਾਲੇ ਬੂਟਾ ਸਿੰਘ ਚੌਹਾਨ ਦੇ ਅਖਬਾਰੀ ਦਫਤਰ ਜਾ ਕੇ ਖਬਰਾਂ ਠੀਕ ਕਰਨ ਦਾ ਕੰਮ ਹੀ ਕਰਨ ਲੱਗ ਜਾਹ। ਤਾਂ ਉਹ ਚੁੱਪ ਹੀ ਕਰ ਗਈ। ਪੁੱਛਣ ਤੇ ਫੇਰ ਕਿਹਾ ਕਿ ਭਾਪਾ ਜੀ ਘਰੋਂ ਹੀ ਨਹੀਂ ਜਾਣ ਦੇਂਦੇ।
ਅਸਲ 'ਚ ਅਣਖੀ ਪੱਛੜੇ ਇਲਾਕੇ ਦਾ ਪੱਛੜੀ ਸੋਚ ਵਾਲਾ ਬੰਦਾ ਈ ਸੀ। ਉਹਦਾ ਹਰੇਕ ਵਿਹਾਰ ਪੇਂਡੂ ਤੇ ਅਣਪੜ੍ਹਾਂ ਵਾਲਾ ਸੀ। ਜਦ ਉਹਨੇ ਮੈਨੂੰ ਪੇਸ਼ਾਬ 'ਚ ਰੁਕਾਵਟ ਦੀ ਗੱਲ ਦੱਸੀ ਤਾਂ ਮੈਂ ਉਹਨੂੰ ਪ੍ਰੋਸਟ੍ਰੇਟ ਗਲੈਂਡ ਦਾ ਔਪ੍ਰੇਸ਼ਨ ਕਰਾਓਣ ਦਾ ਆਪਣਾ ਅਨੁਭਵ ਦੱਸਿਆ। ਉਹ ਬਰਨਾਲੇ ਦੇ ਹਕੀਮਾਂ ਤੇ ਡਾਕਟਰਾਂ ਤੋਂ ਗੋਲੀਆਂ ਲੈ ਕੇ ਵਕਤ ਟਪਾਉਂਦਾ ਰਿਹਾ। ਜਦ ਹਾਲਤ ਜ਼ਿਆਦਾ ਖਰਾਬ ਹੋ ਗਈ ਤਾਂ ਮੇਰੇ ਕਹਿਣ 'ਤੇ ਔਪ੍ਰੇਸ਼ਨ ਕਰਾਓਣ ਨੂੰ ਤਿਆਰ ਹੋ ਗਿਆ। ਮੈਂ ਕਿਹਾ ਕਿ ਅਪ੍ਰੇਸ਼ਨ ਲੁਧਿਆਣੇ ਜਾਂ ਪਟਿਆਲੇ ਤੋਂ ਕਰਾਈਂ। ਪਰ ਉਹ ਇਹ ਕਹਿ ਕੇ ਬਰਨਾਲੇ ਦੇ ਹਸਪਤਾਲ ਚਲਿਆ ਗਿਆ ਕਿ ਏਥੇ ਵੀ ਡਾਕਟਰ ਲੁਧਿਆਣੇ ਤੋਂ ਈ ਆਉਂਦਾ ਹੈ। ਜਿਸ ਦਾ ਨਤੀਜਾ ਇਹ ਹੋਇਆ ਕਿ ਉਹਨੂੰ ਤਿੰਨ ਮਹੀਨੇ ਪੇਸ਼ਾਬ ਜਲਣ ਨਾਲ ਆਉਂਦਾ ਰਿਹਾ। ਉਹ ਪਹਿਲਾਂ ਅੰਗ੍ਰੇਜ਼ੀ ਦਵਾਈਆਂ ਤੇ ਫੇਰ ਦੇਸੀ ਤੇ ਹੋਮਿਓਪੈਥੀ ਦੀਆਂ ਗੋਲੀਆਂ ਖਾ ਕੇ ਗੁਜ਼ਾਰਾ ਕਰਦਾ ਰਿਹਾ। ਤਕਲੀਫ ਫੇਰ ਵੀ ਰਹੀ।
ਫੇਰ ਉਹਨੇ ਮੈਨੂੰ ਦੱਸਿਆ ਕਿ ਉਹਦੇ ਦਰਦ ਜਿਹਾ ਹੁੰਦਾ ਰਹਿੰਦਾ ਏ, ਕਦੇ ਪੇਟ 'ਚ ਤੇ ਕਦੇ ਵੱਖੀ ਵਿਚ ਨੂੰ। ਇਹ ਪਤਾ ਨਹੀਂ ਕਾਹਦਾ ਏ। ਮੈਂ ਕਿਹਾ ਕਿ ਇਹਦੇ ਲਈ ਤਾਂ ਸੀ. ਟੀ. ਸਕੈਨ ਕਰਾਓਣਾ ਪੈਂਦਾ ਏ। ਕਰਾ ਕੇ ਪਤਾ ਕਰ ਲੈ। ਪਰ ਏਸ ਤੋਂ ਮੈਂ ਵੀ ਡਰਦਾ ਹਾਂ। ਪਤਾ ਨਹੀਂ ਇਹ ਕਿਥੇ-ਕਿਥੇ ਕਿਸੇ ਬਿਮਾਰੀ ਦੀ ਸੂਚਨਾ ਦੇ ਦੇਵੇ। ਮੈਂ ਉਹਨੂੰ ਕਿਹਾ ਕਿ ਇਹ ਟੈਸਟ ਤਾਂ ਬੇਸ਼ਕ ਨਾ ਕਰਾ, ਪਰ ਕਿਸੇ ਸਿਆਣੇ ਡਾਕਟਰ ਤੋਂ ਚੈਕ-ਅੱਪ ਜ਼ਰੂਰ ਕਰਾ ਲੈ। ਪਰ ਉਹ ਪੇਂਡੂ ਮਾਨਸਿਕਤਾ ਦਾ ਬੰਦਾ ਕਿਸੇ ਡਾਕਟਰ ਕੋਲ ਜਾਣ ਦੀ ਬਜਾਏ ਬਰਨਾਲੇ ਦੇ ਕਿਸੇ ਹਕੀਮ ਜਾਂ ਹੋਮਿਓਪੈਥ ਦੀਆਂ ਸਸਤੀਆਂ ਗੋਲੀਆਂ ਖਾਣਾ ਪਸੰਦ ਕਰਦਾ ਸੀ।
 ਅਣਖੀ ਨੇ ਮੈਨੂੰ ਇਕ ਵਾਰ ਰਾਤ ਨੂੰ ਗੱਲਾਂ ਕਰਦੇ ਨੇ ਦੱਸਿਆ ਕਿ ਉਹਤੋਂ ਕਿਸੇ ਦੀ ਚੁਭਵੀਂ ਕਹੀ ਗੱਲ ਭੁੱਲਦੀ ਹੀ ਨਹੀਂ। ਉਹ ਕਦੇ ਨਾ ਕਦੇ ਬਦਲਾ ਲੈਣ ਦਾ ਮੌਕਾ ਲੱਭਦਾ ਏ।...ਉਹ ਆਪਣੇ ਪਰਚੇ 'ਕਹਾਣੀ ਪੰਜਾਬ' 'ਚ ਅਜਿਹੀਆਂ ਚਿੱਠੀਆਂ ਛਾਪਦਾ ਰਹਿੰਦਾ ਸੀ, ਜਿਨ੍ਹਾਂ ਦਾ ਪਰਚੇ ਦੇ ਮੈਟਰ ਨਾਲ ਕੋਈ ਸੰਬੰਧ ਹੀ ਨਹੀਂ ਸੀ ਹੁੰਦਾ। ਜਿਵੇਂ ਉਹਦੇ ਨਾਵਲ ਪੜ੍ਹ ਕੇ ਆਈ ਕਿਸੇ ਪਾਠਕ ਦੀ ਚਿੱਠੀ। ਜਦ ਉਹਦੇ ਨਾਲ ਗੁਰਬਚਨ ਸਿੰਘ ਭੁੱਲਰ ਕੰਮ ਕਰਦਾ ਸੀ ਤਾਂ ਉਹ ਵੀ ਅਜਿਹੀਆਂ ਚਿੱਠੀਆਂ ਛਪਵਾਂਦਾ ਰਹਿੰਦਾ ਸੀ। ਇਕ ਵਾਰ ਉਹਨੇ ਮੇਰੀ ਇਕ ਚਿੱਠੀ ਛਪਵਾ ਲਈ, ਜਿਹੜੀ ਕੋਈ ਵੀਹ ਪੱਚੀ ਸਾਲ ਪਹਿਲਾਂ ਮੈਂ ਉਹਦੀ ਕਹਾਣੀ ਦੀ ਤਾਰੀਫ 'ਚ ਲਿਖੀ ਸੀ।
ਇਵੇਂ ਅਣਖੀ ਨੇ ਇਕ ਵਾਰ ਸਾਡੇ ਹਾਣ ਦੇ ਇਕ ਲੇਖਕ, ਜਿਹੜਾ ਕਦੇ ਮੇਰਾ ਵੀ ਦੋਸਤ ਸੀ ਪਰ ਹੁਣ ਵਿੱਟਰਿਆ ਹੋਇਆ ਸੀ, ਦੀ ਚਿੱਠੀ ਛਾਪ ਦਿੱਤੀ। ਜਿਹੜੀ ਉਹਨੇ ਸੜ ਕੇ ਮੇਰੇ ਖਿਲਾਫ ਲਿਖੀ ਸੀ। ਜਦ ਮੈਂ ਅਣਖੀ ਨੂੰ ਫੋਨ ਕੀਤਾ ਤਾਂ ਉਹ ਮੇਰੇ ਪੁੱਛਣ ਤੋਂ ਪਹਿਲਾਂ ਆਪ ਈ ਕਹਿਣ ਲੱਗ ਪਿਆ, ''ਪ੍ਰੇਮ ਪ੍ਰਕਾਸ਼ ਤੂੰ ਵੱਡਾ ਸਾਹਿਤਕਾਰ ਹੈਂ। ਗੁੱਸਾ ਨਾ ਕਰੀਂ। ਕੁੱਤੇ ਭੌਂਕਦੇ ਈ ਰਹਿੰਦੇ ਨੇ, ਹਾਥੀ ਚੱਲਦੇ ਰਹਿੰਦੇ ਨੇ।''
ਮੈਨੂੰ ਬੜਾ ਬੁਰਾ ਲੱਗਿਆ ਕਿ ਉਹਨੇ ਮੇਰੀ ਤਾਂ ਨਿੰਦਿਆ ਕਰ ਦਿੱਤੀ, ਹੁਣ ਆਪਣੇ ਦੋਸਤ ਨੂੰ ਕੁੱਤਾ ਕਹਿੰਦਾ ਏ। ਮੈਂ ਕਿਹਾ,'' ਪਰ ਇਹ ਕੁੱਤਾ ਤੇਰੇ ਵਿਹੜੇ 'ਚ ਖੜ੍ਹ ਕੇ ਕਾਹਤੇ ਭੌਂਕਦੈ?''
ਫੇਰ ਉਹਨੇ 'ਗੁਸਤਾਖੀ ਮੁਆਫ' 'ਚ ਮੇਰੇ ਬਾਰੇ ਕੋਈ ਲਤੀਫਾ ਛਾਪ ਦਿੱਤਾ। ਮੈਨੂੰ ਅਜਿਹੀਆਂ ਗੱਲਾਂ ਬੁਰੀਆਂ ਨਹੀਂ ਲੱਗਦੀਆਂ। ਮੈਂ ਕਹਿੰਦਾ ਹੁੰਦਾ ਹਾਂ ਕਿ ਇਹ ਨੋਕ ਝੋਂਕ ਸਾਹਿਤਕਾਰਾਂ 'ਚ ਚੱਲਦੀ ਰਹਿਣੀ ਚਾਹੀਦੀ ਏ। ਇਹ ਜ਼ਿੰਦਗੀ ਦਾ ਨੂਣ ਮਿਰਚ ਏ। ਓਸ ਲਤੀਫੇ ਦੇ ਬਾਅਦ ਮੈਂ ਐਂਵੇਂ ਹਾਲ ਚਾਲ ਪੁੱਛਣ ਲਈ ਅਣਖੀ ਨੂੰ ਫੋਨ ਕੀਤਾ ਤਾਂ ਉਹ ਫੇਰ ਆਪ ਈ ਬੋਲ ਪਿਆ। ਕਹਿੰਦਾ, ''ਇਹ ਜਿਹੜਾ ਚੁਟਕਲਾ ਜਿਹਾ ਮੈਂ ਛਾਪਿਆ ਏ। ਉਹ ਮੈਨੂੰ ਜਿੰਦਰ ਨੇ ਲਿਖਾਇਆ ਸੀ।''
ਉਹਦੀ ਗੱਲ 'ਤੇ ਮੈਂ ਦਿਲ 'ਚ ਹੱਸਿਆ ਕਿ ਦੇਖੋ, ਉਹ ਪਹਿਲਾਂ ਬੜ੍ਹਕ ਮਾਰਦਾ ਏ ਕਿ ਉਹ ਢੱਠਾ ਏ। ਫੇਰ ਮੋਕ ਮਾਰਦਾ ਏ ਕਿ ਗਊ ਦਾ ਜਾਇਆ ਏ। ਇਹ ਪੱਤਰਕਾਰ ਬਣੀ ਫਿਰਦਾ ਏ, ਪਰ ਇਹਨੂੰ ਏਨਾ ਨਹੀਂ ਪਤਾ ਕਿ ਪੱਤਰਕਾਰ ਦੀ ਖਬਰ ਦਾ ਸਰੋਤ ਤਾਂ ਸੁਪਰੀਮ ਕੋਰਟ ਵੀ ਨਹੀਂ ਪੁੱਛ ਸਕਦੀ।...ਮੈਨੂੰ ਲੱਗਿਆ ਕਿ ਉਹ ਮੈਥੋਂ ਆਪਣੇ ਖਿਲਾਫ 'ਲਕੀਰ' 'ਚ ਛਪੀਆਂ ਟਿੱਚਰਾਂ ਦਾ ਬਦਲਾ ਲੈ ਰਿਹਾ ਏ। ਏਸ ਲਤੀਫੇ ਨਾਲ ਉਹ ਆਪ ਤਾਂ ਬੇਕਸੂਰਾ ਬਣਦਾ ਏ ਤੇ ਇਹ ਵੀ ਚਾਹੁੰਦਾ ਏ ਕਿ ਮੈਂ ਜਿੰਦਰ ਨੂੰ ਘੂਰਾਂ। ਸਾਡੇ ਵਿਚਕਾਰ ਦੁਸ਼ਮਣੀ ਪੈਦਾ ਹੋ ਜਾਵੇ।...ਇਹ ਬੰਦੇ ਦੇ ਕਪਟੀ ਹੋਣ ਦੀ ਨਿਸ਼ਾਨੀ ਸੀ। ਜਿਹੜੀ ਮੈਂ ਆਈ ਗਈ ਕਰ ਦਿੱਤੀ। ਮੈਂ ਉਹਨੂੰ ਕਹਿੰਦਾ ਹੁੰਦਾ ਸੀ ਕਿ ਬ੍ਰਾਹਮਣ ਚਾਹੇ ਅਣਪੜ੍ਹ ਮੀਂਗਣਾਂ ਗਿਣਨ ਵਾਲਾ ਹੋਵੇ, ਕਾਲਾ ਹੋਵੇ, ਅਸੀਂ ਤਾਂ ਵੀ ਉਹਦੇ ਪੈਰੀਂ ਹੱਥ ਲਾਓਣਾ ਏ। ਇਹ ਸੁਣ ਕੇ ਪਤਾ ਨਹੀਂ ਉਹ ਮੀਸਣਾ ਖੁਸ਼ ਹੁੰਦਾ ਜਾਂ ਦੁਖੀ!
ਕਈ ਸਾਲ ਪਹਿਲਾਂ ਮੈਨੂੰ ਬੂਟਾ ਸਿੰਘ ਚੌਹਾਨ ਨੇ ਬਰਨਾਲੇ ਰੂਬਰੂ ਲਈ ਸੱਦਿਆ। ਜਾ ਕੇ ਪਤਾ ਲੱਗਿਆ ਕਿ ਉਥੇ ਵੀ ਹੋਰਾਂ ਸ਼ਹਿਰਾਂ ਵਾਂਗੂੰ ਲੇਖਕ ਦੋ ਧੜਿਆਂ 'ਚ ਵੰਡੇ ਹੋਏ ਨੇ। ਅਣਖੀ ਮੇਰੇ ਫੰਕਸ਼ਨ 'ਚ ਆਇਆ। ਸ਼ਾਮ ਤਕ ਉਹ ਚੌਹਾਨ ਦੇ ਦਫਤਰ ਵਾਲੇ ਚੁਬਾਰੇ 'ਚ ਬੈਠਾ ਸ਼ਰਾਬ ਪੀਂਦਾ ਰਿਹਾ। ਜਾਣ ਲੱਗਿਆ ਤਾਂ ਕਹਿੰਦਾ, ''ਸਵੇਰ ਨੂੰ ਪ੍ਰੇਮ ਨਾਸ਼ਤਾ ਸਾਡੇ ਘਰ ਖਾ ਲਈਂ।...ਮੈਂ ਰਾਤ ਚੌਹਾਨ ਦੇ ਘਰ ਰਿਹਾ। ਸਵੇਰੇ ਤਿਆਰ ਹੋ ਕੇ ਚੌਹਾਨ ਕਹਿੰਦਾ, ''ਚਲੋ, ਆਪਾਂ ਨਾਸ਼ਤਾ ਅਣਖੀ ਦੇ ਕਰ ਕੇ ਉਧਰੋਂ ਉਧਰੀਂ ਚਲੇ ਜਾਵਾਂਗੇ ਜਲੰਧਰ ਨੂੰ।''
ਰਾਹ 'ਚ ਉਹਨੇ ਅਣਖੀ ਦੇ ਘਰ ਫੋਨ ਕਰ ਕੇ ਕਿਹਾ ਕਿ ਚਾਹ ਧਰ ਲਓ, ਅਸੀਂ ਆ ਰਹੇ ਹਾਂ। ਉਧਰੋਂ ਅਣਖੀ ਦੀ ਤੀਵੀਂ ਦਾ ਜਵਾਬ ਆਇਆ ਕਿ ਉਹ ਤਾਂ ਸਵੇਰੇ  ਈ ਚੰਡੀਗੜ੍ਹ ਨੂੰ ਚਲੇ ਗਏ ਨੇ।...ਇਹ ਗੱਲ ਸੁਣ ਕੇ ਮੈਨੂੰ ਕੋਈ ਹੈਰਾਨੀ ਨਾ ਹੋਈ। ਮੈਨੂੰ ਜਸਵੰਤ ਸਿੰਘ ਵਿਰਦੀ ਦੀ ਯਾਦ ਆਈ, ਜਿਹੜਾ ਘਰ ਬੈਠਾ ਹੁੰਦਾ ਸੀ ਤੇ ਉਹ ਆਪਣੇ ਛੋਟੇ ਭਾਈ ਤੋਂ ਕਹਾ ਦੇਂਦਾ ਸੀ ਕਿ ਭਾਅ ਜੀ ਤਾਂ ਘਰ ਨਹੀਂ। ਅਸੀਂ ਤਾਕੀ ਵਿਚੀਂ ਵਿਰਦੀ ਨੂੰ ਦੇਖ ਲੈਂਦੇ ਸੀ।
ਮੀਂਗਣਾਂ ਗਿਣਨ ਵਾਲਾ ਓਸ ਪੰਡਤ ਨੂੰ ਕਹਿੰਦੇ ਨੇ, ਜਿਹੜਾ ਕੋਰਾ ਅਣਪੜ੍ਹ ਹੋਵੇ ਤੇ ਪਿੰਡ ਦੇ ਲੋਕਾਂ ਨੂੰ ਤਿਥਾਂ ਆਪਣੀ ਬੱਕਰੀ ਦੀਆਂ ਮੀਂਗਣਾਂ ਗਿਣ ਕੇ ਦੱਸਦਾ ਹੋਵੇ। ਕਹਿੰਦੇ ਨੇ ਇਕ ਵਾਰੀ ਉਹਦੇ ਘੜੇ ਦਾ ਚੱਪਣ ਲਹਿ ਗਿਆ। ਬੱਕਰੀ ਨੇ ਘੜੇ 'ਚ ਮੀਂਗਣਾਂ ਦੀ ਬੁੱਕ ਭਰ ਦਿੱਤੀ। ਜਦ ਕਿਸੇ ਨੇ ਆ ਕੇ ਪੰਡਤ ਜੀ ਤੋਂ ਤਿਥ ਪੁੱਛੀ ਤਾਂ ਉਹ ਮੀਂਗਣਾ ਦਾ ਬੁੱਕ ਭਰ ਕੇ ਕਹਿੰਦਾ ਕਿ ਜਜਮਾਨ, ਅੱਜ ਤਾਂ ਤਿਥ ਬੇਅੰਤ ਐ।
ਮੈਂ ਅਣਖੀ ਕੋਲੋਂ ਅਕਸਰ ਫੋਨ ਕਰ ਕੇ ਉਹਦੀ ਸਿਹਤ ਬਾਰੇ ਪੁੱਛਦਾ ਰਹਿੰਦਾ ਸੀ। ਇਕ ਤਾਂ ਉਹਨੂੰ ਪਿਸ਼ਾਬ ਕਰਦਿਆਂ ਜਲਣ ਦੀ ਸ਼ਿਕਾਇਤ ਪੂਰੀ ਤਰ੍ਹਾਂ ਖਤਮ ਨਹੀਂ ਸੀ ਹੋਈ। ਫੇਰ ਉਹਨੇ ਇਕ ਦਿਨ ਮੈਨੂੰ ਦੱਸਿਆ, ''ਯਾਰ, ਮੇਰੇ ਦਰਦ ਜਿਹਾ ਹੁੰਦਾ ਰਹਿੰਦਾ ਐ। ਕਦੇ ਉਹ ਢਿੱਡ ਦੇ ਖੱਬੇ ਸੱਜੇ ਹੁੰਦਾ ਏ ਤੇ ਕਦੇ ਬੱਖੀ 'ਚ ਨੂੰ।''
ਅਜਿਹੀਆਂ ਸ਼ਿਕਾਇਤਾਂ ਸਭ ਬੁੜ੍ਹਿਆਂ ਨੂੰ ਹੁੰਦੀਆਂ ਰਹਿੰਦੀਆਂ ਨੇ। ਉਹ ਇਹਨੂੰ ਭਾਣਾ ਮੰਨ ਕੇ ਤੇ ਫੱਕੀ ਫੁੱਕੀ ਲੈ ਕੇ ਸਾਰੀ ਜਾਂਦੇ ਨੇ। ਜਦ ਅਣਖੀ ਏਸ ਜਹਾਨੋਂ ਤੁਰ ਗਿਆ ਤਾਂ ਹੈਰਾਨੀ ਹੋਈ ਕਿ ਏਡੀ ਛੇਤੀ ਤੇ ਕਾਹਲ ਨਾਲ ਕਿਉਂ ਚਲਿਆ ਗਿਆ।
ਅਣਖੀ ਦੇ ਗੁਜ਼ਰਨ 'ਤੇ ਜਿਹੜੀਆਂ ਖਬਰਾਂ ਤੇ ਇਸ਼ਤਿਹਾਰ ਛਪੇ, ਉਹਨਾਂ ਤੋਂ ਲੱਗਦਾ ਸੀ ਕਿ ਮਰਨ ਵਾਲਾ ਆਪਣੀਆਂ ਰਸਮਾਂ 'ਤੇ ਪੈਸਾ ਖਰਚ ਕਰਨਾ ਨਹੀਂ ਸੀ ਚਾਹੁੰਦਾ। ਬਲਕਿ ਇਹ ਚਾਹੁੰਦਾ ਸੀ ਕਿ ਉਹਦੇ ਮਰਨ 'ਤੇ ਲੋਕਾਂ ਦਾ ਭਾਰੀ ਕੱਠ ਹੋਵੇ ਤੇ ਉਹਦੇ ਗੁਣ ਗਾਏ ਜਾਣ। ਏਸ ਨਾਲ ਮੈਨੂੰ ਲਾਲ ਸਿੰਘ ਦਿਲ ਦੀ ਆਖਰੀ ਸਮੇਂ ਦੀ ਗੱਲ ਯਾਦ ਆ ਗਈ। ਉਹ ਕਹਿੰਦਾ ਹੁੰਦਾ ਸੀ ਕਿ ਉਹਦੇ ਮਰਨ 'ਤੇ ਉਹਨੂੰ ਏਸ ਘਰ ਦੇ ਵਿਹੜੇ 'ਚ ਦਫਨ ਕੀਤਾ ਜਾਵੇ। ਹਰ ਸਾਲ ਉਹਦੇ ਮਜ਼ਾਰ 'ਤੇ ਮੇਲਾ ਲੱਗੇ। ਕੱਵਾਲੀਆਂ ਹੋਣ।
ਇਹ ਅਮਰ ਹੋਣ ਦੀ ਖਾਹਿਸ਼ ਸਾਹਿਤਕਾਰ ਦਾ ਮਰਨ 'ਤੇ ਵੀ ਖਹਿੜਾ ਨਹੀਂ ਛੱਡਦੀ।

ਅਪ੍ਰੈਲ, 2010
* * * *

No comments:

Post a Comment