Thursday 11 August 2011

ਪਰਵਾਸੀ ਪੰਜਾਬੀ ਸਾਹਿਤ ਦੀਆਂ ਸਮੱਸਿਆਵਾਂ :: ਰਜਨੀਸ਼ ਬਹਾਦਰ ਸਿੰਘ

ਪਰਵਾਸੀ ਪੰਜਾਬੀ ਸਾਹਿਤ ਦੀਆਂ ਸਮੱਸਿਆਵਾਂ

ਰਜਨੀਸ਼ ਬਹਾਦਰ ਸਿੰਘ

ਮੋਬਾਇਲ :

ਪੋਸਿਟੰਗ : ਮਹਿੰਦਰ ਬੇਦੀ ਜੈਤੋ

ਪੰਜਾਬੀ ਭਾਈਚਾਰਾ ਪੰਜਾਬ ਦੀਆਂ ਭੂਗੋਲਿਕ ਹੱਦਾਂ ਤੋਂ ਪਾਰ ਅੰਤਰ-ਰਾਸ਼ਟਰੀ ਪੱਧਰ ਤੱਕ ਫੈਲਿਆ ਹੋਇਆ ਹੈ। ਹੁਣ ਪੰਜਾਬੀਆਂ ਦਾ ਜੀਵਨ ਅਨੁਭਵ ਪਾਰ-ਰਾਸ਼ਟਰੀ ਚੇਤਨਾ ਨਾਲ ਜੁੜਿਆ ਹੋਇਆ ਹੈ। ਪੰਜਾਬੀਆਂ ਨੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਹਰ ਖੇਤਰ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੈ। ਇਹ ਪਛਾਣ ਸਾਹਿਤ ਸੰਵੇਦਨਾ ਰਾਹੀਂ ਪਰਗਟ ਹੋ ਰਹੀ ਹੈ। ਇਸੇ ਲਈ ਪਰਵਾਸੀ ਸਾਹਿਤ ਪੰਜਾਬੀ ਸਾਹਿਤ ਦੀ ਮੁੱਖ ਧਾਰਾ ਦਾ ਮਹੱਤਵਪੂਰਨ ਅੰਗ ਬਣਿਆ ਹੋਇਆ ਹੈ। ਇਸ ਨਾਲ ਪੰਜਾਬੀ ਸਾਹਿਤ ਵਿਚ ਨਵੇਂ ਅਨੁਭਵ ਪਰਗਟ ਹੋ ਰਹੇ ਸਨ। ਇਸ ਨਵੇਂ ਅਨੁਭਵ ਕਾਰਨ ਪਰਵਾਸੀ ਸਾਹਿਤ ਨਵੀਆਂ ਸਥਿਤੀਆਂ ਵਿਚ ਨਵੀਆਂ ਸਮੱਸਿਆਵਾਂ ਦੇ ਸਨਮੁਖ ਹੋ ਰਿਹਾ ਹੈ। ਇਸ ਵਿਚ ਸਭ ਤੋਂ ਮੁਢਲੀ ਸਮੱਸਿਆ ਪਰਵਾਸੀ ਸਾਹਿਤ ਦੇ ਨਾਮਕਰਣ ਦੀ ਹੈ। ਹੁਣ ਇਸ ਲਈ 'ਪਰਵਾਸੀ' ਸ਼ਬਦ ਵਰਤਿਆ ਜਾਂਦਾ ਹੈ। ਅਰਥਾਤ ਪਰਵਾਸ ਦਾ ਵਿਸ਼ੇਸ਼ਣ ਲਾ ਕੇ ਇਸ ਦੀ ਵੱਖਰੀ ਕੋਟੀ ਸਥਾਪਿਤ ਕਰ ਲਈ ਗਈ ਹੈ। ਇਸ ਦੇ ਅਰਥ ਅਜਿਹੇ ਅਨੁਭਵ ਨਾਲ ਜੁੜੇ ਸਾਹਿਤ ਤੋਂ ਹਨ ਜਿਹੜਾ ਪਰਵਾਸੀ ਦੇ ਅਨੁਭਵ ਨਾਲ ਜੁੜਿਆ ਹੋਇਆ ਹੋਵੇ। ਇਸ ਬਾਰੇ ਪਰਵਾਸੀ ਸਾਹਿਤ ਸਿਰਜਣਾ ਨਾਲ ਜੁੜੇ ਸਾਹਿਤਕਾਰਾਂ ਅਤੇ ਆਲੋਚਕਾਂ ਦੀਆਂ ਧਾਰਨਾਵਾਂ ਵੱਖੋ ਵੱਖਰੀਆਂ ਹਨ।
ਪਰਵਾਸੀ ਸਾਹਿਤ ਸਿਰਜਣਾ ਨਾਲ ਜੁੜੇ ਬਹੁਤੇ ਸਾਹਿਤਕਾਰ 'ਪਰਵਾਸੀ ਸਾਹਿਤ' ਦੀ ਕੋਟੀ ਨੂੰ ਰਿਆਇਤੀ ਨੰਬਰਾਂ ਵਾਲੀ ਕੋਟੀ ਸਮਝਦੇ ਹਨ, ਉਹਨਾਂ ਅਨੁਸਾਰ ਉਹਨਾਂ ਦੇ ਸਾਹਿਤ ਨੂੰ ਸਮੁੱਚੀ ਪੰਜਾਬੀ ਸਾਹਿਤ ਧਾਰਾ ਦੇ ਪ੍ਰਸੰਗ ਵਿਚ ਰੱਖ ਕੇ ਵਿਚਾਰਿਆਂ ਜਾਵੇ। ਇਹ ਧਾਰਨਾਂ ਪੰਜਾਬੀ ਸਾਹਿਤ ਵਿਚ ਥਾਂ ਨਿਸਚਤ ਕਰਨ ਲਈ ਠੀਕ ਹੈ ਪਰੰਤੂ ਇਹ ਇਕ ਸੀਮਾ ਵੀ ਬਣ ਜਾਂਦੀ ਹੈ। ਪੰਜਾਬੀ ਬਿਰਤਾਂਤ ਵਿਚ ਜਿਹੜੇ ਬਿਰਤਾਂਤਕ ਪੈਟਰਨ ਪਰੰਪਰਾਂ ਵਿਚ ਮੌਜੂਦ ਹਨ ਅਤੇ ਗਿਆਨ ਦੇ ਖੇਤਰ ਨਾਲ ਜੁੜੇ ਸਮਕਾਲ ਕਾਰਨ ਜਿਹੜੀਆਂ ਤਬਦੀਲੀਆਂ ਵਾਪਰੀਆਂ ਹਨ ਉਹਨਾਂ ਨੇ ਜਿਸ ਸੀਮਾ ਤਕ ਪੰਜਾਬੀ ਬਿਰਤਾਂਤ ਨੂੰ ਪ੍ਰਭਾਵਿਤ ਕੀਤਾ ਹੈ ਪਰਵਾਸੀ ਪੰਜਾਬੀ ਬਿਰਤਾਂਤ ਵੀ ਉਸ ਦੇ ਦੁਆਲੇ ਹੀ ਘੁੰਮਦਾ ਹੈ। ਪਰਵਾਸੀ ਪੰਜਾਬੀ ਬਿਰਤਾਂਤ ਪਰਵਾਸ ਵਿਚਲੇ ਸਮਕਾਲ ਤੋਂ ਅਣਭਿੱਜ ਹੈ। ਇਹ ਉਸ ਦੀ ਸੀਮਾ ਹੈ। ਇਸ ਲਈ ਅਜਿਹੇ ਸਾਹਿਤ ਨੂੰ ਅਨੁਭਵ ਤੇ ਅਧਾਰਿਤ ਹੋਣ ਕਾਰਨ ਪਰਵਾਸੀ ਸਾਹਿਤ ਦੀ ਕੋਟੀ ਵਿਚ ਹੀ ਰੱਖਿਆ ਜਾ ਸਕਦਾ ਹੈ। ਅਸਲ ਵਿਚ ਉਹ ਇਕ ਵੱਖਰੇ ਜੀਵਨ ਅਨੁਭਵ ਨਾਲ ਜੁੜਿਆ ਹੋਇਆ ਸਾਹਿਤ ਹੈ। ਉਸ ਸਾਹਿਤ ਦੀਆਂ ਬਿਰਤਾਂਤਕ ਵਿਧੀਆਂ ਅਤੇ ਸੁਹਜਤਮਕ ਪੈਟਰਨ ਮੁਖ ਸਾਹਿਤਕ ਧਾਰਾ ਵਾਲੇ ਹੀ ਹਨ। ਇਥੋਂ ਤਕ ਪਰਵਾਸ ਵਿਚ ਰਚੀ ਜਾਣ ਵਾਲੀ ਕਵਿਤਾ ਦਾ ਬਿੰਬ ਵਿਧਾਨ ਕਾਵਿ ਮੁਹਾਵਰਾ ਅਤੇ ਕਾਵਿ-ਭਾਸ਼ਾ ਸਮੁੱਚੀ ਸਮਕਾਲੀ ਪੰਜਾਬੀ ਕਵਿਤਾ ਵਾਲਾ ਹੀ ਹੈ। ਅਸਲ ਵਿਚ ਪੰਜਾਬੀ ਸਾਹਿਤਕਾਰ ਜ਼ਿਆਦਾ ਉਹ ਹੀ ਹਨ ਜਿਹੜੇ ਪਰਵਾਸ ਵਿਚ ਵੱਸਣ ਤੋਂ ਪਹਿਲਾਂ ਇਥੇ ਵੀ ਸਾਹਿਤ ਸਿਰਜਣਾ ਵਿਚ ਲੱਗੇ ਹੋਏ ਸਨ। ਉਥੇ ਵਸੇ ਲੇਖਕਾਂ ਦੀ ਅਗਲੀ ਪੀੜ੍ਹੀ ਵੀ ਪੰਜਾਬੀ ਪਿਛੋਕੜ ਵਾਲੀ ਹੀ ਹੈ। ਪਰਵਾਸੀਆਂ ਦੀ ਉਥੇ ਜੰਮੀ ਪਲ੍ਹੀ ਪੀੜ੍ਹੀ ਦਾ ਜੀਵਨ ਤਾਂ ਸਾਹਿਤ ਦਾ ਹਿੱਸਾ ਬਣਿਆ ਹੈ ਪਰ ਉਹਨਾਂ ਵਿਚੋਂ ਆਪਣੇ ਅਨੁਭਵ ਨੂੰ ਪੰਜਾਬੀ ਭਾਸ਼ਾ ਰਾਹੀਂ ਪੇਸ਼ ਕਰਨ ਵਾਲਾ ਕੋਈ ਲੇਖਕ ਸਾਹਮਣੇ ਨਹੀਂ ਆ ਰਿਹਾ। ਅਜਿਹੇ ਸਾਹਿਤ ਦਾ ਵਿਸ਼ਲੇਸ਼ਣ ਅਤੇ ਮੁਲੰਕਣ ਕਰਨ ਲਈ ਉਸ ਨੂੰ ਪਾਰਵਾਸ ਦੀ ਕੋਟੀ ਵਿਚ ਹੀ ਰੱਖਿਆ ਜਾ ਸਕਦਾ ਹੈ। ਪਰਵਾਸ ਵਿਚ ਵੱਸਣ ਵਾਲੇ ਲੇਖਕਾਂ ਵਲੋਂ ਜਿਹੜਾ ਸਾਹਿਤ ਪਰਵਾਸ ਦੇ ਅਨੁਭਵ ਤੇ ਅਧਾਰਿਤ ਹੋਵੇਗਾ। ਉਸ ਪਰਵਾਸੀ ਅਨੁਭਵ ਦਾ ਸਾਹਿਤ ਹੈ ਅਤੇ ਜਿਹੜਾ ਭਾਰਤੀ ਪੰਜਾਬੀ ਦੀ ਲੋਕੇਲ ਅਤੇ ਸਮੱਸਿਆਵਾਂ ਨਾਲ ਸੰਬੰਧਿਤ ਹੋਵੇਗਾ ਉਹ ਅਧੁਨਿਕ ਭਾਰਤੀ ਪੰਜਾਬੀ ਸਾਹਿਤ ਵਿਚ ਸ਼ੁਮਾਰ ਹੋਵੇਗਾ। ਨਵੀਂ ਪੀੜ੍ਹੀ ਦਾ ਸਵੈ-ਅਨੁਭਵ ਪਰਵਾਸੀ ਸਾਹਿਤ ਦਾ ਵਸਤ ਨਾ ਬਣਨਾ ਇਕ ਸਮੱਸਿਆ ਜ਼ਰੂਰ ਹੈ। ਪਰਵਾਸੀ ਪੰਜਾਬੀ ਸਾਹਿਤ ਦੀ ਭਾਰੂ ਸੁਰ ਕਿਸਾਨੀ ਅਵਚੇਤਨ ਵਾਲੀ ਹੈ। ਉਹ ਸਮਾਜਕ ਵਰਤਾਰਿਆਂ ਨੂੰ ਅਜੇ ਵੀ ਗਲਬਾਮੁਖੀ ਸੋਚ ਤੋਂ ਵੇਖਣ ਦੀ ਆਦੀ ਹੈ। ਇਸੇ ਲਈ ਉਸ ਨੇ ਆਪਣੇ ਸਭਿਆਚਾਰ ਦੇ ਉੱਤਮ ਹੋਣ ਦਾ ਭਰਮ ਪਾਲੇ ਹੋਣ ਕਰਕੇ ਉਸ ਵਿਚੋਂ ਬਹੁ-ਧੁਨੀ ਦੇ ਅਧਾਰਾਂ ਨੂੰ ਮੱਧਮ ਕਰ ਦਿੱਤਾ ਹੈ। ਸਥਾਨਕ ਸਭਿਆਚਾਰਾਂ ਪ੍ਰਤੀ ਟਕਰਾਅ ਅਤੇ ਹੇਰਵਾ ਅਜਿਹੀ ਮਾਨਸਿਕਤਾ ਵਿਚੋਂ ਹੀ ਪੈਦਾ ਹੁੰਦਾ ਹੈ। ਸਮਕਾਲੀ ਲੇਖਕਾਂ ਨੇ ਇਸ ਅਵਚੇਤਨ ਵਿਚੋਂ ਇਕ ਹੱਦ ਤਕ ਮੁਕਤੀ ਪ੍ਰਾਪਤ ਕੀਤੀ ਹੈ। ਇਹ ਪੀੜ੍ਹੀ ਪਰਵਾਸੀ ਸਾਹਿਤ ਨੂੰ ਪਰਵਾਸੀ ਕਰਾਉਣ ਤੋਂ ਝਿਜਕ ਵੀ ਮਹਿਸੂਸ ਨਹੀਂ ਕਰਦੀ।
ਪਰਵਾਸ ਵਿਚ ਜਿਸ ਪੱਧਰ ਦਾ ਅਤੇ ਗਿਣਤੀ ਵਿਚ ਸਾਹਿਤ ਦੀ ਰਚਨਾ ਹੋ ਰਹੀ ਹੈ ਉਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਹੈ। ਉਸ ਸਮੁੱਚੇ ਸਾਹਿਤ ਨੂੰ ਵਿਧਾਵਾਰ ਸੂਤਰਬੱਧ ਕਰਨਾ ਜ਼ਰੂਰੀ ਅਤੇ ਸਮੇਂ ਦੀ ਲੋੜ ਹੈ। ਇਸ ਲਈ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਨੂੰ ਨਵੇਂ ਜਾਵੀਏ ਤੋਂ ਸੂਤਰਬੱਧ ਕਰਨ ਦੀ ਲੋੜ ਹੈ। ਸਮਕਾਲ ਵਿਚ ਲਿਖੇ ਸਾਹਿਤ ਨੂੰ ਅਧੁਨਿਕਤਾ ਦੇ ਨਾਂ ਥੱਲੇ ਸੂਤਰਬੱਧ ਕਰਨਾ ਕਈ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਜਿਵੇਂ ਜਿਵੇਂ ਸਾਹਿਤ ਵਿਚਾਰਧਾਰਕ ਨਿਸ਼ਚੈਵਾਦ ਤੋਂ ਮੁਕਤ ਹੋ ਰਿਹਾ ਹੈ ਬਿਰਤਾਂਤਕ ਪਰੰਪਰਾ ਵਿਚ ਪਾਤਰਾਂ ਅਤੇ ਸਾਹਿਤ ਦੇ ਬਹੁਧੁਨੀ ਮੁੱਖੀ ਹੋਣ ਅਤੇ ਖੁਦਮੁਖਤਾਰੀ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਸਾਹਿਤ ਦਾ ਪੁਨਰ ਮੁਲੰਕਣ ਕਰਨ ਦੀ ਲੋੜ ਵਧ ਰਹੀ ਹੈ। ਇਤਿਹਾਸਕਾਰੀ ਲਈ ਵੀ ਨਵੀਆਂ ਚੁਣੌਤੀਆਂ ਸਾਹਮਣੇ ਆ ਰਹੀਆਂ ਹਨ। ਪਰਵਾਸੀ ਸਾਹਿਤ ਨੂੰ ਇਤਿਹਾਸਕ ਤਰਤੀਬ, ਇਤਿਹਾਸਕ ਚੇਤਨਾ, ਇਤਿਹਾਸਕ ਪ੍ਰਸੰਗਾਂ, ਵਿਚਾਰਧਾਰਕ ਪੜਾਵਾਂ ਦੇ ਪ੍ਰਸੰਗ ਵਿਚ ਰੱਖ ਕੇ ਵਾਰਤਾ ਜ਼ਰੂਰੀ ਹੈ। ਇਸ ਇਤਿਹਾਸਕ ਤਰਤੀਬ ਨੂੰ ਕਿਸੇ ਮੋਟੇ ਠੁੱਲੇ ਰੂਪ ਵਿਚ ਸੂਤਰਬੱਧ ਕਰਨ ਦੀ ਥਾਂ ਇਸ ਦਾ ਵਿਧਾਵਾਰ ਸਰਵਾ ਕਰਨਾ ਜ਼ਰੂਰੀ ਹੈ। ਸੰਸਾਰ ਦੇ ਵੱਖ ਵੱਖ ਖੇਤਰਾਂ ਵਿਚ ਰਚੇ ਜਾ ਰਹੇ ਪੰਜਾਬੀ ਸਾਹਿਤ ਦੇ ਸਾਰੇ ਸੂਤਰਾਂ ਦੀ ਤਲਾਸ਼ ਇਕ ਵੱਡੀ ਸਮੱਸਿਆ ਬਣੀ ਹੋਈ ਹੈ। ਪਰਵਾਸੀ ਪੰਜਾਬੀ ਸਾਹਿਤ ਨਾਲ ਜੁੜੀ ਆਲੋਚਨਾ ਵੀ ਇਕ ਵੱਡੀ ਸਮੱਸਿਆ ਹੈ। ਕੁਝ ਪੰਜਾਬੀ ਸਾਹਿਤ ਦੇ ਟਿਪਣੀਕਾਰਾਂ ਅਤੇ ਆਲੋਚਕਾਂ ਨੇ ਕੁਝ ਲੇਖਕਾਂ ਦੀ ਪਛਾਣ ਕੀਤੀ ਹੋਈ ਹੈ। ਉਹ ਹਰ ਪਰਚੇ ਵਿਚ ਉਹਨਾਂ ਦਾ ਜ਼ਿਕਰ ਕਰਦੇ ਹਨ ਭਾਵੇਂ ਉਹ ਵਿਚਾਰਧਾਰਾ ਜਾਂ ਚਿੰਤਨ ਦੀ ਉਸ ਕੋਟੀ ਵਿਚ ਫਿੱਟ ਬੈਠਦਾ ਹੋਵੇ ਜਾਂ ਨਾ। ਇਹ ਸਥਿਤੀ ਆਲੋਚਕ ਲਈ ਤਾਂ ਸਮੱਸਿਆ ਬਣਦੀ ਹੀ ਹੈ ਸਗੋਂ ਲੇਖਕ ਨੂੰ ਹਾਸੋਹੀਣੀ ਸਥਿਤੀ ਵਿਚ ਪਾ ਦਿੰਦੀ ਹੈ। ਅਜਿਹੀ ਸਥਿਤੀ ਤੋਂ ਬਚ ਕੇ ਹੀ ਪਰਵਾਸੀ ਸਾਹਿਤ ਦੀ ਇਤਿਹਾਸਕਾਰੀ ਦੀ ਸਮੱਸਿਆ ਨਾਲ ਨਜਿੱਠੀਆਂ ਜਾ ਸਕਦਾ ਹੈ। ਸੰਸਾਰ ਦੇ ਵੱਖੋ ਵੱਖਰੇ ਹਿੱਸਿਆਂ ਵਿਚ ਰਚੇ ਜਾ ਰਹੇ ਸਾਹਿਤ ਦੀ ਹੋਂਦ ਵਿਧੀ ਅਤੇ ਹੋਂਦ-ਪ੍ਰਕ੍ਰਿਆ ਨੂੰ ਜਦੋਂ ਉਥੋਂ ਦੀ ਇਤਿਹਾਸਕ ਪ੍ਰਕ੍ਰਿਆ ਵਿਚ ਰੱਖ ਕੇ ਵਾਚਿਆ ਜਾਵੇਗਾ ਤਾਂ ਇਤਿਹਾਸਕ ਵਿਕਾਸ ਦੀ ਸਮੁੱਚੀ ਪ੍ਰਕ੍ਰਿਆ ਵਿਚ ਪੰਜਾਬੀਆਂ ਦੀ ਭੂਮਿਕਾ, ਉਥੋਂ ਦੇ ਸਮਾਜਕ ਰਾਜਨੀਤਕ ਅਤੇ ਸਭਿਆਚਾਰਕ ਵਰਤਾਰੇ ਪ੍ਰਤੀ ਹੁੰਗਾਰੇ ਦੀ ਨਿਸ਼ਾਨਦੇਹੀ ਕਰਨੀ ਵੀ ਜ਼ਰੂਰੀ ਹੋਵੇਗੀ। ਇਸ ਲਈ ਇਤਿਹਾਸ ਪ੍ਰਤੀ ਦਵੰਦਾਤਮਕ ਪਹੁੰਚ ਅਪਣਾਉਣਾ ਹੋਵੇਗਾ। ਇਸ ਪ੍ਰਕਾਰ ਪਰਵਾਸੀ ਸਾਹਿਤ ਦੀ ਇਤਿਹਾਸਕਾਰੀ ਇਕ ਮੂਲ ਸਮੱਸਿਆ ਹੈ।
ਪਰਵਾਸ ਕਿਸੇ ਇਕ ਦੇਸ਼ ਤਕ ਸੀਮਤ ਨਹੀਂ ਹੈ। ਇਹ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਤੱਕ ਫੈਲਿਆ ਹੋਇਆ ਹੈ। ਹਰ ਦੇਸ਼ ਦੀ ਸਥਿਤੀ ਵੱਖਰੀ ਹੈ। ਹਰ ਦੇਸ਼ ਦੀ ਸਥਿਤੀ ਅਨੁਸਾਰ ਪਰਵਾਸੀਆਂ ਦੇ ਵਿਰੋਧ ਅਤੇ ਸਮਨਵੇਂ ਦੀ ਸਥਿਤੀ ਵੀ ਵੱਖੋ ਵੱਖਰੀ ਹੈ। ਇਸੇ ਲਈ ਹਰ ਦੇਸ਼ ਵਿਚ ਰਚੇ ਜਾ ਰਹੇ ਸਾਹਿਤ ਵਿਚ ਭਾਵੇਂ ਕੁਝ ਸੂਤਰ ਸਾਂਝੇ ਹਨ ਪਰੰਤੂ ਵੱਖਰਤਾ ਦਾ ਤੱਤ ਭਾਰੂ ਰੂਪ ਵਿਚ ਮੌਜੂਦ ਹੈ। ਬਰਤਾਨੀਆਂ ਕੈਨੇਡਾ ਅਤੇ ਅਮਰੀਕਾ ਵਿਚ ਰਚੇ ਜਾ ਰਹੇ ਸਾਹਿਤ ਦੀ ਮੂਲ ਸੁਰ ਵਿਚ ਕਈ ਵੱਖਰਤਾਵਾਂ ਮੌਜੂਦ ਹਨ। ਬਰਤਾਨੀਆਂ ਵਿਚ ਰਚਿਆ ਗਿਆ ਪਹਿਲੇ ਪੜਾਅ ਦਾ ਸਾਹਿਤ ਭੂ-ਹੇਰਵੇ ਅਤੇ ਨਸਲਵਾਦ ਦੇ ਸੰਕਟ ਨਾਲ ਸਬੰਧਿਤ ਸੀ। ਇਸ ਦੇ ਕਾਰਨ ਉਥੋਂ ਦੀ ਸਮਾਜਿਕ, ਸਭਿਆਚਾਰਕ ਅਤੇ ਰਾਜਨੀਤਕ ਸਥਿਤੀ ਵਿਚ ਮੌਜੂਦ ਸਨ। ਉਹਨਾਂ ਦਾ ਪਹਿਲਾਂ ਟਕਰਾਅ ਕੰਮ ਦੇ ਮਸਲੇ ਨੂੰ ਲੈ ਕੇ ਹੋਇਆ। ਫੈਕਟਰੀਆਂ ਅਤੇ ਫਾਊਂਡਰੀਆਂ ਵਿਚ ਸਥਾਨਕ ਮਜ਼ਦੂਰਾਂ ਦੇ ਮੁਕਾਬਲੇ ਵਿਚ ਪਰਵਾਸੀਆਂ ਦੇ ਆਉਣ ਕਰਕੇ ਵਿਰੋਧ ਤਿੱਖੇ ਹੋਣੇ ਸ਼ੁਰੂ ਹੋਏ। ਇਹ ਵਿਰੋਧ ਨਸਲੀ ਵਿਤਕਰੇ ਤਕ ਪਹੁੰਚ ਗਿਆ। ਅਜਿਹੀ ਸਥਿਤੀ ਵਿਚ ਪਿਛੋਕੜ ਪ੍ਰਤੀ ਹੇਰਵਾ ਸੁਭਾਵਕ ਵਰਤਾਰਾ ਬਣ ਜਾਂਦਾ ਹੈ। ਇਸ ਲਈ ਸਾਹਿਤ ਵਿਚ ਭੂਹੇਰਵਾ ਅਤੇ ਨਸਲਵਾਦ ਕੇਂਦਰ ਵਿਚ ਆ ਗਏ। ਇਸ ਤੋਂ ਬਾਅਦ ਅਗਲਾ ਪੜਾਅ ਸਭਿਆਚਾਰਕ ਟਕਰਾਅ ਵਾਲਾ ਆਇਆ ਭਾਰਤ ਵਿਚੋਂ ਗਏ ਪੰਜਾਬੀਆਂ ਵਿਚ ਬਹੁ-ਗਿਣਤੀ ਕਿਸਾਨੀ ਪਿਛੋਕੜ ਵਾਲੀ ਸੀ। ਕਿਸਾਨੀ ਸੁਭਾਅ ਵਿਚ ਬਹੁਤ ਸਾਰੀਆਂ ਅਲਾਮਤਾਂ ਬੰਦ ਸਭਿਆਚਾਰ ਵਾਲੀਆਂ, ਉਚੀ ਸੁਰ ਵਾਲੇ ਸੁਭਾਅ ਦੀਆਂ ਧਾਰਨੀ ਅਤੇ ਆਪਣੀ ਸਪੇਸ ਪੈਦਾ ਕਰਨ ਲਈ ਅਧਿਕਾਰਾਂ ਖਾਤਰ ਜੂਝਣ ਵਾਲੀ ਮਾਨਸਿਕ ਨਾਲ ਉਤਪੋਤ ਸਨ। ਇਸ ਲਈ ਗੋਰੇ ਸਮਾਜ ਨਾਲ ਕਈ ਖੇਤਰਾਂ ਵਿਚ ਟਕਰਾਅ ਸੁਭਾਵਕ ਸੀ। ਇਸੇ ਸੁਭਾਅ ਕਾਰਨ ਪਰਵਾਸੀਆਂ ਦੀ ਉਥੇ ਪਲੀ ਪੀੜ੍ਹੀ ਨਾਲ ਟਕਰਾਅ ਸੁਭਾਵਕ ਸੀ। ਉਥੇ ਜੰਮੀ ਪਲ੍ਹੀ ਪੀੜ੍ਹੀ ਨਵੀਆਂ ਜੀਵਨ ਕੀਮਤਾਂ ਦੀ ਧਾਰਨੀ ਸੀ। ਖੁਲ੍ਹਾਂ ਉਥੋਂ ਦੇ ਸੁਭਾਅ ਦਾ ਹਿੱਸਾ ਬਣ ਗਈਆਂ ਸਨ। ਇਸ ਨਾਲ ਪੀੜ੍ਹੀ ਪਾੜੇ ਦਾ ਮਸਲਾ ਵੀ ਉਪ-ਸਭਿਆਚਾਰਾਂ ਦੇ ਟਕਰਾਅ ਦਾ ਰੂਪ ਧਾਰਨ ਕਰ ਗਿਆ। ਇਹ ਸਾਰੇ ਮਸਲੇ ਪਰਵਾਸੀ ਪੰਜਾਬੀ ਸਾਹਿਤ ਦੀ ਕੇਂਦਰੀ ਸੁਰ ਬਣ ਕੇ ਉਭਰਨੇ ਸ਼ੁਰੂ ਹੋਏ ਹੌਲੇ ਹੌਲੇ ਕੇਂਦਰ ਵਿਚ ਆ ਗਏ। ਇਹ ਪਰਵਾਸੀ ਸਾਹਿਤ ਦੇ ਉਹ ਸਰੋਕਾਰ ਹਨ ਜਿਹੜੇ ਬਰਤਾਨੀਆਂ, ਕਨੇਡਾ ਅਤੇ ਅਮਰੀਕਾ ਵਿਚ ਰਚੇ ਸਾਹਿਤ ਵਿਚੋਂ ਬਰਤਾਨੀਆਂ ਵਿਚ ਤਿੱਖੇ ਰੂਪ ਵਿਚ ਪੇਸ਼ ਹੋਏ। ਕੈਨੇਡਾ ਵਿਚਲਾ ਪਹਿਲੇ ਪੜਾਅ ਦਾ ਸਾਹਿਤ ਇਸ ਦੇ ਆਸ ਪਾਸ ਹੀ ਘੁੰਮਦਾ ਹੈ। ਵਿਸ਼ੇਸ਼ ਤੌਰ ਤੇ ਗਲਪ ਵਿਚ ਨਾਵਲ ਅਤੇ ਕਹਾਣੀ ਵਿਚੋਂ ਕਹਾਣੀ ਵਿਚ ਬੜੇ ਤਿੱਖੇ ਪ੍ਰਤੀਕਰਮ ਸਾਹਮਣੇ ਆਏ। ਇਸੇ ਪ੍ਰਕਾਰ ਕਵਿਤਾ ਦੇ ਖੇਤਰ ਵਿਚ ਇਹ ਪ੍ਰਤੀਕਰਮ ਹੋਰ ਵੀ ਤੀਬਰ ਰੂਪ ਵਿਚ ਹੋਇਆ। ਅਜਿਹੀ ਕਵਿਤਾ ਉੱਚੇ ਸੁਰ, ਤਿੱਖੇ ਰੋਹ ਅਤੇ ਲਲਕਾਰ ਵਾਲੀ ਸੀ। ਇਸ ਵਿਚ ਬਹੁਤੀ ਕਵਿਤਾ ਸਮਰਾਜ ਵਿਰੋਧੀ ਮੁਹਾਵਰੇ ਵਾਲੀ ਅਤੇ ਰਾਜਨੀਤਿਕ ਅਵਚੇਤਨ ਤੋਂ ਪ੍ਰਭਾਵਿਤ ਸੀ। ਗਿਣਤੀ ਦੇ ਪਖੋਂ ਵੀ ਸਾਹਿਤ ਦੀਆਂ ਸਾਰੀਆਂ ਵਿਧਾਵਾਂ ਨਾਲੋਂ ਕਵਿਤਾ ਵੱਧ ਲਿਖੀ ਜਾ ਰਹੀ ਸੀ। ਵੀਹਵੀਂ ਸਦੀ ਦੇ ਸੱਤਵੇਂ ਅੱਠਵੇਂ ਦਹਾਕੇ ਦੇ ਪੰਜਾਬੀ ਸਾਹਿਤ ਵਿਚ ਇਹ ਕੇਂਦਰੀ ਸੁਰ ਬਣ ਕੇ ਉਭਰੀ ਹੈ। ਪਰਵਾਸੀ ਪੰਜਾਬੀ ਸਾਹਿਤ ਵਿਚ ਮੁੱਖ ਮਸਲਾ ਅਜਿਹੇ ਸਾਹਿਤ ਦੀ ਨਿਸ਼ਾਨਦੇਹੀ ਅਤੇ ਵੱਖੋ ਵੱਖਰੇ ਖਿੱਤਿਆਂ ਵਿਚ ਲਿਖੇ ਜਾ ਰਹੇ ਸਾਹਿਤ ਦੀ ਸਾਂਝ ਅਤੇ ਵਖਰੇਵਿਆਂ ਦੀ ਤਲਾਸ਼ ਕਰਨਾ ਹੈ। ਇਸ ਨਾਲ ਸਾਹਿਤਕ ਪ੍ਰਵਿਰਤੀਆਂ ਦੀ ਕਾਲ-ਵੰਡ ਵੀ ਕੀਤੀ ਜਾ ਸਕਦੀ ਹੈ। ਸਥਾਨਕ ਲੋਕਾਂ ਨਾਲ ਵਿਰੋਧ ਦਾ ਇਹ ਇਕ ਵਿਸ਼ੇਸ਼ ਪੜਾਅ ਸੀ। ਇਸ ਪੜਾਅ ਤੋਂ ਬਾਅਦ ਪਰਵਾਸੀ ਪੰਜਾਬੀ ਸਾਹਿਤ ਸਿਰਜਣਾ ਵਿਚ ਗੁਣਾਤਮਕ ਤਬਦੀਲੀ ਵਾਪਰਦੀ ਹੈ। ਇਹਨਾਂ ਖਿੱਤਿਆ ਵਿਚ ਗੋਰਿਆਂ ਦੀ ਲਿਬਰਲ ਡੈਮੋਕਰੇਟਿਕ ਮਾਨਸਿਕਤਾ ਅਤੇ ਪਰਵਾਸੀਆਂ ਦੀ ਵੱਧਦੀ ਗਿਣਤੀ ਅਤੇ ਪਰਵਾਸੀਆਂ ਦੁਆਰਾ ਸਥਾਨਕ ਦੇਸ਼ਾਂ ਨੂੰ ਆਪਣੀ ਧਰਤੀ ਸਵਿਕਾਰਨ ਦੀ ਮਾਨਸਿਕਤਾ ਨੇ ਪਰਵਾਸੀਆਂ ਦੀ ਮਾਨਸਿਕਤਾ ਅਤੇ ਵਿਹਾਰ ਵਿਚ ਵੱਡੀ ਤਬਦੀਲੀ ਨੂੰ ਜਨਮ ਦਿੱਤਾ।
ਇਸ ਤਬਦੀਲੀ ਕਾਰਨ ਗੋਰਿਆਂ ਪ੍ਰਤੀ ਬਣੀ ਪਰੰਪਰਾਗਤ ਮਿੱਥ ਟੁੱਟੀ ਹੈ। ਹੁਣ ਸਾਰੇ ਗੋਰੇ ਸਾਮਰਾਜ ਦੇ ਪ੍ਰਤੀਨਿਧ ਅਤੇ ਨਸਲਵਾਦੀ ਨਹੀਂ ਹਨ। ਗੋਰੇ ਸਮਾਜ ਨਾਲ ਜੁੜੇ ਸਭਿਆਚਾਰ ਦਾ ਸਕਾਰਾਤਮਕ ਰੂਪ ਪਰਵਾਸੀ ਪੰਜਾਬੀ ਸਾਹਿਤ ਵਿਚੋਂ ਉਭਰਨਾ ਸ਼ੁਰੂ ਹੋਇਆ। ਸਭ ਤੋਂ ਪਹਿਲਾਂ ਅਜਿਹਾ ਚਿੱਤਰ ਕੈਨੇਡਾ ਵਿਚ ਰਚੀ ਜਾ ਰਹੀ ਪੰਜਾਬੀ ਕਹਾਣੀ ਵਿਚੋਂ ਉਭਰਨਾ ਸ਼ੁਰੂ ਹੋਇਆ। ਇਸ ਕਹਾਣੀ ਦੀ ਮੁਖ ਸੁਰ ਵਿਅਕਤੀ ਪਰਤਾ ਤੋਂ ਮੁਕਤ ਹੋ ਕੇ ਜਮਾਤੀ ਰੂਪ ਵਿਚ ਤਬਦੀਲੀ ਹੋਣੀ ਸ਼ੁਰੂ ਹੋਈ। ਅਮਰੀਕਾ ਵਿਚ ਰਚੀ ਜਾ ਰਹੀ ਕਹਾਣੀ ਅਤੇ ਨਾਵਲ ਇਸ ਸਮਨਵੇਂ ਦੀ ਸੁਰ ਨੂੰ ਉੱਚਾ ਕਰਦੇ ਹਨ। ਵਿਸ਼ੇਸ਼ ਤੌਰ ਤੇ ਇਸਲਾਮਕ ਮੂਲਵਾਦੀਆਂ ਵਲੋਂ ਅਮਰੀਕਾ ਉਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕਹਾਣੀ ਦੀ ਵਸਤੂ-ਸਥਿਤੀ ਵਿਚ ਇਕ ਨਵੀਂ ਚੇਤਨਾ ਉਭਰਦੀ ਹੈ। ਬਰਤਾਨੀਆਂ ਵਿਚ ਰਚੀ ਜਾ ਰਹੀ ਕਹਾਣੀ ਵਿਸ਼ੇਸ਼ ਤੌਰ ਤੇ ਗੋਰੇ ਸਮਾਜ ਦੇ ਹਾਂ ਮੁੱਖੀ ਸਭਿਆਚਾਰ ਨੂੰ ਪੇਸ਼ ਕਰਦੀ ਹੈ। ਇਸੇ ਪ੍ਰਕਾਰ ਬਰਤਾਨੀਆਂ ਵਿਚਲਾ ਨਵਾਂ ਨਾਵਲ ਇਸ ਤਬਦੀਲੀ ਨੂੰ ਹੁੰਗਾਰਾ ਭਰ ਰਿਹਾ ਹੈ। ਅਜਿਹੇ ਸਾਹਿਤ ਦੀ ਪਛਾਣ ਪਰਵਾਸੀ ਸਮਾਜ ਨੂੰ ਨਵੇਂ ਪਰਿਪੇਖ ਵਿਚ ਸਮਝਣ ਦਾ ਵਾਹਨ ਬਣ ਸਕਦੀ ਹੈ। ਪੰਜਾਬੀ ਆਲੋਚਕ ਦੀ ਅਜੇ ਇਹ ਸੀਮਾ ਬਣੀ ਹੋਈ ਹੈ। ਉਹ ਅਜੇ ਚੋਣਵੀ ਟੈਕਸਟ ਲੈ ਕੇ ਉਸ ਵਿਚਲੀ ਸੰਵਾਦਮੁਖੀ ਸੁਰ ਨੂੰ ਉਭਾਰਨ ਦੀ ਥਾਂ ਪ੍ਰਸੰਸਾਮਈ ਟਿਪਣੀਆਂ ਕਰਨ ਵਿਚ ਰੁਝਾ ਹੋਇਆ ਹੈ। ਪਰਵਾਸੀ ਸਾਹਿਤ ਦੇ ਸਮੁੱਚੇ ਪ੍ਰਸੰਗਾ ਵਿਚ ਸਮਝਣ ਦੀ ਸਮੱਸਿਆ ਅਜੇ ਗੰਭੀਰ ਸਮੱਸਿਆ ਹੈ। ਇਸ ਉਤੇ ਕਾਬੂ ਪਾ ਕੇ ਹੀ ਪਰਵਾਸੀ ਸਾਹਿਤ ਅਤੇ ਸਾਹਿਤਕਾਰ ਦੀ ਸਹੀ ਸਥਿਤੀ ਨੂੰ ਸਮਝਿਆ ਜਾ ਸਕਦਾ ਹੈ।
ਪਰਵਾਸ ਵਿਚ ਰਚਿਆ ਜਾਣ ਵਾਲਾ ਸਾਹਿਤ ਮੂਲ ਪੰਜਾਬੀ ਸਾਹਿਤ ਵਾਂਗ ਹੀ ਪ੍ਰਵਿਰਤੀਆਂ ਮੂਲਕ ਰਿਹਾ ਹੈ। ਇਕ ਪੜਾਅ ਵਿਚੋਂ ਲੰਘ ਕੇ ਇਹ ਪ੍ਰਵਿਰਤੀ ਤੋਂ ਮੁਕਤ ਹੋ ਕੇ ਇਕ ਵਿਚਾਰਧਾਰਕ ਨਿਸ਼ਚੈਵਾਦ ਤੋਂ ਮੁਕਤ ਪ੍ਰਵਿਤਰੀ ਦਾ ਸ਼ਿਕਾਰ ਹੋ ਗਿਆ। ਸਾਡੇ ਆਧੁਨਿਕ ਪੰਜਾਬੀ ਸਾਹਿਤ ਉਤੇ ਵਿਚਾਰਧਾਰਕ ਤੌਰ ਤੇ ਪ੍ਰਗਤੀਵਾਦੀ ਪ੍ਰਵਿਰਤੀ ਦਾ ਬਹੁਤ ਅਸਰ ਰਿਹਾ ਹੈ। ਭਾਰਤ ਵਿਚ 1936 ਵਿਚ ਲਖਨਊ ਵਿਖੇ ਹੋਈ ਪ੍ਰਗਤੀਵਾਦੀ ਲੇਖਕ ਸੰਘ ਦੀ ਸਥਾਪਨਾ ਅਤੇ ਉਸ ਵਿਚ ਪਾਸ ਹੋਏ ਘੋਸ਼ਣਾ ਪੱਤਰ ਨੇ ਕੌਮਾਂਤਰੀਵਾਦ ਦੇ ਪ੍ਰਭਾਵ ਅਧੀਨ ਪੰਜਾਬੀ ਸਾਹਿਤ ਨੂੰ ਵੀ ਪ੍ਰਭਾਵਿਤ ਕੀਤਾ। ਉਸ ਲਾਹਿਰ ਨੇ ਪਰਵਾਸੀ ਪੰਜਾਬੀ ਸਾਹਿਤ ਨੂੰ ਵੀ ਆਪਣੇ ਕਲਾਵੇ ਵਿਚ ਲੈ ਲਿਆ। ਇਹਨਾਂ ਵਿਚ ਕੁਝ ਲੇਖਕ ਤਾਂ ਖੱਬੇ ਪੱਖੀ ਪਾਰਟੀਆਂ ਜਾਂ ਲੇਖਕ ਸੰਘ ਨਾਲ ਜੁੜੇ ਹੋਏ ਸਨ ਪਰ ਬਹੁਤੇ ਮਾਨਵਵਾਦੀ ਸੋਚ ਦੇ ਮੌਕਲੇ ਘੇਰੇ ਨਾਲ ਜੁੜੇ ਹੋਏ ਸਨ। ਇਸੇ ਲਈ ਇਹ ਨਸਲਵਾਦ ਵਰਗੇ ਮੁੱਦੇ ਨੂੰ ਸਾਮਰਾਜੀ ਦ੍ਰਿਸ਼ਟੀ ਤੋਂ ਚਿਤਰ ਰਹੇ ਸਨ। ਇਹਨਾਂ ਦੀਆਂ ਰਚਨਾਵਾਂ ਵਿਚ ਪਰਵਾਸੀ ਲੋਕ ਇਕ ਜਮਾਤੀ ਸੰਘਰਸ਼ ਵਿਚ ਲੱਗੇ ਹੋਏ ਸਨ। ਉਹ ਇਕੋ ਵਾਰੀ ਸਮਰਾਜੀ ਨਸਲਵਾਦ, ਸਭਿਆਚਾਰ ਤਣਾਅ ਅਤੇ ਪੀੜ੍ਹੀ ਪਾੜੇ ਨੂੰ ਚਿਤਰ ਰਹੇ ਸਨ ਸਾਮਰਾਜ ਵਿਰੁੱਧ ਰਾਜਨੀਤਕ ਸੰਘਰਸ਼ ਕਦੇ ਉਭਰਵੇਂ ਰੂਪ ਵਿਚ ਅਤੇ ਕਦੇ ਪ੍ਰਿਸ਼ਠ ਭੂਮੀ ਵਿਚ ਚਲ ਰਹੇ ਸਨ। ਪਰਵਾਸੀ ਪੰਜਾਬੀ ਨਾਵਲ ਵਿਚ ਇਹ ਅਜੇ ਵੀ ਮੂਲ ਧੁਨੀ ਬਣ ਕੇ ਉਭਰ ਰਹੀ ਹੈ। ਸਵਰਨ ਚੰਦਨ ਦਾ ਨਾਵਲ 'ਕੰਜਕਾਂ' ਦਰਸ਼ਨ ਧੀਰ ਦਾ 'ਸੰਘਰਸ਼', ਸੰਤੋਖ ਧਾਲੀਵਾਲ ਦਾ 'ਸਰਘੀ', ਸਾਧੂ ਸਿੰਘ ਧਾਮੀ ਦਾ 'ਮਲੂਕਾ', ਜਰਨੈਲ ਸਿੰਘ ਸੇਖਾ ਦਾ 'ਵਿਗੋਚਾ' ਦੀ ਮੁਖ ਸੁਰ ਇਹਨਾਂ ਸਮੱਸਿਆਵਾਂ ਦੁਆਲੇ ਹੀ ਘੁੰਮਦੀ ਹੈ। ਇਸੇ ਪ੍ਰਕਾਰ ਵਰਤਮਾਨ ਸੰਕਟਾਂ ਨੂੰ ਚਿਤਰਦੇ ਹੋਏ ਨਾਵਲਕਾਰ ਵੀ ਪ੍ਰਗਤੀਵਾਦੀ ਸੋਚ ਨਾਲ ਜੁੜੇ ਹੋਏ ਹਨ। ਇਹਨਾਂ ਵਿਚ ਸ਼ਿਵਚਰਨ ਗਿੱਲ ਦਾ 'ਲਾਵਾਰਸ', ਹਰਜੀਤ ਅਟਵਾਲ ਦਾ 'ਬ੍ਰਿਟਿਸ਼ ਬੋਰਨ ਦੇਸ਼ੀ', ਸਾਧੂ ਸਿੰਘ ਬਿਨਿੰਗ ਦਾ 'ਜੁਗਤੂ' ਪ੍ਰੋ. ਹਰਿਭਜਨ ਸਿੰਘ ਦਾ 'ਬਦਲੇ ਸਿਵਿਆਂ ਦਾ ਸੇਕ' , ਨਕਸ਼ਦੀਪ ਪੰਜਕੋਹਾ ਦਾ 'ਗਿਰਵੀ ਹੋਏ ਮਨ' ਆਦਿ ਸ਼ਾਮਲ ਹਨ। ਕਹਾਣੀ ਦੇ ਖੇਤਰ ਵਿਚ ਵੀ ਸਵਰਨ ਚੰਦਨ, ਰਘਬੀਰ ਢੰਡ, ਤਰਸੇਮ ਨੀਲਗੀਰੀ, ਦਰਸ਼ਨ ਧੀਰ, ਹਰਜੀਤ ਅਟਵਾਲ, ਸਾਧੂ ਬਿਨਿੰਗ ਆਦਿ ਪ੍ਰਗਤੀਵਾਦੀ ਧਾਰਾ ਨਾਲ ਜੁੜੇ ਹੋਏ ਸਨ। ਪੰਜਾਬੀ ਕਹਾਣੀ ਦੇ ਖੇਤਰ ਵਿਚ ਸਭਿਆਚਾਰਕ ਸਮਨਵੇਂ, ਪਰਵਾਸੀ ਪੰਜਾਬੀਆਂ ਵਿਚ ਸੰਕਟ ਭੋਗਦੀ ਔਰਤ, ਜਾਤੀ ਸੰਕਟ ਦੇ ਸ਼ਿਕਾਰ ਪੰਜਾਬੀ ਭਾਰਤੀ ਉਪ-ਸਭਿਆਚਾਰਾਂ ਵਿਚ ਪੰਜਾਬੀ ਸਭਿਆਚਾਰ ਦੀ ਉਤਮਤਾ ਦਾ ਹੰਕਾਰ, ਗੋਰੇ ਸਮਾਜ ਦਾ ਸਕਾਰਾਤਮਕ ਰੂਪ ਵਰਗੇ ਸਰੋਕਾਰ ਉਭਰਕੇ ਸਾਹਮਣੇ ਆ ਰਹੇ ਸਨ। ਵੀਨਾ ਵਰਮਾ, ਸੰਤੋਖ ਧਾਲੀਵਾਲ, ਅਮਨ ਪਾਲ ਸਾਰਾ, ਹਰਪ੍ਰੀਤ ਸੇਖਾ, ਜਰਨੈਲ ਸਿੰਘ, ਕੁਲਜੀਤ ਮਾਨ, ਪਰਵੇਜ਼ ਸੰਧੂ ਦੀਆਂ ਕਹਾਣੀਆਂ ਇਹਨਾਂ ਸਰੋਕਾਰਾਂ ਦੁਆਲੇ ਹੀ ਘੁੰਮਦੀਆਂ ਹਨ। ਇਹਨਾਂ ਕਹਾਣੀਕਾਰਾਂ ਦੀਆਂ ਕਹਾਣੀਆਂ ਵਿਚਾਰਧਾਰਕ ਨਿਸਚੇਵਾਦ ਤੋਂ ਵੀ ਮੁਕਤ ਹਨ। ਇਹ ਕਹਾਣੀਆਂ ਦਿਸ਼ਾ ਮੂਲਕ ਹੋਣ ਦੀ ਥਾਂ ਦਸ਼ਾਮੂਲਕ ਹਨ। ਇਹ ਦ੍ਰਿਸ਼ਟੀਗਤ ਬਦਲਾਅ ਵੀ ਹੁਣ ਇਕ ਪ੍ਰਵਿਰਤੀ ਦਾ ਰੂਪ ਧਾਰਨ ਕਰ ਚੁੱਕਿਆ ਹੈ।
ਪਰਵਾਸੀ ਪੰਜਾਬੀ ਸਾਹਿਤ ਵਿਚ ਪ੍ਰਯੋਗਸ਼ੀਲਤਾ ਦੀ ਲਹਿਰ ਵੀ ਪੰਜਾਬੀ ਸਾਹਿਤ ਦੇ ਸਮਾਨੰਤਰ ਹੀ ਕਿਰਿਆਸ਼ੀਲ ਰਹੀ। ਇਹ ਪ੍ਰਵਿਰਤੀ ਅਸਲ ਵਿਚ ਪ੍ਰਗਤੀਵਾਦੀ ਲਹਿਰ ਦੇ ਵਿਚਾਰਧਾਰਕ ਨਿਸਚੇਵਾਦ ਦੇ ਵਿਰੋਧ ਵਿਚ ਸਾਹਮਣੇ ਆਈ। ਇਸ ਪ੍ਰਵਿਰਤੀ ਨੇ ਸੁਹਜ ਦੇ ਖੇਤਰ ਵਿਚ ਕੁਝ ਸਕਾਰਤਮਕ ਪ੍ਰਯੋਗ ਕੀਤੇ ਪਰ ਸਾਹਿਤ ਨੂੰ ਸਮਾਜਕ ਸਰੋਕਾਰਾਂ ਨਾਲੋਂ ਤੋੜਨ ਦੇ ਸੁਚੇਤ ਯਤਨ ਕੀਤੇ। ਰਵਿੰਦਰ ਰਵੀ, ਅਜਾਇਬ ਕਮਲ ਨੇ ਇਸ ਪ੍ਰਵਿਰਤੀ ਨੂੰ ਸਥਾਪਿਤ ਕੀਤਾ। ਇਹਨਾਂ ਨੇ ਇਸ ਪ੍ਰਵਿਰਤੀ ਨੂੰ ਪਰਵਾਸ ਵਿਚ ਰਹਿ ਕੇ ਸਥਾਪਿਤ ਕੀਤਾ। ਇਸ ਪ੍ਰਵਿਰਤੀ ਦੀ ਸਹੀ ਨਿਸ਼ਾਨਦੇਹੀ ਅਤੇ ਪੁਨਰ ਮੁਲੰਕਣ ਪਰਵਾਸੀ ਸਾਹਿਤ ਦੀ ਪ੍ਰਮੁੱਖ ਸਮੱਸਿਆ ਹੈ। ਇਹ ਸਮੱਸਿਆ ਪੰਜਾਬੀ ਆਲੋਚਕਾਂ ਸਾਹਮਣੇ ਵੱਡੀ ਚੁਣੌਤੀ ਹੈ। ਉਹਨਾਂ ਨੂੰ ਪ੍ਰਸੰਸਾਮਈ ਆਲੋਚਨਾਤਮਕ ਟਿਪਣੀਆਂ ਤੋਂ ਬਚ ਕੇ ਪਰਵਾਸੀ ਸਾਹਿਤ ਵਿਚ ਪ੍ਰਚੱਲਿਤ ਪ੍ਰਵਿਰਤੀਆਂ ਨੂੰ ਠੀਕ ਦਿਸ਼ਾ ਵਿਚ ਸਮਝਣਾ ਹੋਏਗਾ। ਇਹ ਸਮੱਸਿਆ ਪਰਵਾਸੀ ਸਾਹਿਤ ਦੀ ਵੱਡੀ ਸਮੱਸਿਆ ਹੈ।
ਪਰਵਾਸੀ ਪੰਜਾਬੀ ਸਾਹਿਤ ਨੇ ਪਿਛਲੇ ਤਿੰਨ ਦਹਾਕਿਆਂ ਵਿਚ ਆਪਣੀ ਪਛਾਣ ਨੂੰ ਗੂਹੜਾ ਕੀਤਾ ਹੈ। ਇਸ ਦੌਰ ਵਿਚ ਪਰਵਾਸੀ ਸਾਹਿਤ ਯੂਨੀਵਰਸਿਟੀਆਂ ਵਿਚ ਸਿਲੇਬਸਾਂ ਦਾ ਹਿੱਸਾ ਹੀ ਨਹੀਂ ਬਣਿਆ ਸਗੋਂ ਪਰਵਾਸੀ ਸਾਹਿਤ ਖੋਜ ਦੇ ਵੀ ਕੇਂਦਰ ਵਿਚ ਰਿਹਾ ਹੈ। ਖੋਜ ਦਾ ਬਹੁਤਾ ਕੰਮ ਵਿਅਕਤੀਗਤ ਲੇਖਕਾਂ ਤੇ ਹੋਇਆ ਹੈ। ਇਸ ਵਿਚ ਬਹੁਤਾ ਕੰਮ ਪ੍ਰਸੰਸਾਮਈ ਟਿਪਣੀਆਂ ਤੇ ਅਧਾਰਿਤ ਹੈ। ਕਈ ਆਲੋਚਕ ਪਰਵਾਸੀਆਂ ਤੇ ਲਿਖਣ ਨੂੰ ਹੀ ਪਹਿਲ ਦੇਂਦੇ ਹਨ। ਇਸ ਨਾਲ ਖੋਜ ਘੱਟ ਵਿਸ਼ਲੇਸ਼ਣ ਅਧਾਰਿਤ ਮੁਲੰਕਣ ਵਧੇਰੇ ਹੈ। ਭਾਰਤ ਵਿਚੋਂ ਪਰਵਾਸ ਸਿਰਫ਼ ਪੰਜਾਬੀਆਂ ਨੇ ਹੀ ਨਹੀਂ ਕੀਤਾ ਸਗੋਂ ਭਾਰਤ ਦੇ ਬਾਕੀ ਹਿੱਸਿਆ ਵਿਚੋਂ ਵੀ ਹੋਇਆ ਹੈ। ਉਹ ਪਰਵਾਸ ਨੂੰ ਕਿਵੇਂ ਲੈ ਰਹੇ ਹਨ? ਉਹ ਕਿਹੋ ਜਿਹਾ ਸਾਹਿਤ ਰਚ ਰਹੇ ਹਨ? ਅਜਿਹਾ ਕੋਈ ਖੋਜਮੂਲਕ ਤੁਲਨਾਤਮਕ ਅਧਿਐਨ ਸਾਡੇ ਕੋਲ ਮੌਜੂਦ ਨਹੀਂ ਹੈ। ਭਾਰਤ ਦੀਆਂ ਭਾਸ਼ਾਵਾਂ ਨਾਲ ਸਬੰਧਿਤ ਵੱਖੋ ਵੱਖਰੇ ਖਿੱਤਿਆਂ ਅਤੇ ਸਭਿਆਚਾਰਾਂ ਨਾਲ ਸਬੰਧਿਤ ਪਰਵਾਸੀ ਕਿਵੇਂ ਸੋਚਦੇ, ਮਹਿਸੂਸਦੇ ਅਤੇ ਆਪਣੀ ਸੰਵੇਦਨਾ ਨੂੰ ਸਾਹਿਤ ਵਿਚ ਕਿਵੇਂ ਢਾਲਦੇ ਹਨ ਉਹਨਾਂ ਦੀ ਸੰਵੇਦਨਾ ਦੇ ਕਿਹੜੇ ਕਿਹੜੇ ਖੇਤਰ ਹਨ? ਉਹ ਪੰਜਾਬੀ ਸੰਵੇਦਨਾ ਤੋਂ ਕਿਵੇਂ ਵੱਖਰੇ ਹਨ? ਇਹ ਖੋਜ ਦੇ ਖੇਤਰ ਹਨ। ਇਹਨਾਂ ਤੇ ਖੋਜ ਪਰਵਾਸੀ ਪੰਜਾਬੀ ਸਾਹਿਤ ਦੀ ਵੱਡੀ ਸਮੱਸਿਆ ਹੈ। ਇਹ ਸਮੱਸਿਆ ਇਥੋਂ ਤਕ ਗਹਿਰੀ ਹੈ ਕਿ ਹਿੰਦੀ ਭਾਸ਼ਾ ਵਿਚ ਕਿਹੋ ਜਿਹਾ ਸਾਹਿਤ ਲਿਖਿਆ ਜਾ ਰਿਹਾ ਹੈ। ਇਹ ਵੀ ਸਾਡੀ ਪਹੁੰਚ ਤੋਂ ਬਾਹਰ ਹੈ। ਅਮਕੀਰਾ ਵਿਚ ਵੱਸੀ ਹਿੰਦੀ ਵਿਚ ਲਿਖਦੀ ਕਹਾਣੀਕਾਰਾ ਸੁਧਾ ਉੱਮ ਢੀਂਗਰਾਂ ਦੀਆਂ ਕਹਾਣੀਆਂ ਦਾ ਖੇਤਰ ਪੰਜਾਬੀ ਵਿਚ ਲਿਖੀ ਜਾ ਰਹੀ ਪਰਵਾਸੀ ਕਹਾਣੀ ਤੋਂ ਬਿਲਕੁਲ ਵੱਖਰਾ ਹੈ। ਉਸ ਵਿਚ ਭਾਰਤੀ ਸਭਿਆਚਾਰ ਦੀ ਵਡਿਆਈ, ਵਪਾਰੀ ਵਰਗ ਦੀ ਜੀਵਨ ਜਾਂਚ, ਭਾਰਤੀ ਜੀਵਨ ਮੁੱਲਾਂ ਨਾਲ ਜੁੜੀ ਔਰਤ ਦੇ ਪ੍ਰਭਾਵ ਖੇਤਰ ਵਰਗੇ ਸਰੋਕਾਰ ਪੰਜਾਬੀ ਪਰਵਾਸੀ ਕਹਾਣੀ ਤੋਂ ਵੱਖਰੇ ਹਨ, ਇਹਨਾਂ 'ਵੱਖਰਤਾਵਾਂ ਦੇ ਕਾਰਨਾਂ ਦੀ ਤਲਾਸ਼ ਪਰਵਾਸੀ ਪੰਜਾਬੀ ਕਹਾਣੀ ਦਾ ਸਥਾਨ ਨਿਸਚਤ ਕਰਨ ਵਿਚ ਸਹਾਇਕ ਹੋ ਸਕਦੀ ਹੈ।
ਪਰਵਾਸੀ ਪੰਜਾਬੀ ਸਾਹਿਤ ਸਿਰਜਣਾ ਦੀਆਂ ਕਈ ਸਮੱਸਿਆਵਾਂ ਸਮੁੱਚੇ ਪੰਜਾਬੀ ਸਾਹਿਤ ਵਾਲੀਆਂ ਹੀ ਹਨ। ਇਹਨਾਂ ਵਿਚ ਕੁਝ ਸਮੱਸਿਆਵਾਂ ਵਿਧਾਵਾਂ ਦੇ ਵਖਰੇਵੇਂ ਨਾਲ ਜੁੜੀਆਂ ਹੋਈਆਂ ਹਨ। ਪੰਜਾਬੀ ਨਾਵਲ ਵਿਚ ਲੰਮਾ ਸਮਾਂ ਇਹ ਸਮੱਸਿਆ ਬਣੀ ਰਹੀ ਕਿ ਉਹ ਦੁਮੇਲਮੁਖੀ ਦੀ ਥਾਂ ਪੌੜੀਦਾਰ ਰੁਖ ਫੈਲਦਾ ਰਿਹਾ ਹੈ। ਇਸੇ ਲਈ ਸਾਡੇ ਬਹੁਤੇ ਨਾਵਲ ਵਿਚੋਂ ਨਾ ਕੋਈ ਸਮੁੱਚਾ ਕਾਲ-ਖੰਡ ਅਤੇ ਨਾ ਹੀ ਸਮਾਜ ਉੱਭਰਦਾ ਰਿਹਾ ਹੈ। ਬਹੁਤਾ ਨਾਵਲ ਕਿਸਾਨੀ ਸਭਿਆਚਾਰ ਦੁਆਲੇ ਘੁੰਮਦਾ ਰਿਹਾ ਹੈ। ਇਥੋਂ ਰਾਜਨੀਤਿਕ ਅਤੇ ਇਤਿਹਾਸਕ ਚੇਤਨਾ ਵਾਲੇ ਨਾਵਲ ਦੀ ਵੀ ਸਮੱਸਿਆ ਰਹੀ ਹੈ, ਬਹੁਤਾ ਪੰਜਾਬੀ ਨਾਵਲ ਪੰਜਾਬੀ ਇਤਿਹਾਸ ਦਾ ਪ੍ਰਮਾਣਿਕ ਦਸਤਾਵੇਜ਼ ਬਣਨ ਤੋਂ ਪਾਸੇ ਰਹਿ ਜਾਂਦਾ ਹੈ। ਪਿਛਲੇ ਦਹਾਕੇ ਵਿਚ ਰਚੇ ਜਾ ਰਹੇ ਨਾਵਲ ਨੇ ਇਸ ਪਾਸੇ ਹਾਂ-ਮੁੱਖੀ ਕਦਮ ਪੁੱਟਿਆ ਹੈ। ਪਰਵਾਸੀ ਨਾਵਲ ਵਿਚ ਸਵਰਨ ਚੰਦਨ ਦਾ 'ਕੰਜਕਾਂ' ਦਰਸ਼ਨ ਧੀਰ ਦਾ 'ਘਰ ਤੇ ਕਮਰੇ' ਸੰਤੋਖ ਧਾਲੀਵਾਲ ਦਾ 'ਸਰਘੀ' ਹਰਜੀਤ ਅਟਵਾਲ ਦਾ 'ਸਵਾਰੀ' ਸਾਧੂ ਸਿੰਘ ਧਾਮੀ ਦਾ 'ਮਲੂਕਾਂ' ਸਾਧੂ ਬਿਨਿੰਗ ਦਾ 'ਜੁਗਤੂ' ਦੋਮੇਲਮੁਖੀ ਫੈਲਦੇ ਹਨ। ਕਹਾਣੀ ਦੇ ਖੇਤਰ ਵਿਚ ਤਸੱਲੀਬਖ਼ਸ ਕੰਮ ਹੋਇਆ ਹੈ। ਕਵਿਤਾ ਬਹੁਤੀ ਸਮਕਾਲ ਨੂੰ ਸੰਬੋਧਿਤ ਰਹੀ ਹੈ। ਪਰ ਪਰਵਾਸੀ ਪੰਜਾਬੀ ਸਾਹਿਤ ਦੀ ਅਜੇ ਵੀ ਇਕ ਸੀਮਾ ਬਣੀ ਹੋਈ ਹੈ। ਇਹ ਸੀਮਾ ਇਸ ਦੇ ਪ੍ਰਭਾਵਿਤ ਖੇਤਰਾਂ ਅਤੇ ਕੇਂਦਰਿਤ ਮੁੱਦਿਆਂ ਦੀ ਹੈ।
ਪਰਵਾਸੀ ਪੰਜਾਬੀਆਂ ਦਾ ਬਹੁਤਾ ਹਿੱਸਾ ਛੋਟੀ ਕਿਸਾਨੀ ਅਤੇ ਦੁਆਬੇ ਖੇਤਰ ਨਾਲ ਸਬੰਧਿਤ ਰਿਹਾ ਹੈ। ਕਿਸਾਨੀ ਸਭਿਆਚਾਰ ਪ੍ਰਮੁੱਖ ਰੂਪ ਜਗੀਰਦਾਰੀ ਸਭਿਆਚਾਰ ਦਾ ਪ੍ਰਤੀਨਿਧ ਬਣ ਜਾਂਦਾ ਹੈ। ਜਦੋਂ ਕਿਸਾਨ ਮੁਜ਼ਾਰੇ ਤੋਂ ਭੂਮੀ ਮਾਲਕੀ ਵਿਚ ਪ੍ਰਵੇਸ਼ ਕਰਦਾ ਹੈ ਤਾਂ ਉਹ ਇਕ ਪੜਾਅ ਤੇ ਪਹੁੰਚ ਗਲਬਾ ਮੂਲਕ ਅਵਚੇਤਨ ਦਾ ਸ਼ਿਕਾਰ ਹੋ ਜਾਂਦਾ ਹੈ। ਕਿਸਾਨੀ ਵਿਚ ਵਰਗਗਤ ਦਰਜੇਬੰਦੀ ਵਿਚ ਛੋਟੀ ਕਿਸਾਨੀ ਨਾਲ ਸੰਬਧਿਤ ਹੋਣ ਦੇ ਬਾਵਜੂਦ ਰਿਸ਼ਤਿਆਂ ਦੇ ਖੇਤਰ ਵਿਚ ਵੀ ਮਾਲਕ ਵਾਲੇ ਹੈਂਕੜੀ ਸੁਭਾਅ ਦਾ ਧਾਰਨੀ ਬਣ ਜਾਂਦਾ ਹੈ। ਇਸ ਸੁਭਾਅ ਨੂੰ ਜਦੋਂ ਸੱਟ ਵੱਜਦੀ ਹੈ ਤਾਂ ਤਣਾਅ ਉਸ ਦੇ ਜੀਵਨ ਵਿਚ ਪ੍ਰਵੇਸ਼ ਕਰ ਜਾਂਦਾ ਹੈ। ਇਹ ਤਣਾਅ ਕਈ ਦਹਾਕਿਆਂ ਦੇ ਪ੍ਰਵੇਸ਼ ਤੋਂ ਬਾਅਦ ਵੀ ਉਸ ਦੇ ਅਵਚੇਤਨ ਦਾ ਹਿੱਸਾ ਬਣਿਆ ਹੋਇਆ ਹੈ। ਇਸੇ ਪੀੜਾ ਵਿਚੋਂ ਭੂਹੇਰਵਾ ਪੈਦਾ ਹੁੰਦਾ ਹੈ। ਗਲਬਾ ਮੂਲਕ ਸੁਭਾਅ ਦੀ ਧਾਰਨੀ ਹੋਣ ਕਰਕੇ ਕਿਸਾਨੀ ਵਿਕਸਤ ਸਭਿਆਚਾਰਕ ਨਾਲ ਵੀ ਟਕਰਾਅ ਵਿਚ ਪੈਦੀ ਹੈ। ਇਸੇ ਮਾਨਸਿਕਤਾ ਵਿਚੋਂ ਗੋਰੇ ਸਮਾਜ ਦਾ ਨਿੰਦਣੀ ਰੂਪ ਉਭਰਦਾ ਹੈ। ਆਪਣੀ ਨਵੀਂ ਪੀੜ੍ਹੀ ਨਾਲ ਟਕਰਾਅ ਵੀ ਇਸੇ ਮਾਨਸਿਕਤਾ ਵਿਚੋਂ ਪੈਦਾ ਹੁੰਦਾ ਹੈ। ਇਸ ਦੇ ਫਲਸਰੂਪ ਨਵੇਂ ਕੇਂਦਰਿਤ ਸਾਹਿਤ ਪੈਦਾ ਹੋਣ ਦੀਆਂ ਸੰਭਾਵਨਾਵਾਂ ਪੈਦਾ ਹੁੰਦੀਆਂ ਹਨ। ਇਸੇ ਲਈ ਬਹੁਤਾ ਪਰਵਾਸੀ ਪੰਜਾਬੀ ਸਾਹਿਤ ਆਪਣੀ ਜਾਤੀ ਅਤੇ ਜਮਾਤੀ ਸਰੋਕਾਰਾਂ ਤੋਂ ਬਾਹਰ ਨਹੀਂ ਨਿਕਲ ਰਿਹਾ। ਪਰਵਾਸ ਵਿਚ ਵੱਸ ਰਿਹਾ ਦਲਿਤ ਕਦੇ ਵੀ ਪਰਵਾਸੀ ਪੰਜਾਬੀ ਸਾਹਿਤ ਦੀ ਮੂਲ ਸੁਰ ਨਹੀਂ ਬਣ ਸਕਿਆ। ਪੰਜਾਬੀ ਵਿਚ ਵੀ ਦਲਿਤਾਂ ਅਤੇ ਹੋਰ ਜਾਤਾਂ ਜਮਾਤਾਂ ਨਾਲ ਕਿਸਾਨੀ ਦਾ ਸਬੰਧ ਕਾਰੋਬਾਰੀ ਵਿਹਾਰ ਤਕ ਸੀਮਤ ਹੈ। ਬਾਕੀ ਲੋਕਾਂ ਪ੍ਰਤੀ ਉਸਦੀ ਸੰਵੇਦਨਾ ਹੱਸਸਮੁਖੀ ਰਹੀ ਹੈ। ਇਸੇ ਪ੍ਰਕਾਸ ਪਰਵਾਸ ਵਿਚ ਜਿਹੜਾ ਗ਼ੈਰ-ਕਿਸਾਨੀ ਵਰਗ ਗਿਆ ਹੈ ਉਹ ਲਗਭਗ ਸਮੁੱਚੀ ਸਾਹਿਤ ਸਿਰਜਣਾ ਤੋਂ ਬਾਹਰ ਹੈ। ਇਸੇ ਪ੍ਰਕਾਰ ਇਕੀਵੀਂ ਸਦੀ ਵਿਚ ਸੂਚਨਾ ਤਕਨਾਲੌਜੀ ਅਤੇ ਤਕਨੀਕੀ ਸਿੱਖਿਆ ਦੇ ਖੇਤਰ ਵਿਚੋਂ ਇਕ ਵੱਡਾ ਹਿੱਸਾ ਪਰਵਾਸ ਵਿਚ ਜਾ ਕੇ ਵੱਸਿਆ ਹੈ। ਉਹਨਾ ਕੋਲ ਭਾਸ਼ਾ, ਗਿਆਨ ਜਾ ਜਾਣਕਾਰੀ ਦੀ ਕੋਈ ਕਮੀ ਨਹੀਂ ਹੈ। ਉਹ ਪਰਵਾਸ ਵਿਚ ਜਾ ਕੇ ਕਿਵੇਂ ਮਹਿਸੂਸ ਕਰਦੇ ਹਨ? ਉਹਨਾਂ ਦੇ ਤਣਾਅ, ਟਕਰਾਅ ਅਤੇ ਮੇਲਜੋਲ ਦੇ ਕਿਹੜੇ ਕਿਹੜੇ ਖੇਤਰ ਹਨ? ਇਹ ਮਸਲੇ ਅਜੇ ਸਾਡੀ ਸਾਹਿਤ ਸਿਰਜਣਾ ਦੀ ਵਸਤ ਨਹੀਂ ਬਣ ਰਹੇ। ਇਹ ਪੀੜ੍ਹੀ ਵੈਸੇ ਵੀ ਪੰਜਾਬੀ ਭਾਸ਼ਾ ਤੋਂ ਦੂਰ ਹੈ। ਇਹ ਆਪਣੀ ਸੰਵੇਦਨਾ ਦੇ ਪ੍ਰਗਟਾਵੇ ਦਾ ਅਧਾਰ ਕਿਹੜੀ ਭਾਸ਼ਾ ਨੂੰ ਬਣਾਉਂਦੀ ਹੈ ਇਹ ਅਜੇ ਕਹਿਣਾ ਮੁਸ਼ਕਲ ਹੈ। ਅਜਿਹੇ ਸਾਹਿਤ ਦੀ ਨਿਸ਼ਾਨਦੇਹੀ ਪੰਜਾਬੀ ਨਾਲ ਜੁੜੇ ਖੋਜਕਾਰਾਂ ਲਈ ਵੱਡੀ ਚੁਣੌਤੀ ਹੈ। ਅਜਿਹੇ ਸਾਹਿਤ ਬਾਰੇ ਜਾਣਕਾਰੀ ਅਤੇ ਫਿਰ ਮੁੱਖ ਸੁਰ ਵਾਲੇ ਸਾਹਿਤ ਨਾਲ ਉਸ ਦੀ ਤੁਲਨਾਤਮਕ ਅਧਿਐਨ ਵੱਡੀ ਸਮੱਸਿਆ ਹੈ। ਜਦੋਂ ਤਕ ਪਰਵਾਸੀ ਪੰਜਾਬੀ ਸਾਹਿਤ ਨਵੀਂ ਪੀੜ੍ਹੀ ਦੀ ਸੰਵੇਦਨਾ ਦੇ ਹਾਣ ਦਾ ਨਹੀਂ ਹੁੰਦਾ ਉਸ ਦੇ ਘੇਰੇ ਦੇ ਮੋਕਲੇ ਹੋਣ ਦੀਆਂ ਸੰਭਾਵਨਾਵਾਂ ਘੱਟ ਹਨ।
ਪਰਵਾਸੀ ਪੰਜਾਬੀ ਸਾਹਿਤਕਾਰ ਆਪਣੇ ਵਿਸ਼ਾਲ ਅਨੁਭਵ ਕਾਰਨ ਸੂਚਨਾਵਾਂ ਦੀ ਬਹੁਲਤਾ ਦੇ ਨੇੜੇ ਹੈ। ਉਸ ਦਾ ਵਾਹ ਇਕ ਪਾਸੇ ਵਿਕਸਤ ਸਭਿਅਤਾ ਅਤੇ ਸਭਿਆਚਾਰ ਨਾਲ ਪੈਂਦਾ ਹੈ ਦੂਜਾ ਉਹ ਵਿਕਸਤ ਸਾਹਿਤ ਨਾਲ ਵੀ ਜਾਣਕਾਰੀ ਰੱਖਦਾ ਹੈ। ਪੰਜਾਬੀ ਪਾਠਕ ਉਸ ਤੋਂ ਉਮੀਦ ਕਰਦਾ ਹੈ ਉਹ ਸਾਹਿਤ ਵਿਚ ਹੋ ਰਹੇ ਨਵੇਂ ਤਜਰਬਿਆਂ ਤੋਂ ਵਾਕਫ਼ ਹੋਏਗਾ। ਅੰਗਰੇਜ਼ੀ ਵਿਚ ਲਿਖਣ ਵਾਲੇ ਭਾਰਤੀਆਂ ਨੇ ਸੰਸਾਰ ਪੱਧਰ ਤੇ ਸਾਹਿਤ ਵਿਚ ਆਪਣਾ ਸਥਾਨ ਬਣਾਇਆ ਹੈ ਜਿਹਨਾਂ ਵਿਚ ਪੁਰਾਣਿਆਂ ਤੋਂ ਬਿਨਾ ਸਲਮਾਨ ਰਸ਼ਦੀ, ਵਿਕਰਮ ਸੇਠ, ਨਾਇਪਾਲ, ਅਰੁੰਧਤੀ ਰਾਇ, ਰੂਪਾ ਬਜਾਜ ਆਦਿ ਸ਼ਾਮਲ ਹਨ। ਪੰਜਾਬੀ ਲੇਖਕਾਂ ਦੁਆਰਾ ਰਚਿਤ ਸਾਹਿਤ ਉਹਨਾਂ ਦੇ ਸੀਮਤ ਅਨੁਭਵ ਦੁਆਲੇ ਹੀ ਘੁੰਮਦਾ ਹੈ। ਸ਼ਾਇਦ ਉਹ ਬਹੁਤ ਸਵੈ ਕੇਂਦਰਿਤ ਜੀਵਨ ਜਿਊਂਦੇ ਹਨ। ਇਸੇ ਲਈ ਵਿਸ਼ਾਲ ਤਜ਼ਰਬਿਆਂ ਤੋਂ ਮਹਿਰੂਮ ਹਨ। ਇਸ ਵਿਚ ਭਾਸ਼ਾ ਵੀ ਇਕ ਸਮੱਸਿਆ ਹੋ ਸਕਦੀ ਹੈ। ਜਿਹੜੇ ਲੇਖਕਾਂ ਨੇ ਅੰਗਰੇਜ਼ੀ ਵਿਚ ਲਿਖਣ ਦੀ ਕੋਸ਼ਿਸ਼ ਵੀ ਕੀਤੀ ਹੈ ਉਹਨਾਂ ਦੀ ਜ਼ਿਆਦਾ ਗੱਲ ਬਣੀ ਨਹੀਂ। ਪੰਜਾਬੀ ਲੇਖਕਾਂ ਦੀ ਇਹ ਇਕ ਵੱਡੀ ਸਮੱਸਿਆ ਹੈ।
ਪਰਵਾਸੀ ਪੰਜਾਬੀ ਰਚਨਾਵਾਂ ਵਿਚ ਪੇਸ਼ ਪਾਤਰਾਂ ਸਬੰਧੀ ਵੀ ਵੱਡੀਆਂ ਸਮੱਸਿਆਵਾਂ ਮੌਜੂਦ ਹਨ। ਪੰਜਾਬੀ ਗਲਪ ਵਿਚ ਬਹੁਤ ਸਾਰੇ ਗੋਰੇ ਪਾਤਰ ਪੇਸ਼ ਹੋਏ। ਇਹਨਾਂ ਪਾਤਰਾਂ ਦੀ ਬਹੁਤ ਪੇਸ਼ਕਾਰੀ ਦਾ ਸਬੰਧ ਰਚਨਾਵਾਂ ਦੇ ਪ੍ਰਸੰਗਾਂ ਨਾਲ ਹੈ। ਨਸਲਵਾਦੀ ਪ੍ਰਸੰਗਾਂ ਵਿਚ ਬਹੁਤੇ ਪਾਤਰ ਨਫ਼ਰਤ ਦਾ ਵਾਹਨ ਬਣਾ ਕੇ ਪੇਸ਼ ਹੋਏ ਹਨ। ਜਿਹੜੇ ਸੈਕੂਲਰ ਸੋਚ ਦੇ ਪਾਤਰ ਪੇਸ਼ ਹੋਏ ਹਨ ਉਹ ਮਾਨਵੀ ਦ੍ਰਿਸ਼ਟੀ ਦੇ ਪ੍ਰਸੰਗਾਂ ਤੋਂ ਪੇਸ਼ ਹੋਏ ਹਨ। ਇਹਨਾਂ ਪਾਤਰਾਂ ਦੀ ਪੇਸ਼ਕਾਰੀ ਵਿਚ ਸਭ ਤੋਂ ਵੱਡੀ ਸਮੱਸਿਆ ਯਥਾਰਥਮਈ ਪ੍ਰਭਾਵ ਦੀ ਹੈ। ਉਹ ਪਾਤਰ ਪੰਜਾਬੀਆਂ ਵਰਗੇ ਹੀ ਲਗਦੇ ਹਨ। ਉਹਨਾਂ ਦਾ ਲਹਿਜਾ ਅਤੇ ਭਾਸ਼ਾ ਵੀ ਪੰਜਾਬੀਆਂ ਵਰਗੀ ਹੈ। ਜਿਹੜੇ ਪਾਤਰ ਗੋਰਿਆਂ ਦਾ ਪ੍ਰਭਾਵ ਸਿਰਜਦੇ ਹਨ ਉਹ ਉਂਗਲੀਆਂ ਤੇ ਗਿਣੇ ਜਾਣ ਵਾਲੇ ਹਨ। ਇਸ ਸਮੱਸਿਆ ਦੇ ਕਾਰਨ ਗੋਰਿਆਂ ਨਾਲ ਓਪਰੀ ਸਾਂਝ ਵਿਚ ਮੌਜੂਦ ਹਨ। ਉਝ ਵੀ ਪਰਵਾਸੀਆਂ ਦੇ ਆਪਣੇ ਰਹਿਣ ਸਹਿਣ ਅਤੇ ਸਮੱਸਿਆਵਾਂ ਤੋਂ ਬਾਹਰ ਸਥਾਨਕ ਦੇਸ਼ ਦੀਆਂ ਵੱਡੀਆਂ ਸਮੱਸਿਆਵਾਂ ਪਰਵਾਸੀ ਸਾਹਿਤ ਦੇ ਕੇਂਦਰ ਵਿਚ ਨਹੀਂ। ਗਿਣਤੀ ਦੀਆਂ ਕਹਾਣੀਆਂ ਹਨ ਜਿਹੜੀਆਂ ਗੋਰੇ ਸਮਾਜ ਦੀ ਜੀਵਨ ਜਾਚ ਤੇ ਅਧਾਰਿਤ ਹਨ। ਇਸੇ ਪ੍ਰਕਾਰ ਸੰਸਾਰੀਕਰਨ ਦੇ ਪ੍ਰਭਾਵ ਨੂੰ ਜਿਵੇਂ ਭਾਰਤ ਦੀ ਆਮ ਲੋਕਾਈ ਦੇ ਵਿਰੋਧ ਵਿਚ ਰੱਖ ਕੇ ਜਿਵੇਂ ਪੰਜਾਬੀ ਲੇਖਕਾਂ ਨੇ ਵਿਰੋਧ ਕੀਤਾ ਹੈ ਉਹ ਇਕ ਅੱਧੇ ਨਾਵਲ ਵਿਚ ਪ੍ਰਗਟ ਹੋਇਆ ਜਾਂ ਪੰਜਾਬੀ ਕਵਿਤਾ ਵਿਚ ਕੁਝ ਨਵਿਆਂ ਨੇ ਤਿੱਖਾ ਵਿਰੋਧ ਪ੍ਰਗਟ ਕੀਤਾ ਹੈ। ਇਸ ਦੀ ਨਿਸ਼ਾਨਦੇਹੀ ਦਾ ਮਸਲਾ ਗੰਭੀਰ ਹੈ। ਪਰਵਾਸ ਵਿਚ ਸਿਰਜਣਾ ਦੇ ਖੇਤਰ ਵਿਚ ਬਹੁਤ ਕੰਮ ਹੋਇਆ ਹੈ ਪਰ ਆਲੋਚਨਾ ਵਿਚ ਕਾਫ਼ੀ ਪਿਛੇ ਹੈ। ਪਰਵਾਸ ਵਿਚਲੇ ਗਿਣਤੀ ਦੇ ਆਲੋਚਕਾਂ ਨੇ ਕੰਮ ਕੀਤਾ ਹੈ। ਇਸ ਵਿਚ ਸਵਰਨ ਚੰਦਨ, ਦਵਿੰਦਰ ਕੌਰ, ਡਾ. ਸਾਧੂ ਸਿੰਘ ਅਤੇ ਡਾ. ਗੁਰੂਮੇਲ ਦਾ ਕੰਮ ਮਹੱਤਵਪੂਰਨ ਹੈ। ਇਸ ਦੇ ਕਾਰਨ ਅਕਾਦਮਿਕਤਾ ਨਾਲ ਨਾ ਜੁੜੇ ਹੋਣਾ ਹੈ।
ਪਰਵਾਸੀ ਪੰਜਾਬੀ ਸਾਹਿਤ ਨੂੰ ਉਪਰੋਕਤ ਸਮੱਸਿਆਵਾਂ ਦੇ ਪਰਿਪੇਖ ਵਿਚ ਸਮਝ ਕੇ ਇਸ ਦੇ ਪੁਨਰ ਮੁਲੰਕਣ ਦੀ ਲੋੜ ਹੈ। ਇਸ ਨਾਲ ਇਸ ਦਾ ਸਹੀ ਸਥਾਨ ਨਿਸਚਤ ਕਰਨ ਵਿਚ ਸਹਾਇਤਾ ਹੋ ਸਕਦੀ ਹੈ। ਇਸ ਲਈ ਪ੍ਰਸੰਸਾਮਈ ਟਿਪਣੀਆਂ ਦੀ ਥਾਂ ਇਕ ਸੰਵਾਦ ਦੀ ਸਥਿਤੀ ਪੈਦਾ ਕਰਨੀ ਹੋਏਗੀ। ਇਸ ਨਾਲ ਪਰਵਾਸੀ ਪੰਜਾਬੀ ਸਾਹਿਤ ਵਿਚ ਹੋਰ ਨਿਖਾਰ ਆਏਗਾ।

ਪਤਾ: ਮੁੱਖੀ ਪੰਜਾਬੀ ਵਿਭਾਗ, ਡੀ. ਏ. ਵੀ. ਕਾਲਜ, ਜਲੰਧਰ

***

No comments:

Post a Comment